ਨਵਾਂਸ਼ਹਿਰ/ਬੰਗਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਤਿਯੁਗ ਦਰਸ਼ਨ ਸੰਗੀਤ ਕਲਾ ਕੇਂਦਰ ਵੱਲੋਂ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੇ ਸਹਿਯੋਗ ਨਾਲ 17ਵੇਂ ਸਤਿਯੁਗ ਕਲਾ ਤੇ ਸੰਗੀਤ ਉਤਸਵ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅੰਤਰ ਸਕੂਲ ਕਲਾ,ਸੰਗੀਤ ਦੇ ਡਾਂਸ ਪ੍ਰਤੀਯੋਗਤਾ ਕਰਵਾਈ ਗਈ। ਇਨ੍ਹਾਂ ਮੁਕਾਬਲਿਆਂ ਦੀ ਗਰੁੱਪ ਡਾਂਸ (ਰਵਾਇਤੀ)ਕੈਟਾਗਰੀ ‘ਚ ਭਾਗ ਲੈਂਦਿਆਂ ਸਿੱਖ ਨੈਸ਼ਨਲ ਕਾਲਜੀਏਟ ਸਕੂਲ ਦੀ ਭੰਗੜਾ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ‘ਚ ਵੀ ਲੋਕ ਨਾਚਾਂ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਪਹਿਲੀ ਵਾਰ ਇਹ ਟੀਮ ਤਿਆਰ ਕਰਕੇ ਪੂਰੇ ਰਵਾਇਤੀ ਢੰਗ ਨਾਲ ਜਿਸ ਵਿੱਚ ਢੋਲ, ਬੋਲੀਆਂ ਤੇ ਲੋਕ ਸਾਜ਼ ਤੂੰਬੀ ਤੇ ਚਿਮਟੇ ਆਦਿ ਦਾ ਵਾਦਨ ਕਰਦਿਆਂ ਸਟੇਜ ਤੇ ਪੇਸ਼ਕਾਰੀ ਕਰਵਾਈ ਗਈ। ਇਸ ਤੋਂ ਇਲਾਵਾ ਸਕੂਲ ਦੀ ਰੰਗੋਲੀ ਟੀਮ ਵੀ ਦੂਜੇ ਸਥਾਨ ‘ਤੇ ਰਹੀ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਉੱਘੇ ਸਿਆਸੀ ਆਗੂ ਸਤਵੀਰ ਸਿੰਘ ਪੱਲੀ ਝਿੱਕੀ (ਸਾਬਕਾ ਚੇਅਰਮੈਨ, ਜ਼ਿਲ੍ਹਾ ਯੋਜਨਾ ਬੋਰਡ) ਵੀ ਵਿਦਿਆਰਥੀਆਂ ਨੂੰ ਆਸ਼ੀਰਵਾਦ ਦੇਣ ਲਈ ਹਾਜ਼ਰ ਹੋਏ ਤੇ ਉਨ੍ਹਾਂ ਨਾਲ ਸ. ਜਰਨੈਲ ਸਿੰਘ ਪੱਲੀ ਝਿੱਕੀ (ਸਕੱਤਰ, ਸਥਾਨਕ ਪ੍ਰਬੰਧਕੀ ਕਮੇਟੀ) ਵੀ ਨਾਲ ਸਨ। ਸਕੂਲ ਇੰਚਾਰਜ ਸ੍ਰੀ ਜਤਿੰਦਰ ਮੋਹਨ ਜੀ ਨੇ ਵੀ ਇਨ੍ਹਾਂ ਵਿਦਿਆਰਥੀ ਕਲਾਕਾਰਾਂ ਨੂੰ ਵਧਾਈ ਦਿੱਤੀ ਤੇ ਆਪਣੀ ਕਲਾ ‘ਚ ਹੋਰ ਨਿਖਾਰ ਲਿਆਉਣ ਲਈ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਭੰਗੜਾ ਟੀਮ ਨੂੰ ਤਿਆਰੀ ਭੰਗੜਾ ਕੋਚ ਉਸਤਾਦ ਪਵਨ ਕੁਮਾਰ ਜੀ ਨੇ ਕਾਰਵਾਈ ਤੇ ਢੋਲ ਤੇ ਸਾਥ ਉਸਤਾਦ ਸੋਢੀ ਰਾਮ ਜੀ ਨੇ ਦਿੱਤਾ। ਇਸ ਮੌਕੇ ਪ੍ਰੋ. ਗੁਰਪ੍ਰੀਤ ਸਿੰਘ,ਪ੍ਰੋ. ਮੋਹਣ ਸਿੰਘ, ਪ੍ਰੋ. ਰੂਬੀ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly