ਜ਼ਿਲ੍ਹੇ ਦੀਆਂ ਸਮੂਹ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਕੀਤੀ ਸ਼ਿਰਕਤ
ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਕੁਰਜੀਤ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਮੁੱਖ ਕਾਰਜਕਾਰੀ ਅਧਿਕਾਰੀ ਰਾਜੀਵ ਵਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ਦੇ ਸਹਿਯੋਗ ਨਾਲ ਅੱਜ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਟੂਲ ਸਬੰਧੀ ਆਨਲਾਈਨ ਵੈਬੀਨਾਰ ਕਰਵਾਇਆ ਗਿਆ। ਇਸ ਵੈਬੀਨਾਰ ਵਿਚ ਜ਼ਿਲ੍ਹੇ ਦੀਆਂ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਇਸ ਵੈਬੀਨਾਰ ਵਿਚ ਮੁੱਖ ਬੁਲਾਰੇ ਡਾ. ਧਰਮਿੰਦਰ ਪਾਠਕ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵੱਖ-ਵੱਖ ਟੂਲਜ਼ ਜਿਵੇਂ ਕਿ ਯੂਡਲੀ, ਚੈਟ ਜੀ.ਪੀ. ਟੀ, ਕੈਨਵਾ, ਨੈਪਕਿਨ, ਕਿਉ.ਆਰ ਕੋਡ ਜਨਰੇਟਰ, ਗਾਮਾ, ਮੀਕਸੋ ਆਦਿ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਕਿ ਕਿਸ ਤਰ੍ਹਾਂ ਵਿਦਿਆਰਥੀ ਇਨ੍ਹਾਂ ਟੂਲਜ਼ ਦੀ ਵਰਤੋਂ ਕਰਕੇ ਆਪਣੇ ਭਵਿੱਖ ਨੂੰ ਰੋਸ਼ਨ ਬਣਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੂਲਜ਼ ਦੀ ਮਦਦ ਨਾਲ ਪ੍ਰੈਜ਼ਨਟੇਸ਼ਨ ਤਿਆਰ ਕਰਨੀ, ਇੰਟਰਵਿਊ ਦੀ ਤਿਆਰੀ ਲਈ ਸਵਾਲ-ਜਵਾਬ, ਕੁਇਜ਼ ਸਬੰਧੀ ਸਵਾਲ-ਜਵਾਬ ਆਦਿ ਵਰਗੇ ਕੰਮ ਬਹੁਤ ਹੀ ਆਸਾਨੀ ਨਾਲ ਕੀਤੇ ਜਾ ਸਕਦੇ ਹਨ। ਅੰਤ ਵਿਚ ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸੰਦੀਪ ਕੁਮਾਰ ਵੱਲੋਂ ਸਾਰੇ ਸਕੂਲ-ਕਾਲਜ ਮੁਖੀਆਂ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਬੁਲਾਰਿਆਂ ਦਾ ਇਸ ਵੈਬੀਨਾਰ ਨੂੰ ਸਫਲ ਬਣਾਉਣ ਲਈ ਧੰਨਵਾਦ ਕਰਦੇ ਹੋਏ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਗਿਆ ਕਿ ਉਹ ਆਪਣੇ ਸਹੀ ਸਵਾਲ ਤਿਆਰ ਕਰਕੇ ਇਨ੍ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲਜ਼ ਦੀ ਵਰਤੋਂ ਕਰਨ ਤਾਂ ਜੋ ਉਨ੍ਹਾਂ ਨੂੰ ਤਕਨਾਲੋਜੀ ਦਾ ਫਾਇਦਾ ਮਿਲ ਸਕੇ।