ਮਰਨਾ ਸੌਖਾ ਨਹੀਂ (ਮਿੰਨੀ ਕਹਾਣੀ)

ਅਮਰਜੀਤ ਕੌਰ ਮੋਰਿੰਡਾ
         (ਸਮਾਜ ਵੀਕਲੀ)
ਮੈਂ ਰੇਲ ਰਾਹੀਂ ਜਲੰਧਰ ਤੋਂ ਚੰਡੀਗੜ੍ਹ ਜਾ ਰਹੀ ਸੀ।ਮੇਰੇ ਨਾਲ ਵਾਲੀ ਸੀਟ ਤੇ ਇੱਕ ਔਰਤ ਬੈਠੀ ਸੀ। ਸਾਹਮਣੇ ਵਾਲੀ ਸੀਟ ਤੇ ਉਸ ਦੀਆਂ ਦੋ ਬੇਟੀਆਂ ਬੈਠੀਆਂ ਸਨ।ਔਰਤ ਕਾਫ਼ੀ ਪਰੇਸ਼ਾਨ ਲੱਗ ਰਹੀ ਸੀ। ਉਸ ਨੇ ਦੱਸਿਆ ਕਿ ਛੇ ਮਹੀਨੇ ਪਹਿਲਾਂ ਉਸ ਦੇ ਪਤੀ ਸੁਰਗਵਾਸ ਹੋ ਗਏ ਸਨ।
ਹੁਣ ਉਸ ਨੂੰ ਇਸ ਜੀਵਨ ਨਾਲ ਕੋਈ ਮੋਹ ਨਹੀਂ । ਉਹ ਮਰ ਜਾਣਾ ਚਾਹੁੰਦੀ ਹੈ। ਉਹ ਉੱਚੀ ਉੱਚੀ ਰੋਣ ਲੱਗ ਪਈ।ਉਸ ਦੀਆਂ ਬੇਟੀਆਂ ਉਸ ਨੂੰ ਚੁੱਪ ਕਰਾਉਣ ਲੱਗੀਆਂ। ਉਸਨੂੰ  ਪਾਣੀ ਪਿਲਾਇਆ।ਮੈਂ ਵੀ ਉਸ ਨੂੰ ਹੌਂਸਲਾ ਦਿੱਤਾ।
ਉਸ ਨੂੰ ਸਮਝਾਇਆ ਕਿ ਤੂੰ ਹੁਣ ਬੇਟੀਆਂ ਲਈ ਜੀਣਾ ਹੈ।ਇਹਨਾਂ ਨੂੰ ਪਿਤਾ ਦਾ ਪਿਆਰ ਵੀ ਦੇਣਾ ਹੈ। ਇਹਨਾਂ ਦੇ ਸੁਪਨੇ ਸਾਕਾਰ ਕਰਨੇ ਹਨ,ਪਰ ਉਹ ਕੁੱਝ ਵੀ ਸੁਣਨ ਲਈ ਤਿਆਰ ਨਹੀਂ ਸੀ।
ਬੇਟੀਆਂ ਵੀ ਬਹੁਤ ਪਰੇਸ਼ਾਨ ਸਨ। ਉਹ ਲਗਾਤਾਰ ਰੋ ਰਹੀ ਸੀ।ਵਾਰ ਵਾਰ ਇਹ ਕਹਿ ਰਹੀ ਸੀ ਕਿ ਉਹ ਜੀਣਾ ਨਹੀਂ ਚਾਹੁੰਦੀ। ਮੈਂ ਉਸ ਦੀ ਵੱਖੀ ਵਿੱਚ ਜ਼ੋਰ ਦੀ ਚੂੰਢੀ ਵੱਢੀ।ਉਸਨੇ ਚੀਕ ਮਾਰੀ ਤੇ ਘੂਰ ਕੇ ਮੇਰੇ ਵੱਲ ਵੇਖਿਆ।
“ਕੀ ਹੋਇਆ? “ ਮੈਂ ਪੁੱਛਿਆ।
“ਤੁਸੀਂ ਮੇਰੇ ਚੂੰਢੀ ਕਿਉਂ ਵੱਢੀ?”
“ਪੀੜ ਹੋਈ ਐ?”
“ਤੇ ਹੋਰ ਨਹੀਂ “
“ਮੰਨਿਆ ਜੀਣਾ ਔਖਾ ਹੈ, ਪਰ ਮਰਨਾ ਵੀ ਸੌਖਾ ਨਹੀਂ”
ਅਮਰਜੀਤ ਕੌਰ ਮੋਰਿੰਡਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਰਕਾਰੀ ਹਾਈ ਸਕੂਲ ਜਰਗ ਵਿਖੇ ਜੰਗਲ਼ੀ ਜੀਵ ਸੁਰੱਖਿਆ ਸਪਤਾਹ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।
Next articleਲੱਡੂ