ਸ਼ੱਕ

ਦਿਨੇਸ਼ ਨੰਦੀ
ਦਿਨੇਸ਼ ਨੰਦੀ
(ਸਮਾਜ ਵੀਕਲੀ) ਵੜਾਂਗ ਵੱਢਿਆ ਵੇਖ ਕੇ ਬਾਰੂ ਦੇ ਮਨ ਵਿੱਚ ਇੱਕ ਭਰੀ ਘਰ ਲੈ ਕੇ ਜਾਣ ਦਾ ਵਿਚਾਰ ਭਾਰੂ ਹੋ ਰਿਹਾ ਸੀ ਪਰ ਖੇਤ ਮਾਲਿਕ ਦਾ ਆਪਣੇ ਖੇਤ ਵਿੱਚ ਮੌਜੂਦ ਹੋਣਾ ਉਹਨੂੰ ਖੜਕ ਰਿਹਾ ਸੀ। ਉਹ ਸੋਚ ਰਿਹਾ ਸੀ ਕਿ ਕਦੋਂ ਸਰਦਾਰ ਘਰ ਨੂੰ ਜਾਵੇ ਤੇ ਮੈਂ ਆਪਣੇ ਕੰਮ ਤੋਂ ਸੁਰਖੁਰੂ ਹੋਵਾਂ।
ਦੂਜੇ ਪਾਸੇ ਸਰਦਾਰ ਹਰਜੋਤ ਸਿੰਘ ਦੇ ਮਨ ਵਿੱਚ ਕੋਈ ਹੋਰ ਹੀ ਖਿਆਲ ਜਨਮ ਲੈ ਰਿਹਾ ਸੀ ਕਿ ਬਾਰੂ ਹਰ ਰੋਜ਼ ਹੀ ਸ਼ਾਮ ਨੂੰ ਮੇਰੇ ਖੇਤ ਵਿੱਚ ਰਹਿੰਦੇ ਆਪਣੇ ਨੂੰਹ ਪੁੱਤ ਕੌਲ ਕੀ ਲੈਣ ਆਉਂਦਾ ਹੈ। ਜ਼ਰੂਰ ਹੀ ਇਹ ਖੇਤੋਂ ਕੱਖ ਪੱਠਾ , ਤੂੜੀ , ਦਾਣਾ ਵੀ ਰੋਜ਼ ਲੈ ਕੇ ਜਾਂਦਾ ਹੋਵੇ। ਕਾਮੇ , ਮਜ਼ਦੂਰ, ਸੀਰੀ ਸਾਰੇ ਹੀ ਪੇਂਡੂ ਜੀਵਨ ਵਿੱਚ ਜੱਟਾਂ ਤੋਂ ਇਹ ਸਭ ਕਾਸੇ ਦੀ ਆਸ ਕਰਦੇ ਹੀ ਨੇ।
ਬਾਰੂ ਦੀ ਨੂੰਹ ਕੱਮੋ ਬੜੀ ਤਿੱਖੀ ਤੇ ਸੁਨੱਖੀ ਸੀ। ਉਸਨੂੰ ਤੇ ਓਸਦੇ ਘਰਵਾਲੇ ਜੱਗੀ ਨੂੰ ਸਰਦਾਰ ਨੇ ਆਪਣੇ ਖੇਤ ਵਿੱਚ ਹੀ ਰਹਿਣ ਲਈ ਮਨਾ੍ ਲਿਆ ਸੀ। ਮੰਨਦੇ ਵੀ ਕਿਉਂ ਨਾ। ਘਰ ਦੀ ਗੁਰਬਤ ਕਾਰਨ ਬਾਰੂ ਦੇ ਮੁੰਡੇ ਜੱਗੀ ਦੀ ਖੇਤ ਵਿੱਚ ਰਹਿਣਾ ਮਜ਼ਬੂਰੀ ਵੀ ਸੀ ਤੇ ਲੋੜ ਵੀ। ਬਾਕੀ ਜੱਗੀ ਦੇ ਵਿਆਹ ਵੇਲੇ ਸਰਦਾਰ ਤੋਂ ਫੜੇ ਰੁਪਈਏ ਦੀ ਪੰਡ ਵੀ ਹਾਲੇ ਲੱਥੀ ਨਹੀਂ ਸੀ। ਉਤੋਂ ਜੱਗੀ ਦੀ ਘਰਵਾਲੀ ਦੇ ਜਣੇਪੇ ਵੇਲੇ ਪੋਤਾ ਹੋਣ ਦੀ ਖੁਸ਼ੀ ਵਿੱਚ ਬਾਰੂ ਨੇ ਖੁਸ਼ੀ ਖੁਸ਼ੀ ਵਿੱਚ ਖਰਚੇ ਦਾ ਹਿਸਾਬ ਕਿਤਾਬ ਹੀ ਨਹੀਂ ਲਾਇਆ ਸੀ। ਖੁਸ਼ੀ ਤਾਂ ਹਰ ਕੋਈ ਹੀ ਮਨਾਉਣੀ ਚਾਹੁੰਦਾ ਹੈ। ਸਰਦਾਰ ਵੀ ਆਪਣੀ ਲੋੜ ਨੂੰ ਮੁੱਖ ਰੱਖਦਿਆਂ ਜੱਗੀ ਨੂੰ ਮੰਗੀ ਰਕਮ ਦਿਲ ਖੋਲ੍ਹ ਕੇ ਦੇਈ ਗਿਆ ਸੀ। ਪਰ ਹੁਣ ਕਰਜ਼ੇ ਦੀ ਪੰਡ ਨੇ ਜੱਗੀ ਨੂੰ ਸੂਤਿਆ ਪਿਆ ਸੀ। ਸਰਦਾਰ ਦੇ ਖੇਤ ਵਿਚਲੀਆਂ ਮੱਝਾਂ, ਗਾਵਾਂ ਦੀ ਸੰਭਾਲ ਉਹ ਤਨ ਮਨ ਨਾਲ ਕਰਦਾ ਸੀ। ਦੋਵੇਂ ਮੀਆਂ ਬੀਵੀ ਸਾਰਾ ਸਾਰਾ ਦਿਨ ਟਿਕ ਕੇ ਨਾ ਬਹਿੰਦੇ। ਸੋਚਦੇ ਸਰਦਾਰ ਦੇ ਬਹੁਤ ਅਹਿਸਾਨ ਨੇ ਆਪਣੇ ਤੇ। ਕਿਤੇ ਕੋਈ ਖਾਨਾਮੀ ਨਾ ਹੋ ਜੇ। ਗੱਲ ਕੀ ਸਰਦਾਰ ਹਰਜੋਤ ਸਿੰਘ ਦੇ ਖੇਤ ਨੂੰ ਉਹ ਆਪਣਾ ਖੇਤ ਹੀ ਮੰਨਣ ਲੱਗ ਪਏ ਸਨ।
ਸਰਦਾਰ ਨੇ ਵੀ ਸਾਰੀ ਜ਼ਿੰਮੇਵਾਰੀ ਹੀ ਜੱਗੀ ਦੇ ਸਿਰ ਤੇ ਸੁੱਟੀ ਹੋਈ ਸੀ। ਸਰਦਾਰ ਸ਼ਹਿਰ ਤੋਂ ਕਦੇ ਕਦੇ ਹੀ ਪਿੰਡ ਗੇੜਾ ਮਾਰਦਾ ਤੇ ਬਹੁਤਾ ਕੰਮ ਕਾਰ ਵਿੱਚ ਬਾਹਰ ਅੰਦਰ ਹੀ ਰਹਿੰਦਾ। ਜਦੋਂ ਦਾ ਸਰਦਾਰ ਆਪਣੇ ਜਵਾਕਾਂ ਨੂੰ ਪੜ੍ਹਾਉਣ ਲਈ ਸ਼ਹਿਰ ਜਾ ਕੇ ਵਸ ਗਿਆ ਸੀ ਉਦੋਂ ਦਾ ਉਸਦਾ ਆਪਣੇ ਫ਼ਾਰਮ ਹਾਊਸ ਤੇ ਗੇੜਾ ਕੁੱਝ ਘਟ ਗਿਆ ਸੀ। ਖੇਤ ਵਿੱਚ ਸਫ਼ੈਦਾ ਤੇ ਪਾਪੂਲਰ ਦੀ ਖੇਤੀ ਸਰਦਾਰ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਦੇਖ ਰੇਖ ਵਿੱਚ ਕਰਵਾਉਂਦਾ ਸੀ।ਪੂਰਾ ਫ਼ਾਰਮ ਹਾਊਸ ਕੰਡਿਆਲੀ ਤਾਰ ਨਾਲ ਵਲਿਆ ਹੋਇਆ ਸੀ ਤਾਂ ਕਿ ਕੋਈ ਅਵਾਰਾ ਪਸ਼ੂ ਖੇਤ ਵਿੱਚ ਦਾਖਿਲ ਨਾ ਹੋਵੇ।ਜੱਗੀ ਮੋਟਰ ਤੋਂ ਪਾਣੀ ਖਾਲੀਆਂ ਵਿੱਚ ਛੱਡਦਿੰਦਾ ਤੇ ਸਰਦਾਰ ਦੇ ਲਾਏ ਦਰੱਖਤ ਪਲਦੇ ਰਹਿੰਦੇ। ਇਸ ਤਰ੍ਹਾਂ ਪਿਛਲੇ 5ਸਾਲਾਂ ਤੋਂ ਕੰਮ ਚੱਲ ਰਿਹਾ ਸੀ ਤੇ 6ਸਾਲਾਂ ਬਾਦ ਦਰੱਖਤਾਂ ਦੀ ਕਟਾਈ ਲਗਭਗ ਕਰ ਲਈ ਜਾਂਦੀ ਹੈ। ਸਰਦਾਰ ਖੇਤ ਵਿੱਚ ਰੱਖੇ ਪਸ਼ੂਆਂ ਲਈ ਦਾਣਾ , ਖਲ , ਵੜੇਵੇਂ ਖੇਤ ਆਪਣੇ ਸਟੋਰ ਵਿੱਚ ਹੀ ਰੱਖਦਾ ਸੀ।
ਅੱਜ ਅਚਾਨਕ ਹੀ ਬਾਰੂ ਨੂੰ ਹਨੇਰਾ ਹੋਣ ਤੱਕ ਉੱਥੇ ਬੈਠੇ ਨੂੰ ਵੇਖ ਕੇ ਉਸਦੇ ਦਿਮਾਗ਼ ਵਿੱਚ ਇਹ ਗੱਲ ਖੜਕ ਗਈ ਕਿ ਸ਼ਾਇਦ ਅੱਜ ਫੇਰ ਬਾਰੂ ਏਥੋਂ ਕੁੱਝ ਲੈ ਕੇ ਜਾਵੇਗਾ ਪਰ ਮੇਰੇ ਏਥੇ ਹੋਣ ਕਰਕੇ ਮੇਰੇ ਜਾਣ ਦੀ ਉਡੀਕ ਵਿੱਚ ਖੜ੍ਹਾ ਹੈ।
ਓਧਰ ਬਾਰੂ ਦੇ ਮਨ ਵਿੱਚ ਖ਼ਿਆਲ ਆ ਰਿਹਾ ਸੀ ਕਿ ਸਰਦਾਰ ਅੱਜ ਪਿੰਡ ਵਾਲੇ ਘਰ ਕਿਉਂ ਨਹੀਂ ਜਾ ਰਿਹਾ। ਮੇਰੀ ਨੂੰਹ ਨਾਲ ਬੜੀ ਦੇਰ ਤੋਂ ਗੱਲਾਂ ਕਰੀ ਜਾ ਰਿਹਾ। ਕਿਤੇ ਕੋਈ ਐਸੀ ਵੈਸੀ ਗੱਲ ਤਾਂ ਨਹੀਂ ਕਿ ਸਰਦਾਰ ਨੇ ਇਸਨੂੰ ਆਪਣੇ ਪ੍ਰੇਮ ਜਾਲ਼ ਵਿੱਚ ਹੀ ਨਾ ਫ਼ਸਾ ਲਿਆ ਹੋਵੇ ਕਿਉਕਿ ਕੰਮੋ ਸਰਦਾਰ ਨਾਲ ਹੱਸ ਹੱਸ ਕੇ ਗੱਲਾਂ ਕਰੀ ਜਾਂਦੀ ਸੀ ਤੇ ਜੱਗੀ ਦੂਰ 20ਕਿੱਲਿਆਂ ਦੀ ਬਾਹੀ ਤੇ ਪਾਣੀ ਵੇਖਣ ਗਿਆ ਸੀ । ਬਾਰੂ ਦੇ ਸੀਨੇ ਵਿੱਚ ਰਹਿ ਰਹਿ ਕੇ ਪਾਣੀ ਦੀਆਂ ਤੇਜ਼ ਛੱਲਾਂ ਵੱਜੀ ਜਾ ਰਹੀਆਂ ਸਨ।
ਐਨੀ ਦੇਰ ਨੂੰ ਸਰਦਾਰ ਆਪਣੀ ਜੀਪ ਵਿੱਚ ਬੈਠ ਕੇ ਖੇਤੋਂ ਚੱਲ ਪਿਆ। ਥੋੜੀ ਦੂਰ ਜਾ ਕੇ ਸਰਦਾਰ ਨੇ ਆਪਣੀ ਜੀਪ ਪਹੀ ਦੀ ਇੱਕ ਸਾਈਡ ਤੇ ਖਲਾਰ ਲਈ ਤੇ ਉਹ ਬਾਰੂ ਦੇ ਇੰਤਜ਼ਾਰ ਵਿੱਚ ਖਲੋ ਗਿਆ। ਅੱਜ ਉਹ ਵੇਖਣਾ ਚਾਹੁੰਦਾ ਸੀ ਕਿ ਮੇਰੇ ਖੇਤ ਵਿੱਚੋਂ ਬਾਰੂ ਕੀ ਲੈ ਕੇ ਜਾਂਦਾ ਹੈ? ਕੋਈ 15ਮਿੰਟ ਉਹ ਸੀ.ਆਈ.ਡੀ ਦੇ ਕਿਸੇ ਵੱਡੇ ਅਫ਼ਸਰ ਵਾਂਗ ਖ਼ਿਆਲੀ ਸਕੀਮਾਂ ਵਿੱਚ ਗੁਆਚਿਆ ਰਿਹਾ ਤੇ ਐਨੀ ਦੇਰ ਵਿੱਚ ਬਾਰੂ ਉਸਨੂੰ ਆਪਣੇ ਟੁੱਟੇ ਜਿਹੇ ਸਾਈਕਲ ਤੇ ਕੁੱਝ ਗੁਣਗੁਣਾਉਂਦਾ ਹੋਇਆ ਆਉਂਦਾ ਦਿਸ ਪਿਆ। ਐਵੇਂ ਆਪਣਾ ਮੋਬਾਈਲ ਕੰਨ ਤੇ ਲਾ ਕੇ ਉਹ ਕਿਸੇ ਨਾਲ ਗੱਲ ਕਰਨ ਦਾ ਬਹਾਨਾ ਜਿਹਾ ਕਰਨ ਲੱਗ ਪਿਆ। ਬਾਰੂ ਆਪਣੀ ਧੁਨ ਵਿੱਚ ਹੀ ਹਨੇਰੇ ਨੂੰ ਚੀਰਦਾ ਹੋਇਆ ਖ਼ਾਲੀ ਸਾਈਕਲ ਤੇ ਉਸਨੂੰ ਫਤਹਿ ਬਲਾਉਂਦਾ ਹੋਇਆ ਕੋਲੋਂ ਦੀ ਲੰਘ ਗਿਆ।
ਦਿਨੇਸ਼ ਨੰਦੀ
9417458831
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜੋ ਬੀਜਾਂਗੇ ਉਹ ਹੀ ਵੱਢਾਂਗੇ
Next articleਮੇਰਾ ਸਰਵਰ ਹੈਕ, ਲੈਪਟਾਪ-ਸਮਾਰਟਫੋਨ ਨਾਲ ਛੇੜਛਾੜ… ਮਿਲ ਰਹੀਆਂ ਧਮਕੀਆਂ, ਇੰਡੀਅਨ ਓਵਰਸੀਜ਼ ਪ੍ਰਧਾਨ ਸੈਮ ਪਿਤਰੋਦਾ ਦਾ ਵੱਡਾ ਇਲਜ਼ਾਮ