ਧਰਨਕਾਰੀਆਂ ਦੀਆਂ ਮੰਗਾਂ ਨੂੰ ਦਬਾ ਕੇ ਸਰਕਾਰ ਉਨ੍ਹਾਂ ਨੂੰ ਨਸ਼ਿਆਂ,ਅਤੇ ਅਪਰਾਧ ਕਰਨ ਵੱਲ ਧੱਕ ਰਹੀ ਹੈ : ਧਰਮਪਾਲ, ਕ੍ਰਿਸ਼ਨ ਲਾਲ,ਗੁਰਪ੍ਰਸ਼ਾਦ
ਹੁਸ਼ਿਆਰਪੁਰ /ਮਾਛੀਵਾੜਾ ਸਾਹਿਬ (ਸਮਾਜ ਵੀਕਲੀ) (ਤਰਸੇਮ ਦੀਵਾਨਾ ) – ਪਟਿਆਲਾ ਵਿਖੇ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਧਰਨਾ ਦੇ ਰਹੇ ਅਸਥਾਈ ਲਾਈਨਮੈਨਾਂ ਉੱਤੇ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ, ਕੁੱਟਮਾਰ ਅਤੇ ਧਰਨਾਕਾਰੀਆਂ ਨਾਲ ਬੇਰਹਿਮੀ ਨਾਲ ਕੀਤੇ ਗਏ ਵਤੀਰੇ ਦੀ ਬੇਗਮਪੁਰਾ ਟਾਈਗਰ ਫੋਰਸ ਨੇ ਸਖ਼ਤ ਘੋਰ ਨਿੰਦਾ ਕਰਦੀ ਹੈ। ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ, ਉੱਪ ਚੇਅਰਮੈਨ ਕ੍ਰਿਸ਼ਨ ਲਾਲ ਬਲੀਏਵਾਲ, ਅਤੇ ਗੁਰਪ੍ਰਸ਼ਾਦ ਸਿੰਘ ਖਾਮ ਬਲਾਕ ਪ੍ਰਧਾਨ ਮਾਛੀਵਾੜਾ ਸਾਹਿਬ ਨੇ ਸਾਂਝੇ ਰੂਪ ਵਿੱਚ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤ ਦਾ ਸੰਵਿਧਾਨ ਹਰ ਨਾਗਰਿਕ ਨੂੰ ਸ਼ਾਂਤਮਈ ਢੰਗ ਨਾਲ ਇਕੱਠੇ ਹੋਣ, ਆਪਣੀ ਗੱਲ ਰੱਖਣ ਅਤੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦਾ ਅਧਿਕਾਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਵਿੱਚ ਵਾਪਰੀ ਘਟਨਾ ਸੰਵਿਧਾਨ ਦੇ ਆਰਟੀਕਲ 14, 19, 21 ਅਤੇ 25 ਦੀ ਭਾਵਨਾ ਦੇ ਉਲਟ ਹੈ। ਸਰਕਾਰ ਅਤੇ ਪ੍ਰਸ਼ਾਸਨ ਦਾ ਕੰਮ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਸੁਣਨਾ ਅਤੇ ਉਨ੍ਹਾਂ ਦਾ ਹੱਲ ਕਰਨਾ ਹੁੰਦਾ ਹੈ, ਨਾ ਕਿ ਡੰਡੇ ਦੇ ਜ਼ੋਰ ਨਾਲ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣਾ। ਆਗੂਆ ਨੇ ਮੰਗ ਕੀਤੀ ਕਿ ਧਰਨਾਕਾਰੀਆਂ ਉੱਤੇ ਡੀ ਐਸ ਪੀ ਸੰਜੀਵ ਸਿੰਗਲਾ ਅਤੇ ਉਸ ਦੇ ਨਾਲ ਵਾਲੇ ਪੁਲਿਸ ਮੁਲਾਜ਼ਮਾ ਵਲੋ ਵਹਿਸ਼ੀਆਨਾ ਢੰਗ ਨਾਲ ਕੀਤੇ ਗਏ ਲਾਠੀਚਾਰਜ ਦੀ ਤੁਰੰਤ ਉੱਚ ਪੱਧਰੀ ਨਿਰਪੱਖ ਜਾਂਚ ਕਰਵਾਕੇ ਡੀ ਐਸ ਪੀ ਸਿੰਗਲਾ ਅਤੇ ਉਹਨਾਂ ਦੇ ਨਾਲ ਵਾਲੇ ਸਾਰੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਬਣਦੀਆ ਧਰਾਵਾ ਤਹਿਤ ਐਫ ਆਈ ਆਰ ਦਰਜ ਕਰਕੇ ਡੀਐਸਪੀ ਸਮੇਤ ਸਾਰੇ ਦਰਿੰਦਿਆਂ ਨੂੰ ਸਲਾਖਾਂ ਦੇ ਪਿੱਛੇ ਸੁੱਟਿਆ ਜਾਵੇ ! ਉਹਨਾਂ ਕਿਹਾ ਕਿ ਧਰਨਾਕਾਰੀਆਂ ਦੀਆਂ ਪੱਗਾਂ ਲਾਹੁਣ ਅਤੇ ਕੇਸਾਂ ਦੀ ਬੇਅਦਬੀ ਕਰਨ ਦੇ ਦੋਸ਼ ਬਹੁਤ ਹੀ ਗੰਭੀਰ ਦੋਸ਼ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਪੱਗ ਅਤੇ ਕੇਸਾਂ ਦਾ ਵਿਸ਼ੇਸ਼ ਸਤਿਕਾਰ ਹੈ ਅਤੇ ਜੇਕਰ ਕਿਸੇ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਨੇ ਅਜਿਹਾ ਕੀਤਾ ਹੈ ਤਾਂ ਉਸ ਖ਼ਿਲਾਫ਼ ਤੁਰੰਤ ਪਰਚਾ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਡੀਐਸਪੀ ਸਮੇਤ ਇਸ ਕਾਰਵਾਈ ਵਿੱਚ ਸ਼ਾਮਲ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਅਤੇ ਪੀੜਤ ਧਰਨਾਕਾਰੀਆਂ ਨੂੰ ਇਨਸਾਫ਼ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕਾਨੂੰਨ ਦੇ ਰਖਵਾਲਿਆਂ ਵੱਲੋਂ ਹੀ ਕਾਨੂੰਨ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨਾ ਬਹੁਤ ਦੁਖਦਾਈ ਅਤੇ ਚਿੰਤਾਜਨਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਲੋਕਤੰਤਰੀ ਸਰਕਾਰ ਨੂੰ ਆਪਣੇ ਹੀ ਨਾਗਰਿਕਾਂ ਅਤੇ ਮੁਲਾਜ਼ਮਾਂ ਨਾਲ ਦੁਸ਼ਮਣਾਂ ਤੋਂ ਵੀ ਭੈੜਾ ਸਲੂਕ ਨਹੀਂ ਕਰਨਾ ਚਾਹੀਦਾ, ਸਗੋਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਨ੍ਹਾਂ ਦਾ ਹੱਲ ਕਰਨਾ ਚਾਹੀਦਾ ਹੈ। ਉਹਨਾ ਕਿਹਾ ਕਿ ਕਿਸੇ ਵੀ ਸਮੱਸਿਆ ਦਾ ਹੱਲ ਲਾਠੀਆਂ ਜਾਂ ਜਬਰ ਨਾਲ ਨਹੀਂ ਨਿਕਲਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਵਿਭਾਗ ਨੂੰ ਦੂਸਰੇ ਵਿਭਾਗ ਦੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦਾ ਸਾਥ ਦੇਣਾ ਚਾਹੀਦਾ ਹੈ। ਅੱਜ ਜੇਕਰ ਬਿਜਲੀ ਵਿਭਾਗ ਦੇ ਲਾਈਨਮੈਨ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ ਤਾਂ ਕੱਲ੍ਹ ਇਹੀ ਹਾਲਾਤ ਕਿਸੇ ਹੋਰ ਵਿਭਾਗ ਦੇ ਕਰਮਚਾਰੀਆਂ ਸਾਹਮਣੇ ਵੀ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਦੇ ਬੱਚੇ ਵੀ ਪੜ੍ਹ-ਲਿਖ ਕੇ ਅੱਗੇ ਨੌਕਰੀਆਂ ਅਤੇ ਰੁਜ਼ਗਾਰ ਦੀ ਮੰਗ ਕਰਨਗੇ, ਇਸ ਲਈ ਲਾਠੀਚਾਰਜ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਪੁਲਿਸ ਅਤੇ ਪ੍ਰਸ਼ਾਸਨ ਦਾ ਫ਼ਰਜ਼ ਬਣਦਾ ਹੈ ਕਿ ਉਹ ਸੰਘਰਸ਼ ਕਰ ਰਹੇ ਨੌਜਵਾਨਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਮੁੱਖ ਮੰਤਰੀ ਅਤੇ ਸਰਕਾਰ ਤੱਕ ਪਹੁੰਚਾਉਣ ਅਤੇ ਉਨ੍ਹਾਂ ਦੇ ਹੱਲ ਲਈ ਸਕਾਰਾਤਮਕ ਭੂਮਿਕਾ ਨਿਭਾਉਣ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



