HOME ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ ਜਾਂ ਸਰਬ-ਸਾਝਾ ਤਿਉਹਾਰ – ਦੀਵਾਲੀ

ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ ਜਾਂ ਸਰਬ-ਸਾਝਾ ਤਿਉਹਾਰ – ਦੀਵਾਲੀ

1
    (ਸਮਾਜ ਵੀਕਲੀ)  ਦੀਵਾਲੀ ਭਾਰਤ ਦੇ ਮਹੱਤਵਪੂਰਨ ਕਹਾਣੀਕਾਰਾਂ ਤਿਉਹਾਰਾਂ ਵਿੱਚੋਂ ਇੱਕ ਹੈ। ਇਹ ਸਰਬ-ਸਾਂਝਾ ਤਿਉਹਾਰ ਹੈ। ਇਸ ਨੂੰ ਸਾਰੇ ਦੇਸ਼ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਦੀਵਾਲੀ ਸੰਸਕ੍ਰਿਤ ਮੂਲ ਦਾ ਸ਼ਬਦ ਹੈ। ਜਿਸ ਦਾ ਅਰਥ ਹੈ ਦੀਵੇ ਜਗਾਉਣਾ ਜਾਂ ਚਾਨਣਾ ਕਰਨਾ । ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਦੀਵਾਲੀ ਹਿੰਦੂ ਮੱਤ ਅਨੁਸਾਰ ਲੱਛਮੀ ਪੂਜਾ ਦਾ ਤਿਉਹਾਰ ਹੈ। ਲੱਛਮੀ ਦੇਵੀ ਦੇ ਸੁਆਗਤ ਲਈ ਘਰਾਂ ਨੂੰ ਸਜਾਇਆ ਜਾਂਦਾ ਹੈ। ਲੱਛਮੀ ਦੀ ਪੂਜਾ ਕਰਨੀ, ਨਵੇਂ ਕੱਪੜੇ ਪਾਉਣੇ ਤੇ ਬਰਤਨ ਖਰੀਦਣੇ, ਮਠਿਆਈਆਂ ਵੰਡਣੀਆਂ ਤੇ ਆਪ ਖਾਣੀਆਂ ਆਮ ਪ੍ਰਚਲਿਤ ਰਿਵਾਜ ਹਨ। ਦੀਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਘਰਾਂ, ਦੁਕਾਨਾਂ, ਫੈਕਟਰੀਆਂ ਦੀਆਂ ਸਫ਼ਾਈਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਸਫੈਦੀਆਂ ਕੀਤੀਆਂ ਜਾਂਦੀਆਂ ਹਨ। ਦੀਵਾਲੀ ਦੇ ਦਿਨ ਬੱਚੇ, ਨੌਜਵਾਨ, ਔਰਤਾਂ, ਕੁੜੀਆਂ, ਬਜ਼ਾਰਾਂ ਵਿੱਚ ਮਠਿਆਈਆਂ, ਪਟਾਕਿਆਂ, ਬਰਤਨਾਂ, ਗੁਲਦਸਤੇ, ਕੈਲੰਡਰ, ਦੀਵੇ, ਮੋਮਬੱਤੀਆਂ, ਕੱਪੜੇ, ਫਲ-ਫਰੂਟ, ਪੂਜਾ ਲਈ ਸਮਾਨ, ਮਾਲਾ, ਹਾਰ,  ਮੇਵੇ (ਕਾਜੂ, ਬਦਾਮ, ਪਿਸਤਾ, ਅਖਰੋਟ, ਨੇਜੇ, ਸੋਗੀ) ਦੀ ਖਰੀਦੋ-ਫਰੋਖਤ ਕਰਦੇ ਹਨ। ਦੀਵਾਲੀ ਵਾਲੇ ਦਿਨ ਲੋਕ ਘਰਾਂ ਵਿੱਚ ਰੰਗੋਲੀ ਦੇ ਵੱਖ-ਵੱਖ ਰੰਗਾਂ ਰਾਹੀਂ ਸਜਾਵਟ ਕਰਦੇ ਹਨ। ਕਈ ਲੋਕ ਬਜ਼ਾਰੀ ਮਠਿਆਈਆਂ ਖਰੀਦਣ ਨਾਲੋਂ ਘਰ ਵਿੱਚ ਹੀ ਗੁਜੀਆ, ਗੁਲਾਬ ਜਾਮਨ, ਰਸਗੁੱਲੇ, ਨਾਰੀਅਲ ਦੇ ਲੱਡੂ ਆਦਿ ਤਿਆਰ ਕਰਦੇ ਹਨ। ਇਸ ਦਿਨ ਬਜ਼ਾਰਾਂ ਵਿੱਚ ਖ਼ੂਬ ਸਜਾਵਟ ਕੀਤੀ ਜਾਂਦੀ ਹੈ। ਦਿਨ ਛਿਪਣ ਨਾਲ ਹੀ ਲੋਕ ਪਹਿਲਾਂ ਗੁਰਦੁਆਰਿਆਂ, ਮੰਦਰਾਂ, ਚੌਰਾਹਿਆਂ ਵਿੱਚ ਮੋਮਬੱਤੀਆਂ, ਦੀਵੇ ਜਗਾਉਂਦੇ ਹਨ। ਗੁਰਦੁਆਰਾ ਸਾਹਿਬ/ਮੰਦਰ/ਮਸਜਿਦ ਵਿੱਚ ਨਤਮਸਤਕ ਹੋ ਕੇ, ਮਠਿਆਈ ਦੇ ਕੇ ਘਰ ਆਉਣ ਉਪਰੰਤ ਘਰ ਦੇ ਬਨੇਰਿਆਂ ’ਤੇ ਦੀਵੇ, ਮੋਮਬੱਤੀਆਂ, ਬਲਬ ਦੀਆਂ ਲੜੀਆਂ ਤੋਂ ਰੋਸ਼ਨੀਆਂ ਕੀਤੀਆਂ ਜਾਂਦੀਆਂ ਹਨ। ਬੱਚੇ, ਨੌਜਵਾਨ ਇਸ ਦਿਨ ਖ਼ੁਸ਼ੀ ਵਿੱਚ ਦੇਰ ਰਾਤ ਤੱਕ ਖ਼ੂਬ ਪਟਾਕੇ ਚਲਾਉਂਦੇ ਹਨ। ਇਤਿਹਾਸਕ ਪੱਖ ਤੋਂ ਦੀਵਾਲੀ ਹਿੰਦੂਆਂ ਅਤੇ ਸਿੱਖਾਂ ਦਾ ਸਰਬ-ਸਾਂਝਾ ਤਿਉਹਾਰ ਹੈ।
ਹਿੰਦੂ ਧਰਮ ਵਿੱਚ ਦੀਵਾਲੀ ਸ਼੍ਰੀ ਰਾਮ ਚੰਦਰ ਜੀ ਦੇ 14 ਸਾਲ ਬਨਵਾਸ ਕੱਟਣ ਤੋਂ ਬਾਅਦ ਅਯੁੱਧਿਆ ਪਰਤਣ ਦੀ ਖ਼ੁਸ਼ੀ ਵਿੱਚ ਮਨਾਈ ਜਾਂਦੀ ਹੈ। ਲੰਕਾ ਦੇ ਰਾਜੇ ਰਾਵਣ ਨੂੰ ਮਾਰਨ ਉਪਰੰਤ ਸ਼੍ਰੀ ਰਾਮ ਚੰਦਰ ਇਸ ਦਿਨ ਅਯੁੱਧਿਆ ਪਰਤੇ ਸਨ। ਉਹਨਾਂ ਦੇ ਅਯੁੱਧਿਆ ਦਾ ਰਾਜ ਭਾਗ ਸੰਭਾਲਣ ਦੀ ਖ਼ਸ਼ੀ ਵਿੱਚ ਲੋਕਾਂ ਨੇ ਖ਼ੁਸ਼ੀਆਂ ਮਨਾਈਆਂ ਤੇ ਦੀਪਮਾਲਾ ਕੀਤੀ ਸੀ। ਛੇਵੇਂ ਗੁਰੂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 52 ਕੈਦੀ ਰਾਜਿਆਂ ਨੂੰ ਰਿਹਾਅ ਕਰਵਾਉਣ ਉਪਰੰਤ ਸ਼੍ਰੀ ਅੰਮ੍ਰਿਤਸਰ ਪਹੁੰਚੇ ਸਨ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਰਿਹਾਅ ਹੋ ਕੇ ਆਉਣ ਦੀ ਖ਼ੁਸ਼ੀ ਵਿੱਚ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਸਾਰੇ ਅੰਮ੍ਰਿਤਸਰ ਸ਼ਹਿਰ ਵਿੱਚ ਦੀਪਮਾਲਾ ਕਰਕੇ ਉਹਨਾਂ ਦਾ ਸੁਆਗਤ ਕੀਤਾ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਜੋ 52 ਕੈਦੀ ਰਾਜੇ ਰਿਹਾਅ ਕਰਵਾਏ ਸਨ। ਉਹਨਾਂ 52 ਰਾਜਿਆਂ ਦੇ ਨਾਮ ਕੀ ਹਨ। ਉਹ ਰਾਜੇ ਕੌਣ ਸਨ। ਹਿੰਦੂ, ਮੁਸਲਮਾਨ, ਬੋਧੀ ਜਾਂ ਹੋਰ, ਕਿਹੜੇ ਕਾਰਨਾਂ ਕਰਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਸਨ। ਉਹਨਾਂ ਰਾਜਿਆਂ ਨੂੰ ਕਿਹੜੀਆਂ ਰਿਆਸਤਾਂ ਦੇ ਰਾਜਿਆਂ ਨੇ ਕੈਦ ਕੀਤਾ ਆਦਿ। ਕਿਹਾ ਜਾਂਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਹੋਣ ਪਿੱਛੋਂ ਜਦ ਅੰਮ੍ਰਿਤਸਰ ਪਹੁੰਚੇ ਤਾਂ ਉਸ ਦਿਨ ਦੀਵਾਲੀ ਦਾ ਤਿਉਹਾਰ ਸੀ।
ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ‘‘ਸਿੱਖਾਂ ਵਿੱਚ ਦੀਵੇ ਮਚਾਉਣ (ਜਗਾਉਣ) ਦੀ ਰਸਮ ਬਾਬਾ ਬੁੱਢਾ ਜੀ ਨੇ ਚਲਾਈ ਕਿਉਂਕਿ ਗੁਰੂ ਹਰਿਗੋਬਿੰਦ ਸਾਹਿਬ ਦੀਵਾਲੀ ਦੇ ਦਿਨ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ ਅੰਮ੍ਰਿਤਸਰ ਪਧਾਰੇ ਸਨ। ਇਸ ਵਾਸਤੇ ਖ਼ੁਸ਼ੀ ਵਿੱਚ ਰੋਸ਼ਨੀ ਕੀਤੀ ਗਈ।’’
ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮਿਆਂ ਵਿੱਚ ਦੀਵਾਲੀ ਨੂੰ ਆਉਣ ਦੀ ਤਾਕੀਦ ਕੀਤੀ ਗਈ ਹੈ। ਢਾਕੇ, ਲਸਕਰ ਚਟਗਾਂਵ, ਸਨਦੀਪ ਅਤੇ ਸਿਲਹਟ ਵੀ ਸੰਗਤ ਦੇ ਨਾਂ ਹੁਕਮਨਾਮਾ ਵਿੱਚ ਭਾਈ ਹੁਲਾਸ ਚੰਦ ਨੂੰ ਖ਼ਾਸ ਆਗਿਆ ਹੈ ਕਿ ‘ਦੀਵਾਲੀ ਨੂੰ ਦਰਸ਼ਨ ਆਵਣਾ’ ਹੁਕਮਨਾਮੇ ਦੇ ਸ਼ਬਦ ਹਨ। ‘‘ਸਰਬਤ ਸੰਗਤ ਢਾਕੇ ਕੀ, ਸੰਗਤ ਲਸ਼ਕਰ ਕੀ, ਚਟਾਗਾਂਵ ਕੀ, ਸਨਦੀਪ ਕੀ ਸੰਗਤ, ਸਿਲਹਟ ਕੀ, ਸਰਬ ਸੰਗਤ ਗੁਰੂ ਰਖੈਗਾ। ਜਿਨ ਸਿੱਖ ਵਾਹਿਗੁਰੂ ਕੀਤਾ ਹੈ, ਤਿਸ ਨੋ ਹੁਕਮ ਹੈ ਕਾਰ ਭੇਟ ਮਸਤ ਅਰਦਾਸ ਕਪੜਾ ਹਥਿਆਰ ਢਾਲ ਜੋ ਗੁਰੂ ਕੇ ਨਵਿਤ ਕਢਨੀ ਹੋਵੇ ਸੋ ਭਾਈ ਹੁਲਾਸ ਚੰਦ ਨੋ ਰਾਣੀ। ਹੋਰਸ ਕੋ ਨਾਹੀ ਦੇਣੀ। ਸੰਗਤ ਮੇਰੇ ਹੁਕਮ ਨਾਲ ਕੰਮ ਹੈ। ਭਾਈ ਹੁਲਾਸ ਚੰਦ ਸੰਗਤ ਕਾਰ ਭੇਟ ਲੈ ਕੇ ਦੀਵਾਲੀ ਨੋ ਦਰਸ਼ਨ ਆਵਣਾ। ਜੋ ਸਿੱਖ ਦਰਸ਼ਨ ਆਵਗ ਤਿਸ ਦੇ ਕਦਮ ਥਾਇ ਪਉਨਗੇ।’’
ਸਿੱਖ ਇਤਿਹਾਸ ਵਿੱਚ ਦੂਜੀ ਘਟਨਾ ਭਾਈ ਮਨੀ ਸਿੰਘ ਜੀ ਬਾਰੇ ਪ੍ਰਸਿੱਧ ਹੈ। 18ਵੀਂ ਸਦੀ ਦੇ ਆਰੰਭ ਵਿੱਚ ਇੱਕ ਪਾਸੇ ਸਿੱਖਾਂ ਤੇ ਅੱਤਿਆਚਾਰ ਹੋ ਰਹੇ ਸਨ। ਦੂਜੇ ਪਾਸੇ ਉਹਨਾਂ ਨੂੰ ਸ਼੍ਰੀ ਹਰਿਮੰਦਰ ਸਾਹਿਬ ਆਉਣ ਦੀ ਆਗਿਆ ਨਹੀਂ ਸੀ ਦਿੱਤੀ ਜਾਂਦੀ। ਜਦੋਂ ਉਹ ਆਉਂਦੇ ਸਨ ਤਾਂ ਉਹਨਾਂ ਨੂੰ ਫੜ ਕੇ ਸ਼ਹੀਦ ਕਰ ਦਿੱਤਾ ਜਾਂਦਾ ਸੀ। ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਭਾਈ ਮਨੀ ਸਿੰਘ ਜੀ ਨੂੰ ਮਾਤਾ ਸੁੰਦਰੀ ਜੀ ਨੇ ਦਿੱਲੀ ਤੋਂ ਹਰਿਮੰਦਰ ਸਾਹਿਬ ਦੀ ਸੇਵਾ ਕਰਨ ਲਈ ਅੰਮ੍ਰਿਤਸਰ ਭੇਜਿਆ ਸੀ, ਨੇ ਲਾਹੌਰ ਦੇ ਸੂਬੇਦਾਰ ਪਾਸੋਂ ਭਾਈ ਸੂਰਤ ਸਿੰਘ ਤੇ ਸੁਬੇਗ ਸਿੰਘ ਦੀ ਮਦਦ ਨਾਲ ਇਜਾਜਤ ਪ੍ਰਾਪਤ ਕਰ ਲਈ ਕਿ ਉਹ ਦੀਵਾਲੀ ਦੇ ਮੌਕੇ ਤੇ ਅੰਮ੍ਰਿਤਸਰ ਵਿੱਚ ਮੇਲਾ ਕਰਨਾ ਚਾਹੁੰਦੇ ਹਨ। ਲਾਹੌਰ ਦੇ ਸੂਬੇਦਾਰ ਨੇ ਇੱਕ ਸ਼ਰਤ ਤੇ ਮੇਲਾ ਕਰਨ ਦੀ ਆਗਿਆ ਦੇ ਦਿੱਤੀ ਕਿ ਜੇਕਰ ਉਹਨਾਂ ਨੂੰ ਬਤੌਰ ਮੇਲਾ ਟੈਕਸ ਪੰਜ ਹਜ਼ਾਰ ਰੁਪਏ ਕੁਝ ਇਤਿਹਾਸਕਾਰਾਂ ਅਨੁਸਾਰ ਦਸ ਹਜ਼ਾਰ ਰੁਪਏ ਅਦਾ ਕੀਤਾ ਜਾਵੇ। ਭਾਈ ਮਨੀ ਸਿੰਘ ਜੀ ਨੇ ਦੂਰ ਨੇੜੇ ਸਿੱਖਾਂ ਨੂੰ ਸੁਨੇਹਾ ਭੇਜਿਆ ਕਿ ਉਹ ਦੀਵਾਲੀ ਦੇ ਮੌਕੇ ਤੇ ਅੰਮ੍ਰਿਤਸਰ ਪੁੱਜਣ।
ਦੂਜੇ ਪਾਸੇ ਮੁਗ਼ਲ ਹਾਕਮਾਂ, ਪੰਥ ਵਿਰੋਧੀ ਤਾਕਤਾਂ, ਲਾਹੌਰ ਦਰਬਾਰ ਨੇ ਦਿੱਲੀ ਦੇ ਤਖ਼ਤ ਦੀ ਸ਼ਹਿ ਨਾਲ ਇੱਕ ਡੂੰਘੀ ਸਾਜਿਸ਼ ਤਿਆਰ ਕੀਤੀ ਕਿ ਜਦੋਂ ਸਿੱਖ ਭਾਰੀ ਗਿਣਤੀ ਵਿੱਚ ਇਕੱਠੇ ਹੋਣ ਤਾਂ ਉਹਨਾਂ ਨੂੰ ਘੇਰਾ ਪਾ ਕੇ ਕਤਲ ਕਰ ਦਿੱਤਾ ਜਾਵੇ। ਉਹਨਾਂ ਨੇ ਆਪਣੀਆਂ ਫ਼ੌਜਾਂ ਅੰਮ੍ਰਿਤਸਰ ਦੇ ਆਲੇ-ਦੁਆਲੇ ਉਤਾਰਨੀਆਂ ਸ਼ੁਰੂ ਕਰ ਦਿੱਤੀਆਂ। ਭਾਈ ਮਨੀ ਸਿੰਘ ਜੀ ਨੂੰ ਵੇਲੇ ਸਿਰ ਪਤਾ ਲੱਗ ਜਾਣ ਕਾਰਨ ਤੇ ਆਪਣੀ ਸੂਝ-ਬੂਝ ਨਾਲ ਕੌਮ ਨੂੰ ਬਚਾ ਲਿਆ। ਜਦੋਂ ਲਾਹੌਰ ਦੇ ਸੂਬੇਦਾਰ ਨੇ ਮੇਲਾ ਟੈਕਸ ਅਦਾ ਕਰਨ ਲਈ ਕਿਹਾ ਤਾਂ ਭਾਈ ਮਨੀ ਸਿੰਘ ਜੀ ਨੇ ਉੱਤਰ ਦਿੱਤਾ ਕਿ ਜਦੋਂ ਮੇਲਾ ਹੀ ਨਹੀਂ ਲੱਗਾ ਫਿਰ ਟੈਕਸ ਕਾਹਦਾ ਅਦਾ ਕਰਾਂ ?
ਭਾਈ ਮਨੀ ਸਿੰਘ ਜੀ ਨੂੰ ਫੜ ਕੇ ਲਾਹੌਰ ਲਿਜਾਇਆ ਗਿਆ। ਲਾਹੌਰ ਦੇ ਸੂਬੇਦਾਰ ਵੱਲੋਂ ਭਾਈ ਮਨੀ ਸਿੰਘ ਜੀ ਨੂੰ ਭਾਰੀ ਤਸੀਹੇ ਦਿੱਤੇ ਗਏ। ਭਾਈ ਮਨੀ ਸਿੰਘ ਜੀ ਨੇ ਜਵਾਬ ਦਿੱਤਾ ਕਿ ਭਾਵੇਂ ਮੇਰਾ ਬੰਦ-ਬੰਦ ਕੱਟ ਦਿਉ ਪਰ ਮੈਂ ਸਿੱਖੀ ਸਿਦਕ ਨਹੀਂ ਛੱਡ ਸਕਦਾ। ਲਾਹੌਰ ਦੇ ਸੂਬੇਦਾਰ ਨੇ ਜਲਾਦਾਂ ਨੂੰ ਕਿਹਾ ਕਿ ਭਾਈ ਮਨੀ ਸਿੰਘ ਜੀ ਦਾ ਬੰਦ-ਬੰਦ ਕੱਟ ਦਿੱਤਾ ਜਾਵੇ। ਜਦੋਂ ਜਲਾਦਾਂ ਨੇ ਭਾਈ ਮਨੀ ਸਿੰਘ ਜੀ ਦਾ ਹੱਥ ਪੱਥਰ ਤੇ ਰੱਖ ਕੇ ਵੀਣੀ (ਗੁੱਟ) ਕੋਲੋਂ ਵੱਢਣਾ ਸ਼ੁਰੂ ਕੀਤਾ ਤਾਂ ਭਾਈ ਮਨੀ ਸਿੰਘ ਜੀ ਨੇ ਉਸ ਨੂੰ ਕਿਹਾ ਕਿ ਉਸ ਨੇ ਉਂਗਲੀਆਂ ਦੇ ਕਿੰਨੇ ਜੋੜ ਛੱਡ ਦਿੱਤੇ ਹਨ। ਜਦੋਂ ਉਸ ਨੂੰ ਬੰਦ-ਬੰਦ ਕੱਟਣ ਲਈ ਕਿਹਾ ਗਿਆ ਹੈ ਤਾਂ ਮਾਲਕ ਦੇ ਹੁਕਮ ਦੀ ਪਾਲਣਾ ਕਿਉਂ ਨਹੀਂ ਕਰਦਾ। ਭਾਈ ਮਨੀ ਸਿੰਘ ਜੀ ਨੂੰ ਅਕਹਿ ਤੇ ਅਸਹਿ ਕਸ਼ਟ ਦਿੰਦਿਆਂ 1734 ਈ: ਨੂੰ ਕੁਝ ਇਤਿਹਾਸਕਾਰਾਂ ਤੇ ਲੇਖਕਾਂ ਅਨੁਸਾਰ ਪਰ ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸੰਮਤ 1794, ਹਾੜ ਸੁਦੀ ਪੰਚਮੀ ਨੂੰ 1737 ਈ: ਵਿੱਚ ਲਾਹੌਰ ਦੇ ਨਖਾਸ ਚੌਂਕ ਤੇ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ।
ਬੁੱਧ ਧਰਮ ਦੇ ਬਾਨੀ ਮਹਾਤਮਾ ਬੁੱਧ ਨੂੰ ਵੀ ਇਸ ਦਿਨ ਹੀ ਸਖ਼ਤ ਤਪ ਤੋਂ ਬਾਅਦ ਗਿਆਨ ਦੀ ਪ੍ਰਾਪਤੀ ਹੋਈ ਸੀ। ਜੈਨ ਧਰਮ ਦੇ ਸੰਸਥਾਪਕ ਮਹਾਂਵੀਰ ਜੈਨ ਨੂੰ ਵੀ ਇਸੇ ਦਿਨ ਨਿਰਵਾਣ ਪਦ ਪ੍ਰਾਪਤ ਹੋਇਆ ਸੀ। ਮਹਾਰਾਜਾ ਬਿਕਰਮਾ ਦੱਤ ਨੇ ਵੀ ਇਸੇ ਦਿਨ ਹੀ ਰਾਜ ਸਿੰਘਾਸਣ ਸੰਭਾਲਿਆ ਸੀ, ਜਿਸ ਦੀ ਖ਼ੁਸ਼ੀ ਲੋਕਾਂ ਨੇ ਦੀਵੇ ਜਗਾ ਕੇ ਪ੍ਰਗਟਾਈ।
ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਦੀਵਾਲੀ ਪ੍ਰਸਿੱਧ ਹੈ। ਇੱਕ ਅਖਾਣ ਹੈ। ‘ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ।’ ਅੰਮ੍ਰਿਤਸਰ ਦੀ ਦੀਵਾਲੀ ਦਾ ਸ਼੍ਰੀ ਦਰਬਾਰ ਸਾਹਿਬ ਵਿਖੇ ਦੀਪਮਾਲਾ ਤੇ ਆਤਿਸ਼ਬਾਜ਼ੀ ਚੱਲਣ ਦਾ ਅਲੌਕਿਕ ਦ੍ਰਿਸ਼ ਦੇਖਣਯੋਗ ਹੁੰਦਾ ਹੈ।
ਦੀਵਾਲੀ ਤੋਂ ਕੁਝ ਦਿਨ ਪਹਿਲਾਂ ਦੁਕਾਨਦਾਰ (ਟੀ.ਵੀ.,ਫਰਿੱਜ਼, ਕੱਪੜੇ, ਭਾਂਡਿਆਂ ਤੇ ਹੋਰ ਕਈ ਸਮਾਨ) ਦਿਲ ਲੁਭਾਉਂਦੇ ਇਸ਼ਤਿਹਾਰਾਂ ਤੇ ਬੋਰਡਾਂ (ਹੋਰਡਿੰਗਜ਼) ਰਾਹੀਂ ਸਸਤੇ ਰੇਟਾਂ ਤੇ ਚੀਜ਼ਾਂ/ਵਸਤੂਆਂ ਦੀ ਸੇਲ ਲਗਾਉਂਦੇ ਹਨ। ਕੰਪਨੀਆਂ ਵੱਲੋਂ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਕਈ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਹਨ। ਕਈ ਲੋਕ ਇਸ ਦਿਨ ਜੂਏ ’ਚ ਹਜ਼ਾਰਾਂ/ਲੱਖਾਂ ਰੁਪਏ ਹਾਰ ਕੇ ਆਪਣਾ ਦੀਵਾਲਾ ਕਢਵਾ ਕੇ ਘਰ ਪਰਤਦੇ ਹਨ। ਇਸ ਦਿਨ ਸ਼ਰਾਬ ਤੇ ਜੂਏ ਕਾਰਨ ਪਿੰਡਾਂ, ਸ਼ਹਿਰਾਂ ਵਿੱਚ ਲੜਾਈਆਂ ਵੀ ਹੁੰਦੀਆਂ ਵੇਖੀਆਂ ਜਾਂਦੀਆਂ ਹਨ। ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖ ਕੇ ਦੁਕਾਨਦਾਰ ਸਾਈਕਲ, ਮੋਟਰ ਸਾਈਕਲ, 2100, 5100, 11000 ਰੁਪਏ, ਦੀਵਾਰ ਘੜੀਆਂ, ਸਿਲਾਈ ਮਸ਼ੀਨਾਂ, ਪ੍ਰੈਸਾਂ ਤੇ ਹੋਰ ਅਨੇਕਾਂ ਸਮਾਨ ਲਾਟਰੀ ਰਾਹੀਂ ਕੱਢਦੇ ਹਨ। ਇਸ ਦਿਨ ਘਰਾਂ, ਦੁਕਾਨਾਂ ਤੇ ਰਾਤ ਸਮੇਂ ਪਾਠ ਪੂਜਾ ਵੀ ਕੀਤੀ ਜਾਂਦੀ ਹੈ। ਕਈ  ਲੋਕਾਂ ਦੇ ਵਿਚਾਰ ਅਨੁਸਾਰ ਘਰ ਦੇ ਸਾਰੇ ਬੂਹੇ (ਦਰਵਾਜ਼ੇ) ਬਾਰੀਆਂ (ਖਿੜਕੀਆਂ) ਖੁੱਲ੍ਹੇ ਰੱਖਣ ਨਾਲ ਲੱਛਮੀ ਜਾਂ ਮਾਇਆ ਘਰ ਵਿੱਚ ਪ੍ਰਵੇਸ਼ ਕਰਦੀ ਹੈ। ਦੀਵਾਲੀ ਦੀ ਰਾਤ ਨੂੰ ਪਟਾਕੇ, ਆਤਿਸ਼ਬਾਜ਼ੀ ਚਲਾਉਣ ਸਮੇਂ ਕਿਸੇ ਨਾਲ ਛੇੜ ਛਾੜ ਜਾਂ ਜਾਣ-ਬੁੱਝ ਕੇ ਕਿਸੇ ਦੇ ਉੱਪਰ, ਪੈਰਾਂ ’ਚ ਕਿਸੇ ਦੇ ਘਰ ਵਿੱਚ ਨਹੀਂ ਸੁੱਟਣੀ ਚਾਹੀਦੀ। ਇਸ ਕਰਕੇ ਕਈ ਵਾਰ ਅੱਗ ਲੱਗਣ ਕਰਕੇ ਹਜ਼ਾਰਾਂ/ਲੱਖਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ।
ਦੀਵਾਲੀ ਵਾਲੇ ਦਿਨ ਅਸੀਂ ਲੱਖਾਂ/ਕਰੋੜਾਂ ਰੁਪਏ ਪਟਾਕਿਆਂ ਤੇ ਖ਼ਰਚ ਕਰਦੇ ਹਾਂ। ਕੁਝ ਘੰਟਿਆਂ ’ਚ ਹੀ ਲੱਖਾਂ-ਕਰੋੜਾਂ ਰੁਪਏ ਖ਼ਰਚ ਕਰਨੇ ਭਾਰਤ ਵਰਗੇ ਗ਼ਰੀਬ ਦੇਸ਼ ਦੇ ਵਾਸੀਆਂ ਨੂੰ ਸ਼ੋਭਦਾ ਨਹੀਂ। ਇੱਕ ਪਾਸੇ ਗ਼ਰੀਬ ਲੋਕ ਰੋਟੀ ਨੂੰ ਤਰਸ ਰਹੇ ਹਨ, ਫੁੱਟਪਾਥਾਂ ਤੇ ਨੰਗੇ ਸੌ ਰਹੇ ਹਨ। ਮਜ਼ਦੂਰਾਂ ਦੇ ਬੱਚੇ ਨੰਗੇ ਪੈਰੀਂ ਸਕੂਲ ਜਾਂਦੇ ਹਨ। ਪੜ੍ਹਾਈ ਪੱਖੋਂ ਵਿਹੂਣੇ ਹਨ। ਜੇਕਰ ਗ਼ਰੀਬ ਵਿਅਕਤੀਆਂ ਲਈ ਰੋਟੀ ਤੇ ਤਨ ਢਕਣ ਲਈ ਐਨੀ ਵੱਡੀ ਰਕਮ ਖ਼ਰਚ ਕੀਤੀ ਜਾਵੇ ਤਾਂ ਕੁਝ ਹੱਦ ਤੱਕ ਇਸ ਕਦਮ ਨੂੰ ਜਾਇਜ਼ ਠਹਿਰਾਇਆ ਜਾ ਸਕਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੀਵਾਲੀ ਨਾਲ ਸੰਬੰਧਿਤ ਅਨੇਕਾਂ ਪ੍ਰਮਾਣ ਦਰਜ ਹਨ। ਵੰਨਗੀ ਮਾਤਰ ਕੁਝ ਟੂਕਾਂ ਇਸ ਤਰ੍ਹਾਂ ਹਨ।
ਦੀਵਾ ਬਲੈ ਅੰਧੇਰਾ ਜਾਇ॥ ੧॥
(ਸੂਹੀ ਵਾਰ, ਸਲੋਕ ਮ: ੧,ਅੰਗ ੭੯੦)
ਦੂਖੁ ਅੰਧੇਰਾ ਘਰ ਤੇ ਮਿਟਿਓ ਗੁਰਿ ਗਿਆਨੁ ਦਿ੍ਰੜਾਇਓ ਦੀਪ ਬਲਿਓ॥ ੭ ॥
(ਗਉੜੀ ਮਹਲਾ ੫, ਅੰਗ ੨੪੧)
ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਦੀਵਾਲੀ ਸੰਬੰਧੀ ਕਈ ਪਉੜੀਆਂ ਵਿੱਚ ਜ਼ਿਕਰ ਹੈ। ਹੇਠ ਲਿਖੇ ਸ਼ਬਦ ਦਾ ਦੀਵਾਲੀ ਵਾਲੇ ਦਿਨ ਸੱਚ-ਖੰਡ ਸ਼੍ਰੀ ਹਰਿਮੰਦਰ ਸਾਹਿਬ ਤੇ ਦੇਸ਼ ਵਿਦੇਸ਼ ਦੇ ਗੁਰਦੁਆਰਿਆਂ ਵਿੱਚ ਕੀਰਤਨ ਕੀਤਾ ਜਾਂਦਾ ਹੈ।
ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ।
ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ।
ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ।
ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ।
ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨਿ।
ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮਾਲੀਅਨਿ।
(ਵਾਰ ੧੯, ਪਉੜੀ ੬)

 ਕਰਨੈਲ ਸਿੰਘ ਐੱਮ.ਏ. ਲੁਧਿਆਣਾ 
 # 1138/63-ਏ, ਗੁਰੂ ਤੇਗ ਬਹਾਦਰ ਨਗਰ, ਗਲੀ ਨੰਬਰ 1, ਚੰਡੀਗੜ੍ਹ ਰੋਡ,ਜਮਾਲਪੁਰ, ਲੁਧਿਆਣਾ। 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

 
 
 
Previous articleਅਨਾਜ ਮੰਡੀ ਮਜ਼ਦੂਰ ਯੂਨੀਅਨ ਰਾਏਕੋਟ ਦੀ ਸਰਬ ਸੰਮਤੀ ਨਾਲ ਹੋਈ ਚੋਣ
Next articleਖ਼ੁਸ਼ੀਆਂ ਖੇੜਿਆਂ ਦਾ ਤਿਉਹਾਰ – ਦੀਵਾਲੀ