ਪਿੰਡ ਕੋਟ ਰਾਂਝਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਲਗਾਏ ਗਏ 24 ਪੌਦੇ
ਨਵਾਂਸ਼ਹਿਰ/ਰਾਹੋਂ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮਤੀ ਪ੍ਰੀਆ ਸੂਦ ਜੀ ਦੇ ਹੁਕਮਾਂ ਅਤੇ ਮਾਨਯੋਗ ਚੀਫ਼ ਜੁਡੀਸ਼ਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਡਾ ਅਮਨਦੀਪ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ‘ਹਰ ਮਨੁੱਖ ਲਗਾਵੇ ਇਕ ਰੁੱਖ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਅਥਾਰਟੀ ਦੇ ਪੀ.ਐੱਲ. ਵੀ. ਸਟੇਟ ਐਵਾਰਡੀ ਬਲਦੇਵ ਭਾਰਤੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪਿੰਡ ਕੋਟ ਰਾਂਝਾ ਵਿਖੇ ਵੱਖ ਵੱਖ ਕਿਸਮਾਂ ਦੇ 24 ਪੌਦੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਅਥਾਰਟੀ ਦੇ ਸਮੁੱਚੇ ਪੈਰਾ ਲੀਗਲ ਵਲੰਟੀਅਰਾਂ ਵੱਲੋਂ ਜ਼ਿਲ੍ਹੇ ਭਰ ਵਿੱਚ ਇਸ ਮੁਹਿੰਮ ਤਹਿਤ ਰੁੱਖ ਲਗਾਏ ਜਾ ਰਹੇ ਹਨ। ਇੱਥੇ ਇਹ ਵੀ ਵਰਨਣਯੋਗ ਹੈ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ ਭ ਸ ਨਗਰ ਵਲੋਂ ਪਿਛਲੇ ਕਰੀਬ 6 ਸਾਲ ਪਹਿਲਾਂ ਲੀਗਲ ਏਡ ਕਲੀਨਿਕ ਪਿੰਡ ਕੋਟ ਰਾਂਝਾ ਦੇ ਪੈਰਾ ਲੀਗਲ ਵਲੰਟੀਅਰ ਬਲਦੇਵ ਭਾਰਤੀ ਦੀ ਰਹਿਨੁਮਾਈ ਹੇਠ ਸ਼ਮਸ਼ਾਨ ਭੂਮੀ ਵਿੱਚ ‘ਰੁੱਖ ਲਗਾਓ-ਮਨੁੱਖ ਬਚਾਓ’ ਮੁਹਿੰਮ ਤਹਿਤ 500 ਤੋਂ ਵੱਧ ਰੁੱਖਾਂ ਦਾ ਇਕ ਜੰਗਲ ਪੈਦਾ ਕਰਨ ਦਾ ਕਾਮਯਾਬ ਉਪਰਾਲਾ ਕੀਤਾ ਗਿਆ ਸੀ। ਇਸ ਜੰਗਲ ਦੀ ਸਾਂਭ ਸੰਭਾਲ ਲਈ ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐੱਨ ਐੱਲ ਓ) ਦੇ ਵਲੰਟੀਅਰਾਂ ਵਲੋਂ ਲਗਾਤਾਰ ਨਿਸ਼ਕਾਮ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਇਸ ਮੌਕੇ ਤੇ ਪੀ ਐੱਲ ਵੀ ਸਿਮਰਨਜੋਤ ਕੌਰ, ਪੀ ਐੱਲ ਵੀ ਜਰਨੈਲ ਸਿੰਘ ਖੁਰਦ ਸ੍ਰੀ ਰਾਮ ਪ੍ਰਕਾਸ਼ ਨਿਗਾਹ ਨੰਬਰਦਾਰ, ਸਮਾਜ ਸੇਵਕ ਮਨਿੰਦਰ ਸਿੰਘ ਬਾਜਵਾ, ਹਰਜਿੰਦਰ ਸਿੰਘ ਬਾਜਵਾ, ਕ੍ਰਿਸ਼ਨ ਲਾਲ ਅਤੇ ਹਰਸ਼ਦੀਪ ਉਆਣ ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਸਨ।



