(ਸਮਾਜ ਵੀਕਲੀ) ਕਾਰ ਪੂਰੀ ਸਪੀਡ ਨਾਲ ਵਾਪਿਸ ਬਠਿੰਡਾ ਵੱਲ ਵੱਧ ਰਹੀ ਸੀ। ਚਾਹੇ ਜੋਤੀ ਨੇ ਅਸ਼ਵਨੀ ਨੂੰ ਕਾਰ ਹੋਰ ਤੇਜ਼ ਚਲਾਉਣ ਲਈ ਨਹੀਂ ਕਿਹਾ, ਪ੍ਰੰਤੂ ਉਸਦਾ ਬਾਰ ਬਾਰ ਘੜੀ ਵੇਖਣਾ ਅਤੇ ਜੀਪੀਐਸ ਤੇ ਲਗਾਤਾਰ ਨਜ਼ਰ ਮਾਰਨਾ ਇਹ ਇਹ ਦੱਸਦਾ ਸੀ ਕਿ ਉਹ ਕਿੰਨਾ ਪ੍ਰੇਸ਼ਾਨੀ ਅਤੇ ਕਾਹਲੀ ਵਿੱਚ ਸੀ। ਵੀਕ ਐਂਡ ਹੋਣ ਕਰਕੇ ਉਹ ਸ੍ਰੀ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਗਏ ਸਨ। ਉਹਨਾਂ ਨੇ ਰਾਤ ਨੂੰ ਦਰਸ਼ਨ ਕੀਤੇ ਅਤੇ ਆਰਤੀ ਵਿੱਚ ਵੀ ਸ਼ਾਮਿਲ ਹੋਏ। ਫਿਰ ਉਹ ਡੱਬਵਾਲੀ ਵਾਲਿਆਂ ਦੀ ਧਰਮਸ਼ਾਲਾ ਦੇ ਵਧੀਆ ਕਮਰਿਆਂ ਵਿੱਚ ਰੁਕੇ। ਸਵੇਰੇ ਤਿਆਰ ਹੋਕੇ ਨਾਸ਼ਤਾ ਕਰਕੇ ਉਹ ਫਿਰ ਮੰਦਿਰ ਚਲੇ ਗਏ। “ਆਸ਼ੂ ਆਪਾਂ ਜਲਦੀ ਚੱਲਣਾ ਹੈ ਇੱਕ ਪੇਸ਼ੈਂਟ ਆ ਰਿਹਾ ਹੈ ਸੀਰੀਅਸ।” ਜਦੋਂ ਡਾਕਟਰ ਜੋਤੀ ਭੱਲਾ ਨੇ ਇੱਕ ਦਮ ਕਿਹਾ ਤਾਂ ਸਾਰੇ ਹੈਰਾਨ ਰਹਿ ਗਏ। ਕਿਉਂਕਿ ਅਜੇ ਤਾਂ ਧਰਮਸ਼ਾਲਾ ਤੋਂ ਨਿਕਲਕੇ ਮੰਦਿਰ ਦੇ ਦਰਸ਼ਨ ਹੀ ਕੀਤੇ ਸਨ ਕਿ ਜੋਤੀ ਨੇ ਸਭ ਨੂੰ ਕਾਹਲੀ ਕਰਨ ਲਈ ਕਿਹਾ। ਇੰਨੀ ਦੂਰ ਆਕੇ ਦਿਨੇ ਘੁੰਮਣ ਦਾ ਵਿਚਾਰ ਸੀ ਤੇ ਫਿਰ ਸ਼ਾਮ ਨੂੰ ਵਾਪਿਸ ਚੱਲਣ ਦਾ ਪ੍ਰੋਗਰਾਮ ਸੀ। ਰੋਜ਼ ਰੋਜ਼ ਤਾਂ ਆਇਆ ਵੀ ਨਹੀਂ ਜਾਂਦਾ। ਪਹਿਲ਼ਾਂ ਹੀ ਸਲਾਹਾਂ ਕਰਦਿਆਂ ਨੂੰ ਸਾਲ ਡੇਢ ਸਾਲ ਨਿਕਲ ਗਿਆ ਸੀ। ਪਹਿਲ਼ਾਂ ਹਸਪਤਾਲ ਨਿਰਮਾਣ ਹੋ ਰਿਹਾ ਸੀ। ਫਿਰ ਉਸ ਨੂੰ ਸੈੱਟ ਕਰਨਾ ਸੀ। ਇਸੇ ਚੱਕਰ ਵਿੱਚ ਕਾਫੀ ਸਮਾਂ ਨਿਕਲ ਗਿਆ। ਹੁਣ ਮਸਾ ਟਾਇਮ ਕੱਢਕੇ ਆਏ ਸਨ। ਉਹਨਾਂ ਦਾ ਸਾਰੇ ਬੈਗ ਵਗੈਰਾ ਅਜੇ ਧਰਮਸ਼ਾਲਾ ਵਿੱਚ ਹੀ ਪਏ ਸਨ। ਫਿਰ ਕਾਹਲੀ ਵਿੱਚ ਹੀ ਉਹ ਉਥੋਂ ਦੇ ਮਸ਼ਹੂਰ ਸੰਜੇ ਮਿਸਠਾਣ ਭੰਡਾਰ ਤੋਂ ਪ੍ਰਸ਼ਾਦ ਖਰੀਦਣ ਲੱਗ ਗਏ। “ਜੋਤੀ ਪ੍ਰਸ਼ਾਦ ਅਤੇ ਚੂਰਮੇ ਦੇ ਕਿੰਨੇ ਡਿੱਬੇ ਲੈਣੇ ਹਨ? ” ਡਾ ਅਸ਼ਵਨੀ ਨੇ ਜੋਤੀ ਦਾ ਮਨ ਬਦਲਣ ਦੇ ਇਰਾਦੇ ਨਾਲ ਪੁੱਛਿਆ। “ਜਲਦੀ ਕਰੋ ਯਾਰ। ਜਿੰਨੇ ਮਰਜ਼ੀ ਲ਼ੈ ਲਵੋ। ਮੈਂ ਜਲਦੀ ਪਹੁੰਚਕੇ ਇੱਕ ਬਾਂਹ ਦੀ ਸਰਜਰੀ ਕਰਨੀ ਹੈ।” ਜੋਤੀ ਪੂਰੀ ਗੱਲ ਕਹਿਣ ਤੋਂ ਝਿਜਕ ਰਹੀ ਸੀ। ਇਹ ਉਸ ਦਾ ਨਿੱਤ ਦਾ ਕੰਮ ਸੀ। ਕੱਟੇ ਹੋਏ ਅੰਗਾਂ ਨੂੰ ਜੋੜਨ ਦੇ ਕੇਸ ਉਸ ਕੋਲ੍ਹ ਆਉਂਦੇ ਹੀ ਰਹਿੰਦੇ ਹਨ। ਜੇ ਕੱਟੇ ਹੋਏ ਅੰਗ ਨੂੰ ਫਰਿਜ਼ਰ ਵਿੱਚ ਜਾਂ ਬਰਫ ਵਿੱਚ ਰੱਖਿਆ ਜਾਵੇ ਤਾਂ ਛੇ ਸੱਤ ਘੰਟੇ ਤੱਕ ਵੀ ਉਸ ਨੂੰ ਜੋੜਿਆ ਜਾ ਸਕਦਾ ਹੈ। ਉਸਨੇ ਇਸ ਤਰਾਂ ਨਾਲ ਕਈ ਬੇਉਮੀਦੇ ਮਰੀਜ਼ਾਂ ਨੂੰ ਅਪਾਹਿਜ ਹੋਣ ਤੋਂ ਬਚਾਇਆ ਹੈ। ਅੱਜ ਵੀ ਉਸ ਦੀਆਂ ਅੱਖਾਂ ਅੱਗੇ ਉਸ ਯੁਵਕ ਦੀ ਧੁੰਦਲੀ ਜਿਹੀ ਤਸਵੀਰ ਆ ਰਹੀ ਸੀ ਜਿਸਨੂੰ ਉਸਦੇ ਮਾਪੇ ਬੜੀ ਉਮੀਦ ਨਾਲ ਉਸਦੇ ਰਿਵਾਈਂਡ ਨਿਊਰੋ ਅਤੇ ਪਲਾਸਟਿਕ ਸਰਜਰੀ ਹਸਪਤਾਲ ਵਿੱਚ ਲਿਆ ਰਹੇ ਸਨ। ਮਰੀਜ਼ ਅਤੇ ਮਾਪੇ ਕਿੰਨੀ ਬੇਸਬਰੀ ਨਾਲ ਉਸਦਾ ਇੰਤਜ਼ਾਰ ਕਰ ਰਹੇ ਸਨ। ਡਾਕਟਰ ਜੋਤੀ ਨੂੰ ਪਤਾ ਸੀ ਕਿ ਅਜਿਹੇ ਹਾਦਸਿਆਂ ਵਿੱਚ ਥੋਡ਼ੀ ਜਿਹੀ ਦੇਰੀ ਮਰੀਜ ਨੂੰ ਸਦਾ ਲਈ ਅਪਾਹਿਜ ਬਣਾ ਦਿੰਦੀ ਹੈ। ਇੱਕ ਹੱਥ ਨਾਲ ਕੋਈਂ ਇਨਸਾਨ ਆਪਣਾ ਕੋਈਂ ਕੰਮ ਵੀ ਨਹੀਂ ਕਰ ਸਕਦਾ। ਉਸ ਤੋਂ ਆਪਣਾ ਆਪ ਵੀ ਪੂਰੀ ਤਰ੍ਹਾਂ ਨਹੀਂ ਸੰਭਾਲਿਆ ਜਾ ਸਕਦਾ। ਕਪੜੇ ਪਾਉਣੇ, ਖਾਣਾ ਖਾਣਾ, ਨਹਾਉਣਾ ਕਿੰਨੇ ਕੰਮ ਹਨ ਦੋਨਾਂ ਹੱਥਾਂ ਤੋਂ ਬਿਨਾਂ ਸੰਪੂਰਨ ਨਹੀਂ ਹੁੰਦੇ। ਜੇ ਮਰੀਜ ਕੰਵਾਰਾ ਹੋਇਆ ਤਾਂ ਉਸਦੇ ਵਿਆਹ ਦੀ ਵੀ ਮੁਸ਼ਕਿਲ ਆਵੇਗੀ। ਗੱਡੀ ਵਿੱਚ ਪੂਰੀ ਖਾਮੋਸ਼ੀ ਸੀ। ਜੋਤੀ ਆਪਣੇ ਆਪ ਨੂੰ ਇਹ੍ਹਨਾਂ ਸੋਚਾਂ ਵਿਚੋਂ ਕੱਢਣ ਦੀ ਕੋਸ਼ਿਸ਼ ਕਰਦੀ ਪ੍ਰੰਤੂ ਉਸਦੇ ਅੰਦਰਲਾ ਡਾਕਟਰ ਉਸਨੂੰ ਜਲਦੀ ਆਪਣਾ ਫਰਜ਼ ਨਿਭਾਉਣ ਨੂੰ ਕਹਿਂਦਾ ਤੇ ਉਸਦੀ ਸੋਚੁ ਫਿਰ ਉਥੇ ਹੀ ਚਲੀ ਜਾਂਦੀ। ਮਰੀਜ ਅਤੇ ਉਸਦੇ ਪਰਿਵਾਰ ਦੀਆਂ ਬੇਬਸ ਅੱਖਾਂ ਫਿਰ ਉਸ ਦੇ ਮੂਹਰੇ ਆ ਜਾਂਦੀਆਂ। ਉਸਨੇ ਆਪਣੇ ਸਟਾਫ ਨੂੰ ਅਪ੍ਰੇਸ਼ਨ ਦੀ ਤਿਆਰੀ ਕਰਕੇ ਰੱਖਣ ਲਈ ਪਹਿਲ਼ਾਂ ਹੀ ਆਖ ਦਿੱਤਾ ਸੀ। ਸੋਚਾਂ ਵਿੱਚ ਗੁੰਮ ਡਾ ਜੋਤੀ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਗੱਡੀ ਰਿਵਾਈਂਡ ਹਸਪਤਾਲ ਦੇ ਮੂਹਰੇ ਪਾਹੁੰਚ ਗਈ। ਗੱਡੀ ਤੋਂ ਉਤਰਦੀ ਹੀ ਉਹ ਓੰ ਟੀਂ ਵਿੱਚ ਚਲੀ ਗਈ। ਢਾਈ ਘੰਟਿਆਂ ਬਾਅਦ ਇੱਕ ਸਫਲ ਅਪਰੇਸ਼ਨ ਕਰਕੇ ਉਹ ਬਾਹਰ ਆਈ ਤੇ ਉਸਨੇ ਸਟਾਫ ਤੋਂ ਪੀਣ ਲਈ ਪਾਣੀ ਮੰਗਿਆ।
ਰਮੇਸ਼ ਸੇਠੀ ਬਾਦਲ
987662723
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



