ਡਾ. ਅੰਬੇਡਕਰ ਦਾ ਆਗਮਨ ਦਿਵਸ ਇਤਿਹਾਸਕ ਸਥਾਨ ਅੰਬੇਡਕਰ ਭਵਨ ਵਿਖੇ ਮਨਾਇਆ ਗਿਆ ਫ੍ਰੀ ਮੈਡੀਕਲ ਚੈਕਅੱਪ ਕੈਂਪ ਲਗਾ ਕੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ

ਜਲੰਧਰ (ਸਮਾਜ ਵੀਕਲੀ) ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਆਗਮਨ ਦਿਵਸ 27 ਅਕਤੂਬਰ ਨੂੰ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਅੰਬੇਡਕਰ ਭਵਨ ਟਰੱਸਟ ਵੱਲੋਂ ਫ੍ਰੀ ਮੈਡੀਕਲ ਚੈਕਅੱਪ ਕੈਂਪ ਲਗਾ ਕੇ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਫ੍ਰੀ ਮੈਡੀਕਲ ਚੈਕਅੱਪ ਕੈਂਪ ਵਿੱਚ ਬਹੁਤ ਹੀ ਤਜਰਬੇਕਾਰ ਡਾਕਟਰ ਡਾ. ਚਰਨਜੀਤ ਸਿੰਘ ਐਮਐਸ ਔਰਥੋ, ਸਾਬਕਾ ਐਸਐਮਓ; ਡਾ. ਚੰਦਰ ਪ੍ਰਕਾਸ਼ ਐਮਬੀਬੀਐਸ, ਸਾਬਕਾ ਐਸਐਮਓ; ਡਾ.ਅਮਰਦੀਪ ਸਿੰਘ ਐਮਬੀਬੀਐਸ; ਡਾ. ਨਵਦੀਪ ਐਮਬੀਬੀਐਸ ਅਤੇ ਡਾ. ਜੈਸਮੀਨ ਐਮਡੀ ਮੈਡੀਸਨ ਦੁਆਰਾ ਮਰੀਜ਼ਾਂ ਦਾ ਫ੍ਰੀ ਚੈਕਅੱਪ ਕੀਤਾ ਗਿਆ ਅਤੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ।ਯਾਦ ਰਹੇ ਕਿ 27 ਅਕਤੂਬਰ 1951 ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਇਸੇ ਜਗ੍ਹਾ ਜਲੰਧਰ ਵਿਖੇ ਪਧਾਰੇ ਸਨ ਅਤੇ ਲੱਖਾਂ ਲੋਕਾਂ ਨੂੰ ਸੰਬੋਧਨ ਕੀਤਾ ਸੀ। ਬਾਬਾ ਸਾਹਿਬ ਦੀ ਚਰਨ-ਛੋਹ ਪ੍ਰਾਪ੍ਤ ਇਹ ਭੂਮੀ ਉੱਘੇ ਅੰਬੇਡਕਰਵਾਦੀ ਸ੍ਰੀ ਲਾਹੌਰੀ ਰਾਮ ਬਾਲੀ ਨੇ ਆਪਣੇ ਸਾਥੀ ਸ੍ਰੀ ਕਰਮ ਚੰਦ ਬਾਠ ਦੇ ਸਹਿਯੋਗ ਨਾਲ 1963 ਵਿੱਚ ਇੱਕ ਇੱਕ ਰੁਪਈਆ ਇਕੱਠਾ ਕਰਕੇ ਖਰੀਦੀ ਸੀ। ਬਾਲੀ ਸਾਹਿਬ ਨੇ 1972 ਵਿੱਚ ‘ਅੰਬੇਡਕਰ ਭਵਨ ਟਰੱਸਟ’ ਦੇ ਨਾਮ ਅਧੀਨ ਇਸ ਦਾ ਟਰੱਸਟ ਬਣਾ ਦਿੱਤਾ ਤੇ ਫਿਰ ਆਪਣੇ ਟਰੱਸਟੀ ਸਾਥੀਆਂ ਦੇ ਸਹਿਯੋਗ ਨਾਲ ਇਸ ਤੇ ਆਲੀਸ਼ਾਨ ਭਵਨ ਬਣਾਇਆ। ਇਸੇ ਹੀ ਸਥਾਨ ਤੇ ਬਾਬਾ ਸਾਹਿਬ ਦਾ ਆਗਮਨ ਦਿਵਸ ਫ੍ਰੀ ਮੈਡੀਕਲ ਚੈਕਅੱਪ ਕੈਂਪ ਲਗਾ ਕੇ ਮਨਾਇਆ ਗਿਆ। ਇਸ ਮੌਕੇ ‘ਤੇ ਫ੍ਰੀ ਮੈਡੀਕਲ ਚੈਕਅੱਪ ਕੈਂਪ ਤੇ ਮੁੱਖ ਮਹਿਮਾਨ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਉੱਘੇ ਅੰਬੇਡਕਰੀ ਅਤੇ ਬੁੱਧਿਸਟ ਵਿਦਵਾਨ ਡਾ. ਸੁਰਿੰਦਰ ਅਜਨਾਤ ਨੇ ਕਿਹਾ ਕਿ 27 ਅਕਤੂਬਰ, 1951 ਸਾਡੇ ਸਾਰਿਆਂ ਲਈ ਇੱਕ ਇਤਿਹਾਸਿਕ ਦਿਨ ਹੈ। ਇਸ ਦਿਨ ਬਾਬਾ ਸਾਹਿਬ ਡਾ. ਅੰਬੇਡਕਰ ਨੇ ਪੰਜਾਬ ਦੀ ਤਿੰਨ ਦਿਨਾਂ ਯਾਤਰਾ ਆਰੰਭ ਕੀਤੀ ਸੀ ਅਤੇ ਪਹਿਲੇ ਹੀ ਦਿਨ ਉਨ੍ਹਾਂ ਇਸ ਸਥਾਨ ਤੇ ਭਾਰੀ ਗਿਣਤੀ ਵਿੱਚ ਸ਼ਾਮਿਲ ਲੋਕਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਸੰਵਿਧਾਨ ਵਿੱਚ ਸੰਕਲਿਤ ਆਪਣੇ ਅਧਿਕਾਰਾਂ ਅਤੇ ਫਰਜ਼ਾਂ ਪ੍ਰਤੀ ਸੁਚੇਤ ਹੋਣ ਦਾ ਅਵਾਹਨ ਕੀਤਾ ਸੀ। ਡਾ. ਅੰਬੇਡਕਰ ਜੀ ਦੇ ਨਿਰੰਤਰ ਸੰਘਰਸ਼ ਸਦਕਾ ਹੀ ਸਦੀਆਂ ਬਾਅਦ ਭਾਰਤ ਦੇ ਕਰੋੜਾਂ ਲੋਕਾਂ ਨੂੰ ਸਿੱਖਿਆ, ਸਰਕਾਰੀ ਨੌਕਰੀਆਂ ਵਿੱਚ ਹਿੱਸਾ ਅਤੇ ਬਰਾਬਰੀ ਦੇ ਅਧਿਕਾਰ ਪ੍ਰਾਪਤ ਹੋਏ। ਅੰਬੇਡਕਰ ਭਵਨ ਟਰੱਸਟ ਦੇ ਚੇਅਰਮੈਨ ਸ਼੍ਰੀ ਸੋਹਨ ਲਾਲ ਨੇ ਫ੍ਰੀ ਮੈਡੀਕਲ ਚੈਕਅੱਪ ਕੈਂਪ ਦੀ ਮਹੱਤਤਾ  ਦਾ ਜ਼ਿਕਰ ਕਰਦਿਆਂ ਲੋੜਵੰਦਾਂ ਨੂੰ ਇਸ ਆਯੋਜਨ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਅਣਥੱਕ ਸੰਘਰਸ਼ ਕਰਕੇ ਸਾਨੂੰ ਖੁਸ਼ਹਾਲ ਜ਼ਿੰਦਗੀ ਜਿਉਣ ਦੇ ਕਾਬਲ ਬਣਾਇਆ ਹੈ। ਅੰਬੇਡਕਰ ਭਵਨ ਟਰੱਸਟ ਨੇ ਸਮਾਜ ਵਿੱਚ ਜਿੱਥੇ ਲੋਕ-ਚੇਤਨਾ ਪੈਦਾ ਕਰਨ ਦਾ ਨਿਰੰਤਰ ਯਤਨ ਕੀਤਾ ਹੈ, ਉੱਥੇ ਬਾਬਾ ਸਾਹਿਬ ਦੀ ਯਾਦ ਨੂੰ ਸਮਰਪਿਤ ਇਹ ਕਾਰਜਕ੍ਰਮ ਵੀ ਟਰੱਸਟ ਦੀ ਲੋਕ ਹਿੱਤਕਾਰੀ ਯੋਜਨਾ ਦਾ ਇੱਕ ਹਿੱਸਾ ਹੈ। ਉਨ੍ਹਾਂ ਨੇ ਡਾਕਟਰਾਂ ਦੀ ਟੀਮ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਜੀ ਆਇਆਂ ਕਹਿੰਦਿਆਂ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਸਮਾਗਮ ਦੇ ਆਰੰਭ ਵਿੱਚ ਟਰੱਸਟ ਦੇ ਜਨਰਲ ਸਕੱਤਰ ਡਾ. ਜੀ.ਸੀ. ਕੌਲ ਨੇ ਅੰਬੇਡਕਰ ਭਵਨ ਦੀ ਇਤਿਹਾਸਕ   ਅਹਿਮੀਅਤ ਅਤੇ ਇਸ ਪ੍ਰਮੁੱਖ ਕੇਂਦਰ ਤੋਂ ਪੰਜਾਬ ਵਿੱਚ ਸਮੇਂ-ਸਮੇਂ ‘ਤੇ ਆਰੰਭੇ ਗਏ ਅੰਬੇਡਕਰੀ ਜਨਹਿਤ ਅੰਦੋਲਨਾਂ ਦਾ ਵਿਸਥਾਰ ਸਹਿਤ ਜ਼ਿਕਰ ਕੀਤਾ। ਬਾਬਾ ਸਾਹਿਬ ਦੇ ਇਤਿਹਾਸਿਕ ਪੰਜਾਬ ਦੌਰੇ ਨਾਲ ਜੁੜੇ ਇਸ ਯਾਦਗਾਰੀ ਅੰਬੇਡਕਰ ਭਵਨ ਦੀ ਉਸਾਰੀ ਵਿੱਚ ਟਰੱਸਟ ਦੇ ਮੋਢੀ ਮੈਂਬਰਾਂ ਸ੍ਰੀ ਲਾਹੌਰੀ ਰਾਮ ਬਾਲੀ, ਸੇਠ ਕਰਮ ਚੰਦ ਬਾਠ ਅਤੇ ਉਨ੍ਹਾਂ ਦੇ ਸਹਿਯੋਗੀ ਸਾਥੀਆਂ ਦੀ ਮਿਹਨਤ, ਲਗਨ ਅਤੇ ਪ੍ਰਤੀਬੱਧਤਾ ਨੂੰ ਸਲਾਮ ਕਰਦਿਆਂ ਉਨ੍ਹਾਂ ਨੇ ਐਡਵੋਕੇਟ ਆਰ.ਸੀ.ਪਾਲ ਰਿਟਾ. ਜੱਜ ਦੇ ਯਤਨਾਂ ਦੀ ਵਿਸ਼ੇਸ਼ ਪ੍ਰਸ਼ੰਸ਼ਾ ਕੀਤੀ। ਇਸ ਮੌਕੇ ‘ਤੇ 27 ਅਕਤੂਬਰ 1951 ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੀ ਆਮਦ ‘ਤੇ ਸ਼ੈਡਿਊਲ ਕਾਸਟ ਫੈਡਰੇਸ਼ਨ ਪੰਜਾਬ ਦੇ ਤਤਕਾਲੀਨ ਪ੍ਰਧਾਨ ਸੇਠ ਕਿਸ਼ਨ ਦਾਸ, ਸਾਬਕਾ ਐਮਐਲਏ ਵੱਲੋਂ ਬਾਬਾ ਸਾਹਿਬ ਦੇ ਸਨਮਾਨ ਵਿੱਚ ਉਰਦੂ ਭਾਸ਼ਾ ਵਿੱਚ ਪੜ੍ਹੇ ਗਏ ‘ਮਾਣ ਪੱਤਰ’ ਦੇ ਗੁਰਮੁਖੀ ਵਿੱਚ ਲਿਪੀਅੰਤਰਣ ਦੀ ਕੈਲੀਫੋਰਨੀਆ ਵਿੱਚ ਛਪਦੇ ਦੇਸ਼ ਦੁਆਬਾ ਪੇਪਰ ਦੇ ਮੁੱਖ ਸੰਪਾਦਕ ਸ੍ਰੀ ਪ੍ਰੇਮ ਕੁਮਾਰ ਚੁੰਬਰ ਦੁਆਰਾ ਪ੍ਰਕਾਸ਼ਿਤ ਕਾਪੀ ਵੀ ਰਿਲੀਜ਼ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬ ਸ਼੍ਰੀ ਚਰਨ ਦਾਸ ਸੰਧੂ,  ਬਲਦੇਵ ਰਾਜ ਭਾਰਦਵਾਜ, ਹਰਮੇਸ਼ ਜੱਸਲ, ਡਾ. ਮਹਿੰਦਰ ਸੰਧੂ, ਐਡਵੋਕੇਟ ਯਗਿਆਦੀਪ , ਕਮਲਸ਼ੀਲ ਬਾਲੀ, ਜਸਵਿੰਦਰ ਵਰਿਆਣਾ, ਤਿਲਕ ਰਾਜ, ਰਿਟਾ. ਅੰਬੈਸਡਰ ਰਮੇਸ਼ ਚੰਦਰ, ਪ੍ਰੋਫੈਸਰ ਬਲਬੀਰ, ਹਰੀਸ਼ ਸੰਧੂ, ਬਲਵੰਤ ਭਾਟੀਆ, ਸੁਖਵਿੰਦਰ ਸਿੰਘ, ਦੀਪਕ ਗੁਪਤਾ, ਸਾਹਿਲ, ਸੰਧਿਆ, ਮੁਸਕਾਨ ਵਰਮਾ, ਗੌਤਮ ਬੌਧ, ਕਵਿਤਾ ਢਾਂਡੇ, ਨਿਰਮਲ ਬਿੰਜੀ, ਐਡਵੋਕੇਟ ਹਰਭਜਨ ਸਾਂਪਲਾ, ਕਾਂਤਾ ਕੁਮਾਰੀ ਆਦਿ ਹਾਜ਼ਰ ਸਨ। ਇਹ ਜਾਣਕਾਰੀ ਅੰਬੇਡਕਰ ਭਵਨ ਟਰੱਸਟ (ਰਜਿ.) ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿੱਚ ਦਿੱਤੀ।

ਬਲਦੇਵ ਰਾਜ ਭਾਰਦਵਾਜ

 ਵਿੱਤ ਸਕੱਤਰ

ਅੰਬੇਡਕਰ ਭਵਨ ਟਰੱਸਟ (ਰਜਿ.) 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੈਲੇਸ਼ ਫਾਊਂਡੇਸ਼ਨ ਵੱਲੋਂ ਏਕ ਜੋਤ ਵਿਕਲਾਂਗ ਸਕੂਲ ਦੇ ਬੱਚਿਆਂ ਨਾਲ਼ ਦੀਵਾਲੀ ਦਾ ਤਿਉਹਾਰ ਮਨਾਇਆ
Next articleडॉ. अंबेडकर का आगमन दिवस ऐतिहासिक स्थल अंबेडकर भवन में मनाया गया निःशुल्क चिकित्सा जांच शिविर का आयोजन किया गया और मरीजों को निःशुल्क दवाएँ दी गईं