HOME ਖ਼ੁਸ਼ੀਆਂ ਖੇੜਿਆਂ ਦਾ ਤਿਉਹਾਰ – ਦੀਵਾਲੀ

ਖ਼ੁਸ਼ੀਆਂ ਖੇੜਿਆਂ ਦਾ ਤਿਉਹਾਰ – ਦੀਵਾਲੀ

6
ਬਰਜਿੰਦਰ-ਕੌਰ-ਬਿਸਰਾਓ-

   (ਸਮਾਜ ਵੀਕਲੀ)   ਦੁਸਹਿਰੇ ਦਾ ਤਿਉਹਾਰ ਲੰਘਦੇ ਹੀ ਲੋਕਾਂ ਵਿੱਚ ਇੱਕ ਉਤਸ਼ਾਹ ਤੇ ਉਮੰਗ ਜਿਹਾ ਪੈਦਾ ਹੋ ਜਾਂਦਾ ਹੈ । ਚਾਰੇ ਪਾਸੇ ਖੁਸ਼ੀਆਂ ਖੇੜਿਆਂ ਦਾ ਮਾਹੌਲ ਉਪਜਦਾ ਹੈ,ਆਪ ਮੁਹਾਰੇ ਹੀ ਉਦਾਸ ਚਿਹਰਿਆਂ ਤੇ ਰੌਣਕ ਜਿਹੀ ਆਉਣ ਲੱਗਦੀ ਹੈ ਤੇ ਅੰਦਰੋਂ ਬਾਹਰੋਂ ਖ਼ੁਸ਼ੀਆਂ ਦੀ ਇੱਕ ਧੁਨ ਜਿਹੀ ਵੱਜਦੀ ਸੁਣਾਈ ਦਿੰਦੀ ਹੈ। ਬੜੀ ਬੇਸਬਰੀ ਨਾਲ ਹਰ ਇੱਕ ਨੂੰ ਇਸ ਤਿਉਹਾਰ ਦੀ ਉਡੀਕ ਹੁੰਦੀ ਹੈ, ਕੁਝ ਦਿਨ ਪਹਿਲਾਂ ਹੀ ਦੋਸਤਾਂ ਮਿੱਤਰਾਂ, ਰਿਸ਼ਤੇਦਾਰਾਂ ਅਤੇ ਸਕੇ ਸਬੰਧੀਆਂ ਨਾਲ਼ ਤੋਹਫਿਆਂ ਦਾ ਅਦਾਨ ਪ੍ਰਦਾਨ ਹੋਣ ਲੱਗਦਾ ਹੈ। ਇਸ ਸਭ ਕੁਝ ਦਾ ਸਬੰਧ ਦੀਵਾਲੀ ਦੇ ਤਿਉਹਾਰ ਨਾਲ ਹੈ,ਇਸ ਦੇ ਆਗਮਨ ਦੀ ਤਿਆਰੀ ਕਈ ਦਿਨ ਪਹਿਲਾਂ ਹੋਣ ਲੱਗਦੀ ਹੈ। ਦੀਵਾਲੀ ਦਾ ਤਿਉਹਾਰ ਪੂਰੀ ਦੁਨੀਆ ‘ਚ ਹਰ ਸਾਲ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਦੀਵਾਲੀ ਸ਼ਬਦ ਦੀਪਾਵਲੀ ਜਾਂ ਦੀਪਮਾਲਾ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਦੀਪਾਂ ਦੀ ਮਾਲ਼ਾ ਭਾਵ ਦੀਵਿਆਂ ਦੀਆਂ ਕਤਾਰ। ਦੀਵਾਲੀ ਦੁਸਹਿਰੇ ਤੋਂ 20 ਦਿਨਾਂ ਬਾਅਦ ਮਨਾਈ ਜਾਂਦੀ ਹੈ। ਇਹ ਤਿਉਹਾਰ ਆਮ ਤੌਰ ‘ਤੇ ਕੱਤਕ ਮਹੀਨੇ ਵਿੱਚ ਲਗਭਗ ਅਕਤੂਬਰ ਅਤੇ ਨਵੰਬਰ ਵਿਚਕਾਰ ਮਨਾਇਆ ਜਾਂਦਾ ਹੈ। ਦੀਵਾਲੀ ਹਨੇਰੇ ‘ਤੇ ਚਾਨਣ, ਬੁਰਾਈ ‘ਤੇ ਚੰਗਿਆਈ ਅਤੇ ਅਗਿਆਨਤਾ ਤੇ ਗਿਆਨ ਦੀ ਜਿੱਤ ਦੇ ਪ੍ਰਤੀਕ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਤਿਉਹਾਰ ਆਮ ਤੌਰ ਤੇ ਧਨ ਦੀ ਦੇਵੀ ਲੱਛਮੀ ਅਤੇ ਵਿਘਨ ਹਰਤਾ ਸ੍ਰੀ ਗਣੇਸ਼ ਜੀ ਨਾਲ਼ ਸਬੰਧਤ ਹੋਣ ਦੇ ਨਾਲ਼ ਨਾਲ਼ ਹੋਰ ਕਈ ਧਾਰਮਿਕ ਪੱਖਾਂ ਤੋਂ ਵੀ ਮਨਾਈ ਜਾਂਦੀ ਹੈ।ਦੀਵਾਲੀ ਦੀ ਰਾਤ ਲੋਕ ਆਪਣੇ ਘਰਾਂ ਦੀਆਂ ਕੰਧਾਂ, ਬਨੇਰਿਆਂ ਤੇ ਮੁੱਖ ਦਰਵਾਜ਼ਿਆਂ ਉੱਤੇ ਦੀਵੇ, ਮੋਮਬੱਤੀਆਂ ਜਾਂ ਬਿਜਲੀ ਦੇ ਬੱਲਬਾਂ ਦੀਆਂ ਲੜੀਆਂ ਲਗਾ ਕੇ ਆਪਣੇ ਘਰਾਂ ਨੂੰ ਰੌਸ਼ਨ ਕਰਦੇ ਹਨ। ਦੀਵਾਲੀ ਦਾ ਸਬੰਧ ਭਾਰਤ ਦੇ ਧਾਰਮਿਕ ਅਤੇ ਇਤਿਹਾਸਕ ਵਿਰਸੇ ਨਾਲ ਜੁੜਿਆ ਹੋਇਆ ਹੈ। ਹਰ ਉਮਰ ਅਤੇ ਹਰ ਵਰਗ ਦੇ ਲੋਕ ਇਸ ਦਿਨ ਦੀ ਉਡੀਕ ਬੜੀ ਬੇਸਬਰੀ ਨਾਲ ਕਰਦੇ ਹਨ।

            ਦੀਵਾਲੀ ਦਾ ਤਿਉਹਾਰ ਧਨਤੇਰਸ ਵਾਲੇ ਦਿਨ ਸ਼ੁਰੂ ਹੁੰਦਾ ਹੈ। ਇਸ ਤੋਂ ਬਾਅਦ ਛੋਟੀ ਦੀਵਾਲੀ, ਦੀਵਾਲੀ, ਗੋਵਰਧਨ ਪੂਜਾ, ਭਾਈ ਦੂਜ ਆਦਿ ਤਿਉਹਾਰ ਮਨਾਏ ਜਾਂਦੇ ਹਨ। ਨਰਕ ਚਤੁਰਦਸ਼ੀ ਜਾਂ ਛੋਟੀ ਦੀਵਾਲੀ ਨੂੰ ਰੂਪ ਚਤੁਰਦਸ਼ੀ ਜਾਂ ਚੌਦਸ ਵਜੋਂ ਵੀ ਜਾਣਿਆ ਜਾਂਦਾ ਹੈ। ਦੀਵਾਲੀ ਤੋਂ ਇਕ ਦਿਨ ਪਹਿਲਾਂ ਛੋਟੀ ਦੀਵਾਲੀ ਮਨਾਈ ਜਾਂਦੀ ਹੈ। ਇਸ ਦਿਨ ਵੀ ਲੋਕ ਆਪਣੇ ਘਰਾਂ ਨੂੰ ਦੀਵੇ ਤੇ ਮੋਮਬੱਤੀਆਂ ਨਾਲ ਸਜਾਉਂਦੇ ਹਨ।

ਦੀਵਾਲੀ ਮਨਾਉਣ ਦੇ ਧਾਰਮਿਕ ਪੱਖ ਵੱਲ ਝਾਤ ਮਾਰੀਏ ਤਾਂ ਦੇਸ਼ ਭਰ ‘ਚ ਇਸ ਤਿਉਹਾਰ ਨਾਲ ਵੱਖ ਵੱਖ ਧਾਰਮਿਕ ,ਇਤਿਹਾਸਕ ਅਤੇ ਮਿਥਿਹਾਸਕ ਕਥਾਵਾਂ ਜੁੜੀਆਂ ਹੋਈਆਂ ਹਨ। ਹਿੰਦੂ, ਸਿੱਖ ਅਤੇ ਜੈਨ ਧਰਮ ‘ਚ ਇਸ ਦਿਨ ਦਾ ਵਿਸ਼ੇਸ਼ ਮਹੱਤਵ ਹੈ। ਸਾਲ ਦੇ ਅੰਤ ‘ਚ ਅਕਤੂਬਰ-ਨਵੰਬਰ ਮਹੀਨੇ ‘ਚ ਮਨਾਇਆ ਜਾਣ ਵਾਲਾ ਦੀਵਾਲੀ ਦਾ ਤਿਉਹਾਰ ਹਿੰਦੂ ਧਰਮ ‘ਚ ਭਗਵਾਨ ਸ੍ਰੀ ਰਾਮ ਦੇ 14 ਸਾਲਾਂ ਦਾ ਬਨਵਾਸ ਕੱਟ ਕੇ ਪਤਨੀ ਸੀਤਾ ਅਤੇ ਭਰਾ ਲਛਮਣ ਨਾਲ ਆਯੋਧਿਆ ਵਾਪਿਸ ਪਰਤਨ ਦੀ ਖੁਸ਼ੀ ‘ਚ ਮਨਾਇਆ ਜਾਂਦਾ ਹੈ। ਉਨਾਂ ਦੇ ਘਰ ਵਾਪਸੀ ਅਤੇ ਰਾਵਣ ‘ਤੇ ਜਿੱਤ ਦੀ ਖੁਸ਼ੀ ‘ਚ ਆਯੋਧਿਆ ਵਾਸੀਆਂ ਨੇ ਘਿਓ ਦੇ ਦੀਵੇ ਬਾਲ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਸੀ। ਇਸ ਲਈ ਇਸ ਨੂੰ ਬੁਰਾਈ ਉੱਤੇ ਅਛਾਈ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

               ਸਿੱਖ ਭਾਈਚਾਰਾ ਵੀ ਦੀਵਾਲੀ ਨੂੰ ਇੱਕ ਮਹੱਤਵਪੂਰਨ ਦਿਨ ਵਜੋਂ ਮਨਾਉਂਦੇ ਹਨ। ਬਾਦਸ਼ਾਹ ਜਹਾਂਗੀਰ ਨੇ ਸਿੱਖ ਧਰਮ ਦੇ ਛੇਵੇਂ ਗੁਰੂ, ਗੁਰੂ ਹਰਗੋਬਿੰਦ ਅਤੇ 52 ਰਾਜਿਆਂ ਨੂੰ ਕੈਦ ਕਰ ਲਿਆ।ਅਕਤੂਬਰ 1619 ਵਿੱਚ ਜਦੋਂ ਉਨ੍ਹਾਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਲਿਆ ਗਿਆ ਤਾਂ ਗੁਰੂ ਜੀ ਨੇ ਸਾਰੇ 52 ਰਾਜਿਆਂ ਦੀ ਰਿਹਾਈ ਲਈ ਜ਼ੋਰ ਦਿੱਤਾ।ਪਰ ਜਹਾਂਗੀਰ ਨੇ ਇੱਕ ਸ਼ਰਤ ਰੱਖੀ। ਉਨ੍ਹਾਂ ਕਿਹਾ ਕਿ ਜੋ ਵੀ ਗੁਰੂ ਹਰਗੋਬਿੰਦ ਜੀ ਦੇ ਚੋਲ਼ੇ ਦਾ ਪੱਲਾ ਫੜ ਕੇ ਬਾਹਰ ਨਿਕਲ ਸਕੇਗਾ, ਉਸ ਨੂੰ ਛੱਡ ਦਿੱਤਾ ਜਾਵੇਗਾ।ਇਸ ਤੋਂ ਬਾਅਦ ਗੁਰੂ ਹਰਗੋਬਿੰਦ ਜੀ ਨੇ 52 ਕਲੀਆਂ ਵਾਲਾ ਚੋਲਾ ਸਵਾਇਆ ਅਤੇ ਇਸ ਤਰ੍ਹਾਂ 52 ਰਾਜਿਆਂ ਨੇ ਇੱਕ-ਇੱਕ ਕਲੀ ਫੜ੍ਹੀ ਤੇ ਉਹ ਰਿਹਾਅ ਹੋ ਗਏ।ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਹ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਪਹੁੰਚੇ। ਉਨ੍ਹਾਂ ਦੀ ਆਮਦ ਨੂੰ ਮਨਾਉਣ ਲਈ ਹਰਿਮੰਦਰ ਸਾਹਿਬ ਨੂੰ ਦੀਵਿਆਂ ਨਾਲ ਸਜਾਇਆ ਗਿਆ।ਇਸ ਤੋਂ ਬਾਅਦ ਸਿੱਖਾਂ ਵੱਲੋਂ ਇਸ ਦਿਨ ਨੂੰ ‘ਬੰਦੀ ਛੋੜ ਦਿਵਸ’ ਵਜੋਂ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ। ਅੰਮ੍ਰਿਤਸਰ ਦੀ ਦੀਵਾਲੀ ਵੇਖਣ ਵਾਲੀ ਹੁੰਦੀ ਹੈ। ਇਸ ਬਾਰੇ ਤਾਂ ਕਹਾਵਤ ਵੀ ਮਸ਼ਹੂਰ ਹੈ:-
                 ਦਾਲ਼ ਰੋਟੀ ਘਰ ਦੀ , ਦੀਵਾਲੀ ਅੰਮ੍ਰਿਤਸਰ ਦੀ             ਜੈਨ ਧਰਮ ਵਿੱਚ ਦੀਵਾਲੀ 24ਵੇਂ ਅਤੇ ਆਖ਼ਰੀ ਤੀਰਥੰਕਰ, ਮਹਾਵੀਰ ਦੇ ਜਨਮ ਨੂੰ ਦਰਸਾਉਂਦੀ ਹੈ।
ਦੀਵਾਲੀ ਖ਼ੁਸ਼ੀਆਂ ਦਾ ਤਿਉਹਾਰ ਹੈ। ਇਸ ਤੋਂ ਕੁਝ ਦਿਨ ਪਹਿਲਾਂ ਸਾਰੇ ਲੋਕ ਆਪਣੇ ਘਰਾਂ ਦੀ ਸਾਫ਼-ਸਫ਼ਾਈ ਕਰਦੇ ਹਨ ਅਤੇ ਦੀਵਾਲੀ ਦੇ ਦਿਨ ਘਰ ਦੀ ਸਜਾਵਟ ਕਰ ਕੇ ਦੀਵੇ ਬਾਲ਼ਦੇ ਹਨ। ਇਸ ਮੌਕੇ ਲੋਕ ਪਟਾਕੇ ਚਲਾ ਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹਨ। ਸਮੇਂ ਦੀ ਨਜਾਕਤ ਨੂੰ ਵੇਖਦੇ ਹੋਏ ਜੇ ਪਟਾਕਿਆਂ ਰਾਹੀਂ ਪ੍ਰਦੂਸ਼ਣ ਫੈਲਾਉਣ ਦੀ ਥਾਂ ਗਰੀਨ ਦੀਵਾਲੀ ਮਨਾਈ ਜਾਵੇ ਤਾਂ ਸਾਰਿਆਂ ਦੀ ਸਿਹਤ ਲਈ ਫਾਇਦੇਮੰਦ ਰਹੇਗਾ।
           ਦੀਵਾਲੀ ਨੂੰ ਸਿਰਫ਼ ਇੱਕ ਤਿਉਹਾਰ ਵਜੋਂ ਹੀ ਨਹੀਂ ਸਗੋਂ ਪਿਆਰ, ਉਤਸ਼ਾਹ , ਉਮੰਗ ਅਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਵਜੋਂ ਮਨਾਇਆ ਜਾਣਾ ਚਾਹੀਦਾ ਹੈ। ਇਹ ਸਾਡੇ ਵਿਭਿੰਨ ਪਿਛੋਕੜ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਜੋ ਲੋਕਾਂ ਨੂੰ ਖ਼ੁਸ਼ੀ ,ਸਾਂਝ ਅਤੇ ਏਕਤਾ ਦੀ ਭਾਵਨਾ ਨਾਲ ਜੋੜਦਾ ਹੈ। ਭਾਵੇਂ ਵੱਖ ਵੱਖ ਧਰਮਾਂ ਅਤੇ ਵਰਗਾਂ ਅਨੁਸਾਰ ਇਸ ਤਿਉਹਾਰ ਦੀਆਂ ਪ੍ਰੰਪਰਾਵਾਂ ਤੇ ਰੀਤੀ-ਰਿਵਾਜ ਵੱਖੋ-ਵੱਖਰੇ ਹੁੰਦੇ ਹਨ ਪਰ ਇਸ ਦਾ ਮੂਲ ਰੂਪ ਸਭ ਦਿਲਾਂ ਵਿੱਚ ਅਤੇ ਸਮਾਜ ਵਿੱਚ ਗਿਆਨ ਦੀ ਰੋਸ਼ਨੀ ਅਤੇ ਅੰਦਰੂਨੀ ਖ਼ੁਸ਼ੀ ਫੈਲਾਉਣਾ ਹੁੰਦਾ ਹੈ।ਇਸ ਲਈ ਇਸ ਤਿਉਹਾਰ ਨੂੰ ਲੋਕਾਂ ਵੱਲੋਂ ਬਾਹਰੋਂ ਹੀ ਰੋਸ਼ਨ ਕਰਕੇ ਨਹੀਂ ਸਗੋਂ ਆਪਣੇ ਅੰਦਰ ਦੀ ਮੈਲ਼ ਦੂਰ ਕਰਕੇ ਵੈਰ-ਵਿਰੋਧ ਦੂਰ ਕਰਕੇ ਵੀ ਮਨਾਉਣਾ ਚਾਹੀਦਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ ਜਾਂ ਸਰਬ-ਸਾਝਾ ਤਿਉਹਾਰ – ਦੀਵਾਲੀ
Next articleਦੀਵਾਲੀ ਅਤੇ ਬੰਦੀ ਛੋੜ ਦਿਵਸ: ਰੌਸ਼ਨੀ, ਆਜ਼ਾਦੀ ਅਤੇ ਆਤਮਿਕ ਜਾਗਰਤੀ ਦਾ ਪਵਿੱਤਰ ਸੰਦੇਸ਼