ਕਪੂਰਥਲਾ, (ਕੌੜਾ)- ਇਲਾਕੇ ਦੇ ਲੇਖਕਾਂ ਦੀ ਵਿਸ਼ਵ ਪ੍ਰਸਿੱਧ ਸੰਸਥਾ ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਕੇਂਦਰ ਦੇ ਪ੍ਰਧਾਨ ਸ਼ਾਇਰ ਕੰਵਰ ਇਕਬਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਸ਼ਾਮਿਲ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਕੇਵਲ ਸਿੰਘ ਰੱਤੜਾ, ਮੀਤ ਪ੍ਰਧਾਨ ਡਾ.ਅਵਤਾਰ ਸਿੰਘ ਭੰਡਾਲ, ਸਕੱਤਰ ਆਸ਼ੁ ਕਮਰਾ, ਵਿੱਤ ਸਕੱਤਰ ਮਲਕੀਤ ਸਿੰਘ ਮੀਤ ਅਤੇ ਅਵਤਾਰ ਸਿੰਘ ਗਿੱਲ ਵੱਲੋਂ ਸਾਂਝੇ ਤੌਰ ਤੇ ਲਏ ਗਏ ਫੈਸਲੇ ਅਨੁਸਾਰ ਕੇਂਦਰ ਦੇ ਮੁੱਢਲੇ ਮੈਂਬਰ ਅਤੇ ਵਿਸ਼ਵ ਪ੍ਰਸਿੱਧ ਨਾਵਲਕਾਰ ਸੁਰਿੰਦਰ ਸਿੰਘ ਨੇਕੀ ਦੇ ਲਿਖੇ ਦਸਵੇਂ ਨਾਵਲ “ਨੋ ਮੈਨਜ਼-ਲੈਂਡ ਤੋਂ ਸ਼ਕੀਲਾ” ਤੇ ਮਿਤੀ 31 ਦਸੰਬਰ ਦਿਨ ਐਤਵਾਰ ਸਵੇਰੇ 10 ਵਜੇ ਕੇਂਦਰ ਦੇ ਦਫਤਰ ਵਿਰਸਾ ਵਿਹਾਰ ਵਿਖੇ ਵਿਚਾਰ ਗੋਸ਼ਠੀ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ । ਇਸ ਨਾਵਲ ਉੱਤੇ ਪ੍ਰੋ. ਬਲਦੇਵ ਸਿੰਘ ਬੱਲੀ ਅਤੇ ਡਾ. ਰਾਮ ਮੂਰਤੀ ਪਰਚੇ ਪੜ੍ਹਨਗੇ । ਪ੍ਰਵਾਸੀ ਪੰਜਾਬੀ ਸਾਹਿਤਕਾਰ ਦਲਜਿੰਦਰ ਰਹਿਲ (ਇਟਲੀ) ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਅਤੇ ਡਾ. ਹਰਜਿੰਦਰ ਸਿੰਘ ਅਟਵਾਲ ਤੇ ਸ਼ੇਲਿੰਦਰਜੀਤ ਸਿੰਘ ਰਾਜਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ, ਪ੍ਰਿੰ. ਪ੍ਰੋਮਿਲਾ ਅਰੋੜਾ, ਅਤੇ ਸੁਰਿੰਦਰ ਸਿੰਘ ਨੇਕੀ ਸੁਸ਼ੋਭਿਤ ਹੋਣਗੇ।
ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਮਾਸਟਰ ਸੁਰਿੰਦਰ ਸਿੰਘ ਨੇਕੀ ਨੇ ਸਾਲ 1984 ਵਿੱਚ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਖਾਲੂ ਵਿੱਚ ਪੜ੍ਹਾਉਂਦਿਆਂ ਹੋਇਆਂ ਪਹਿਲਾ ਨਾਵਲ “ਰੁੱਤ ਨਵਿਆਂ ਦੀ ਆਈ” ਲਿਖਿਆ ਸੀ, ਜੋ ਕਿ ਉਦੋਂ ਸਿਰਜਣਾ ਕੇਂਦਰ ਵਿੱਚ ਹੀ ਰਿਲੀਜ਼ ਕੀਤਾ ਗਿਆ ਸੀ ! ਰਿਟਾਇਰ ਹੋਣ ਤੋਂ ਬਾਅਦ ਆਪਣੇ ਜੱਦੀ ਇਲਾਕੇ ਦਸੂਹੇ ਵਿੱਚ ਰਹਿ ਰਹੇ 10 ਨਾਵਲਾਂ ਦੇ ਇਸ ਰਚੈਤਾ ਦੇ ਬਹੁਤੇ ਨਾਵਲ ਸਮੇਂ-ਸਮੇਂ ਸਿਰਜਣਾ ਕੇਂਦਰ ਵਿੱਚ ਹੀ ਰਿਲੀਜ਼ ਕੀਤੇ ਗਏ ਹਨ ।
ਕੇਂਦਰ ਦੇ ਸੀਨੀ. ਮੀਤ ਪ੍ਰਧਾਨ ਪ੍ਰਿੰ ਕੇਵਲ ਸਿੰਘ ਰੱਤੜਾ ਨੇ ਵਿਸ਼ੇਸ਼ ਤੌਰ ਤੇ ਦੱਸਿਆ ਕਿ ਜਨਰਲ ਸਕੱਤਰ ਸ਼ਾਹਿਬਾਜ਼ ਖ਼ਾਨ ਕੁਝ ਦਿਨਾਂ ਵਾਸਤੇ ਪੰਜਾਬ ਤੋਂ ਬਾਹਰ ਗਏ ਹੋਏ ਹੋਣ ਕਰਕੇ ਸਟੇਜ ਸੰਚਾਲਨ ਆਸ਼ੂ ਕੁਮਰਾ ਅਤੇ ਮਲਕੀਤ ਸਿੰਘ ਮੀਤ ਸਾਂਝੇ ਤੌਰ ਤੇ ਕਰਨਗੇ ।
ਪ੍ਰਬੰਧਕੀ ਕਮੇਟੀ ਵੱਲੋਂ ਇਹ ਵੀ ਫੈਸਲਾ ਲਿਆ ਗਿਆ ਕਿ ਭਵਿੱਖ ਵਿੱਚ ਛੇਤੀ ਹੀ ਸਿਰਜਣਾ ਕੇਂਦਰ ਵੱਲੋਂ ਇਲਾਕੇ ਦੇ ਵੱਖ-ਵੱਖ ਸਕੂਲਾਂ ਕਾਲਜਾਂ ਵਿੱਚ ਸਾਹਿਤਕ ਪ੍ਰੋਗਰਾਮ ਕਰਵਾਏ ਜਾਇਆ ਕਰਨਗੇ, ਤਾਂ ਜੋ ਨਵੀਆਂ ਕਲਮਾਂ ਨੂੰ ਵੀ ਉਤਸ਼ਾਹਿਤ ਕਰਕੇ ਅੱਗੇ ਲਿਆਂਦਾ ਜਾ ਸਕੇ, ਕੇਂਦਰ ਦੇ ਸਾਰੇ ਕਾਮਿਆਂ ਵੱਲੋਂ ਇਲਾਕੇ ਦੇ ਸਮੂਹ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਸਮੇਂ ਸਿਰ ਸਮਾਗਮ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ, ਵੇਲੇ ਸਿਰ ਆਣਾ ਅਤੇ ਸਮਾਪਤੀ ਤੇ ਸਾਡੇ ਨਾਲ਼ ਲਜ਼ੀਜ਼ ਖਾਣਾਂ ਖਾ ਕੇ ਜਾਣਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly