ਚੇਤਰ ਰੁੱਤ

ਸਤਨਾਮ ਕੌਰ ਤੁਗਲਵਾਲਾ
  (ਸਮਾਜ ਵੀਕਲੀ)
ਨੀਲੇ, ਪੀਲੇ ਰੰਗ ਬਸੰਤੀ,
ਬਾਗ਼ਾਂ ਵਿੱਚ ਖਲੋਏ।
ਮੌਸਮ ਨੇ ਵੀ ਕਰਵਟ ਬਦਲੀ,
ਪੱਤ ਨਿਕਲੇ ਨਵੇ ਨਰੋਏ।
ਚੇਤਰ ਰੁੱਤ ਮਿਲਾਪਾਂ ਵਾਲੀ,
ਤੂੰ ਕਿਉ ਮਨ ਦੇ ਬੂਹੇ ਢੋਏ।
ਅੰਬਾਂ ਤੇ ਏ ਬੂਰ ਪਿਆ,
ਕੋਇਲ ਗੀਤ ਸੁਣਾਵੇ।
ਖੇਤਾਂ ਵਿੱਚ ਹਰਿਆਲੀ ਆਈ,
ਸਭ ਦੇ ਮਨ ਨੂੰ ਭਾਵੇ।
ਵਿੱਚ ਬਗੀਚੇ ਛਹਿਬਰ ਲੱਗੀ,
ਫੁੱਲ ਕਲੀਆਂ ਕਲੀਆਂ ਹੋਏ।
ਚੇਤਰ ਰੁੱਤ ਮਿਲਾਪਾਂ ਵਾਲੀ,
ਤੂੰ ਕਿਉ ਮਨ ਦੇ ਬੂਹੇ ਢੋਏ।
ਸੂਹਾ ਰੰਗ ਅਸਮਾਨੀ ਚੜਿਆ,
ਆਈ ਰੁੱਤ ਹੁਨਾਲ ਵਾਲੀ,
ਧਰਤੀ ਮੌਲੀ, ਅੰਬਰ ਮੌਲਿਆਂ,
ਚਾਰੇ ਸੂ ਖੁਸ਼ਹਾਲੀ।
ਕੋਸੇ ਦਿਨ ਤੇ  ਨਿੱਘੀਆਂ ਰਾਤਾਂ,
ਕੱਕਰ ਭੱਜ ਖਲੋਏ।
ਚੇਤਰ ਰੁੱਤ ਕਰਾਰਾਂ ਵਾਲੀ,
ਤੂੰ ਕਿਉ ਬੂਹੇ ਢੋਏ।
ਬਾਗ਼ਾਂ ਦੇ ਵਿੱਚ ਭੌਰੇ ਗਾਵਣ ,
ਤਿਤਲੀਆਂ ਮਹਿਫ਼ਲ ਲਾਈ।
ਗੀਤ ਮਿਲਣ ਦੇ ਕੋਇਲ ਗਾਵੇ,
ਪ੍ਰੀਤਮ ਦਰਸ ਤਿਹਾਈ।
ਵੇਲਾਂ ਨੇ ਗਲਵੱਕੜੀ ਪਾਈ,
ਫੁੱਲਾਂ ਹਾਰ ਪਰੋਏ।
ਚੇਤਰ ਰੁੱਤ ਮਿਲਾਪਾਂ ਵਾਲੀ,
ਤੂੰ ਕਿਉ ਬੂਹੇ ਢੋਏ।
ਲੱਪ ਕੁ ਚਾਨਣ ਮੁੱਠੀ ਭਰ ਕੇ,
ਦਿਆਂ ਚੁਫੇਰੇ ਛਿੱਟਾਂ।
ਕਾਲੀ ਰਾਤ ਏ‌ ਬਿਰਹੋਂ ਵਾਲੀ,
ਚਾਨਣ ਦਾ ਰੰਗ ਚਿੱਟਾ।
ਮਨ ਦੇ ਵਿਹੜੇ ਚੰਬਾ ਮਹਿਕੇ,
ਸੱਧਰਾਂ ਹਾਰ ਪਰੋਏ।
ਚੇਤਰ ਰੁੱਤ ਮਿਲਾਪਾਂ ਵਾਲੀ,
ਤੂੰ ਕਿਉ ਮਨ ਦੇ ਬੂਹੇ ਢੋਏ।
ਨਵੇਂ ਮਹੀਨੇ,ਨਵੇ ਬਰਸ ਵਿੱਚ,
ਸਭ ਤੇ ਰਹਿਮਤ ਬਰਸੇ।
ਖ਼ੁਸ਼ੀਆਂ ਦਸਤਕ ਦੇਣ ਚੁਫੇਰੇ,
ਜੀਅ ਨਾ ਕੋਈ ਤਰਸੇ।
ਸਭ ਦੇ ਭਰਦੇ ਰਹਿਣ‌ ਭੰਡਾਰੇ,
ਭੁੱਖਾ ਕੋਈ ਨਾ ਸੋਂਏ।
ਚੇਤਰ ਰੁੱਤ ਮਿਲਾਪਾਂ ਵਾਲੀ,
ਤੂੰ ਕਿਉ ਮਨ ਦੇ ਬੂਹੇ ਢੋਏ।
ਸਤਨਾਮ ਕੌਰ ਤੁਗਲਵਾਲਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਟਰੀਮੋਨੀਅਲ
Next article(ਵੰਡ ਕੇ ਛਕੋ)