(ਸਮਾਜ ਵੀਕਲੀ)
ਵੰਡ ਕੇ ਛਕੋ
ਥਾਲੀ ਵਿੱਚ ਪਏ
ਦਾਲ ਸਬਜ਼ੀਆਂ ਤੇ ਰਾਇਤਾ
ਗਰਮ ਫੁਲਕੇ
ਸਲਾਦ ਤੇ ਪਾਪੜ
ਲਾਹਨਣਤਾਂ ਪਾਉਂਦੇ
ਜਦੋਂ ਯਾਦ ਆ ਜਾਂਦਾ
ਨਿੱਕੇ ਬਾਲ ਦਾ
ਥੋੜੇ ਜਿਹੇ ਚੌਲਾਂ ਵਿੱਚ
ਲੂਣ ਤੇ
ਕੋਸਾ ਪਾਣੀ
ਮਿਲਾ ਕੇ ਚੌਲ ਖਾਣਾ
ਅਲਮਾਰੀ ਵਿੱਚ ਪਏ
ਅਣਗਿਣਤ ਵਸਤਰ
ਰੰਗ ਬਿਰੰਗੇ
ਦਿਲ ਨੂੰ ਧੂ ਪਾਉਂਦੇ ਨੇ
ਜਦੋਂ ਯਾਦ ਆਉਂਦਾ
ਕਿਸੇ ਬਾਲੜੀ ਦੇ
ਪਾਟੇ ਕੱਪੜਿਆਂ ਵਿੱਚੋਂ ਦਿਸਦਾ
ਤਨ
ਠੰਡ ਵਿੱਚ ਠੁਰਦਾ
ਪਤਲਾ ਜਿਹਾ ਕੁੜਤਾ ਪਜਾਮਾ ਪਾਈ
ਕੋਈ ਬਜ਼ੁਰਗ
ਲਾਕਰ ਵਿੱਚ ਪਏ ਗਹਿਣੇ
ਬੋਝ ਪ੍ਰਤੀਤ ਹੁੰਦੇ
ਜਦੋਂ ਯਾਦ ਆਉਂਦਾ
ਖੁੱਲੇ ਅਸਮਾਨ ਦੇ ਥੱਲੇ
ਸੜਕ ਦੇ ਡਿਵਾਈਡਰ ਤੇ
ਪਾਟਿਆ ਕੰਬਲ ਲਪੇਟ
ਸੁੱਤਾ ਕੋਈ ਸ਼ਖਸ
ਆਪਣਾ ਆਪ
ਬਹੁਤ ਛੋਟਾ ਤੇ
ਹੀਣਾ ਮਹਿਸੂਸ ਹੁੰਦਾ
ਲੱਗਦਾ
ਆਪਣੇ ਬਾਬੇ ਨਾਨਕ ਦੇ ਸ਼ਬਦਾਂ ਤੇ
ਪੂਰੇ ਨਹੀਂ ਉਤਰਦੇ
ਕਿਰਤ ਕੀਤੀ ਤੇ ਨਾਮ ਜਪਿਆ
ਕਿਸੇ ਅਰਥ ਨਹੀਂ
ਜੇ ਵੰਡ ਕੇ ਨਾ ਖਾਧਾ
ਹਰਪ੍ਰੀਤ ਕੌਰ ਸੰਧੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly