ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਭਾਸ਼ਾ ਵਿਭਾਗ ਪੰਜਾਬ ਅਤੇ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਵੱਲੋਂ ਆਯੋਜਿਤ ਇੱਕ ਭਾਵਪੂਰਤ ਸਮਾਗਮ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ, ਹੁਸ਼ਿਆਰਪੁਰ ਡਾ. ਜਸਵੰਤ ਰਾਏ ਵੱਲੋਂ ਇੱਕ ਆਈ.ਏ.ਐੱਸ. ਅਫ਼ਸਰ ਦੀ ਪ੍ਰੇਰਨਾਮਈ ਜ਼ਿੰਦਗੀ ‘ਤੇ ਅਧਾਰਿਤ ਲਿਖੀ ਪੁਸਤਕ ‘ਬੀਜ ਤੋਂ ਬਿਰਖ ਤੱਕ’ ਲੋਕ-ਅਰਪਣ ਕੀਤੀ ਗਈ। ਪ੍ਰਸਿੱਧ ਮਰਹੂਮ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਸਮਾਗਮ ਵਿੱਚ ਪਾਤਰ ਦੀਆਂ ਯਾਦਾਂ ਅਤੇ ਰਚਨਾਵਾਂ ‘ਤੇ ਪ੍ਰੋਫੈਸਰ ਅਮਰਜੀਤ ਗਰੇਵਾਲ ਅਤੇ ਸ਼ਾਇਰ ਗੁਰਤੇਜ ਕਹਾਰ ਵਾਲਾ ਸੰਵਾਦ ਰਚਾ ਰਹੇ ਸਨ। ਪ੍ਰੋਫੈਸਰ ਗਰੇਵਾਲ ਨੇ ਗੁਰਤੇਜ ਕਹਾਰ ਵਾਲਾ ਵੱਲੋਂ ਕੀਤੇ ਸਵਾਲਾਂ ਦੇ ਵਿਸਤਾਰ ਨਾਲ ਜਵਾਬ ਦਿੰਦਿਆਂ ਪਾਤਰ ਨਾਲ ਗੁਜ਼ਾਰੇ ਪਲਾਂ ਦੌਰਾਨ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਰਚਨਾਵਾਂ ਬਾਰੇ ਬਹੁਤ ਖ਼ੂਬਸੂਰਤ ਬਿਰਤਾਂਤ ਸਾਂਝੇ ਕੀਤੇ। ਲੋਕ-ਅਰਪਣ ਕੀਤੀ ਪੁਸਤਕ ਦੇ ਲੇਖਕ ਡਾ. ਜਸਵੰਤ ਰਾਏ ਨੇ ਦੱਸਿਆ ਕਿ ਉਤਰ ਪ੍ਰਦੇਸ਼ ਕਾਡਰ ਦੇ ਆਈ.ਏ.ਐੱਸ. ਅਫ਼ਸਰ ਨਵੀਨ ਕੁਮਾਰ ਜਿਨ੍ਹਾਂ ਦੀ ਕਰਮ ਭੂਮੀ ਆਂਧਰਾ ਪ੍ਰਦੇਸ਼ ਸੀ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਜਦੋਂ ਅਬਜਰਵਰ ਬਣ ਕੇ ਹੁਸ਼ਿਆਰਪੁਰ ਆਏ ਤਾਂ ਉਨ੍ਹਾਂ ਦੀ ਪੰਜਾਬੀ ਭਾਸ਼ਾ ਸਿੱਖਣ ਦੀ ਰੁਚੀ ਇਸ ਕਿਤਾਬ ਲਿਖਣ ਦਾ ਸਬੱਬ ਬਣੀ। ਨਵੀਨ ਕੁਮਾਰ ਨਾਲ ਦੋ ਹਫ਼ਤਿਆਂ ਦੀ ਪੜ੍ਹਨ ਪੜ੍ਹਾਉਣ ਸਬੰਧੀ ਹੋਈ ਮੁਲਾਕਾਤ ਉਨ੍ਹਾਂ ਦੀ ਚਾਰ ਦਹਾਕਿਆਂ ਦੀ ਜ਼ਿੰਦਗੀ ਦੀ ਸਾਰ ਲੈਣ ਬਣ ਗਈ। ਹਰ ਮੁਸ਼ਕਿਲ ਦਾ ਹੱਲ ਸੋਚਣ ਵਾਲੇ ਨਵੀਨ ਕੁਮਾਰ ਦੀ ਜ਼ਿੰਦਗੀ ਬੜੀ ਪ੍ਰੇਰਨਾ ਸ੍ਰੋਤ ਹੈ। ਇੱਕ ਸਧਾਰਨ ਪਰਿਵਾਰ ਵਿਚੋਂ ਕੇ ਕਿਵੇਂ ਕੁਲੈਕਟਰ ਤੋਂ ਵੀ ਅਗਲੇਰੇ ਸਫ਼ਰ ‘ਤੇ ਤੁਰਿਆ ਜਾ ਸਕਦਾ ਹੈ ਇਹ ਇਸ ਕਿਤਾਬ ਵਿੱਚ ਬਾਖ਼ੂਬੀ ਦੇਖਣ ਨੂੰ ਮਿਲੇਗਾ। ਵੱਡੇ ਟੈਸਟ ਵਿਦਿਆਰਥੀਆਂ ਨੇ ਕਿਵੇਂ ਪਾਸ ਕਰਨੇ ਹਨ ਅਤੇ ਵੱਡੇ ਅਹੁਦਿਆਂ ‘ਤੇ ਕਿਵੇਂ ਕੰਮ ਕਰਨਾ ਹੈ ਆਦਿ ਨੂੰ ਲੈ ਕੇ ਹੀ ਇਹ ਕਿਤਾਬ ਉਪਯੋਗੀ ਨਹੀਂ ਸਗੋਂ ਬੰਦੇ ਵਿੱਚ ਬੰਦਿਆਈ ਪੈਦਾ ਕਰਨ ਲਈ ਵੀ ਸਹਾਇਕ ਹੋਵੇਗੀ। ਪ੍ਰੋਫੈਸਰ ਗਰੇਵਾਲ ਅਤੇ ਗੁਰਤੇਜ ਕਹਾਰ ਵਾਲਾ ਨੇ ਡਾ. ਜਸਵੰਤ ਰਾਏ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਲਈ ਆਪਣੀ ਅਕਾਦਮਿਕਤਾ ਨੂੰ ਮਿਆਰੀ ਬਣਾਉਣ ਅਤੇ ਵੱਡੇ ਟੈਸਟਾਂ ਨੂੰ ਪਾਸ ਕਰਨ ਲਈ ਹੁਲਾਰਾ ਦੇਣ ਵਾਲੀ ਇਸ ਪੁਸਤਕ ਨੂੰ ਜੀ ਆਇਆਂ ਕਿਹਾ। ਇਸ ਮੌਕੇ ਪੁਸਤਕ ਪਬਲਿਸ਼ਰ ਆੱਟਮ ਆਰਟ ਤੋਂ ਸਤਪਾਲ ਅਤੇ ਪ੍ਰੀਤੀ ਸ਼ੈਲੀ ਤੋਂ ਇਲਾਵਾ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸੰਧੂ, ਮਨਜੀਤ ਪੁਰੀ, ਕੰਵਰਜੀਤ ਸਿੰਘ, ਡਾ. ਸੰਦੀਪ ਸ਼ਰਮਾ, ਬਬੀਤਾ ਰਾਣੀ, ਅੰਕੁਸ਼ ਰਾਏ ਅਤੇ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਦੇ ਮੈਂਬਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly