HOME ਤੋਹਫਿਆਂ ਦੇ ਦੌਰ ਚ

ਤੋਹਫਿਆਂ ਦੇ ਦੌਰ ਚ

ਹਰਪ੍ਰੀਤ ਕੌਰ ਸੰਧੂ
   (ਸਮਾਜ ਵੀਕਲੀ)  ਸਾਡੀ ਜ਼ਿੰਦਗੀ ਵਿੱਚ ਤੋਹਫਿਆਂ ਦਾ ਬੜਾ ਮਹੱਤਵ ਹੁੰਦਾ ਹੈ। ਆਪਣੇ ਕੋਲ ਭਾਵੇਂ ਕਿੰਨਾ ਵੀ ਕੁਝ ਕਿਉਂ ਨਾ ਹੋਵੇ ਪਰ ਕਿਸੇ ਦਾ ਦਿੱਤਾ ਭਰੋਸਾ ਬੜਾ ਪਿਆਰਾ ਲੱਗਦਾ ਹੈ। ਜਦੋਂ ਤੋਹਫਾ ਮਿਲਦਾ ਹੈ ਤਾਂ ਇੰਝ ਲੱਗਦਾ ਹੈ ਜਿਵੇਂ ਜ਼ਿੰਦਗੀ ਦੀ ਕੋਈ ਸੌਗਾਤ ਮਿਲ ਗਈ ਹੋਵੇ। ਤੋਹਫੇ ਆਪਣੀ ਮੁਹੱਬਤ ਤੇ ਖਲੂਸ ਨੂੰ ਵਿਖਾਉਣ ਦਾ ਇੱਕ ਅੰਦਾਜ਼ ਹਨ। ਤੋਹਫਾ ਦਿੰਦਿਆਂ ਅਸੀਂ ਇਹ ਇਜ਼ਹਾਰ ਕਰਦੇ ਹਾਂ ਕਿ ਸਾਨੂੰ ਉਸ ਵਿਅਕਤੀ ਦਾ ਕਿੰਨਾ ਖਿਆਲ ਹੈ। ਤੋਹਫਾ ਦੇਣ ਵੇਲੇ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਸ ਨੂੰ ਅਸੀਂ ਤੋਹਫਾ ਦੇਣ ਜਾ ਰਹੇ ਹਾਂ ਉਸਨੂੰ ਉਹ ਪਸੰਦ ਆਵੇ। ਜੇਕਰ ਅਸੀਂ ਉਸ ਵਿਅਕਤੀ ਨੂੰ ਜਾਣਦੇ ਹਾਂ ਤਾਂ ਸਾਨੂੰ ਉਸਦੀ ਪਸੰਦ ਤੇ ਨਾ ਪਸੰਦ ਦਾ ਖਿਆਲ ਰੱਖਣਾ ਚਾਹੀਦਾ ਹੈ ਜਿਸ ਨੂੰ ਅਸੀਂ ਤੋਹਫਾ ਦੇਣ ਜਾ ਰਹੇ ਹਾਂ। ਛੋਟੀਆਂ ਛੋਟੀਆਂ ਗੱਲਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਜਾਣਦੇ ਹੋ ਕਿਸੇ ਨੂੰ ਕਿਸ ਚੀਜ਼ ਦੀ ਜਰੂਰਤ ਹੈ ਤਾਂ ਕੋਸ਼ਿਸ਼ ਕਰੋ ਉਸੇ ਦੇ ਮੁਤਾਬਕ ਉਸਨੂੰ ਤੋਹਫਾ ਦਿਓ। ਅਜਿਹੇ ਵਿੱਚ ਤੋਹਫਾ ਇੱਕ ਮਦਦ ਸਾਬਤ ਹੁੰਦਾ ਹੈ। ਤੋਹਫ਼ੇ  ਮਦਦ ਵਜੋਂ ਵੀ ਦਿੱਤੇ ਜਾਂਦੇ ਹਨ। ਕਿਸੇ ਦੇ ਵਿਆਹ ਸਮੇਂ ਉਸ ਨੂੰ ਦਿੱਤਾ ਜਾਣ ਵਾਲਾ ਤੋਹਫਾ ਇੱਕ ਤਰ੍ਹਾਂ ਨਾਲ ਉਸ ਪਰਿਵਾਰ ਦੀ ਮਦਦ ਹੀ ਹੁੰਦਾ ਹੈ। ਜਨਮ ਦਿਨ ਤੇ ਦਿੱਤੇ ਜਾਣ ਵਾਲੇ ਤੋਹਫ਼ੇ ਵੀ ਬੱਚੇ ਦੀ ਜਰੂਰਤ ਦੇ ਮੁਤਾਬਕ ਅਤੇ ਉਮਰ ਦੇ ਮੁਤਾਬਕ ਦੇਣੇ ਚਾਹੀਦੇ ਹਨ।
ਤੋਹਫਾ ਦਿੰਦਿਆਂ ਇਸ ਗੱਲ ਦਾ ਖਿਆਲ ਜਰੂਰ ਰੱਖਣਾ ਚਾਹੀਦਾ ਹੈ ਕਿ ਕਿਸੇ ਦੇ ਮਨ ਨੂੰ ਠੇਸ ਨਾ ਲੱਗੇ। ਕਈ ਵਾਰ ਅਮੀਰ ਲੋਕ ਆਪਣੀ ਹੈਸੀਅਤ ਦਾ ਦਿਖਾਵਾ ਕਰਨ ਲਈ ਹੀ ਤੋਹਫੇ ਦਿੰਦੇ ਹਨ। ਅਜਿਹੇ ਲੋਕ ਤੋਹਫਾ ਦੇਣ ਤੋਂ ਬਾਅਦ ਜਤਾਉਂਦੇ ਵੀ ਹਨ ਕਿ ਉਹਨਾਂ ਨੇ ਮੁੱਲਵਾਨ ਤੋਹਫਾ ਦਿੱਤਾ। ਇਹ ਹਮੇਸ਼ਾ ਧਿਆਨ ਵਿੱਚ ਰੱਖੋ ਕਿ ਤੋਹਫਾ ਦੇ ਕੇ ਕਦੇ ਵੀ ਉਸ ਚੀਜ਼ ਦਾ ਜ਼ਿਕਰ ਦੁਬਾਰਾ ਨਾ ਕਰੋ। ਜੇਕਰ ਤੁਹਾਡਾ ਤੋਹਫਾ ਪਸੰਦ ਆਇਆ ਹੋਏਗਾ ਤੇ ਸਾਹਮਣੇ ਵਾਲਾ ਵਿਅਕਤੀ ਸ਼ਾਲੀਨ ਹੋਏਗਾ ਤਾਂ ਜਰੂਰ ਤੁਹਾਡਾ ਧੰਨਵਾਦ ਕਰੇਗਾ। ਜੇਕਰ ਉਹ ਇਸਦਾ ਜ਼ਿਕਰ ਨਹੀਂ ਕਰਦਾ ਤਾਂ ਕੋਈ ਗੱਲ ਨਹੀਂ। ਤੋਹਫ਼ਾ ਦੇ ਕੇ ਜਿਤਾਉਣ ਨਾਲੋਂ ਚੰਗਾ ਹੈ ਕਿ ਤੋਹਫਾ ਦਿੱਤਾ ਹੀ ਨਾ ਜਾਵੇ। ਜਿਸ ਤਰ੍ਹਾਂ ਤੋਹਫਾ ਦੇਣਾ ਇੱਕ ਕਲਾ ਹੈ ਉਸੇ ਤਰ੍ਹਾਂ ਤੋਹਫਾ ਲੈਣਾ ਵੀ ਇੱਕ ਕਲਾ ਹੈ। ਜਦੋਂ ਕੋਈ ਤੁਹਾਨੂੰ ਬੜੇ ਮਨ ਨਾਲ ਤੋਹਫਾ ਦਿੰਦਾ ਹੈ ਤੇ ਤੁਸੀਂ ਅੱਗੋਂ ਕਹਿ ਦਿੰਦੇ ਹੋ ਇਸ ਦੀ ਕੋਈ ਜਰੂਰਤ ਨਹੀਂ ਹੈ, ਉਸ ਵਿਅਕਤੀ ਦੇ ਮਨ ਨੂੰ ਇਸ ਗੱਲ ਨਾਲ ਬੁਰਾ ਲੱਗਦਾ ਹੈ। ਹੁੰਦਾ ਸਭ ਕੋਲ ਸਭ ਕੁਝ ਹੈ ਪਰ ਤੋਹਫਾ ਦੇ ਕੇ ਇਨਸਾਨ ਖਲੂਸ ਤੇ ਮੁਹੱਬਤ ਦਾ ਇਜ਼ਹਾਰ ਕਰਦਾ ਹੈ। ਆਪਣਿਆਂ ਨੂੰ ਹੀ ਤੋਹਫਾ ਦਿੱਤਾ ਜਾਂਦਾ ਹੈ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਜਦੋਂ ਕਿਸੇ ਨੂੰ ਤੋਹਫਾ ਦਈਏ ਤਾਂ ਉਹ ਬਾਰ-ਬਾਰ ਇਨਕਾਰ ਕਰਦੇ ਹਨ। ਇਹ ਚੰਗਾ ਨਹੀਂ ਲੱਗਦਾ। ਕਈ ਤਾਂ ਇਹ ਵੀ ਕਹਿੰਦੇ ਹਨ ਕਿ ਮੈਂ ਕਦੇ ਕਿਸੇ ਤੋਂ ਤੋਹਫਾ ਨਹੀਂ ਲਿਆ। ਇਧਰ ਅਸਲ ਉਹਨਾਂ ਦੇ ਅੰਦਰ ਦਾ ਹੰਕਾਰ ਹੁੰਦਾ ਹੈ। ਤੋਹਫਾ ਲੈਣਾ ਨਿਮਰਤਾ ਦੀ ਨਿਸ਼ਾਨੀ ਹੈ। ਅਦਬ ਤੇ ਸਤਿਕਾਰ ਨਾਲ ਲਿਆ ਗਿਆ ਤੋਹਫਾ ਤੁਹਾਡੀ ਇੱਜ਼ਤ ਵਧਾਉਂਦਾ ਹੈ। ਬਾਰ-ਬਾਰ ਇਹ ਜਿਤਾਉਂਦੇ ਰਹਿਣਾ ਕਿ ਇਸ ਦੀ ਤੁਹਾਨੂੰ ਜਰੂਰਤ ਨਹੀਂ ਸੀ ਚੰਗੀ ਗੱਲ ਨਹੀਂ।
ਇੱਕ ਖਾਸ ਗੱਲ ਜਿਸਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਕੋਈ ਤੁਹਾਨੂੰ ਤੋਹਫਾ ਦਿੰਦਾ ਹੈ ਤਾਂ ਦੂਜੇ ਦਿਨ ਹੀ ਉਹਦੇ ਘਰ ਕੁਝ ਦੇਣ ਨਾ ਪਹੁੰਚ ਜਾਓ। ਇਹ ਵਾਰੀ ਦਾ ਵੱਟਾ ਨਹੀਂ ਹੁੰਦਾ। ਜਦੋਂ ਅਸੀਂ ਕਿਸੇ ਨੂੰ ਤੋਹਫਾ ਦਿੰਦੇ ਹਾਂ ਤਾਂ ਉਸਦਾ ਮਤਲਬ ਇਹ ਨਹੀਂ ਹੁੰਦਾ ਕਿ ਸਾਨੂੰ ਵਾਪਸੀ ਵਿੱਚ ਕੁਝ ਚਾਹੀਦਾ ਹੈ। ਤੋਹਫਾ ਤੁਸੀਂ ਵੀ ਜ਼ਰੂਰ ਦਿਓ ਪਰ ਮੌਕੇ ਦਾ ਇੰਤਜ਼ਾਰ ਕਰੋ। ਜ਼ਿੰਦਗੀ ਵਿੱਚ ਬਹੁਤ ਮੌਕੇ ਆਉਂਦੇ ਹਨ ਜਦੋਂ ਤੁਸੀਂ ਦੂਸਰੇ ਨੂੰ ਤੋਹਫਾ ਦੇ ਕੇ ਉਸਦੇ ਖਲੂਸ ਦਾ ਜਵਾਬ ਮੁਹੱਬਤ ਨਾਲ ਦਿੰਦੇ ਹੋ। ਕਈ ਲੋਕ ਦੂਜੇ ਤੀਜੇ ਦਿਨ ਹੀ ਅਗਲੇ ਦੇ ਘਰ ਕੁਝ ਨਾ ਕੁਝ ਲੈ ਕੇ ਪਹੁੰਚ ਜਾਂਦੇ ਹਨ। ਇਹ ਗੱਲ ਚੰਗੀ ਨਹੀਂ। ਥੋੜਾ ਸਬਰ ਰੱਖਣਾ ਚਾਹੀਦਾ ਹੈ। ਹਰ ਗੱਲ ਮੌਕੇ ਮੁਤਾਬਿਕ ਹੀ ਚੰਗੀ ਲੱਗਦੀ ਹੈ। ਤੋਹਫਾ ਲੈਣ ਵਾਲਾ ਜਦੋਂ ਖੁਸ਼ ਹੋ ਕੇ ਤੋਹਫਾ ਲੈਂਦਾ ਹੈ ਤਾਂ ਦੇਣ ਵਾਲੇ ਨੂੰ ਵੀ ਆਨੰਦ ਮਹਿਸੂਸ ਹੁੰਦਾ ਹੈ। ਉਸ ਦੀ ਖੁਸ਼ੀ ਕਈ ਗੁਣਾ ਵੱਧ ਜਾਂਦੀ ਹੈ। ਪੰਜਾਬੀ ਸੱਭਿਆਚਾਰ ਵਿੱਚ ਲੈਣ ਦੇਣ ਦਾ ਆਪਣਾ ਵਿਸ਼ੇਸ਼ ਸਥਾਨ ਹੈ। ਬਹੁਤ ਲੋਕ ਇਸਨੂੰ ਹੈਸੀਅਤ ਨਾਲ ਜੋੜ ਕੇ ਵੇਖਦੇ ਹਨ। ਸਾਨੂੰ ਦੂਜੇ ਭਾਵਨਾਵਾਂ ਨੂੰ ਦੇਖਣਾ ਚਾਹੀਦਾ ਹੈ ਤੋਹਫੇ ਉਸੇ ਦੀ ਕੀਮਤ ਨੂੰ ਨਹੀਂ। ਤੋਹਫੇ ਦਾ ਕੋਈ ਮੁੱਲ ਨਹੀਂ ਹੁੰਦਾ।
ਇਹ ਤਾਂ ਅਪਣੱਤ ਨਿਸ਼ਾਨੀ ਹੈ।
ਜਦੋਂ ਅਸੀਂ ਤਿਉਹਾਰਾਂ ਦੇ ਦਿਨਾਂ ਵਿੱਚ ਕਿਸੇ ਲਈ ਕੋਈ ਤੋਹਫਾ ਲੈ ਕੇ ਜਾਂਦੇ ਹਾਂ ਤਾਂ ਉੱਥੇ ਜਰੂਰ ਕੁਝ ਸਮਾਂ ਬੈਠਣਾ ਚਾਹੀਦਾ ਹੈ। ਅਜਿਹੇ ਮੌਕੇ ਤੇ ਕਿਸੇ ਲਈ ਕੋਈ ਉਪਹਾਰ ਲੈ ਕੇ ਜਾਣ ਦਾ ਮਤਲਬ ਦਰਅਸਲ ਮਿਲਣਾ ਹੁੰਦਾ ਹੈ। ਇੱਕ ਚਾਹ ਦਾ ਕੱਪ ਸਾਂਝਾ ਕਰਨਾ ਕੁਝ ਗੱਲਾਂ ਇਧਰ ਦੀਆਂ ਉਧਰ ਦੀਆਂ ਕਰਨੀਆਂ ਇੱਕ ਦੂਜੇ ਦਾ ਸੁੱਖ ਦੁੱਖ ਸੁਣਨਾ ਇਹ ਬਹੁਤ ਮਹੱਤਵਪੂਰਨ ਹੈ। ਸ਼ਹਿਰੀ ਜੀਵਨ ਵਿੱਚ ਅੱਜ ਕੱਲ ਸਿਰਫ ਤੋਹਫੇ ਦੇਣ ਦੀ ਪ੍ਰਥਾ ਚੱਲ ਪਈ ਹੈ। ਕੋਈ ਕਿਸੇ ਦੇ ਘਰ ਜਾਂਦਾ ਹੈ ਤੋਹਫਾ ਫੜਾਉਂਦਾ ਹੈ ਤੇ ਕਹਿੰਦਾ ਹੈ ਜੀ ਮੈਨੂੰ ਕਾਹਲੀ ਹੈ ਮੈਂ ਕਿਤੇ ਹੋਰ ਵੀ ਜਾਣਾ ਹੈ। ਇਹ ਬਹੁਤ ਅਜੀਬ ਵਰਤਾਰਾ ਹੈ। ਅਸੀਂ ਤਿਉਹਾਰਾਂ ਦੇ ਦਿਨ ਤੋਹਫਿਆਂ ਨੂੰ ਇੱਕ ਅਜਿਹੀ ਘੁੰਮਣ ਘੇਰੀ ਨਾਲ ਜੋੜ ਦਿੱਤਾ ਹੈ ਜਿਸ ਵਿੱਚ ਮੁਹੱਬਤ ਨਹੀਂ ਹੈ।
ਇੱਕ ਸਮਾਂ ਸੀ ਜਦੋਂ ਘਰ ਵਿੱਚ ਬਣਾਈ ਹੋਈ ਮਿਠਾਈ ਨੂੰ ਇੱਕ ਪਲੇਟ ਵਿੱਚ ਪਾ ਕੇ ਗੁਆਂਢੀਆਂ ਦੇ ਘਰ ਦੇਣ ਜਾਇਆ ਜਾਂਦਾ ਸੀ। ਉਹ ਪਲੇਟ ਵਾਪਸ ਕਰਦੇ ਹੋਏ ਆਪਣੇ ਵੱਲੋਂ ਬਣਾਈ ਕੁਝ ਮਿਠਾਈ ਉਸ ਪਲੇਟ ਵਿੱਚ ਪਾ ਦਿੰਦੇ ਸਨ। ਉਸ ਸਮੇਂ ਬਹੁਤ ਕੀਮਤੀ ਤੋਹਫੇ ਨਹੀਂ ਸਨ ਪਰ ਪਿਆਰ ਬਹੁਤ ਸੀ। ਹੁਣ ਤੋਹਫੇ ਵੱਡੇ ਹੁੰਦੇ ਜਾ ਰਹੇ ਹਨ ਤੇ ਪਿਆਰ ਘੱਟਦਾ ਜਾ ਰਿਹਾ ਹੈ। ਬਹੁਤ ਜਰੂਰੀ ਹੈ ਕਿ ਅਸੀਂ ਇਸ ਚੱਕਰਵਿਊ ਚੋਂ ਬਾਹਰ ਨਿਕਲੀਏ। ਸਾਨੂੰ ਆਪਣੇ ਰਵਾਇਤੀ ਤਰੀਕੇ ਨਾਲ ਹੀ ਤਿਉਹਾਰਾਂ ਨੂੰ ਮਨਾਉਣਾ ਚਾਹੀਦਾ ਹੈ। ਉਸ ਵਿੱਚ ਆਨੰਦ ਹੀ ਵੱਖਰਾ ਹੈ।
ਇਹ ਹਮੇਸ਼ਾ ਧਿਆਨ ਵਿੱਚ ਰੱਖੋ ਕਿ ਤੋਹਫੇ ਤੁਹਾਡੀ ਹੈਸੀਅਤ ਨਸ਼ਰ ਕਰਨ ਲਈ ਨਹੀਂ ਹੁੰਦੇ। ਇਹ ਤੁਹਾਡਾ ਪਿਆਰ ਤੁਹਾਡੀਆਂ ਭਾਵਨਾਵਾਂ ਨੂੰ ਨਸ਼ਰ ਕਰਨ ਲਈ ਹਨ। ਜੇਕਰ ਕਿਤੇ ਕੋਈ ਜਨਮਦਿਨ ਤੇ ਤੋਹਫਾ ਦੇਣਾ ਭੁੱਲ ਗਿਆ ਤਾਂ ਕੋਈ ਗੱਲ ਨਹੀਂ ਫਿਰ ਸਹੀ। ਬਈ ਖਾਤਾ ਲੈ ਕੇ ਨਾ ਬੈਠ ਜਾਓ ਕਿ ਮੈਂ ਦਿੱਤਾ ਸੀ ਤੇ ਉਹਨੇ ਮੈਨੂੰ ਨਹੀਂ ਦਿੱਤਾ। ਇਹ ਮੁਹੱਬਤ ਨਹੀਂ। ਇਹ ਤਾਂ ਹਿਸਾਬ ਕਿਤਾਬ ਹੈ।
ਤਿਉਹਾਰ ਦੇ ਇਹਨਾਂ ਦਿਨਾਂ ਵਿੱਚ ਅਸੀਂ ਇੱਕ ਦੂਜੇ ਨਾਲ ਖੁਸ਼ੀਆਂ ਵੰਡੀਏ। ਛੋਟੀਆਂ ਛੋਟੀਆਂ ਚੀਜ਼ਾਂ ਨਾਲ ਦੂਜਿਆਂ ਨੂੰ ਵੱਡੀਆਂ ਖੁਸ਼ੀਆਂ ਦੇਈਏ। ਆਪਣੇ ਸੱਭਿਆਚਾਰ ਦੇ ਤੌਰ ਤਰੀਕਿਆਂ ਨੂੰ ਨਾ ਭੁੱਲੀਏ। ਕੋਈ ਜੋ ਦੇਵੇ ਉਸਨੂੰ ਖਿੜੇ ਮੱਥੇ ਪ੍ਰਵਾਨ ਕਰੀਏ। ਜੋ ਬਣਦਾ ਸਰਦਾ ਹੋ ਉਹ ਦੂਜੇ ਨੂੰ ਦਈਏ। ਇੰਨ੍ਹੇ ਕੋਰੇ ਵੀ ਨਾ ਬਣੀਏ ਕਿ ਮੁਹੱਬਤ ਜ਼ਿੰਦਗੀ ਚੋਂ ਮਨਫੀ ਹੋ ਜਾਵੇ।
ਹਰਪ੍ਰੀਤ ਕੌਰ ਸੰਧੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰੁੱਖ
Next articleअधिकांश पुलिस जातिवादी और सांप्रदायिक है