ਡਾ ਅੰਬੇਡਕਰ ਦੀ ਵਿਚਾਰਧਾਰਾ ਬਨਾਮ ਤਾਨਾਸ਼ਾਹੀ

ਡਾ ਅੰਬੇਡਕਰ ਦੀ ਵਿਚਾਰਧਾਰਾ ਬਨਾਮ ਤਾਨਾਸ਼ਾਹੀ

( ਸਮਾਜ ਵੀਕਲੀ )- ਅੰਗਰੇਜ਼ਾਂ ਤੋਂ ਅਜਾ਼ਦੀ ਮਿਲਣ ਬਾਅਦ ਭਾਰਤੀ ਰਾਜਨੀਤੀਵਾਨਾਂ ਲਈ ਬਹੁਤ ਵੱਡਾ ਚੈਲੰਜ ਦੇਸ਼ ਦਾ ਆਪਣਾ ਕਨੂੰਨ ਪ੍ਰਬੰਧ ਭਾਰਤੀ ਧਰਾਤਲ ਮੁਤਾਬਕ ਬਣਾਉਣਾ ਸੀ। ਹਰੇਕ ਦੇਸ਼ ਦੇ ਨਾਗਰਿਕਾਂ ਲਈ ਨਿਆਂ ਵਿਵਸਥਾ ਅਤੇ ਪੁਲਿਸ ਦੇ ਮਾਰਗ ਦਰਸ਼ਨ ਲਈ ਦੇਸ਼ ਦੇ ਸੰਵਿਧਾਨ ਦਾ ਲਿਖਤੀ ਦਸਤਾਵੇਜ਼ ਜ਼ਰੂਰੀ ਹੁੰਦਾ ਹੈ। ਇਸ ਚੁਣੌਤੀ ਭਰੇ ਕੰਮ ਲਈ ਉਦੋਂ ਦੇ ਪੜੇ ਲਿਖੇ ਸੰਵੇਦਨਸ਼ੀਲ ਤਜਰਬੇਕਾਰ ਵਕੀਲ ਅਤੇ ਜੱਜਾਂ ਦਾ ਹੋਣਾ ਬਹੁਤ ਜ਼ਰੂਰੀ ਸੀ। ਯਾਦ ਰਹੇ ਕਿ ਉਸ ਵਕਤ ਵਕਾਲਤ ਦੀ ਪੜ੍ਹਾਈ ਭਾਰਤ ਵਿੱਚ ਸਿਰਫ ਬੰਬਈ, ਕਲਕੱਤੇ ਅਤੇ ਮਦਰਾਸ ਵਿੱਚ ਹੀ ਹੁੰਦੀ ਸੀ। ਪਰ ਸਰਕਾਰੀ ਵਕੀਲ ਬਣਨ ਲਈ ਜਾਂ ਉੱਚ ਅਦਾਲਤਾਂ ਲੰਡਨ ਵਿੱਚ ਹੋਣ ਕਰਕੇ “ਬਾਰ ਐਟ ਲਾਅ” ਦੀ ਕਨੂੰਨੀ ਪੜ੍ਹਾਈ ਸਿਰਫ ਇੰਗਲੈਂਡ ਵਿੱਚ ਹੀ ਸੰਭਵ ਸੀ। ਸੈਸ਼ਨ ਜੱਜ ਤੱਕ ਦੇ ਅਹੁੱਦੇ ਅੰਗਰੇਜ਼ਾਂ ਕੋਲ ਹੀ ਹੁੰਦੇ ਸਨ। ਭਾਰਤ ਵਿੱਚੋਂ ਐਲ.ਐਲ.ਬੀ ਕਰਨ ਵਾਲੇ ਵਕੀਲਾਂ ਨੂੰ ਵਿਦੇਸ਼ੀ ਡਿਗਰੀ ਵਾਲੇ ਵਕੀਲ ਜਿੰਨਾ ਕਾਬਿਲ ਨਹੀਂ ਸੀ ਸਮਝਿਆ ਜਾਂਦਾ। ਜ਼ਾਹਿਰ ਹੈ ਕਿ ਸਿਰਫ ਅਮੀਰਾਂ ਦੇ ਬੱਚੇ ਹੀ ਲੰਡਨ ਵਿੱਚ ਜਾ ਕੇ ਵਕਾਲਤ ਦੀ ਸਿੱਖਿਆ ਲੈ ਸਕਦੇ ਸਨ। ਗਰੀਬ ਵਿਚਾਰਾ ਤਾਂ ਕਾਲਜ ਵਿੱਚ ਦਾਖਲਾ ਲੈ ਲਵੇ ਇਹ ਹੀ ਬਹੁਤ ਵੱਡੀ ਗੱਲ ਸੀ। ਦੂਜੇ ਪਾਸੇ ਸਿਰਫ ਵੱਡੇ ਸ਼ਹਿਰਾਂ ਜਾਂ ਅਮੀਰ ਰਿਆਸਤਾਂ ਵਿੱਚ ਹੀ ਦਸਵੀਂ ਤੋਂ ਉੱਪਰਲੀ ਪੜਾਈ ਲਈ ਪ੍ਰਬੰਧ ਸਨ।

ਉਸ ਵੇਲੇ ਦੀ ਸਮਾਜਿਕ ਹਾਲਾਤ ਬਹੁਤ ਹੀ ਅੰਧ ਵਿਸ਼ਵਾਸੀ, ਕੱਟੜ ਜਾਤੀ-ਵੰਡ ਅਧਾਰਿਤ ਸਨ। ਸਿਰਫ ਉੱਚ ਜਾਤੀ ਅਮੀਰ ਵਰਗ ਨੂੰ ਹੀ ਸਿੱਖਿਆ ਹਾਸਲ ਕਰਨ ਦਾ ਹੱਕ ਸੀ। ਸਰਕਾਰੀ ਨੌਕਰੀ ਲਈ ਅੰਗਰੇਜ਼ੀ ਦਾ ਗਿਆਨ ਜਰੂਰੀ ਸੀ ਤੇ ਅੰਗਰੇਜ਼ ਭਾਰਤੀ ਸਮਾਜ ਵਿੱਚਲੀਆਂ ਕੁਰੀਤੀਆਂ ਨੂੰ ਦੂਰ ਕਰਨ ਵਿੱਚ ਖਾਸ ਦਿਲਚਸਪੀ ਨਹੀਂ ਰੱਖਦੇ ਸਨ। ਸ਼ਹਿਰਾਂ ਵਿੱਚ ਅਮੀਰ ਵਪਾਰੀ ਵਰਗ ਦਾ ਹੀ ਸਰਕਾਰੇ ਦਰਬਾਰੇ ਬੋਲ ਬਾਲਾ ਸੀ। ਇਸ ਨੀਤੀ ਨਾਲ ਅੰਗਰੇਜ਼ ਹਕੂਮਤ ਨੂੰ ਬਗਾਵਤ ਦਾ ਕੋਈ ਡਰ ਨਹੀਂ ਸੀ। ਸਮਾਜ ਵਿੱਚ ਨੀਵੀਆਂ ਜਾਤੀਆਂ ਪ੍ਰਤੀ ਦੁਰਵਿਹਾਰ ਨੂੰ ਅੰਗਰੇਜ਼ ਅਫਸਰ ਗੰਭੀਰਤਾ ਨਾਲ ਨਹੀਂ ਲੈਂਦੇ ਸਨ ਕਿਉਂਕਿ ਖਿੰਡਿਆ ਅਤੇ ਆਪਾ ਵਿਰੋਧੀ ਸਮਾਜ ਉਹਨਾਂ ਦੇ ਲਈ ਵੀ ਸਿਰਦਰਦੀ ਨਹੀਂ ਸੀ। ਸਫ਼ੈਦਪੋਸ਼ ਚੌਧਰੀ ਅਤੇ ਕੁਲੀਨ ਵਰਗੀ ਪੁਜਾਰੀ ਲਾਣਾ ਵੀ ਸਰਕਾਰੀ ਅਫ਼ਸਰਾਂ ਦਾ ਪਾਣੀ ਭਰਦਾ ਸੀ।

ਭਾਰਤ ਰਤਨ ਡਾ ਭੀਮ ਰਾਉ ਅੰਬੇਡਕਰ (14-04-1891 ਤੋਂ 06-12-1956) ਖੁੱਦ ਉਪਰੋਕਤ ਬਿਆਨ ਕੀਤੀਆਂ ਵਿਸੰਗਤੀਆਂ ਦੇ ਚਸ਼ਮਦੀਦ ਗਵਾਹ ਸਨ। ਉਹਨਾਂ ਨੇ ਬੰਬੇ (ਮੁੰਬਈ) ਵਿੱਚ ਰਹਿਕੇ ਆਪਣੇ ਤਨ ਅਤੇ ਮਨ ਉੱਤੇ ਇਸ ਸਮੇਂ ਦੇ ਸਾਰੇ ਕੁਕੁਰਮਾਂ ਨੂੰ ਹੰਢਾਇਆ। ਉਹ ਬਹੁਤ ਹੀ ਸੰਵੇਦਨਸ਼ੀਲ ਅਤੇ ਦੂਰਅੰਦੇਸ਼ੀ ਵਾਲੀ ਸਖਸ਼ੀਅਤ ਦੇ ਮਾਲਕ ਸਨ। ਉਹਨਾਂ ਦੇ ਪਿਤਾ ਅੰਗਰੇਜ਼ੀ ਫੌਜ ਦੇ ਸੇਵਾਮੁਕਤ ਸੂਬੇਦਾਰ ਸਨ। ਤਤਕਾਲੀਨ ਸਮਾਜ ਵਿੱਚ ਪਸਰੀ ਵਿਆਪਕ ਅਨਪੜ੍ਹਤਾ, ਔਰਤਾਂ ਦਾ ਅਪਮਾਨਜਨਕ ਜੀਵਨ , ਗਰੀਬੀ, ਜ਼ੁਲਮ ਦੀ ਹੱਦ ਤੱਕ ਜਾਤੀ ਭੇਦ-ਭਾਵ, ਅਛੂਤ ਵਰਗ ਪ੍ਰਤੀ ਬੇਹਿਸਾਬੀ ਨਫਰਤ, ਕਨੂੰਨ ਅਤੇ ਨਿਆਂ ਪ੍ਰਬੰਧ ਵਿੱਚ ਅਸਮਾਨਤਾ ਅਤੇ ਮੁੱਢਲੇ ਮਨੁੱਖੀ ਹੱਕਾਂ ਦੇ ਸ਼ਰੇਆਮ ਘਾਣ ਪ੍ਰਤੀ ਸਰਕਾਰ ਦੇ ਅਵੇਸਲੇ ਨਜ਼ਰੀਏ ਨੇ ਡਾ ਅੰਬੇਦਕਰ ਦੇ ਜ਼ਿੰਦਗੀ ਦੇ ਨਿਸ਼ਾਨੇ ਅਤੇ ਹਿੰਮਤ ਲਈ ਮੁੱਢ ਬੰਨ ਦਿੱਤਾ। ਕੋਈ ਵੀ ਮਹਾਨ ਵਿਅਕਤੀ ਅੱਤ ਦੀ ਗਰੀਬੀ ਜਾਂ ਕਰਾਮਾਤੀ ਰੌਸ਼ਨੀ ਨਾਲ ਮੰਜਿ਼ਲਾਂ ਸਰ ਨਹੀਂ ਕਰ ਸਕਦਾ।ਇੱਕੋ ਸਮੇਂ ਦਿਹਾੜੀ ਕਰਕੇ ਅਤੇ ਪੜਾਈ ਕਰਕੇ ਕੋਈ ਐਮ.ਏ. ਪੀ ਐਚ ਡੀ. ਡੀ ਲਿੱਟ.ਉਹ ਵੀ ਵਿਦੇਸ਼ਾਂ ਤੋਂ, ਇਹ ਸੰਭਵ ਨਹੀਂ ਹੈ। ਹਾਂ ਬੁੱਧੀਮਾਨ ਵਿਦਿਆਰਥੀ ਸਕਾਲਰਸ਼ਿਪ ਹਾਸਲ ਕਰ ਸਕਦਾ ਹੈ ਪਰ ਹਰੇਕ ਮਹਾਨਤਾ ਦੇ ਪਿੱਛੇ ਮਾਤਾ ਪਿਤਾ, ਪਤਨੀ ਆਦਿ ਪਰਿਵਾਰ ਦੀ ਹੱਲਾਸ਼ੇਰੀ ਅਤੇ ਆਰਥਿਕ ਮੋਢਾ ਹੋਣਾ ਲਾਜ਼ਮੀ ਹੈ। ਡਾ ਅੰਬੇਦਕਰ ਹਰ ਉਸ ਗਰੀਬ ਵਿਦਿਆਰਥੀ ਲਈ ਚਾਨਣ ਮੁਨਾਰਾ ਹਨ ਜੋ ਪੜ੍ਹਾਈ ਰਾਂਹੀ ਉੱਚ ਪਦਵੀ ਹਾਸਲ ਕਰਨ ਦੇ ਸੁਪਨੇ ਪਾਲਦੇ ਹੋਣ। ਸਕਿਲਡ (ਕੁਸ਼ਲ) ਹੋਣ ਲਈ ਮਨ ਤੱਕੜਾ ਕਰਕੇ ਸਿਖਲਾਈ ਕਰਨੀ ਅਤੀ ਜ਼ਰੂਰੀ ਹੈ। ਇੱਕ ਜ਼ਿੱਦ, ਲਗਨ ਸਿਰੜ ਅਤੇ ਆਤਮ ਵਿਸ਼ਵਾਸ ਦਾ ਹੋਣਾ ਬੇਹੱਦ ਜ਼ਰੂਰੀ ਹੈ।

ਅੱਜ ਦੇ ਸਮੇਂ ਵਿੱਚ ਤਾਂ ਉਹਨਾਂ ਦੀ ਵਿਚਾਰਧਾਰਾ ਅਤੇ ਜੀਵਨ ਫਲਸਫਾ ਹੋਰ ਵੀ ਸਾਰਥਿਕ ਬਣ ਜਾਂਦਾ ਹੈ ਜਦੋਂ ਕੁੱਝ ਰਾਜਸੀ ਪਾਰਟੀਆਂ ਕਾਰਪੋਰੇਟਾਂ ਨਾਲ ਹੱਥ ਮਿਲਾ ਕੇ ਪੈਸੇ ਇਕੱਠੇ ਕਰਕੇ ਦੂਜੀਆਂ ਪਾਰਟੀਆਂ ਵਿੱਚੋਂ ਨੇਤਾਵਾਂ ਨੂੰ ਖਰੀਦਣ ਵਾਲੀ ਮੰਡੀ ਤਿਆਰ ਕਰਨ ਵਿੱਚ ਜੁੱਟੀਆਂ ਹੋਣ।

ਵੋਟਰਾਂ ਨੂੰ ਧਰਮ ਨਿਰਪੇਖਤਾ ਦੀ ਭਾਵਨਾ ਦੇ ਵਿਰੁੱਧ ਪ੍ਰਮਾਤਮਾ ਦੇ ਨਾਮ ਤੇ ਭਰਮਾ ਕੇ ਧਰੁੱਵੀਕਰਨ ਦੇ ਕੋਝੇ ਹਨੇਰੇ ਵੱਲ ਧੱਕ ਰਹੀਆਂ ਹੋਣ। ਜਦੋਂ ਹੁਕਮਰਾਨ ਧਿਰਾਂ ਮਨੂਸਮ੍ਰਿਤੀ ਅਧਾਰਿਤ ਸਮਾਜੀ ਅਤੇ ਜਮਾਤੀ ਵੰਡ ਨੂੰ ਵਿਗਿਆਨਕ ਸਮੇਂ ਵਿੱਚ ਵੀ ਲੋਕ ਮਨਾਂ ਵਿੱਚ ਬੈਠਾਉਣ ਲਈ ਕਾਰਵਾਈਆਂ ਕਰਵਾਉਣ ਅਤੇ ਕਨੂੰਨੀ ਪ੍ਰਕਿਰਿਆ ਨੂੰ ਨਿਕੰਮਾ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੀ ਸਾਜਿਸ਼ੀ ਚੁੱਪ ਧਾਰਨ ਤਾਂ ਦੇਸ਼ ਦੀਆਂ ਅਦਾਲਤਾਂ ਦਾ ਰੋਲ ਲੋਕਤੰਤਰ ਬਚਾਉਣ ਲਈ ਹੋਰ ਵੀ ਯਾਦਗਾਰੀ ਬਣ ਜਾਂਦਾ ਹੈ। ਚੋਣ ਬਾਂਡ ਘੋਟਾਲੇ ਨੂੰ ਮਾਣਯੋਗ ਸੁਪਰੀਮ ਕੋਰਟ ਵੱਲੋਂ ਗੈਰ ਸੰਵਿਧਾਨਿਕ ਗਰਦਾਨੇ ਜਾਣ ਬਾਅਦ ਤਾਂ ਮੌਜੂਦਾ ਸਿਆਸੀ ਪਾਰਟੀ ਦਾ ਸਰਕਾਰ ਵਿੱਚ ਬਣੇ ਰਹਿਣ ਦਾ ਮੌਲਿਕ ਅਧਿਕਾਰ ਹੀ ਖਤਮ ਹੋ ਜਾਂਦਾ ਹੈ। ਡਾਕਟਰ ਅੰਬੇਡਕਰ ਸਾਰੀ ਜ਼ਿੰਦਗੀ ਸਾਧਨ ਵਿਹੂਣੇ ਲੋਕਾਂ ਨੂੰ ਉਹਨਾਂ ਦੇ ਵੋਟ, ਸਿੱਖਿਆ, ਰੋਜ਼ਗਾਰ ਅਤੇ ਸਨਮਾਨਯੋਗ ਜ਼ਿੰਦਗੀ ਦੇ ਅਧਿਕਾਰ ਦਿਵਾਉਣ ਲਈ ਕਾਂਗਰਸੀ ਨੇਤਾਵਾਂ ਤੱਕ ਉਲਝਦੇ ਰਹੇ। ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਨਾਲ ਉਹਨਾਂ ਦੇ ਮੱਤਭੇਦ ਜੱਗ ਜ਼ਾਹਿਰ ਹਨ।ਫਿਰ ਵੀ ਉਹਨਾਂ ਦੀ ਕਾਬਲੀਅਤ ਦੇ ਸਾਰੇ ਕਾਂਗਰਸੀ ਕਾਇਲ ਸਨ।

ਸਰਕਾਰੀ ਅਦਾਰੇ ਜਿਵੇਂ ਰੇਲਵੇ, ਸ਼ਹਿਰੀ ਹਵਾਬਾਜ਼ੀ, ਸੜਕੀ ਆਵਾਜਾਈ, ਟੈਲੀਫੂਨ ਅਤੇ ਸੰਚਾਰ, ਬੈਂਕਾਂ, ਬੀਮਾਂ, ਸੈਨਿਕ ਸਕੂਲ, ਭਾਰਤੀ ਖੁਰਾਕ  ਨਿਗਮ, ਸਰਕਾਰੀ ਤੇਲ ਅਤੇ ਕੁਦਰਤੀ ਗੈਸ ਏਜੰਸੀਆਂ, ਫ਼ੌਜੀ ਸੇਵਾਵਾਂ ਵਿੱਚ ਅਗਨੀਵੀਰ ਸਕੀਮ ਆਦਿ ਰਾਹੀਂ ਮੁਨਾਫਾ ਕੰਮਾ ਰਹੇ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਸਰਮਾਏਦਾਰਾਂ ਦੇ ਹੱਥ ਸੌਂਪਕੇ ਗਰੀਬ ਅਤੇ ਦਲਿਤ ਵਰਗ ਦੇ ਰਾਖਵੇਂਕਰਣ ਨੂੰ ਚੋਰ ਮੋਰੀ ਰਾਹੀਂ ਖਤਮ ਕੀਤਾ ਜਾ ਰਿਹਾ ਹੈ। ਇਸ ਪਾਸੇ ਵੱਡੀ ਬਹੁਗਿਣਤੀ ਦਲਿਤ ਜਥੇਬੰਦੀਆਂ ਨੂੰ ਲਾਮਬੰਦ ਹੋਣ ਅਤੇ ਆਮ ਚੋਣਾਂ ਵਿੱਚ ਵੋਟਰਾਂ ਵਿੱਚ ਜਾਗਰੂਕਤਾ ਫੈਲਾਉਣ ਦੀ ਸਖ਼ਤ ਲੋੜ ਹੈ।

ਕਿਸਾਨੀ ਭਾਈਚਾਰੇ ਨਾਲ ਵੀ ਬੀਜੇਪੀ ਨੇ ਜ਼ਬਰਦਸਤ ਧੋਖੇ ਦੀ ਮਿਸਾਲ ਬਣਾਈ ਹੈ। ਦਿੱਲੀ ਦੀਆਂ ਬਰੂਹਾਂ ਤੋਂ ਅੰਦੋਲਨ ਹਟਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਗੁਰਪੁਰਬ ਉੱਤੇ ਤਿੰਨ ਕਾਲੇ ਖੇਤੀ ਕਨੂੰਨ ਲਾਗੂ ਨਾ ਕਰਨ ਦਾ ਐਲਾਨ ਕਰਕੇ ਲੌਲੀਪਾਪ ਦੇ ਦਿੱਤਾ ਪਰ ਪਰਨਾਲਾ ਉੱਥੇ ਦਾ ਉੱਥੇ ਹੀ। ਕਿਸਾਨ ਨੇਤਾ ਦੇਖਦੇ ਰਹੇ ਕਿ ਕਦੋਂ ਸਰਕਾਰ ਸਵਾਮੀਨਾਥਨ ਰਿਪੋਰਟ ਲਾਗੂ ਕਰੂ ਅਤੇ ਕਣਕ ਝੋਨੇ ਤੋਂ ਇਲਾਵਾ ਬਾਕੀ ਫਸਲਾਂ ਉੱਤੇ ਵੀ ਘੱਟੋ ਘੱਟ ਵਿਕਰੀ ਮੁੱਲ ਦਾ ਐਲਾਨ ਕਰੂ। ਪਰ ਕੇਂਦਰੀ ਸਰਕਾਰ ਦੀ ਨੀਯਤ ਵਿੱਚ ਇਸ ਅੰਦੋਲਨ ਦਾ ਲੱਕ ਤੋੜਨਾ ਸੀ।ਇਸ ਸਕੀਮ ਤਹਿਤ ਵੱਡੀ ਗਿਣਤੀ ਕਿਸਾਨ ਯੂਨੀਅਨਾਂ ਵਿੱਚ ਕੁੱਝ ਮੱਤ ਭੇਦ ਉੱਘੜ ਆਏ ਅਤੇ ਸੋਸ਼ਲ ਮੀਡੀਆ ਰਾਹੀਂ ਕੁੱਝ ਕਿਸਾਨ ਲੀਡਰਾਂ ਦੀਆਂ ਅੰਦਰਖਾਤੇ ਅਮਿਤ ਸ਼ਾਹ ਨਾਲ ਗੁਪਤ ਮੀਟਿੰਗਾਂ ਦਾ ਪਟਾਰਾ ਵੀ ਖੁੱਲ ਗਿਆ।ਕੁੱਝ ਪਿੰਡਾਂ ਵਿੱਚ ਖੇਤੀ ਮਜ਼ਦੂਰੀ ਦੇ ਰੇਟਾਂ ਉੱਤੇ ਕਿਸਾਨਾਂ ਦੁਆਰਾ ਗੁਰੂ ਘਰਾਂ ਤੋਂ ਮਤੇ ਪੁਆਉਣੇ ਕਾਰਨ ਵੀ ਕਿਸਾਨ ਮੋਰਚੇ ਦੀ ਏਕਤਾ ਦੀ ਪਕੜ ਢਿੱਲੀ ਪੈ ਗਈ। ਦੁਬਾਰਾ ਅੰਦੋਲਨ ਸ਼ੁਰੂ ਕਰਨ ਵਿੱਚ ਜੱਕੋਤੱਕੀ ਕਾਰਣ ਸਿਰਫ ਚਾਰ ਕੁ ਜਥੇਬੰਦੀਆਂ ਹੀ ਰਹਿ ਗਈਆਂ ਜਿਹਨੇ ਨੇ ਸ਼ੰਭੂ ਬਾਰਡਰ ਤੱਕ ਹੀ ਪਹੁੰਚ ਕੀਤੀ ਪਰ ਹਰਿਆਣਾ ਪੁਲੀਸ ਰਾਹੀਂ ਮੋਦੀ ਸਰਕਾਰ ਨੇ ਦਿੱਲੀ ਕੂਚ ਨੂੰ ਰੋਕਕੇ ਆਪਣਾ ਪੁਰਾਣਾ ਬਦਲਾ ਲੈ ਲਿਆ। ਹੁਣ “ਜੈ ਜਵਾਨ ਅਤੇ ਜੈ ਕਿਸਾਨ” ਦੋਵੇਂ ਹੀ ਬੀਜੇਪੀ ਤੋਂ ਖਫਾ ਹਨ।

ਪੁਰਾਣੇ ਸਮੇਂ ਦੇ ਤਾਨਾਸ਼ਾਹ ਬੋਲਣ ਵੇਲੇ ਵੀ ਕੜ੍ਹਕ , ਡਰਾਉਣੀ ਅਤੇ ਸਹਿਮ ਨਾਲ ਲਬਰੇਜ਼ ਫੌਜੀ ਭਾਸ਼ਾ ਦੀ ਵਰਤੋਂ ਕਰਦੇ ਸਨ ਪਰ ਅਜੋਕੇ ਤਾਨਾਸ਼ਾਹ ਬਿਆਨ ਵਜੋਂ ਹਮਦਰਦ, ਲੋਕ ਭਲਾਈ , ਵਿਕਾਸ ਅਤੇ ਰਾਸ਼ਟਰਵਾਦੀ ਸ਼ਬਦਾਂ ਰਾਹੀਂ ਭਰਮਾਉਂਦੇ ਹਨ। ਉਹਨਾਂ ਦੇ ਅਮਲ, ਲੋਕਤੰਤਰ ਵਿਰੋਧੀ, ਪ੍ਰੈੱਸ ਉੱਤੇ ਕਬਜ਼ਾ, ਅਜ਼ਾਦ ਮੀਡੀਆ ਤੋਂ ਦੂਰੀ , ਸਿਆਸੀ ਵਿਰੋਧੀਆਂ ਦੀਆਂ ਖ਼ਬਰਾਂ ਦੀ ਛਾਂਟੀ, ਖੁਫੀਆਂਤੰਤਰ ਅਤੇ ਪੁਲਿਸ ਦਾ ਦੁਰਉਪਯੋਗ ਕਰਨਾ ਹੈ। ਹੇਠਲੀਆਂ ਅਦਾਲਤਾਂ ਉੱਤੇ ਦਬਾਅ ਪਾਕੇ ਜੇਲਾਂ ਵਿੱਚ ਸੁੱਟਣਾ ਅਤੇ ਨਿਆਂ ਦੇ ਰਾਜ ਵਿੱਚ ਜਾਣਬੁੱਝ ਕੇ ਅੜਿਚਣਾਂ ਪੈਦਾ ਕਰਕੇ ਦੇਰੀ ਕਰਵਾਉਣੀ, ਆਪਣੇ ਹੱਕ ਵਿੱਚ ਭ੍ਰਿਸ਼ਟਾਚਾਰ ਨੂੰ ਹੱਲਾਸ਼ੇਰੀ ਪਰ ਵਿਰੋਧੀ ਪਾਰਟੀਆਂ ਨੂੰ ਖਤਮ ਕਰਨ ਤੱਕ ਦੇ ਨਾਹਰੇ ਲਗਵਾਉਣੇ ਆਦਿ ਅਧੁਨਿਕ ਤਾਨਾਸ਼ਾਹੀ ਦੇ ਲੱਛਣ ਹਨ। “ਗਰੀਬਾਂ ਨੂੰ ਮੌਤ ਦੀ ਹੱਦ ਤੱਕ ਰੋਟੀ ਲਈ ਮੁਹਤਾਜ ਕਰਨਾ, ਮੱਧ ਵਰਗ ਨੂੰ ਨਿਚੋੜਨਾ” ਅਤੇ ਮੁੱਠੀ ਭਰ ਕਾਰਪੋਰੇਟਾਂ ਨੂੰ ਲਗਾਤਾਰ ਗੱਫੇ ਦੇਣਾ ਇਹਨਾਂ ਦੇ ਸਿਖਰਲੇ ਏਜੰਡੇ ਦੀ ਕਾਰਜਸ਼ੈਲੀ ਹੈ।

ਹੁਣ ਸਮਾਂ ਹੈ ਕਿ ਸਾਰੇ ਭਾਰਤੀ ਵੋਟਰ ਇਸ ਵਰਤਾਰੇ ਨੂੰ ਘੋਖਣ, ਸਮਝਣ ਅਤੇ ਵਿਵੇਕ ਤੋਂ ਅਗਵਾਈ ਲੈਣ। ਨੋਟਾ ਦਾ ਬਟਨ ਘਾਤਕ ਵੀ ਹੋ ਸਕਦਾ ਹੈ। ਕੁੱਝ ਨੋਟਾਂ ਨੇ ਕੁੱਝ ਨਹੀਂ ਸਵਾਰਨਾ। ਖਤਰਾ ਕੁਰਸੀਂਆਂ ਨੂੰ ਹੈ ਧਰਮ ਨੂੰ ਨਹੀਂ।

ਲੋਕਤੰਤਰੀ ਸੰਵਿਧਾਨ ਦੀ ਮਜ਼ਬੂਤ ਛੱਤਰੀ ਜੇਕਰ ਟੁੱਟ ਗਈ ਤਾਂ “ਸਭ ਫੜੇ ਜਾਣਗੇ”। ਸੰਵਿਧਾਨ ਦੇ ਘਾੜੇ ਡਾ. ਭੀਮ ਰਾਉ ਅੰਬੇਦਕਰ ਜੀ ਨੂੰ ਉਹਨਾਂ ਦੇ ਜਨਮ ਦਿਨ ਉੱਤੇ ਸੱਚੀ ਸ਼ਰਧਾਂਜਲੀ ਚੋਣਾਂ ਵਿੱਚ ਇਸ ਵਾਰ ਸੰਵਿਧਾਨ ਵਿਰੋਧੀ ਤਾਕਤਾਂ ਨੂੰ ਹਰਾਉਣਾ ਹੈ। ਨਹੀਂ ਤਾਂ ਪਤਾ ਨਹੀਂ ਦੁਬਾਰਾ ਇਹ ਮੌਕਾ ਮਿਲੇ ਜਾਂ ਨਾ।” “ਜਿੱਤ ਸੱਚੇ ਨਿਸਚੈ ਦੀ” -ਆਮੀਨ

 

ਕੇਵਲ ਸਿੰਘ ਰੱਤੜਾ
[email protected]

 

 

 

Previous article “ਬਾਜਾਂ ਵਾਲਾ ਗੁਰੂ”
Next articleIPL 2024: Feel happy to perform on my debut, says Frase-McGurk after match-winning knock against Lucknow