HOME ਦਾਜ- ਇੱਕ ਸਮਾਜਿਕ ਲਾਹਨਤ

ਦਾਜ- ਇੱਕ ਸਮਾਜਿਕ ਲਾਹਨਤ

ਬੇਅੰਤ ਕੌਰ ਸਿੱਧੂ
   (ਸਮਾਜ ਵੀਕਲੀ)  ਦਾਜ ਦਾ ਨਾਮ ਸੁਣਦੇ ਹੀ ਮਨ ਵਿੱਚ ਇੱਕੋ ਹੀ ਖਿਆਲ ਆਉਂਦਾ ਹੈ ਕਿ ਮੁੰਡੇ ਅਤੇ ਕੁੜੀ ਦੇ ਵਿਆਹ ਦੇ ਸਮੇਂ ਦਿੱਤਾ ਜਾਣ ਵਾਲਾ ਕੁੜੀ ਨੂੰ ਸਮਾਨ।  ਪਰ ਸਮੇਂ ਦੇ ਬਦਲਦੇ ਦੌਰ ਵਿੱਚ ਇਸ ਦਾ ਥੋੜ੍ਹਾ ਬਹੁਤਾ ਰੂਪ ਬਦਲ ਚੁੱਕਿਆ ਹੈ, ਪਰ ਇਹ ਭੈੜੀ ਬਿਮਾਰੀ ਅਜੇ ਵੀ ਸਮਾਜ ਨੂੰ ਚਿੰਬੜੀ ਹੋਈ ਹੈ। ਕੁੜੀਆਂ ਭਾਵੇਂ ਕਿੰਨੀਆਂ ਵੀ ਪੜ੍ਹੀਆਂ ਹੋਣ ਪਰ ਲੜਕੇ ਵਾਲਿਆਂ ਵੱਲੋਂ ਅਜੇ ਵੀ ਉਨ੍ਹਾਂ ਦੀ ਪੜ੍ਹਾਈ ਨੂੰ ਅਣਗੋਲਿਆਂ ਕਰਦੇ ਹੋਏ ਦਾਜ ਦੀ ਮੰਗ ਕੀਤੀ ਜਾਂਦੀ ਹੈ। ਲੜਕੀ ਦੀ ਪੜ੍ਹਾਈ ਉੱਪਰ ਉਸ ਦੇ ਮਾਪਿਆਂ ਵੱਲੋਂ ਕੀਤਾ ਗਿਆ ਖਰਚਾ ਕਿਸੇ ਨੂੰ ਵੀ ਯਾਦ ਨਹੀਂ ਰਹਿੰਦਾ। ਭਲਿਓ ਜਿਸ ਨੇ ਆਪਣੀ ਕੁੜੀ ਪਾਲ ਕੇ, ਚੰਗੀ ਪੜ੍ਹਾਈ ਕਰਵਾ ਕੇ ਤੁਹਾਨੂੰ ਦੇ ਦਿੱਤੀ, ਉਸ ਤੋਂ ਉੱਪਰ ਕੀ ਰਹਿ ਗਿਆ। ਪਰ ਇਹਨਾਂ ਗੱਲਾਂ ਵੱਲ ਕਿਸ ਦਾ ਧਿਆਨ ਹੈ। ਜੇ ਤੁਹਾਡੇ ਵਿੱਚ ਹਿੰਮਤ ਅਤੇ ਕਾਬਲੀਅਤ ਹੈ ਤਾਂ ਤੁਸੀਂ ਸਭ ਕੁਝ ਆਪ ਵੀ ਬਣਾ ਸਕਦੇ ਹੋ। ਇਸ ਤੋਂ ਇਲਾਵਾ ਇੱਕ ਹੋਰ ਵੀ ਰਿਵਾਜ਼ ਪ੍ਰਚਲਿਤ ਹੈ ਕਿ ਜੇਕਰ ਮੁੰਡਾ ਸਰਕਾਰੀ ਨੌਕਰੀ ਕਰਦਾ ਹੈ ਤਾਂ ਅੱਗੋਂ ਕੁੜੀ ਵੀ ਨੌਕਰੀ ਵਾਲੀ ਹੀ ਚਾਹੀਦੀ ਹੈ ਨਹੀਂ ਤਾਂ ਮੁੰਡੇ ਦੀ ਨੌਕਰੀ ਨੂੰ ਆਧਾਰ ਬਣਾ ਕੇ ਮੋਟਾ ਸੋਨਾ ਪਾਉਣ ਦੀ ਮੰਗ ਕੀਤੀ ਜਾਂਦੀ ਹੈ। ਇਹ ਕਿੱਥੋਂ ਦੀ ਨਾਇਨਸਾਫੀ ਹੋਈ। ਇਸ ਨੂੰ ਮੇਰੇ ਹਿਸਾਬ ਨਾਲ ਲਾਲਚ ਹੀ ਕਿਹਾ ਜਾ ਸਕਦਾ ਹੈ, ਹੋਰ ਕੁੱਝ ਨਹੀਂ। ਭਾਵੇਂ ਅਸੀਂ ਇੱਕਵੀਂ ਸਦੀਂ ਦੇ ਤਕਨੀਕੀ ਯੁੱਗ ਦਾ ਆਨੰਦ ਮਾਣ ਰਹੇ ਹਾਂ, ਪਰ ਲੋਕਾਂ ਦੀ ਸੋਚ ਅਜੇ ਵੀ ਰੂੜੀਵਾਦੀ ਹੈ। ਉਹਨਾਂ ਦਾ ਧਿਆਨ ਸਿਰਫ ਲੈਣ ਦੇਣ ਤੇ ਹੀ ਟਿਕਿਆ ਹੋਇਆ ਹੈ। ਅੱਗੋਂ ਬਹਾਨਾ ਲਗਾ ਦਿੱਤਾ ਜਾਂਦਾ ਹੈ ਕਿ ਸਾਡਾ ਸ਼ਰੀਕੇ ਵਿੱਚ ਕੀ ਨਾਮ ਬਣੇਗਾ, ਭਲਿਓ ਤੁਸੀਂ ਆਪਣੇ ਮੁੰਡੇ ਦਾ ਵਿਆਹ ਕਰ ਰਹੇ ਹੋ ਜਾਂ ਸ਼ਰੀਕੇ ਵਿੱਚ ਆਪਣਾ ਨਾਂ ਬਣਾ ਰਹੇ ਹੋ, ਗੱਲ ਸਮਝ ਤੋਂ ਬਾਹਰ ਹੈ। ਸਾਡੇ ਸਮਾਜ ਨੂੰ ਸਮਝਣ ਦੀ ਲੋੜ ਹੈ ਅਤੇ ਇਹਨਾਂ ਅਲਾਮਤਾਂ ਬਾਰੇ ਡੂੰਘੀ ਸੋਚ ਸੋਚਣ ਦੀ ਲੋੜ ਹੈ ਤਾਂ ਜੋ ਦੋਨਾਂ ਪਰਿਵਾਰਾਂ ਨੂੰ ਬਚਾਇਆ ਜਾ ਸਕੇ। ਅੱਜ ਦੇ ਸਮੇਂ ਵਿੱਚ ਦਾਜ ਲੈਣਾ ਅਤੇ ਦੇਣਾ ਦੋਵੇਂ ਕਾਨੂੰਨੀ ਰੂਪ ਵਿੱਚ ਗੈਰਕਾਨੂੰਨੀ ਹੈ। Dowry Prohibition Act, 1961 ਦੇ ਤਹਿਤ ਇਹ ਸਾਫ਼ ਲਿਖਿਆ ਗਿਆ ਹੈ ਕਿ ਵਿਆਹ ਦੇ ਸਮੇਂ, ਵਿਆਹ ਤੋਂ ਪਹਿਲਾਂ ਜਾਂ ਬਾਅਦ ਕਿਸੇ ਤਰ੍ਹਾਂ ਦੀ ਲੈਣ-ਦੇਣ ਦੀ ਮੰਗ ਕਰਨਾ ਦੰਡਨੀਆ ਅਪਰਾਧ ਹੈ। ਫਿਰ ਵੀ, ਇਹ ਰੀਤ ਗੁਪਤ ਰੂਪ ਵਿੱਚ ਚੱਲ ਰਹੀ ਹੈ — ਕਈ ਵਾਰ ਮੰਗ ਸਿੱਧੀ ਨਹੀਂ ਹੁੰਦੀ, ਪਰ ‘ਸੁਝਾਅ’ ਜਾਂ ‘ਉਮੀਦ’ ਦੇ ਰੂਪ ਵਿੱਚ ਦਬਾਅ ਬਣਾਇਆ ਜਾਂਦਾ ਹੈ।
ਗੁਰਬਾਣੀ ਵੀ ਦਾਜ ਦੀ ਨਿੰਦਾ ਕਰਦੀ ਹੈ। ‘ਜਾਣਿ ਕੈ ਦਿਤਾ ਲੈਣਾ ਨਾਹੀ, ਅਕਲਿ ਏਹ ਨ ਕਰੇ ਕੋਈ।’ (ਗੁਰੂ ਗ੍ਰੰਥ ਸਾਹਿਬ)। ਮਤਲਬ, ਜੋ ਜਾਣ ਕੇ ਦਿੱਤਾ ਗਿਆ ਹੈ, ਉਹ ਲੈਣਾ ਨਹੀਂ ਚਾਹੀਦਾ। ਇਹ ਲੋਭ ਦੀ ਨਿਸ਼ਾਨੀ ਹੈ, ਜੋ ਰਿਸ਼ਤੇ ਦੀ ਪਵਿੱਤਰਤਾ ਨੂੰ ਖਤਰੇ ਵਿੱਚ ਪਾ ਦਿੰਦੀ ਹੈ।
 ਸਮਾਜ ਵਿੱਚ ਤਬਦੀਲੀ ਨੌਜਵਾਨਾਂ ਰਾਹੀਂ ਆਉਂਦੀ ਹੈ। ਜੇ ਮੁੰਡੇ ਤੇ ਕੁੜੀਆਂ ਦਿਲੋਂ ਇਹ ਠਾਣ ਲੈਣ ਕਿ “ਸਾਨੂੰ ਦਾਜ ਨਹੀਂ ਚਾਹੀਦਾ”, “ਸਾਨੂੰ ਆਪਣੀ ਮਿਹਨਤ ਤੇ ਭਰੋਸਾ ਹੈ”, “ਰਿਸ਼ਤੇ ਪਵਿੱਤਰ ਹੁੰਦੇ ਹਨ, ਸੋਦੇ ਨਹੀਂ” — ਤਾਂ ਇਹ ਸਮਾਜਿਕ ਬੁਰਾਈ ਜਲਦੀ ਹੀ ਖਤਮ ਹੋ ਸਕਦੀ ਹੈ। ਕਈ ਨੌਜਵਾਨ ਅਜਿਹੀ ਉਦਾਹਰਨ ਵੀ ਬਣ ਰਹੇ ਹਨ — ਜਿੱਥੇ ਦਾਜ ਲੈਣ ਤੋਂ ਇਨਕਾਰ ਕਰਕੇ, ਉਲਟ ਮਾਪਿਆਂ ਦੀ ਸੇਵਾ ਨੂੰ ਹੀ ਆਪਣੀ ਸੰਪਤੀ ਮੰਨਦੇ ਹਨ। ਇਹੀ ਸੱਚੀ ਤਰੱਕੀ ਅਤੇ ਨਵੀਂ ਸੋਚ ਹੈ।
ਅਸੀਂ ਇੱਕਵੀਂ ਸਦੀ ਦੇ ਤਕਨੀਕੀ ਯੁੱਗ ਵਿਚ ਜੀ ਰਹੇ ਹਾਂ, ਪਰ ਸੋਚ ਅਜੇ ਵੀ ਪੁਰਾਣੀ ਹੈ। ਸਮਾਜ ਨੂੰ ਜਾਗਣ ਦੀ ਲੋੜ ਹੈ। ਸਾਡੀ ਇੱਕ ਛੋਟੀ ਜਿਹੀ ਸੋਚ ਦੀ ਤਬਦੀਲੀ — ਕਈ ਪਰਿਵਾਰਾਂ ਦੀ ਜ਼ਿੰਦਗੀ ਬਚਾ ਸਕਦੀ ਹੈ।
ਦਾਜ ਨਾ ਲਓ, ਨਾ ਦਿਓ। ਰਿਸ਼ਤੇ ਬਣਾਓ, ਸੋਦੇ ਨਹੀਂ। ਇਹੀ ਹੈ ਅਸਲੀ ਇਨਕਲਾਬ।
ਬੇਅੰਤ ਕੌਰ ਸਿੱਧੂ
ਬਰਨਾਲਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡਾਕਟਰ ਤੇ ਭਗਵਾਨ
Next articleਆਪਣੇ ਅਵਚੇਤਨ ਮਨ ਦੀ ਵਰਤੋਂ ਕਰਕੇ ਤੁਸੀਂ ਕਿਵੇਂ ਆਪਣੀ ਜ਼ਿੰਦਗੀ ਬਦਲ ਸਕਦੇ ਹੋ