(ਸਮਾਜ ਵੀਕਲੀ)
ਭੈਣ ਵੱਡੀ ਸੀ ਕਾਫੀ ਵਰ੍ਹੇ
ਭਰਾ ਨੂੰ ਪਿੱਠ ਤੇ ਲੱਦੀ ਫਿਰੀ ਸਾਲਾਂ ਸਾਲ
ਬਹੁਤ ਖੁਸ਼ ਸੀ ਮਾਂ।
ਆਪਣੇ ਘਰ ਵਿੱਚ ਰੁੱਝੀ ਭੈਣ ਨੂੰ
ਪਤਾ ਲੱਗੀ ਗੱਲਾਂ ਗੱਲਾਂ ਵਿੱਚ
ਭਾਬੀ ਵੱਲੋਂ ਮਾਂ ਦੀ ਅਣਦੇਖੀ ਦੀ ਗੱਲ
ਸੋਚਦੀ…..
ਭਰਾ ਤਾਂ ਆਪਣਾ ਹੈ,ਸਮਝਾ ਲਵਾਂਗੀ।
” ਇੰਨਾ ਕੁੱਝ ਬੋਲਦੀ ਹੈ ਭਾਬੀ
ਤੂੰ ਮਨ੍ਹਾਂ ਨਹੀਂ ਕਰਦਾ ?”
ਭਰਾ ਬੋਲਿਆ ਨਿਰਲੱਜਤਾ ਨਾਲ
” ਮੈਂ ਹੀ ਤਾਂ ਛੂਟ ਦਿੱਤੀ ਹੈ ਉਹਨੂੰ
ਜ਼ਿਆਦਾ ਬੋਲੀ ਤਾਂ ਵਾਲ ਘਸੀਟ ਕੇ ਮਾਰੀਂ।”
ਭੈਣ ਨੂੰ ਸਮਝ ਹੀ ਨਹੀਂ ਆਇਆ
ਕਿ ਉਹ ਆਪਣਾ ਦਿਲ ਸੰਭਾਲੇ, ਕਿ ਦਿਮਾਗ
ਹਥੌੜੇ ਵਾਂਗ ਵੱਜੇ ਸ਼ਬਦ
ਥਾਂ ਹੀ ਬਹਿ ਗਈ ਉਹ ਚੱਕਰ ਖਾ ਕੇ।
ਭੱਜ ਕੇ ਆਈ ਮਾਂ
ਪਾਣੀ ਪਿਆਇਆ,
ਸਮਝਾਇਆ,ਸ਼ਾਂਤ ਕੀਤਾ।
ਭਰਾ ਨੇ ਆਖਿਆ ਮਾਂ ਨੂੰ
‘ਕਿ ਕਹਿ ਦੇ ਆਪਣਾ ਘਰ ਦੇਖੇ’
ਭਰਜਾਈ ਦਾ ਨਿਰਲੱਜ ਚਿਹਰਾ ਦੇਖ
ਭੈਣ ਨੇ ਝੁਕਾ ਲਿਆ ਸਿਰ।
ਕਿ ਪਿੱਠ ਤੇ ਲੱਦੇ ਭਰਾ ਨੇ
ਕਲੇਜੇ ਤੇ ਲੱਤ ਮਾਰੀ
ਕਿਸ ਕਿਸ ਨੂੰ ਆਖਦੀ ਭੈਣ ?
ਮਾਂ ਨੇ ਆਖਿਆ
“ਤੂੰ ਕਿਉਂ ਮੂੰਹ ਲੱਗੀ ਉਸਦੇ
ਪਤਾ ਤਾਂ ਹੈ ਉਸਦਾ ਸੁਭਾ।”
ਸਭ ਪਤਾ ਸੀ ਭੈਣ ਨੂੰ
ਬਸ ਆਪਣੇ ਪਰਾਏ ਹੋਣ ਦਾ
ਫਰਕ ਭੁੱਲ ਜਾਂਦੀ ਸੀ ਵਾਰ ਵਾਰ।
ਭੈਣ ਨੇ ਹੱਥ ਫੜਿਆ ਮਾਂ ਦਾ
ਤੇ ਅਧਿਕਾਰ ਨਾਲ ਬੋਲੀ
“ਹੁਣ ਹੋਰ ਨਹੀਂ ਮਾਂ
ਤੂੰ ਮੇਰੇ ਨਾਲ ਚੱਲ।”
ਭਰਾ ਨੇ ਝਪਟ ਕੇ ਮਾਂ ਨੂੰ ਫੜਿਆ
ਇਉਂ ਕਿਵੇਂ ? ਲੋਕੀ ਕੀ ਕਹਿਣਗੇ ?
ਭਰਜਾਈ ਤੜਫ਼ੀ ਨਾਗਣੀ ਵਾਂਗ
ਸਭ ਜਾਇਦਾਦ ਦੇ ਚੋਚਲੇ ਹਨ
ਕਿਸ ਘਰ ਵਿੱਚ ਨਹੀਂ ਹੁੰਦੀ ਲੜਾਈ ?
ਭਰਾ ਨੇ ਮਾਂ ਨੂੰ ਧਮਕਾਇਆ
“ਜਾਵੇਂਗੀ ਤਾਂ ਮੇਰੀ ਲਾਸ਼ ਉਤੋਂ”
ਮਾਂ ਨੇ ਭੱਜ ਕੇ ਰੱਖਿਆ
ਭਰਾ ਦੇ ਮੂੰਹ ਤੇ ਹੱਥ
“ਮੈਂ ਕਿਤੇ ਨਹੀਂ ਜਾਂਦੀ, ਮੇਰੇ ਲਾਲ
ਭੈਣ ਨੂੰ ਸੁਣਾਈ ਦਿੱਤਾ
“ਤੇਰੀਆਂ ਝਿੜਕਾਂ ਉਤੇ
ਕੁੜੀ ਦੇ ਸੌ ਦਿਲਾਸੇ ਕੁਰਬਾਨ”
“ਘਰ ਪੁੱਟਣੀ ਹੁੰਦੀਆਂ ਹਨ ਕੁੜੀਆਂ”
‘ਕੀ ਜ਼ਰੂਰਤ ਹੈ ਆਪਣੇ ਘਰ ਵਿੱਚ
ਇੰਨਾ ਸਵੈਮਾਣ ਦਿਖਾਉਣ ਦੀ।’
ਮੁੜਦਿਆਂ ਗਲੇ ਲੱਗੀ ਮਾਂ ਨੇ ਕਿਹਾ ਕੁੜੀ ਨੂੰ
“ਤੂੰ ਮੁੰਡਾ ਹੁੰਦੀ ਤਾਂ ਗਰੀਬੀ ਕੱਟੀ ਜਾਂਦੀ ਮੇਰੀ”
ਕੱਟੀ ਤਾਂ ਹੁਣ ਵੀ ਜਾਣੀ ਸੀ ਮਾਂ
ਪਰ ਕਹਿਣ ਦਾ ਕੋਈ ਫਾਇਦਾ ਨਹੀਂ,
ਸੋਚਦਿਆਂ….
ਛੇਤੀ ਨਾਲ ਕਦਮ ਵਧਾਏ ਬਾਹਰ ਵੱਲ
ਘਰ ਦੀ ਪਰਾਈ ਹੋ ਚੁੱਕੀ ਕੁੜੀ ਨੇ।
ਹਿੰਦੀ ਮੂਲ : ਵੰਦਨਾ ਮਿਸ਼ਰਾ
ਪੰਜਾਬੀ ਅਨੁਵਾਦ: ਗੁਰਮਾਨ ਸੈਣੀ
ਰਾਬਤਾ : 9256346909
: 8360487488
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly