(ਸਮਾਜ ਵੀਕਲੀ)
ਕਿੰਨੇ ਤੇਰੇ ਰੰਗ ਵੇ ਸੱਜਣਾ,
ਵੇਖ ਕੇ ਮੈ ਤਾਂ ਦੰਗ ਵੇ ਸੱਜਣਾ।
ਪਲ ਵਿੱਚ ਤੋਲਾ, ਪਲ ਵਿੱਚ ਮਾਸਾ,
ਕਦੇ ਹੋ ਜਾਏ ਬੇਰੰਗ ਵੇ ਸੱਜਣਾ।
ਹਿਜਰ ਦੀ ਪੂਣੀ, ਯਾਦ ਦਾ ਚਰਖਾ,
ਕੱਤ ਨਾ ਹੋਵੇ,ਤੰਦ ਵੇ ਸੱਜਣਾ।
ਤਖਤ ਹਜਾਰਿਓ ਹੂਕ ਏ ਨਿਕਲੀ,
ਵਿੱਚ ਸੁਣੇਂਦੀ ਝੰਗ ਵੇ ਸੱਜਣਾ
ਸੜਕ ਕਿਨਾਰੇ ਰੁੱਖ ਤਾਂ ਸੜਗੇ,
ਚੜੀ ਫਿਰੇ ਪਰ ਭੰਗ ਵੇ ਸੱਜਣਾ।
ਨਸ਼ਿਆਂ, ਅਸਲਿਆਂ ਜਵਾਨੀ ਰੋਲੀ,
ਵੱਖਰੇ ਜੀਣ ਦੇ ਢੰਗ ਵੇ ਸੱਜਣਾ।
ਪਹਿਲਾਂ ਤੇਰੇ ਬੋਲ ਸੀ ਟੁੰਬਦੇ,
ਹੁਣ ਤਾਂ ਮਾਰਨ ਡੰਗ ਵੇ ਸੱਜਣਾ।
ਪੌਣੀ ਰੁਦਨ ਤੇ ਪੀੜ ਕਲੇਜੇ,
ਚੁੱਪੀ ਤੇਰੀ ਨਿਸੰਗ ਵੇ ਸੱਜਣਾ।
ਸਤਨਾਮ ਕੌਰ ਤੁਗਲਵਾਲਾ