HOME ਡਾ. ਅੰਬੇਡਕਰ ਦੀ ਧਾਰਮਿਕ ਕ੍ਰਾਂਤੀ ਅਤੇ ਉਸ ਦੇ ਪ੍ਰਭਾਵ

ਡਾ. ਅੰਬੇਡਕਰ ਦੀ ਧਾਰਮਿਕ ਕ੍ਰਾਂਤੀ ਅਤੇ ਉਸ ਦੇ ਪ੍ਰਭਾਵ

ਸਮਾਜ ਵੀਕਲੀ ਯੂ ਕੇ

Professor Manjeet Tyagi

ਲੇਖਕ : ਪ੍ਰੋਫ਼ੈਸਰ ਮਨਜੀਤ ਤਿਆਗੀ

 ਡਾ. ਭੀਮ ਰਾਓ ਅੰਬੇਡਕਰ ਨੂੰ ਸੁਰਤ ਸੰਭਾਲਦਿਆਂ ਹੀ ਨਫ਼ਰਤ, ਘ੍ਰਿਣਾ, ਕੁਟਮਾਰ ਅਤੇ ਅਮਾਨਵੀ ਵਤੀਰੇ ਦਾ ਸਾਹਮਣਾ ਕਰਨਾ ਪਿਆ। ਉਹ ਹਿੰਦੂ ਧਰਮ ਵਿੱਚ ਅਛੂਤਾਂ ’ਤੇ ਹੁੰਦੇ ਅਤਿਆਚਾਰਾਂ ਅਤੇ ਸਮਾਜਿਕ ਅਮਾਨਤਾਵਾਂ ਤੋਂ ਨਿਰਾਸ਼ ਸਨ। ਪਿਛਲੇ ਦਸ ਸਾਲਾਂ ਤੋਂ ਡਾ. ਅੰਬੇਡਕਰ ਹਿੰਦੂ ਸਮਾਜ ਵਿੱਚ ਘੁਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਛੂਤਾਂ ਲਈ ਜਨਤਕ ਥਾਵਾਂ ਤੋਂ ਪਾਣੀ ਭਰਨ, ਚੰਗੇ ਕੱਪੜੇ ਪਾਉਣ, ਧਾਤ ਦੇ ਭਾਂਡੇ ਵਰਤਣ ਅਤੇ ਪੜ੍ਹਾਈ ਦੇ ਅਧਿਕਾਰ ਅਦਿ ਲਈ ਉਹ ਲੜਦਾ ਆ ਰਿਹਾ ਸੀ। ਮਹਾੜ ਦੇ ਸੱਤਿਆਗ੍ਰਹਿ (ਜੋ ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਨਾਲ ਲੈ ਕੇ ਸਾਂਝੇ ਚੌਦਾਰ ਤਲਾਬ ਤੋਂ ਪਾਣੀ ਪੀ ਕੇ ਸ਼ੁਰੂ ਕੀਤਾ ਸੀ) ਨੇ ਉਨ੍ਹਾਂ ਨੂੰ ਬਹੁਤ ਦੁੱਖੀ ਕੀਤਾ ਕਿਉਂਕਿ ਮਹਾੜ ਕਚਹਿਰੀ ਵਿੱਚ ਚੌਦਾਰ ਤਲਾਬ ਵਾਲ਼ੇ ਕੇਸ ਦੀ ਪੈਰਵੀ ਲਈ ਅਦਾਲਤ ਜਾਣਾ ਪੈਂਦਾ ਸੀ। ਇੱਕ ਦਿਨ ਭਾਰੀ ਮੀਂਹ ਕਾਰਨ ਦਰਿਆ ’ਚ ਹੜ੍ਹ ਆਇਆ ਹੋਇਆ ਸੀ, ਜਿਸ ਕਰਕੇ ਉਨ੍ਹਾਂ ਨੂੰ ਦੋ ਦਿਨ ਰਸਤੇ ’ਚ ਹੀ ਰੁਕਣਾ ਪਿਆ। ਨੇੜੇ-ਤੇੜੇ ਕੋਈ ਅਛੂਤਾਂ ਦੀ ਕੋਈ ਬਸਤੀ ਵੀ ਨਹੀਂ ਸੀ। ਇਸ ਕਰਕੇ ਡਾ. ਅੰਬੇਡਕਰ ਨੂੰ ਨਾ ਤਾਂ ਖਾਣ-ਪੀਣ ਕੁੱਝ ਮਿਲਿਆ ਅਤੇ ਨਾ ਹੀ ਆਰਾਮ ਕਰਨ ਲਈ ਕੋਈ ਥਾਂ ਮਿਲੀ। ਅਛੂਤ ਹੋਣ ਕਰਕੇ ਕੋਈ ਵੀ ਉਸ ਨੂੰ ਥਾਂ ਜਾਂ ਰੋਟੀ ਦੇਣ ਲਈ ਤਿਆਰ ਨਹੀਂ ਸੀ। ਮਹਾੜ ਕਾਨਫਰੰਸ ਤੋਂ ਤੁਰੰਤ ਪਿੱਛੋਂ ਹੀ ਉਸ ਦੇ ਮਨ ਵਿੱਚ ਹਿੰਦੂ ਧਰਮ ਛੱਡ ਦੇਣ ਦਾ iਖ਼ਆਲ ਘਰ ਕਰ ਗਿਆ ਸੀ।

ਮਹਾੜ ਤੋਂ ਵਾਪਿਸ ਆ ਕੇ ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਕਮਰੇ ਵਿੱਚ ਬੰਦ ਕਰ ਲਿਆ ਅਤੇ ਲੋਕਾਂ ਨੂੰ ਮਿਲਣਾ ਗਿਲਣਾ ਵੀ ਬੰਦ ਕਰ ਦਿੱਤਾ। ਉਨ੍ਹਾਂ ਦੇ ਦੋਸਤਾਂ ਅਤੇ ਸਹਿਕਰਮੀਆਂ ਨੇ ਬੜੇ ਯਤਨਾਂ ਨਾਲ ਉਨ੍ਹਾਂ ਦਾ ਗੁੱਸਾ ਠੰਡਾ ਕੀਤਾ। ਜਲਗਾਓਂ ਵਿੱਚ 1929 ਸਮੇਂ ਉਨ੍ਹਾਂ ਨੇ ਅਛੂਤਾਂ ਨੂੰ ਅਜਿਹਾ ਕੋਈ ਵੀ ਧਰਮ ਗ੍ਰਹਿਣ ਕਰਨ ਲਈ ਆਖਿਆ ਸੀ ਜਿਹੜਾ ਉਹਨਾਂ ਨੂੰ ਬੰਦੇ ਸਮਝਦਾ ਹੋਵੇ। ਸੰਸਾਰ ਵਿੱਚ ਉੱਚਾ ਉਠਣ ਦਾ ਮੌਕਾ ਦਿੰਦਾ ਹੋਵੇ ਅਤੇ ਖਾਣ ਪੀਣ, ਪਹਿਨਣ, ਤੁਰਨ-ਫਿਰਨ ਅਤੇ ਮਨੁੱਖਾਂ ਵਾਂਗ ਰਹਿਣ ਦੀ ਆਗਿਆ ਦਿੰਦਾ ਹੋਵੇ।

13 ਅਕਤੂਬਰ 1935 ਨੂੰ ਯਵਤਮਾਲ ਜ਼ਿਲ੍ਹੇ ਦੇ ਯਿਓਲਾ (ਮਹਾਰਾਸ਼ਟਰ) ਸ਼ਹਿਰ ਵਿੱਚ ‘ਯਿਓਲਾ ਕਾਨਫ਼ਰੰਸ’ ਹੋਈ। ਕਾਨਫ਼ਰੰਸ ਵਿੱਚ ਦਸ ਹਜ਼ਾਰ ਤੋਂ ਵੱਧ ਅਛੂਤ ਸ਼ਾਮਲ ਹੋਏ। ਡਾ. ਅੰਬੇਡਕਰ ਨੇ ਡੇਢ ਘੰਟੇ ਦੇ ਭਾਵਨਾਵਾਂ ਭਰੇ ਭਾਸ਼ਣ ਦੌਰਾਨ ਇਹ ਐਲਾਨ ਕੀਤਾ ਸੀ, “ਮੈਂ ਹਿੰਦੂ ਧਰਮ ਵਿੱਚ ਜਨਮਿਆਂ ਹਾਂ, ਪਰ ਹਿੰਦੂ ਧਰਮ ਵਿੱਚ ਮਰਾਂਗਾ ਨਹੀਂ।” ਮੇਰੀ ਧਰਮ ਬਦਲੀ ਕਿਸੇ ਪਦਾਰਥਕ ਉਦੇਸ਼ ਤੋਂ ਪ੍ਰੇਰਿਤ ਨਹੀਂ ਹੈ। ਸ਼ਾਇਦ ਹੀ ਕੋਈ ਚੀਜ਼ ਐਸੀ ਹੋਵੇ ਜਿਹੜੀ ਮੈਂ ਅਛੂਤ ਰਹਿੰਦਿਆਂ ਪ੍ਰਾਪਤ ਨਹੀਂ ਕਰ ਸਕਦਾ। ਅਧਿਆਤਮਿਕ ਭਾਵਨਾ ਤੋਂ ਬਿਨਾਂ ਮੇਰੀ ਧਰਮ-ਬਦਲੀ ਪਿੱਛੇ ਹੋਰ ਕੋਈ ਭਾਵਨਾ ਨਹੀਂ ਹੈ। ਹਿੰਦੂਵਾਦ ਮੇਰੀ ਜ਼ਮੀਰ ਨੂੰ ਟੁੰਬਦਾ ਨਹੀਂ। ਮੇਰਾ ਮਾਣ ਸਨਮਾਨ, ਹਿੰਦੂਇਜ਼ਮ ਨਾਲ ਇਕਮਿਕ ਨਹੀਂ ਹੋ ਸਕਦਾ। ਤੁਹਾਡੇ ਸੰਦਰਭ ਵਿੱਚ ਧਰਮ-ਬਦਲੀ, ਦੁਨਿਆਵੀ ਅਤੇ ਅਧਿਆਤਮਿਕ ਦੋਹਾਂ ਪੱਖਾਂ ਤੋਂ ਲਾਹੇਬੰਦੀ ਹੈ। ਉਹਨਾਂ ਦੀ ਰਾਇ ਦੀ ਪ੍ਰਵਾਹ ਨਾ ਕਰੋ ਜਿਹੜੇ ਪਦਾਰਥਕ ਲਾਭਾਂ ਲਈ ਧਰਮ ਬਦਲੀ ਦੀ ਆਲੋਚਨਾਂ ਕਰਨ ਦੀ ਮੂਰਖਤਾ ਕਰਦੇ ਹਨ, ਉਸ ਧਰਮ ਵਿੱਚ ਤੁਸੀਂ ਰਹਿੰਦੇ ਹੀ ਕਿਉਂ ਹੋ ਜਿਸ ਧਰਮ ਨੇ ਤੁਹਾਨੂੰ ਮਾਣ ਸਨਮਾਨ, ਧੰਨ, ਖਾਣ-ਪੀਣ ਅਤੇ ਘਰ ਦੇ ਹੱਕ ਤੋਂ ਵੰਚਿਤ ਕੀਤਾ ਹੈ? ਮੈਂ ਤੁਹਾਨੂੰ ਕਹਿੰਦਾ ਹਾਂ ਕਿ ਧਰਮ ਮਨੁੱਖ ਲਈ ਹੈ ਨਾ ਕਿ ਮਨੁੱਖ ਧਰਮ ਲਈ । ਜੇ ਤੁਸੀਂ ਇਸ ਦੁਨੀਆਂ ਵਿੱਚ ਸੰਗਠਿਤ, ਮਜ਼ਬੂਤ ਅਤੇ ਸਫ਼ਲ ਹੋਣਾ ਚਾਹੁੰਦੇ ਹੋ ਤਾਂ ਇਸ ਧਰਮ ਨੂੰ ਛੱਡੋ। ਜਿਹੜਾ ਧਰਮ ਤੁਹਾਨੂੰ ਮਨੁੱਖ ਹੀ ਮੰਨਣ ਤੋਂ ਇਨਕਾਰੀ ਹੈ ਜਾਂ ਤੁਹਾਨੂੰ ਪੀਣ ਲਈ ਪਾਣੀ ਦੇਣ ਤੋਂ ਮੁਨਕਰ ਹੈ, ਜਿਹੜਾ ਧਰਮ ਤੁਹਾਨੂੰ ਸਿੱਖਿਆ ਪ੍ਰਾਪਤ ਕਰਨੋਂ ਮਨ੍ਹਾਂ ਕਰਦਾ ਹੈ, ਤੁਹਾਡੀ ਪਦਾਰਥਕ ਤਰੱਕੀ ਦੇ ਰਾਹ ਵਿੱਚ ਰੋੜਾ ਬਣਦਾ ਹੈ, ਉਹ ਧਰਮ ‘ਧਰਮ’ ਕਹਾਉਂਣ ਦੇ ਯੋਗ ਨਹੀਂ। ਜਿਹੜਾ ਧਰਮ, ਆਪਣੇ ਹੀ ਸਹਿਧਰਮੀਆਂ ਨਾਲ ਮਾਨਵਤਾਵਾਦੀ ਵਰਤੋਂ ਵਿਵਹਾਰ ਕਰਨਾ ਵੀ ਨਹੀਂ ਸਿਖਾਉਂਦਾ ਉਹ ਹੋਰ ਕੁੱਝ ਨਹੀਂ, ਮਹਿਜ਼ ਜ਼ੋਰ-ਜ਼ਬਰਦਸਤੀ ਦਾ ਮੁਜ਼ਾਹਰਾ ਕਰਦਾ ਹੈ। ਜਿਹੜਾ ਧਰਮ, ਆਪਣੇ ਪੈਰੋਕਾਰਾਂ ਨੂੰ ਇਹ ਕਹਿੰਦਾ ਹੈ ਕਿ ਜਾਨਵਰਾਂ, ਪਸ਼ੂਆਂ ਨੂੰ ਛੂਹ ਲਓ, ਕੋਈ ਹਰਜ਼ ਨਹੀਂ, ਪਰ ਮਨੁੱਖ ਨੂੰ ਨਾ ਛੂਹੋ, ਅਜਿਹਾ ਧਰਮ, ਧਰਮ ਨਹੀਂ ਬਲਕਿ ਇੱਕ ਮਖੌਲਬਾਜ਼ੀ ਹੈ, ਜਿਹੜਾ ਧਰਮ ਅਗਿਆਨੀ ਨੂੰ ਅਗਿਆਨੀ ਅਤੇ ਗ਼ਰੀਬ ਨੂੰ ਗ਼ਰੀਬ ਬਣੇ ਰਹਿਣ ਲਈ ਮਜ਼ਬੂਰ ਕਰਦਾ ਹੈ, ਉਹ ਧਰਮ ਨਹੀਂ ਬਲਕਿ, ਇੱਕ ਮੁਸੀਬਤ ਹੈ, ਇੱਕ ਆਫ਼ਤ ਹੈ।

ਉਨ੍ਹਾਂ ਦੇ ਧਰਮ ਪਰਿਵਰਨ ਦੇ ਐਲਾਨ ਨੇ ਉੱਚ ਵਰਗੀ ਹਿੰਦੂਆਂ ਦੀ ਸਮਾਜਿਕ ਸੋਚ ਨੂੰ ਜਗਾਉਂਦਿਆਂ ਉਨ੍ਹਾਂ ਵੱਲੋਂ ਦਲਿਤਾਂ ਨਾਲ ਕੀਤੇ ਸਦੀਆਂ ਲੰਮੇ ਵਿਹਾਰ ਬਾਰੇ ਸੋਚਣ ਲਈ ਮਜ਼ਬੂਰ ਕੀਤਾ। ਇਸੇ ਦੌਰਾਨ ਮੈਸੂਰ ਪ੍ਰਾਂਤ ਦੀ ਸਰਕਾਰ ਨੇ ਇਤਿਹਾਸ ਵਿੱਚ ਪਹਿਲੀ ਵਾਰ ਐਲਾਨ ਕੀਤਾ ਸੀ ਕਿ ਦਲਿਤ ਦਰਬਾਰ ਰਸਮਾਂ ਵਿੱਚ ਭਾਗ ਲੈ ਸਕਦੇ ਹਨ। ਇਸ ਐਲਾਨ ਤੋਂ ਬਾਅਦ ਹੀ ਟਰਾਵਨਕੋਰ ਪ੍ਰਾਂਤ ਦੀ ਸਰਕਾਰ ਵੱਲੋਂ 1600 ਮੰਦਰਾਂ ਵਿੱਚ ਅਛੂਤਾਂ ਲਈ ਪ੍ਰਵੇਸ਼ ਲਈ ਖੁੱਲ੍ਹ ਦਾ ਐਲਾਨ ਕੀਤਾ ਗਿਆ। ਇਸ ਐਲਾਨ ਦਾ ਪ੍ਰਭਾਵ ਐਨਾ ਜ਼ਿਆਦਾ ਸੀ ਕਿ ਉਸ ਸਮੇਂ ਦੇ ਕਾਂਗਰਸ ਦੇ ਪ੍ਰਧਾਨ ਜਵਾਹਰ ਲਾਲ ਨਹਿਰੂ, ਜਿੰਨ੍ਹਾਂ ਨੂੰ ਅਛੂਤਾਂ ਦੀ ਕੋਈ ਪ੍ਰਵਾਹ ਨਹੀਂ ਸੀ, ਵੀ ਇਹ ਐਲਾਨ ਸੁਣ ਕੇ ਪ੍ਰਭਾਵਿਤ ਹੋਏ।

ਧਰਮ ਪਰਿਵਰਤਨ ਦੇ ਐਲਾਨ ਤੋਂ ਮਗਰੋਂ ਡਾ. ਅੰਬੇਡਕਰ ਹਿੰਦੂ ਧਰਮ ਦੇ ਵਿਕਲਪਾਂ ਦੀ ਭਾਲ ਸ਼ੁਰੂਆਤ ਕਰ ਦਿੱਤੀ। ਵੱਖ-ਵੱਖ ਧਰਮਾਂ ਦੇ ਅਗੂਆਂ ਨੇ ਅੰਬੇਡਕਰ ਨੂੰ ਆਪਣੇ ਆਪਣੇ ਧਰਮ ਵਿੱਚ ਆਉਣ ਲਈ ਪ੍ਰੇਰਿਆ। ਸਭ ਤੋਂ ਪਹਿਲਾਂ ਡਾ. ਅੰਬੇਡਕਰ ਦਾ ਸਿੱਖ ਧਰਮ ਪ੍ਰਤੀ ਝੁਕਾਅ ਸੀ। ਉਨ੍ਹਾਂ ਨੇ ਸਿੱਖ ਧਰਮ ਵਿੱਚ ਸ਼ਾਮਿਲ ਹੋਣ ਦੀ ਸੰਭਾਵਨਾ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਅਤੇ ਸਿੱਖ ਆਗੂਆਂ ਨਾਲ ਗੱਲਬਾਤ ਵੀ ਕੀਤੀ। ਅੰਬੇਡਕਰ ਨੇ ਆਪਣੇ ਬੇਟੇ ਯਸਵੰਤ ਅਤੇ ਭਤੀਜੇ ਸਮੇਤ ਪੈਰੋਕਾਰਾਂ ਦੇ ਇੱਕ ਸਮੂਹ ਨੂੰ ਸਿੱਖ ਧਰਮ ਦਾ ਅਧਿਐਨ ਕਰਨ ਲਈ ਅੰਮ੍ਰਿਤਸਰ ਭੇਜਿਆ। ਸਿੱਖ ਧਰਮ ਇੱਕ ਭਾਰਤੀ ਧਰਮ ਸੀ। ਇਸ ਦੀਆਂ ਬਰਾਬਰਤਾਵਾਦੀ ਪਰੰਪਰਾਵਾਂ ਸਨ, ਜਿਨ੍ਹਾਂ ਨੂੰ ਉਹ ਮਹੱਤਵਪੂਰਨ ਸਮਝਦੇ ਸਨ।

ਇਸੇ ਦੌਰਾਨ ਡਾ. ਅੰਬੇਡਕਰ ਨੇ ਹਿੰਦੂ ਮਹਾਸਭਾ ਦੇ ਪ੍ਰਧਾਨ ਡਾ. ਮੂੰਜੇ ਨਾਲ ਮੁਲਾਕਾਤ ਕੀਤੀ, ਅਤੇ ਇੱਕ ਬਿਆਨ ਜਾਰੀ ਕੀਤਾ ਜੋ ਬਾਅਦ ਵਿੱਚ ਐਮ.ਆਰ. ਜੈਕਰ, ਐਮ.ਸੀ. ਰਾਜਾ ਅਤੇ ਹੋਰ ਨੇਤਾਵਾਂ ਨੂੰ ਵੀ ਦਿੱਤਾ ਗਿਆ। ਦਿਲਚਸਪ ਗੱਲ ਇਹ ਹੈ ਕਿ ਡਾ. ਮੂੰਜੇ ਨੇ ਸ਼ਰਤੀਆ ਮਨਜ਼ੂਰੀ ਦਿੱਤੀ, ਜਦਕਿ ਗਾਂਧੀ ਨੇ ਸਿੱਖ ਧਰਮ ਵਿੱਚ ਤਬਦੀਲੀ ਦੀ ਸਪੱਸ਼ਟ ਨਿਖੇਧੀ ਕੀਤੀ।

1936 ਦੇ ਵਿਸਾਖੀ ਵਾਲੇ ਦਿਨ, ਅੰਬੇਡਕਰ ਨੇ ਅੰਮ੍ਰਿਤਸਰ ਵਿੱਚ ‘ਆਲ ਇੰਡੀਆ ਸਿੱਖ ਮਿਸ਼ਨ ਸੰਮੇਲਨ’ ਵਿੱਚ ਹਿੱਸਾ ਲਿਆ। ਇਸ ਸੰਮੇਲਨ ਵਿੱਚ ਕੇਰਲ, ਉੱਤਰ ਪ੍ਰਦੇਸ਼ ਅਤੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਪੈਰੋਕਾਰ ਸ਼ਾਮਿਲ ਹੋਏ। ਇਸ ਮੌਕੇ ਡਾ. ਅੰਬੇਡਕਰ ਨੇ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਿਤ ਕਰਦਿਆਂ ਆਪਣੇ ਸੰਖੇਪ ਭਾਸ਼ਣ ਵਿੱਚ ਦੱਸਿਆ ਕਿ ਉਨ੍ਹਾਂ ਨੇ ਹਿੰਦੂ ਧਰਮ ਤਿਆਗਣ ਦਾ ਫ਼ੈਸਲਾ ਕੀਤਾ ਹੈ, ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਉਹ ਕਿਸ ਧਰਮ ਵੱਲ ਜਾਣਗੇ।

ਅੰਬੇਡਕਰ ਦੀਆਂ ਵੱਧਦੀਆਂ ਗਤੀਵਿਧੀਆਂ ਨੇ ਸਮਾਜਿਕ ਹਲਚਲ ਤੇਜ ਕਰ ਦਿੱਤੀ। ਇਸ ਸਮੇਂ ਦੌਰਾਨ ਹੀ ਡਾ. ਅੰਬੇਡਕਰ ਨੂੰ ‘ਜਾਤਪਾਤ ਤੋੜਕ ਮੰਡਲ’ ਲਾਹੌਰ ਵੱਲੋਂ ਆਪਣੇ ਸਲਾਨਾ ਇਜਲਾਸ ਦੀ ਪ੍ਰਧਾਨਗੀ ਕਰਨ ਦਾ ਸੱਦਾ-ਪੱਤਰ ਮਿਲਿਆ। ਉਨ੍ਹਾਂ ਵੱਲੋਂ ‘ਜਾਤਪਾਤ ਤੋੜਕ ਮੰਡਲ’ ਦੇ ਇਜਲਾਸ ਦੀ ਪ੍ਰਧਾਨਗੀ ਦੀ ਖ਼ਬਰ ਤੇਜ਼ੀ ਨਾਲ ਫ਼ੈਲ ਗਈ। ਕਈ ਕੱਟੜ ਹਿੰਦੂ ਲੀਡਰਾਂ ਨੇ ਇਸ ਗੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਅੰਬੇਡਕਰ ਖੁੱਲੇਆਮ ਹਿੰਦੂ ਧਰਮ ਦੀ ਅਲੋਚਨਾ ਕਰਦਾ ਹੈ, ਇਸ ਕਰਕੇ ਉਹ ਤਾਂ ਹਿੰਦੂ ਧਰਮ ਦਾ ਕੱਟੜ ਵਿਰੋਧੀ ਹੈ। ‘ਜਾਤ-ਪਾਤ ਤੋੜਕ ਮੰਡਲ’ ਨੇ ਇਸ ਸੰਮੇਲਨ ਅੱਗੇ ਪਾ ਦਿੱਤਾ। ਉਹ ਚਾਹੁੰਦੇ ਸਨ ਕਿ ਅੰਬੇਡਕਰ ਆਪਣੇ ਭਾਸ਼ਣ ਵਿੱਚੋਂ ਵੇਦਾਂ ਦੀ ਆਲੋਚਨਾ ਵਾਲੇ ਕੁੱਝ ਹਿੱਸੇ ਹਟਾਉਣ, ਪਰ ਅੰਬੇਡਕਰ ਨੇ ਕਿਹਾ ਕਿ ਉਹ ਤਾਂ ਕੌਮਾਂ ਹਟਾਉਣ ਲਈ ਵੀ ਤਿਆਰ ਨਹੀਂ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਭਾਸ਼ਣ ਨੂੰ ਕਿਤਾਬ ਦੇ ਰੂਪ ਵਿੱਚ ਆਪਣੇ ਖ਼ਰਚੇ ’ਤੇ ਛਪਵਾਇਆ। ਇਸ ਕਿਤਾਬ ਦਾ ਨਾਮ ਸੀ ‘ਜਾਤਪਾਤ ਦਾ ਬੀਜਨਾਸ਼’ (Annihilation of Caste)। ਇਸ ਵਿੱਚ ਉਨ੍ਹਾਂ ਨੇ ਕਿਹਾ, ‘ਸਿੱਖਾਂ ਦੀ ਰਾਜਨੀਤਿਕ ਕ੍ਰਾਂਤੀ ਤੋਂ ਪਹਿਲਾਂ ਗੁਰੂ ਨਾਨਕ ਦੁਆਰਾ ਧਾਰਮਿਕ ਅਤੇ ਸਮਾਜਿਕ ਕ੍ਰਾਂਤੀ ਹੋਈ ਸੀ।’ ਮਹਾਰਾਸ਼ਟਰ ਦੀ ਭਗਤੀ ਲਹਿਰ (ਇਹ ਲਹਿਰ ਤੇਰਵੀਂ ਸਦੀ ਤੋਂ ਲੈ ਕੇ ਸਤਾਰਵੀਂ ਸਦੀ ਤੱਕ ਮਹਾਰਾਸ਼ਟਰ ਵਿੱਚ ਚੱਲੀ) ਦੇ ਸੁਧਾਰਾਂ ਦੇ ਉਲਟ, ਸਿੱਖ ਧਰਮ ਨੂੰ ਉਹ ਕ੍ਰਾਂਤੀਕਾਰੀ ਮੰਨਦੇ ਸਨ। ਡਾ. ਅੰਬੇਡਕਰ ਦਾ ਤਰਕ ਸੀ ਕਿ ਮਨ ਦੀ ਮੁਕਤੀ ਸਮਾਜਿਕ ਅਤੇ ਰਾਜਨੀਤਿਕ ਕ੍ਰਾਂਤੀ ਤੋਂ ਪਹਿਲਾਂ ਹੋਣੀ ਚਾਹੀਦੀ ਹੈ। ਰਾਜਨੀਤਿਕ ਕ੍ਰਾਂਤੀਆਂ ਹਮੇਸ਼ਾ ਸਮਾਜਿਕ ਅਤੇ ਧਾਰਮਿਕ ਕ੍ਰਾਂਤੀਆਂ ਤੋਂ ਪਹਿਲਾਂ ਹੁੰਦੀਆਂ ਹਨ।

ਉਸ ਸਮੇਂ ਉਨ੍ਹਾਂ ਦਾ ਸਿੱਖ ਧਰਮ ਵੱਲ ਝੁਕਾਅ ਦੇ ਕਾਰਨਾਂ ਬਾਰੇ ਬਿਆਨ ਵੀ ਦਿਲਚਸਪ ਹੈ। “ਹਿੰਦੂਆਂ ਦੇ ਦ੍ਰਿਸ਼ਟੀਕੋਣ ਤੋਂ ਇਹਨਾਂ ਵਿਕਲਪਾਂ ਨੂੰ ਸਿਰਫ਼ ਦੇਖਦਿਆਂ, ਕਿਹੜਾ ਸਭ ਤੋਂ ਵਧੀਆ ਹੈ, ਇਸਾਈ ਧਰਮ, ਇਸਲਾਮ ਜਾਂ ਸਿੱਖ ਧਰਮ? ਸਪੱਸ਼ਟ ਤੌਰ ’ਤੇ ਸਿੱਖ ਧਰਮ। ਜੇਕਰ ਦਬੇ ਹੋਏ ਵਰਗ ਇਸਲਾਮ ਜਾਂ ਇਸਾਈ ਧਰਮ ਅਪਣਾਉਂਦੇ ਹਨ, ਤਾਂ ਉਹ ਨਾ ਸਿਰਫ਼ ਹਿੰਦੂ ਧਰਮ ਤੋਂ ਬਾਹਰ ਨਿਕਲਦੇ ਹਨ, ਸਗੋਂ ਹਿੰਦੂ ਸੱਭਿਆਚਾਰ ਤੋਂ ਵੀ ਬਾਹਰ ਹੋ ਜਾਂਦੇ ਹਨ। ਦੂਜੇ ਪਾਸੇ, ਜੇਕਰ ਉਹ ਸਿੱਖ ਬਣਦੇ ਹਨ, ਤਾਂ ਉਹ ਹਿੰਦੂ ਸੱਭਿਆਚਾਰ ਦੇ ਅੰਦਰ ਰਹਿੰਦੇ ਹਨ। ਇਹ ਹਿੰਦੂਆਂ ਲਈ ਛੋਟਾ ਫ਼ਾਇਦਾ ਨਹੀਂ ਹੈ। ਇਸਲਾਮ ਜਾਂ ਈਸਾਈ ਧਰਮ ਵਿੱਚ ਤਬਦੀਲੀ ਦੱਬੇ ਹੋਏ ਵਰਗਾਂ ਨੂੰ ਰਾਸ਼ਟਰੀ ਪੱਧਰ ’ਤੇ ਵੱਖਰਾ ਕਰ ਦੇਵੇਗੀ। ਜੇਕਰ ਉਹ ਇਸਲਾਮ ਵੱਲ ਜਾਂਦੇ ਹਨ, ਤਾਂ ਮੁਸਲਮਾਨਾਂ ਦੀ ਗਿਣਤੀ ਦੁੱਗਣੀ ਹੋ ਜਾਵੇਗੀ ਅਤੇ ਮੁਸਲਿਮ ਦਬਦਬੇ ਦਾ ਖ਼ਤਰਾ ਵੀ ਜ਼ਿਆਦਾ ਹੋ ਜਾਵੇਗਾ। ਜੇਕਰ ਉਹ ਇਸਾਈ ਧਰਮ ਵੱਲ ਜਾਂਦੇ ਹਨ, ਤਾਂ ਇਹ ਬ੍ਰਿਟੇਨ ਦੇ ਦੇਸ਼ ’ਤੇ ਕਬਜ਼ੇ ਨੂੰ ਮਜ਼ਬੂਤ ਕਰੇਗਾ।”

ਕੁੱਝ ਸਮੇਂ ਬਾਅਦ ਅੰਬੇਡਕਰ ਅਤੇ ਪ੍ਰਮੁੱਖ ਸਿੱਖ ਆਗੂ ਮਾਸਟਰ ਤਾਰਾ ਸਿੰਘ ਵਿਚਕਾਰ ਕੁੱਝ ਮੱਤ-ਭੇਦ ਪੈਦਾ ਹੋਏ, ਜਿਨ੍ਹਾਂ ਨੂੰ ਯਕੀਨ ਸੀ ਕਿ ਅੰਬੇਡਕਰ ਦੀ ਧਾਰਮਿਕ ਤਬਦੀਲੀ ਉਸ ਦੀ ਰਾਜਨੀਤਕ ਸ਼ਕਤੀ ਵੀ ਵਧਾ ਦੇਵੇਗੀ, ਅਛੂਤਾਂ ਦੀ ਵਿਸ਼ਾਲ ਗਿਣਤੀ ਮੌਜੂਦਾ ਸਿੱਖਾਂ ਨੂੰ ਪਛਾੜ ਸਕਦੀ ਸੀ ਤੇ ਸਿੱਖ ਰਾਜਨੀਤੀ ’ਤੇ ਪ੍ਰਭਾਵ ਪਾ ਸਕਦਾ ਸੀ।

ਅੰਬੇਡਕਰ ਚਾਹੁੰਦੇ ਸਨ ਕਿ ਉਨ੍ਹਾਂ ਦੇ ਪੈਰੋਕਾਰਾਂ ਨੂੰ ਸਮਾਜਿਕ ਸਤਿਕਾਰ ਅਤੇ ਰਾਜਨੀਤਕ ਅਧਿਕਾਰ ਮਿਲਣ। ਇਹ ਵੀ ਸੰਭਵ ਹੈ ਕਿ ਉਨ੍ਹਾਂ ਨੂੰ ਸਿੱਖ ਧਰਮ ਦੇ ਅੰਦਰ ਭੇਦ-ਭਾਵ ਦੀ ਮੌਜੂਦਗੀ ਦਾ ਵੀ ਪਤਾ ਲੱਗਾ ਹੋਵੇ। ਹਾਲਾਂਕਿ ਸਿਧਾਂਤਕ ਤੌਰ ’ਤੇ ਬਰਾਬਰਤਾਵਾਦੀ ਸੀ, ਪਰ ਅਸਲ ਵਿੱਚ ਦਲਿਤ ਸਿੱਖਾਂ ਦੀ ਜਾਤੀ ਦੇ ਆਧਾਰ ’ਤੇ ਇੱਕ ਵੱਖਰੀ ਪਛਾਣ ਸੀ, ਜਿਵੇਂ ਮਜ਼ਹਬੀ ਸਿੱਖ, ਰਵਿਦਾਸੀਆਂ ਸਿੱਖ। (ਮੌਜੂਦਾ ਸਮੇਂ ਵੀ ਪੰਜਾਬ ਦੇ ਜ਼ਿਆਦਾਤਰ ਪਿੰਡਾਂ ਵਿੱਚ ਕਈ-ਕਈ ਗੁਰੂਦੁਆਰਾ ਸਾਹਿਬ ਹਨ ਤੇ ਹਰੇਕ ਪਿੰਡ ਵਿੱਚ ਇੱਕ ਤੋਂ ਵੱਧ ਸਮਸ਼ਾਨਘਾਟ ਹਨ, ਜੋ ਸਮਾਜਿਕ ਵੱਖਰੇਵੇਂ ਦਾ ਹੀ ਪ੍ਰਤੀਕ ਹਨ)

ਇਸ ਤੋਂ ਇਲਾਵਾ ਗਾਂਧੀ ਦਾ ਵਿਰੋਧ ਡਾ. ਅੰਬੇਡਕਰ ਦੇ ਸਿੱਖ ਧਰਮ ਵਿੱਚ ਸੰਭਾਵੀ ਤਬਦੀਲੀ ਦੇ ਆਲੇ-ਦੁਆਲੇ ਦੀਆਂ ਗਤੀਵਿਧੀਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਸੀ। ਗਾਂਧੀ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਮੰਨਦੇ ਸਨ ਅਤੇ ਉਹ ਅਜਿਹੀਆਂ ਸਮੂਹਿਕ ਤਬਦੀਲੀਆਂ ਦੇ ਵਿਰੁੱਧ ਸਨ ਜੋ ਹਿੰਦੂਆਂ ਦੀ ਗਿਣਤੀ ਨੂੰ ਕਮਜ਼ੋਰ ਕਰ ਸਕਦੀਆਂ ਸਨ। ਇਸ ਵਿਰੋਧ ਨੇ, ਸਿੱਖ ਲੀਡਰਸ਼ਿਪ ਦੀ ਝਿੱਜ਼ਕ ਨਾਲ ਮਿਲ ਕੇ, ਸੰਭਵ ਤੌਰ ’ਤੇ ਅੰਬੇਡਕਰ ਦੇ ਅੰਤਿਮ ਫ਼ੈਸਲੇ ’ਤੇ ਅਸਰ ਪਾਇਆ। ਇਸੇ ਘਟਨਾਕ੍ਰਮ ਸਬੰਧੀ ਉੱਘੇ ਸਿੱਖ ਵਿਦਵਾਨ ਸਿਰਦਾਰ ਕਪੂਰ ਸਿੰਘ ਸਾਬਕਾ ਆਈ. ਸੀ. ਐਸ. (ਅੱਜਕਲ ਆਈ. ਏ. ਐਸ.) ਆਪਣੀ ਕਿਤਾਬ ‘ਸਾਚੀ ਸਾਖੀ’ ਵਿੱਚ ਪੰਨਾ ਨੰਬਰ 72 ਤੋਂ 76 ਤੱਕ ਇੱਕ ਘਟਨਾ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਹਨ:
ਲਾਹੌਰ ਹਾਈ ਕੋਰਟ ਦੇ ਜੱਜ ਸਰਦਾਰ ਹਰਨਾਮ ਸਿੰਘ ਨੇ ਉੱਥੇ ਦੇ ਇੱਕ ਵਕੀਲ ਸਰਦਾਰ ਇੰਦਰ ਸਿੰਘ ਕਰਵਾਲ ਨੂੰ ਉਸਦੇ ਪੁੱਛਣ ’ਤੇ ਸੰਬੋਧਿਤ ਕਰਦਿਆਂ ਦੱਸਿਆ ਸੀ। ਜੱਜ ਹਰਨਾਮ ਸਿੰਘ ਨੇ ਕਿਹਾ ਸੀ, “ਕਰਵਾਲ, ਤੈਨੂੰ ਇਨ੍ਹਾਂ ਗੱਲਾਂ ਦੀ ਕੀ ਸਮਝ ਹੈ। ਕੀ 6 ਕਰੋੜ ਅਛੂਤਾਂ ਨੂੰ ਸਿੱਖ ਬਣਾ ਕੇ ਹਰਿਮੰਦਰ ਸਾਹਿਬ (ਜਾਤੀ ਸੂਚਕ ਸ਼ਬਦ) ਨੂੰ ਸੰਭਾਲ ਦੇਈਏ?

ਇਸੇ ਤਰ੍ਹਾਂ ਸਰਦਾਰ ਗੁਰਤੇਜ ਸਿੰਘ (ਸਾਬਕਾ ਆਈ. ਏ. ਐਸ.) ਆਪਣੀ ਕਿਤਾਬ ‘ਸਿੰਘ ਨਾਦ’ ਵਿੱਚ ਇੱਕ ਘਟਨਾ ਦਾ ਜ਼ਿਕਰ ਕਰਦੇ ਹਨ:
ਪੰਜਾਬ ਤੋਂ ਪੰਜ ਸਿੱਖਾਂ ਦਾ ਵਫ਼ਦ ਡਾ. ਅੰਬੇਡਕਰ ਨੂੰ ਮਿਲਣ ਗਿਆਂ। ਬੰਬਈ ਤੋਂ 70 ਮੀਲ ਦੀ ਦੂਰੀ ’ਤੇ ਜੰਜੀਰੇ ’ਚ ਪਹੁੰਚ ਕੇ ਦੋ ਦਿਨ ਉਥੇ ਰਹਿ ਕੇ ਡਾ. ਸਾਹਿਬ ਦੇ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਉਨ੍ਹਾਂ ਨੂੰ ਪੁੱਛਿਆ ਕੀ ਉਨ੍ਹਾਂ ਨੇ ਸਿੱਖ ਧਰਮ ਅਪਨਾਉਣ ਬਾਰੇ ਕੋਈ ਫ਼ੈਸਲਾ ਕਰ ਲਿਆ ਹੈ? ਜਾਂ ਉਹ ਫ਼ੈਸਲਾ ਕਰਨ ਲਈ ਹੋਰ ਸਮਾਂ ਚਾਹੁੰਦੇ ਹਨ? ਜਾਂ ਅਜੇ ਉਹ ਆਪਣਾ ਫ਼ੈਸਲਾ ਗੁਪਤ ਰੱਖਣਾ ਚਾਹੁੰਦੇ ਹਨ?

ਡਾ. ਅੰਬੇਡਕਰ ਨੇ ਸਿੱਖਾਂ ਦੇ ਵਫ਼ਦ ਨੂੰ ਕਿਹਾ ਕਿ ਉਸ ਨੇ ਸਿੱਖ ਧਰਮ ਅਪਣਾਉਣ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਕੀਤਾ ਤੇ ਹੁਣ ਸ਼ਾਇਦ ਉਹ ਸਿੱਖ ਧਰਮ ਅਪਨਾਉਣ ਸਬੰਧੀ ਕੋਈ ਫ਼ੈਸਲਾ ਕਰ ਵੀ ਨਹੀਂ ਸਕਦੇ ਕਿਉਂਕਿ ਹਿੰਦੂ ਆਗੂਆਂ ਨੇ ਉਨ੍ਹਾਂ ਨਾਲੋਂ ਸਾਰੇ ਸਹਿਯੋਗੀਆਂ ਨੂੰ ਪਾੜ ਲਿਆ ਹੈ, ਅਛੂਤ ਲੀਡਰਾਂ ਅਤੇ ਅਛੂਤਾਂ ਨੇ ਹਿੰਦੂ ਰਹਿਣਾ ਹੀ ਮੰਨ ਲਿਆ ਹੈ।

ਇਸ ਤੋਂ ਬਾਅਦ, ਇਸ ਸਬੰਧੀ, ਕਦੇ ਵੀ ਡਾ. ਅੰਬੇਡਕਰ ਨੇ ਨਾ ਹੀ ਆਪਣੀਆਂ ਲਿਖਤਾਂ ਵਿੱਚ ਅਤੇ ਨਾ ਹੀ ਆਪਣੇ ਭਾਸ਼ਨਾਂ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ। ਕਈ ਲੇਖਕ ਡਾ. ਅੰਬੇਡਕਰ ਦੇ ਸਿੱਖ ਨਾ ਬਣ ਸਕਣ ਦਾ ਦੋਸ਼ੀ, ਰਾਓ ਬਹਾਦਰ ਐਮ. ਸੀ. ਰਾਜਾ, ਡਾ. ਮੂੰਜੇ ਪ੍ਰਧਾਨ ਹਿੰਦੂ ਸਭਾ, ਰਾਜਾ ਗੋਪਾਲਾ ਆਚਾਰੀਆ, ਮਹਾਤਮਾ ਗਾਂਧੀ ਅਤੇ ਮਦਨ ਮੋਹਨ ਮਾਲਵੀਆ ਨੂੰ ਮੰਨਦੇ ਹਨ। ਪਰ ਸਵਾਲ ਇਹ ਇੱਕ ਪਹੇਲੀ ਬਣ ਕੇ ਹੀ ਰਹਿ ਗਿਆ ਹੈ। ਜਿਸ ਨੂੰ ਸਮੇਂ ਸਮੇਂ ’ਤੇ ਵਿਦਵਾਨ ਆਪਣੀ ਸਮਝ ਅਨੁਸਾਰ ਉਸ ਸਮੇਂ ਦੇ ਵੱਖ-ਵੱਖ ਅਖ਼ਬਾਰਾਂ ’ਚ ਛਪੇ ਲੇਖਾਂ, ਖ਼ਬਰਾਂ (ਜੋ ਇੱਕ ਵੱਡੇ ਫ਼ੈਸਲੇ ਨੂੰ ਪ੍ਰਭਾਵਤ ਕਰਨ ਲਈ ਤਰਕਸੰਗਤ ਨਹੀਂ ਲੱਗਦੇ) ਦੇ ਹਵਾਲੇ ਦੇ ਕੇ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਨ। ਉਪਰੋਕਤ ਸਥਿਤੀਆਂ ਦਾ ਮੁਲਾਂਕਣ ਕਰਨ ਮਗਰੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਡਾ. ਅੰਬੇਡਕਰ ਦੇ ਸਿੱਖ ਨਾ ਬਣਨ ਦੇ ਕਾਰਨ ਵੱਖ-ਵੱਖ ਹਿੱਤ, ਚਿੰਤਾਵਾਂ ਅਤੇ ਸਮਕਾਲੀ ਸਥਿਤੀਆਂ ਦਾ ਸੰਯੋਗ ਸੀ। ਇਹ ਭਾਰਤ ਦੇ ਦਲਿਤਾਂ ਤੇ ਸਿੱਖਾਂ ਦੇ ਇਕਮਿਕ ਹੋਣ ਦਾ ਇਤਿਹਾਸਿਕ ਮੌਕਾ ਸੀ ਜਿਸ ਤੋਂ ਉਹ ਖੁੰਝ ਗਏ ਸਨ।

ਡਾ. ਅੰਬੇਡਕਰ ਨੂੰ ਹੌਲੀ-ਹੌਲੀ ਬੁੱਧ ਧਰਮ ਕੁੱਝ ਵੱਖਰਾ ਜਾਪਣ ਲੱਗਾ, ਸਿੱਖ ਧਰਮ ਵਾਂਗ ਇਹ ਭਾਰਤੀ ਸੀ ਅਤੇ ‘ਵਿਦੇਸ਼ੀ’ ਨਹੀਂ ਸੀ। ਇਹ ਰਾਸ਼ਟਰ ਨੂੰ ਅਟੁੱਟ ਤੌਰ ’ਤੇ ਨਹੀਂ ਵੰਡੇਗਾ, ਨਾ ਹੀ ਮੁਸਲਮਾਨਾਂ ਦਾ ਦਬਦਬਾ ਵੱਧੇਗਾ ਅਤੇ ਨਾ ਹੀ ਬ੍ਰਿਟਿਸ਼ ਬਸਤੀਵਾਦੀਆਂ ਦੀ ਸੱਤਾ ਨੂੰ ਜਾਰੀ ਰੱਖਣ ਦਾ ਮੌਕਾ ਦੇਵੇਗਾ। ਇਸ ਤੋਂ ਇਲਾਵਾ ਡਾ. ਅੰਬੇਡਕਰ ਦੀ ਬੁੱਧ ਧਰਮ ਲਈ ਤਰਜੀਹ ਇਸ ਦੇ ਮੂਲ ਸਿਧਾਂਤਾਂ ਵਿੱਚ ਜੜ੍ਹੀ ਹੋਈ ਸੀ, ਜੋ ਉਨ੍ਹਾਂ ਨੇ ਆਪਣੇ ਆਦਰਸ਼ਾਂ ਨਾਲ ਅਨੁਕੂਲ ਪਾਏ। ਉਨ੍ਹਾਂ ਨੂੰ ਲਗਦਾ ਸੀ ਕਿ ਬੁੱਧ ਧਰਮ ਵਿੱਚ ਸ਼ਾਮਿਲ ਹੋ ਕੇ ਦਲਿਤ ਆਪਣੀ ਪਛਾਣ ਅਤੇ ਸਵੈ-ਮਾਣ ਮੁੜ ਹਾਸਲ ਕਰ ਸਕਦੇ ਹਨ ਕਿਉਂਕਿ ਇਹ ਸਮਾਜਿਕ ਬਰਾਬਰੀ ਅਤੇ ਜਾਤੀ ਦੀ ਅਣਹੋਂਦ ’ਤੇ ਅਧਾਰਿਤ ਸੀ। ਇਹ ਖਾਸ ਤੌਰ ’ਤੇ ਦਲਿਤ ਸਮਾਜ ਲਈ ਮਹੱਤਵਪੂਰਨ ਸੀ, ਜਿਸ ਨੂੰ ਸਦੀਆਂ ਤੋਂ ਜਾਤੀਗਤ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਸੀ। ਗੌਤਮ ਬੁੱਧ ਦਾ ਬੁੱਧ ਧਰਮ ਜਾਤੀ ਪ੍ਰਣਾਲੀ ਨੂੰ ਨਕਾਰਦਾ ਹੈ, ਇਹ ਜ਼ੋਰ ਦਿੰਦਾ ਹੈ ਕਿ ਸਾਰੇ ਵਿਅਕਤੀ ਬਰਾਬਰ ਹਨ। ਹਿੰਦੂ ਧਰਮ ਦੀ ਵਰਣ-ਵਿਵਸਥਾ ਦੇ ਸਤਾਏ ਹੋਏ ਅੰਬੇਡਕਰ ਲਈ ਇਹ ਸਭ ਮਹੱਤਵਪੂਰਨ ਸੀ।ਇਹ ਧਰਮ ਵਿਗਿਆਨਿਕ ਵੀ ਸੀ ਤੇ ਇਸ ਧਰਮ ਵਿੱਚ ਤਰਕਸ਼ੀਲਤਾ ਵੀ ਸੀ। ਡਾ. ਅੰਬੇਡਕਰ, ਬੁੱਧ ਦੇ ਇਸ ਵਿਚਾਰ ਤੋਂ ਵੀ ਪ੍ਰਭਾਵਤ ਸਨ ਕਿ ਵਿਅਕਤੀ ਨੂੰ ਆਪਣੇ ਤਜ਼ਰਬੇ ਅਤੇ ਤਰਕ ਦੇ ਅਧਾਰ ’ਤੇ ਫ਼ੈਸਲਾ ਕਰਨਾ ਚਾਹੀਦਾ ਹੈ: “ਆਤਮ ਦੀਪ ਭਵ” (ਆਪਣਾ ਦੀਵਾ ਆਪ ਬਣੋ)। ਇਸ ਤਰ੍ਹਾਂ ਬੁੱਧ ਧਰਮ ਵਧੇਰੇ ਮਜ਼ਬੂਤ ਅਤੇ ਸਥਾਈ ਅਪੀਲ ਵਾਲਾ ਸਾਬਤ ਹੋਇਆ।

ਬੁੱਧ ਦੀਆਂ ਸਿੱਖਿਆਵਾਂ ਸਦਾ ਰਹਿਣ ਵਾਲੀਆਂ ਹਨ ਪਰ ਫਿਰ ਵੀ ਬੁੱਧ ਨੇ ਇਹ ਦਾਅਵਾ ਨਹੀਂ ਕੀਤਾ ਕਿ ਉਹ ਅਟੱਲ ਹਨ। ਬੁੱਧ ਦੇ ਧਰਮ ਵਿੱਚ ਬਦਲਦੇ ਸਮਿਆਂ ਅਨੁਸਾਰ, ਤਬਦੀਲੀ ਦੀ ਗੁੰਜਾਇਸ਼ ਹੈ ਅਤੇ ਇਹ ਗੁਣ ਹੋਣ ਦਾ ਹੋਰ ਕੋਈ ਧਰਮ, ਦਾਅਵਾ ਨਹੀਂ ਕਰ ਸਕਦਾ। ਬੁੱਧ ਧਰਮ ਦਾ ਆਧਾਰ ਕੀ ਹੈ? ਜੇ ਤੁਸੀਂ ਗਹੁ ਨਾਲ ਪੜ੍ਹੋ ਤਾਂ ਦੇਖੋਗੇ ਕਿ ਬੁੱਧ ਧਰਮ ਕਾਰਣ ਦਲੀਲ ਤਰਕ ਤੇ ਆਧਾਰਿਤ ਹੈ। ਇਸ ਅੰਦਰ ਲਚਕੀਲੇਪਣ ਦਾ ਗੁਣ ਹੈ ਜਿਹੜਾ ਕਿ ਕਿਸੇ ਹੋਰ ਧਰਮ ਵਿੱਚ ਨਹੀਂ ਲੱਭਦਾ। ਬੁੱਧ ਧਰਮ ਇੱਕ ਅਜਿਹਾ ਧਰਮ ਸੀ ਜਿਸ ਨੂੰ ਡਾ. ਅੰਬੇਡਕਰ ਆਪਣੇ ਤਰੀਕੇ ਨਾਲ ਢਾਲ ਸਕਦੇ ਸਨ, ਦਲਿਤਾਂ ਦੀਆਂ ਅਧਿਆਤਮਿਕ ਅਤੇ ਨੈਤਿਕ ਜ਼ਰੂਰਤਾਂ ਅਨੁਸਾਰ ਬਣਾ ਸਕਦੇ ਸਨ।

ਜਦੋਂ ਅੰਬੇਡਕਰ ਨੂੰ ਪੁੱਛਿਆ ਗਿਆ ਕਿ ਉਹ ਬੁੱਧ ਧਰਮ ਕਿਉਂ ਅਪਣਾ ਰਿਹਾ ਹੈ ਤਾਂ ਉਸ ਨੇ ਗੁੱਸੇ ਭਰੇ ਲਹਿਜੇ ਨਾਲ ਜਵਾਬ ਦਿੱਤਾ, “ਤੁਸੀਂ ਆਪਣੇ ਆਪ ਨੂੰ ਜਾਂ ਆਪਣੇ ਪੁਰਖਿਆਂ ਨੂੰ ਇਹ ਪ੍ਰਸ਼ਨ ਕਿਉਂ ਨਹੀਂ ਪੁੱਛਦੇ ਕਿ ਮੈਂ ਹਿੰਦੂ ਧਰਮ ਕਿਉਂ ਛੱਡ ਰਿਹਾ ਹਾਂ ਅਤੇ ਬੋਧੀ ਕਿਉਂ ਹੋ ਰਿਹਾ ਹਾਂ।” ਉਸ ਨੇ ਪੱਤਰਕਾਰਾਂ ਨੂੰ ਪੁੱਛਿਆ ਕਿ ਉਹ ਕਿਉਂ ਚਾਹੁੰਦੇ ਨੇ ਕਿ ਉਹਦੇ ਬੰਦੇ ਹਰੀਜਨ ਹੀ ਰਹਿਣ ਅਤੇ ਰਾਖਵੇਂਕਰਣ ਦਾ ਲਾਭ ਲਈ ਜਾਣ।

ਡਾ. ਅੰਬੇਡਕਰ ਦਾ ਵਿਚਾਰ ਸੀ, “ਬੰਦਾ ਕੇਵਲ ਰੋਟੀ ਨਾਲ ਹੀ ਨਹੀਂ ਜੀਉਂਦਾ। ਉਸ ਕੋਲ ਦਿਮਾਗ਼ ਵੀ ਹੈ ਜਿਸ ਨੂੰ ਸੋਚਣ ਲਈ ਸਮੱਗਰੀ ਚਾਹੀਦੀ ਹੈ। ਧਰਮ ਬੰਦੇ ਨੂੰ ਆਸ ਬੰਨ੍ਹਾਈ ਰੱਖਦਾ ਹੈ ਅਤੇ ਉਸ ਨੂੰ ਕੁੱਝ ਕਰਨ ਵਾਸਤੇ ਪ੍ਰੇਰਨਾ ਦਿੰਦਾ ਹੈ। ਹਿੰਦੂ ਧਰਮ ਨੇ ਦਲਿਤਾਂ ਦੀ ਹਿੰਮਤ ਖ਼ਤਮ ਕਰ ਛੱਡੀ ਹੈ। ਇਸ ਕਰਕੇ ਮੈਨੂੰ ਜ਼ਰੂਰੀ ਲੱਗਦਾ ਹੈ ਕਿ ਮੈਂ ਧਰਮ ਬਦਲ ਕੇ ਬੋਧੀ ਹੋ ਜਾਵਾਂ। ਬੁੱਧ ਧਰਮ ਸਮੇਂ ਅਤੇ ਥਾਂ ਤੋਂ ਮੁਕਤ ਧਰਮ ਹੈ ਅਤੇ ਕਿਤੇ ਵੀ ਵਧ ਫੁੱਲ ਸਕਦਾ ਹੈ। ਉਹ ਉਸ ਦੇਸ਼ ਨਾਲ ਕੋਈ ਵਾਸਤਾ ਨਹੀਂ ਰੱਖਣਾ ਚਾਹੁੰਦਾ ਜਿਥੋਂ ਦੇ ਲੋਕ ਕੇਵਲ ਰੋਟੀ ਲਈ ਹੀ ਭਟਕਦੇ ਹੋਣ ਅਤੇ ਦਿਲ ਦਿਮਾਗ਼ ਦੀ ਕੋਈ ਗੱਲ ਹੀ ਨਾ ਕਰਦੇ ਹੋਣ। ਜੇ ਹਿੰਦੂ ਧਰਮ ਨੇ ਅਨੁਸੂਚਿਤ ਜਾਤਾਂ ਨੂੰ ਲੜਾਈ ਦਾ ਹੱਕ ਜਾਂ ਅਜ਼ਾਦੀ ਦਿੱਤੀ ਹੁੰਦੀ ਤਾਂ ਭਾਰਤ ਕਦੇ ਵੀ ਗੁਲਾਮ ਨਾ ਹੁੰਦਾ।”

ਮਈ 1956 ਵਿੱਚ ਡਾ. ਅੰਬੇਡਕਰ ਨੇ ‘ਬੀ.ਬੀ.ਸੀ.’ ਲੰਡਨ ਤੋਂ ਇੱਕ ਵਿਚਾਰ-ਚਰਚਾ ’ਚ ਭਾਗ ਲਿਆ। ਵਿਸ਼ਾ ਸੀ ‘ਮੈਂ, ਬੁੱਧ ਧਰਮ ਨੂੰ ਕਿਉਂ ਪਸੰਦ ਕਰਦਾ ਹਾਂ ਅਤੇ ਮੌਜੂਦਾ ਸਥਿਤੀਆਂ ਵਿੱਚ ਇਹ ਦੁਨੀਆਂ ਲਈ ਕਿੰਨਾ ਲਾਭਦਾਇਕ ਹੈ’ ਉਨ੍ਹਾਂ ਨੇ ਕਿਹਾ, “ਮੈਂ, ਬੁੱਧ ਧਰਮ ਨੂੰ ਇਸ ਲਈ ਪਸੰਦ ਕਰਦਾ ਹਾਂ ਕਿ ਇਸ ਵਿੱਚ ਇਕੱਠੇ ਤਿੰਨ ਅਸੂਲ ਸਿਧਾਂਤ ਪਾਏ ਜਾਂਦੇ ਹਨ ਜਿਹੜੇ ਕਿ ਕਿਸੇ ਹੋਰ ਧਰਮ ਵਿੱਚ ਨਹੀਂ ਮਿਲਦੇ। ਬੁੱਧ ਧਰਮ ਸਿਖਾਉਂਦਾ ਹੈ (1) ਪ੍ਰਜਨਾ (ਅੰਧ ਵਿਸ਼ਵਾਸ ਦੇ ਵਿਰੋਧ ਵਿੱਚ ਸਮਝਦਾਰੀ), (2) ਕਰੁਣਾ (ਪਿਆਰ) ਅਤੇ (3) ਸੰਮਤਾ (ਸਮਾਨਤਾ) ਭਾਵ ਕਿ ਵਿਅਕਤੀ ਦੇ ਚੰਗਾ ਸੁਖੀ ਖੁਸ਼ੀਆਂ ਭਰਿਆ ਜੀਵਨ ਜਿਉਣ ਲਈ ਪ੍ਰਜਨਾ, ਕਰੁਣਾ, ਸੰਮਤਾ ਦੀ ਲੋੜ ਹੈ। ਨਾ ਤਾਂ ਰੱਬ ਅਤੇ ਨਾ ਹੀ ਰੂਹ, ਸਮਾਜ ਨੂੰ ਬਚਾਅ ਸਕਦੇ ਹਨ। ਬੁੱਧ ਧਰਮ, ਮਾਰਕਸ ਦੇ ਕਮਿਊਨਿਜ਼ਮ ਦਾ ਮੁਕੰਮਲ ਤੋੜ ਹੈ। ਡਾ. ਅੰਬੇਡਕਰ ਨੇ ਕਿਹਾ, “ਰੂਸੀ ਕਿਸਮ ਦਾ ਕਮਿਊਨਿਜ਼ਮ, ਜਿਸ ਤਬਦੀਲੀ ਨੂੰ ਖ਼ੂਨੀ ਕ੍ਰਾਂਤੀ ਰਾਹੀਂ ਲਿਆਉਣਾ ਚਾਹੁੰਦਾ ਹੈ, ਬੋਧੀ ਕਮਿਊਨਿਜ਼ਮ ਉਸ ਨੂੰ ਖ਼ੂਨ ਰਹਿਤ ਕ੍ਰਾਂਤੀ ਰਾਹੀਂ ਲਿਆ ਸਕਦਾ ਹੈ। ਅਸਲ ਵਿੱਚ ਬੁੱਧ ਧਰਮ ਇੱਕ ਸਮਾਜਿਕ ਫ਼ਲਸਫਾ ਹੈ।”

ਡਾ. ਅੰਬੇਡਕਰ ਦੀ ਪ੍ਰਤਿੱਗਿਆ ਦੇਖੋ, “ਜੇ ਮੈਂ ਉਸ ਘ੍ਰਿਣਾਤਮਿਕ ਗੁਲਾਮੀ ਅਤੇ ਅਣਮਨੁੱਖੀ ਅਨਿਆਂ ਜਿਸ ਹੇਠਾਂ ਉਹ ਵਰਗ ਕਰਾਹ ਰਿਹਾ ਹੈ, ਜਿਸ ਵਿੱਚ ਮੇਰਾ ਜਨਮ ਹੋਇਆ, ਨੂੰ ਖ਼ਤਮ ਨਾ ਕਰ ਸਕਿਆ ਤਾਂ ਆਪਣਾ ਜੀਵਨ ਗੋਲੀ ਮਾਰ ਕੇ ਖ਼ਤਮ ਕਰ ਲਵਾਂਗਾ।” ਇਹ ਸੀ ਉਹ ਸਹੁੰ, ਉਹ ਪ੍ਰਣ, ਉਹ ਪ੍ਰਤੀਬੱਧਤਾ ਜਿਸਨੂੰ ਡਾ. ਅੰਬੇਡਕਰ ਨੇ ਆਪਣਾ ਸਾਰਾ ਜੀਵਨ ਲਾ ਕੇ ਪੂਰਾ ਕੀਤਾ।

ਡਾ. ਅੰਬੇਡਕਰ ਨੇ 14 ਅਕਤੂਬਰ 1956 ਨੂੰ ਨਾਗਪੁਰ ਵਿਖੇ ਆਪਣੇ ਲੱਖਾਂ ਪੈਰੋਕਾਰਾਂ ਸਮੇਤ ਬੁੱਧ ਧਰਮ ਧਾਰਨ ਕੀਤਾ ਸੀ। ਸ੍ਰੀ ਡੀ. ਵਾਲਸਿਨ੍ਹਾ ਨੇ ਅੰਬੇਡਕਰ ਅਤ ਸ੍ਰੀਮਤੀ ਅੰਬੇਡਕਰ ਨੂੰ ਬੁੱਧ ਦੀ ਇੱਕ ਮੂਰਤੀ ਭੇਂਟ ਕੀਤੀ ਤੇ ਉਨ੍ਹਾਂ ਦੇ ਸਾਥੀ ਭਿਕਸ਼ੂਆਂ ਨੇ ਅੰਬੇਡਕਰ ਨੂੰ ਬੁੱਧ ਧਰਮ ਦੀ ‘ਤ੍ਰੀ ਸ਼ਰਣ’ (ਬੁੱਧ, ਧੱਮ ਅਤੇ ਸੰਘ) ਅਤੇ ਪੰਚਸ਼ੀਲ (1. ਹਿੰਸਾ ਨਾ ਕਰਨਾ 2. ਚੋਰੀ ਨਾ ਕਰਨਾ 3. ਝੂਠ ਨਾ ਬੋਲਣਾ 4. ਪਰਾਈ ਇਸਤਰੀ ਨਾਲ ਭੋਗ ਨਾ ਕਰਨਾ 5. ਕੋਈ ਨਸ਼ੀਲੀ ਵਸਤੂ ਨਸਾ ਖਾਣਾ-ਪੀਣਾ) ਦੀ ਸਹੁੰ ਚੁੱਕਾਈ। ਉਨ੍ਹਾਂ ਨੇ ਪਾਲੀ ਮੰਤਰ ਮਰਾਠੀ ਭਾਸ਼ਾ ਵਿੱਚ ਵੀ ਉਚਾਰੇ। ਇਸ ਤਰ੍ਹਾਂ ਅੰਬੇਡਕਰ ਬੁੱਧ ਧਰਮ ਵਿੱਚ ਪ੍ਰਵੇਸ਼ ਹੋ ਗਏ।
ਡਾ. ਅੰਬੇਡਕਰ ਨੇ ਕਿਹਾ, “ਪੁਰਾਣਾ ਧਰਮ ਛੱਡ ਕੇ ਜਿਹੜਾ ਕਿ ਨਾਬਰਾਬਰੀ ਅਤੇ ਦਬਾਓ ਵਾਲਾ ਸੀ, ਮੈਂ ਹੁਣ ਦੁਬਾਰਾ ਜਨਮ ਲਿਆ ਹੈ। ਮੈਂ ਅਵਤਾਰ ਧਾਰਨ ਵਿੱਚ ਵਿਸ਼ਵਾਸ ਨਹੀਂ ਰੱਖਦਾ। ਬੁੱਧ ਨੂੰ ਵਿਸ਼ਨੂੰ ਦਾ ਅਵਤਾਰ ਕਹਿਣਾ ਗ਼ਲਤ ਅਤੇ ਸ਼ਰਾਰਤ ਭਰਿਆ ਹੈ। ਮੈਂ ਕਿਸੇ ਹਿੰਦੂ ਦੇਵੀ-ਦੇਵਤੇ ਦਾ ਸ਼ਰਧਾਲੂ ਨਹੀਂ ਰਿਹਾ। ਮੈਂ ਹੁਣ ਸ਼ਰਾਧ ਨਹੀਂ ਮੰਨਵਾਂਗਾ। ਮੈਂ ਬੁੱਧ ਦੇ ਅਸ਼ਟ ਮਾਰਗ ਤੇ ਹੀ ਚਲਾਂਗਾ। ਬੁੱਧ ਧਰਮ ਤਾ ਅਸਲੀ ਕਰਮ ਹੈ ਅਤੇ ਮੈਂ ਗਿਆਨ, ਸਹੀ ਮਾਰਗ ਅਤੇ ਅਹਿੰਸਾ ਦੇ ਤਿਨ ਅਸੂਲਾਂ ਤੋਂ ਹੀ ਅਗਵਾਈ ਲਵਾਂਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪ ਹੀ ਤਿਆਰ ਕੀਤੇ 22 ਪ੍ਰਣ (ਪ੍ਰਤਿਗਿਆਵਾਂ) ਆਪਣੇ ਲੱਖਾਂ ਪੈਰੋਕਾਰਾਂ ਨਾਲ ਮਿਲ ਕੇ ਦੁਹਰਾਏ।
ਇਹ ਪ੍ਰਤਿਗਿਆਵਾਂ ਹੇਠ ਲਿਖੇ ਅਨੁਸਾਰ ਹਨ:
1. ਮੈਂ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਨੂੰ ਭਗਵਾਨ ਨਹੀਂ ਮੰਨਾਂਗਾ ਅਤੇ ਨਾ ਹੀ ਉਨ੍ਹਾਂ ਦੀ ਪੂਜਾ ਕਰਾਂਗਾ।
2. ਮੈਂ ਰਾਮ ਅਤੇ ਕ੍ਰਿਸ਼ਨ ਨੂੰ ਭਗਵਾਨ ਨਹੀਂ ਮੰਨਾਂਗਾ ਅਤੇ ਨਾ ਹੀ ਉਨ੍ਹਾਂ ਦੀ ਪੂਜਾ ਕਰਾਂਗਾ।
3. ਮੈਂ ਗੌਰੀ, ਗਣਪਤੀ ਅਤੇ ਹਿੰਦੂ ਧਰਮ ਦੇ ਹੋਰ ਦੇਵੀ-ਦੇਵਤਿਆਂ ਨੂੰ ਨਹੀਂ ਮੰਨਾਂਗਾ ਅਤੇ ਨਾ ਹੀ ਉਨ੍ਹਾਂ ਦੀ ਪੂਜਾ ਕਰਾਂਗਾ।
4. ਮੈਂ ਇਹ ਨਹੀਂ ਮੰਨਦਾ ਕਿ ਭਗਵਾਨ ਨੇ ਅਵਤਾਰ ਲਿਆ।
5. ਮੈਂ ਇਹ ਨਹੀਂ ਮੰਨਦਾ ਕਿ ਬੁੱਧ ਵਿਸ਼ਨੂੰ ਦਾ ਅਵਤਾਰ ਸੀ। ਮੈਂ ਇਸ ਨੂੰ ਝੂਠਾ ਅਤੇ ਗਲਤ ਪ੍ਰਚਾਰ ਮੰਨਦਾ ਹਾਂ।
6. ਮੈਂ ਸ਼ਰਾਧ (ਮ੍ਰਿਤਕਾਂ ਲਈ ਹਿੰਦੂ ਰੀਤੀ-ਰਿਵਾਜ਼) ਨਹੀਂ ਕਰਾਂਗਾ ਅਤੇ ਨਾ ਹੀ ਪਿੰਡ ਦਾਨ ਦਿਆਂਗਾ।
7. ਮੈਂ ਬੁੱਧ ਦੇ ਸਿਧਾਂਤਾਂ ਦੇ ਉਲਟ ਕੰਮ ਨਹੀਂ ਕਰਾਂਗਾ।
8. ਮੈਂ ਬ੍ਰਾਹਮਣਾਂ ਦੁਆਰਾ ਕੀਤੇ ਜਾਣ ਵਾਲੇ ਕਿਸੇ ਵੀ ਰਸਮ-ਰਿਵਾਜ ਨੂੰ ਨਹੀਂ ਕਰਾਂਗਾ।
9. ਮੈਂ ਸਾਰੇ ਮਨੁੱਖਾਂ ਦੀ ਸਮਾਨਤਾ ਵਿੱਚ ਵਿਸ਼ਵਾਸ ਕਰਦਾ ਹਾਂ।
10. ਮੈਂ ਸਮਾਨਤਾ ਸਥਾਪਤ ਕਰਨ ਦੀ ਕੋਸ਼ਿਸ਼ ਕਰਾਂਗਾ।
11. ਮੈਂ ਬੁੱਧ ਦੇ ਅੱਠ ਮਾਰਗਾਂ ਦੀ ਪਾਲਣਾ ਕਰਾਂਗਾ।
12. ਮੈਂ ਬੁੱਧ ਦੀਆਂ ਦਸ ਪਾਰਮਿਤਾਵਾਂ ਦੀ ਪਾਲਣਾ ਕਰਾਂਗਾ।
13. ਮੈਂ ਸਾਰੇ ਜੀਵਾਂ ਉੱਤੇ ਦਇਆ ਅਤੇ ਪਿਆਰ ਭਰਿਆ ਵਿਵਹਾਰ ਕਰਾਂਗਾ।
14. ਮੈਂ ਚੋਰੀ ਨਹੀਂ ਕਰਾਂਗਾ।
15. ਮੈਂ ਝੂਠ ਨਹੀਂ ਬੋਲਾਂਗਾ।
16. ਮੈਂ ਕਾਮੁਕ ਪਾਪਾਂ ਤੋਂ ਬਚਾਂਗਾ।
17. ਮੈਂ ਨਸ਼ੀਲੇ ਪਦਾਰਥਾਂ ਅਤੇ ਸ਼ਰਾਬ ਤੋਂ ਦੂਰ ਰਹਾਂਗਾ।
18. ਮੈਂ ਤ੍ਰੈ-ਰਤਨ (ਬੁੱਧ, ਧੰਮ, ਸੰਘ) ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰਾਂਗਾ।
19. ਮੈਂ ਪੂਰੀ ਤਰ੍ਹਾਂ ਬੁੱਧ ਧਰਮ ਨੂੰ ਅਪਣਾਵਾਂਗਾ, ਜੋ ਸਭ ਤੋਂ ਉੱਤਮ ਧਰਮ ਹੈ।
20. ਮੈਂ ਵਿਸ਼ਵਾਸ ਕਰਦਾ ਹਾਂ ਕਿ ਬੁੱਧ ਧਰਮ ਨਾਲ ਮੈਂ ਨਵਾਂ ਜਨਮ ਲਿਆ ਹੈ।
21. ਮੈਂ ਇਹ ਪ੍ਰਤਿਗਿਆ ਕਰਦਾ ਹਾਂ ਕਿ ਹੁਣ ਤੋਂ ਮੈਂ ਬੁੱਧ ਦੇ ਸਿਧਾਂਤਾਂ ਅਤੇ ਸਿੱਖਿਆਵਾਂ ਅਨੁਸਾਰ ਜੀਵਨ ਜਿਊਂਗਾ।
22. ਮੈਂ ਇਹ ਪੱਕਾ ਵਿਸ਼ਵਾਸ ਕਰਦਾ ਹਾਂ ਕਿ ਇਸ ਤਰ੍ਹਾਂ ਮੈਂ ਮੁਕਤੀ ਪ੍ਰਾਪਤ ਕਰ ਸਕਦਾ ਹਾਂ।

(ਇਹ 22 ਪ੍ਰਤਿਗਿਆਵਾਂ ਡਾ. ਅੰਬੇਡਕਰ ਦੇ ਸਮਾਜਿਕ ਸੁਧਾਰ ਅਤੇ ਬੁੱਧ ਧਰਮ ਦੇ ਸਿਧਾਂਤਾਂ ਪ੍ਰਤੀ ਸਮਰਪਣ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਨੇ ਇਨ੍ਹਾਂ ਪ੍ਰਤਿਗਿਆਵਾਂ ਰਾਹੀਂ ਆਪਣੇ ਪੈਰੋਕਾਰਾਂ ਨੂੰ ਸਮਾਨਤਾ, ਨੈਤਿਕਤਾ ਅਤੇ ਮਾਨਵਤਾ ਦੇ ਰਾਹ ‘ਤੇ ਚੱਲਣ ਲਈ ਪ੍ਰੇਰਿਤ ਕੀਤਾ।)

ਡਾ. ਅੰਬੇਡਕਰ ਹੁਣ ਬੋਧੀ ਸੀ। ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਤਿੰਨ ਗੱਲਾਂ ਅਤੇ ਪੰਜ ਨੁਕਤੇ ਅਤੇ 22 ਪ੍ਰਣ ਦੁਹਰਾਉਣ ਲਈ ਕਿਹਾ। ਪੈਰੋਕਾਰਾਂ ਨੇ ਉਤਸਾਹ ਨਾਲ ਉੱਚੀ-ਉੱਚੀ ਸਭ ਦੋਹਰਾਇਆ। ਇਸ ਤਰ੍ਹਾਂ ਉਨ੍ਹਾਂ ਦੇ ਤਿੰਨ ਲੱਖ ਪੈਰੋਕਾਰਾਂ ਨੇ ਬੁੱਧ ਧਰਮ ਅਪਣਾ ਲਿਆ। ਡਾ. ਅੰਬੇਡਕਰ ਨਾਲ ਬੋਧੀ ਹੋਣ ਵਾਲਿਆਂ ਵਿੱਚ ਨਾਗਪੁਰ ਹਾਈ ਕੋਰਟ ਦੇ ਸਾਬਕਾ ਮੁੱਖ ਜੱਜ ਐਮ. ਬੀ. ਨਿਯੋਗੀ ਵੀ ਸਨ।

ਅਗਲੇ ਦਿਨ ਬੁੱਧ ਧਰਮ ਧਾਰਨ ਕਰਨ ਲਈ ਭਾਰੀ ਗਿਣਤੀ ਵਿੱਚ ਪੈਰੋਕਾਰ ਆਏ ਉਨ੍ਹਾਂ ਨੂੰ ਸੰਬੋਧਿਤ ਕਰਦਿਆਂ ਡਾ. ਅੰਬੇਡਕਰ ਨੇ ਕਿਹਾ ਕਿ ਅਨੁਸੂਚਿਤ ਜਾਤਾਂ ਧਰਮ ਬਦਲਣ ਨਾਲ ਆਪਣੇ ਹੱਕ ਗੁਆ ਨਹੀਂ ਬੈਠਣਗੀਆਂ।(ਇਹ ਗੱਲ ਉਨ੍ਹਾਂ ਲੋਕਾਂ ਦਾ ਭੁਲੇਖਾ ਦੂਰ ਕਰਨ ਲਈ ਕਹੀ ਜਿਹੜੇ ਇਹ ਭਰਮ ਫ਼ੈਲਾ ਰਹੇ ਸਨ ਕਿ ਧਰਮ ਪ੍ਰੀਵਰਤਨ ਕਰਨ ਨਾਲ ਦਲਿਤਾਂ ਨੂੰ ਪੂਨਾ ਪੈਕਟ ਦੀ ਬਦੋਲਤ ਮਿਲਣ ਵਾਲੀਆਂ ਸਹੂਲਤਾਂ ਬੰਦ ਹੋ ਜਾਣਗੀਆਂ) ਸੰਵਿਧਾਨ ਅਨੁਸਾਰ ਅਨੁਸiੂਚਤ ਜਾਤਾਂ ਨੂੰ ਮਿਲੇ ਅਧਿਕਾਰ ਉਸ ਦੀ ਮਿਹਨਤ ਦਾ ਹੀ ਨਤੀਜਾ ਹੈ ਨਾ ਕਿ ਇਹ ਕਿਸੇ ਧਰਮ ਦੀ ਦਇਆ ਕਾਰਨ ਮਿਲੇ ਹਨ। ਲੋਕਾਂ ਲਈ ਇਹਨਾਂ ਅਧਿਕਾਰਾਂ ਨੂੰ ਬਣਾਈ ਰੱਖਣ ਦੇ ਉਹ ਸਮਰੱਥ ਸੀ। ਅੰਬੇਡਕਰ ਨੇ 1935 ਵਿੱਚ ਖਾਧੀ ਇੱਕ ਸਹੁੰ ਉਨ੍ਹਾਂ ਨੂੰ ਯਾਦ ਕਰਾਈ ਕਿ ਭਾਵੇਂ ਮੈਂ ਹਿੰਦੂ ਹਾਂ ਪਰ ਮਰਨ ਸਮੇਂ ਮੈਂ ਹਿੰਦੂ ਨਹੀਂ ਹੋਵਾਂਗਾ। ਉਨ੍ਹਾਂ ਨੇ ਆਪਣਾ ਵਚਨ ਨਿਭਾਇਆ ਹੈ ਤੇ ਉਹ ਖੁਸ਼ ਹੈ ਕਿ ਉਹ ਹਿੰਦੂਤਵ ਦੇ ਪ੍ਰਭਾਵ ਵਿੱਚੋਂ ਬਾਹਰ ਆ ਗਿਆ ਹੈ।

ਡਾ. ਅੰਬੇਡਕਰ ਬੁੱਧ ਧਰਮ ਅਪਣਾਉਣ ਵਾਲੀ ਘਟਨਾ ਨੇ ਭਾਰਤੀ ਸਮਾਜ ਉੱਤੇ ਡੂੰਘਾ ਪ੍ਰਭਾਵ ਪਾਇਆ। ਇਸ ਦਾ ਮੁੱਖ ਲਾਭ ਦਲਿਤਾਂ ਦਾ ਸਸ਼ਕਤੀਕਰਨ ਅਤੇ ਜਾਤੀ ਪ੍ਰਥਾ ਵਿਰੋਧ ਦੇ ਵਿਰੋਧ ਵਜੋਂ ਹੋਇਆ। ਅੰਬੇਡਕਰ ਦੀ ਤਬਦੀਲੀ ਨੇ ਦਲਿਤਾਂ ਨੂੰ ਹਿੰਦੂ ਜਾਤੀ ਵਿਵਸਥਾ ਤੋਂ ਮੁਕਤੀ ਦਾ ਰਾਹ ਦਿੱਤਾ। ਇਸ ਨਾਲ ਉਹਨਾਂ ਨੂੰ ਸਮਾਨਤਾ, ਨਿਆਂ ਅਤੇ ਸਿੱਖਿਅਤ ਹੋਣ ਵੱਲ ਪ੍ਰੇਰਣਾ ਮਿਲੀ, ਜਿਸ ਨਾਲ ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਵਿੱਚ ਨਵੇਂ ਬੋਧ ਭਾਈਚਾਰੇ ਬਣੇ ਅਤੇ ਰਾਜਨੀਤਿਕ ਤੌਰ ਤੇ ਮਜ਼ਬੂਤ ਹੋਏ। ਇਸ ਨੇ ਬੁੱਧ ਧਰਮ ਨੂੰ ਭਾਰਤ ਵਿੱਚ ਮੁੜ ਸੁਰਜੀਤ ਕੀਤਾ ਅਤੇ ਆਧੁਨਿਕ ਬੋਧਵਾਦ ਨੂੰ ਪ੍ਰਭਾਵਿਤ ਕੀਤਾ। ਇਸ ਤੋਂ ਇਲਾਵਾ ਆਮ ਲੋਕਾਂ ਨੂੰ ਸਮਾਨਤਾ ਅਤੇ ਸਮਾਜਿਕ ਨਿਆਂ ਦੀ ਬਾਰੇ ਜਾਗਰੂਕਤਾ ਕੀਤਾ। ਬੁੱਧ ਧਰਮ ਦੇ ਸਿਧਾਂਤਾਂ ਜਿਵੇਂ ਕਿ ਅਹਿੰਸਾ, ਕਰੁਣਾ ਅਤੇ ਅੱਠ ਗੁਣਾਂ ਵਾਲੇ ਮਾਰਗ ਨੇ ਸਮਾਜ ਨੂੰ ਜਾਤੀ ਵਿਵਸਥਾ ਵਿਰੋਧੀ ਬਣਾਉਣ ਵਿੱਚ ਮੱਦਦ ਕੀਤੀ। ਇਸ ਨਾਲ ਦਲਿਤਾਂ ਵਿੱਚ ਰਾਜਨੀਤਿਕ ਅਤੇ ਸੱਭਿਆਚਾਰਕ ਤਬਦੀਲੀ ਆਈ ਅਤੇ ਉਹ ਲੋਕਤੰਤਰ ਵਿੱਚ ਵਧੇਰੇ ਸਰਗਰਮ ਹੋਏ ਤੇ ਹਿੰਦੂ ਧਰਮ ਦੀ ਅਸਮਾਨਤਾ ਨੂੰ ਚੁਣੌਤੀ ਦੇਣ ਲੱਗੇ। ਡਾ. ਅੰਬੇਡਕਰ ਨੇ 22 ਵਚਨਾਂ ਰਾਹੀਂ ਹਿੰਦੂ ਦੇਵੀ-ਦੇਵਤਿਆਂ ਅਤੇ ਜਾਤੀ ਪ੍ਰਥਾ ਨੂੰ ਰੱਦ ਕੀਤਾ, ਜਿਸ ਨਾਲ ਅਣਗਿਣਤ ਲੋਕਾਂ ਨੂੰ ਨਵੀਂ ਪਛਾਣ ਅਤੇ ਆਸ ਮਿਲੀ। ਕੁੱਲ ਮਿਲਾ ਕੇ, ਅੰਬੇਡਕਰ ਦੀ ਧਰਮ ਤਬਦੀਲੀ ਨੇ ਸਮਾਜ ਨੂੰ ਵੱਡੇ ਲਾਭ ਦਿੱਤੇ ਹਨ ਖ਼ਾਸ ਕਰਕੇ ਅਣਗਿਣਤ ਲੋਕਾਂ ਨੂੰ ਜਾਤੀ ਅਤਿਆਚਾਰ ਤੋਂ ਮੁਕਤੀ ਵੱਲ ਲਿਜਾਣ ਵਿੱਚ।

ਡਾ. ਅੰਬੇਡਕਰ ਲਈ ਬੁੱਧ ਧਰਮ ਕੇਵਲ ਨੈਤਿਕ ਜਾਂ ਅਧਿਆਤਮਿਕ ਧਰਮ ਹੀ ਨਹੀਂ, ਸਗੋਂ ਇਹ ਇੱਕ ਸਮਾਜਿਕ ਕ੍ਰਾਂਤੀ ਸੀ। ਉਨ੍ਹਾਂ ਨੇ ਆਪਣੀ ਆਖ਼ਰੀ ਕਿਤਾਬ ‘ਠਹੲ ਭੁਦਦਹੳ ੳਨਦ ੍ਹਸਿ ਧਹੳਮਮੳ’ ਵਿੱਚ ਵੀ ਲਿਖਿਆ ਕਿ ਬੁੱਧ ਧਰਮ ਹੀ ਸਮਾਜਿਕ ਨਿਆ ਅਤੇ ਆਧੁਨਿਕਤਾ ਦੇ ਰਾਹ ਖੋਲ ਸਕਦਾ ਹੈ। ਉਹ ਚਾਹੁੰਦੇ ਸਨ ਕਿ ਦਲਿਤ ਸਮਾਜ ਆਪਣੀ ਪਛਾਣ, ਆਤਮ ਸਨਮਾਨ ਅਤੇ ਹੱਕਾਂ ਲਈ ਇੱਕ ਨਵੇਂ ਨੈਤਿਕ ਆਧਾਰ ’ਤੇ ਖੜ੍ਹਾ ਹੋਵੇ। ਇਹ ਆਧਾਰ ਉਨ੍ਹਾਂ ਨੂੰ ਬੁੱਧ ਧਰਮ ਵਿੱਚ ਮਿਲਿਆ।

(ਧਰਮ–ਪ੍ਰੀਵਰਤਨ ਦਾ ਫ਼ੈਸਲਾ ਇੱਕ ਗੰਭੀਰ ਮਸਲਾ ਸੀ ਇਸ ਕਰਕੇ ਵੀਹ ਸਾਲ ਵੱਖ-ਵੱਖ ਧਰਮਾਂ ਦਾ ਤੁਲਨਾਤਮਕ ਅਧਿਐਨ ਕਰਕੇ ਉਨ੍ਹਾਂ ਨੇ ਬੁੱਧ ਧਰਮ ਧਾਰਨ ਕਰਨ ਦਾ ਫ਼ੈਸਲਾ ਲਿਆ। ਇੱਕ ਵਿਅਕਤੀ ਵੱਲੋਂ ਧਰਮ ਪਰਿਵਰਤਨ ਕਰਨਾ ਆਸਾਨ ਹੁੰਦਾ ਹੈ ਪਰ ਜਦੋਂ ਇੱਕ ਵਿਸ਼ਾਲ ਸਮੂਹ ਜਾਂ ਲੱਖਾਂ ਵਿਅਕਤੀਆਂ ਦੇ ਧਰਮ ਪਰਿਵਰਤਨ ਦਾ ਮਸਲਾ ਹੋਵੇ ਤਾਂ ਦੋਵੇਂ ਧਿਰਾਂ ਦੇ ਆਗੂਆਂ ਨੂੰ ਗੰਭੀਰਤਾ ਨਾਲ ਇਸ ਪ੍ਰਕ੍ਰਿਆ ਦੇ ਆਗਾਮੀ ਸਮਾਜਿਕ ਅਤੇ ਧਾਰਮਿਕ ਨਤੀਜਿਆਂ ਬਾਰੇ ਚਿੰਤਨ ਕਰਨ ਦੀ ਲੋੜ ਹੁੰਦੀ ਹੈ)

ਲੇਖਕ : ਪ੍ਰੋਫ਼ੈਸਰ ਮਨਜੀਤ ਤਿਆਗੀ ‘ਸਟੇਟ ਐਵਾਰਡੀ’
ਸੰਸਥਾਪਕ ਤੇ ਮੁੱਖ ਬੁਲਾਰਾ: ਮਿਸ਼ਨ “ਜ਼ਿੰਦਗੀ ਖ਼ੂਬਸੂਰਤ ਹੈ”
ਮਾਲੇਰਕੋਟਲਾ/ ਅੰਮ੍ਰਿਤਸਰ (ਪੰਜਾਬ) 9814096108

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪਬਲਿਕ ਨੂੰ ਵਧੀਆਂ ਸੇਵਾਵਾਂ ਪ੍ਰਦਾਨ ਕਰਨਾ ਹੋਵੇਗੀ ਪ੍ਰਾਥਮਿਕਤਾ – ਐਸ ਡੀ ਐਮ ਚੇਤਨ ਬੰਗੜ ਮੋਰਿੰਡਾ ‘ਚ ਸੰਭਾਲਿਆ ਆਪਣਾ ਅਹੁਦਾ
Next articleSUNDAY SAMAJ WEEKLY = 01/03/2026