(ਸਮਾਜ ਵੀਕਲੀ) ਸ਼ਾਇਦ ਲੋਹੜੀ ਦਾ ਤਿਉਹਾਰ ਸੀ ਤੇ ਪਾਪਾ ਜੀ ਨੇ ਪੰਜਾਹ ਪੈਸਿਆਂ ਦੇ ਗੰਨੇ ਸਹਿਰੋਂ ਮੁੱਲ ਮੰਗਵਾ ਲਏ। ਮੇਰੇ ਦਾਦਾ ਜੀ ਨੇ ਕਾਫੀ ਲੜਾਈ ਕਲੇਸ਼ ਕੀਤਾ। ਮਾਂ ਪਿਓ ਦਾ ਗਾਲ੍ਹ ਮੰਦਾ ਬੋਲਣਾ ਉਦੋਂ ਆਮ ਗੱਲ ਹੁੰਦੀ ਸੀ। ਬਾਪ ਵਿਆਹੇ ਹੋਏ ਧੀ ਪੁੱਤ ਨੂੰ ਕੁੱਟ ਵੀ ਲੈਂਦੇ ਸਨ। ਇਸੇ ਤਰਾਂ ਫਿਰ ਇੱਕ ਵਾਰ ਅਸੀਂ ਦੀਵਾਲੀ ਦੇ ਨੇੜੇ ਕਮਰੇ ਨੂੰ ਕਲੀ ਕਰਾਉਣੀ ਸ਼ੁਰੂ ਕਰ ਦਿੱਤੀ ਪਰ ਖਰਚ ਨੂੰ ਵੇਖਕੇ ਦਾਦਾ ਜੀ ਦਾ ਪਾਰਾ ਚੜ੍ਹ ਗਿਆ। ਕਾਫੀ ਕਲੇਸ਼ ਪਿਆ। ਕਿਉਂਕਿ ਉਹ ਤੰਗੀ ਤੁਰਸ਼ੀ ਦੇ ਦਿਨ ਸਨ। ਗੱਲ ਵੱਧ ਗਈ। ਭਾਵੇਂ ਪਾਪਾ ਜੀ ਚੁੱਪਚਾਪ ਦਾਦਾ ਜੀ ਤੋਂ ਗਾਲ੍ਹਾਂ ਸੁਣਦੇ ਰਹੇ । ਪਰ ਉਹਨਾਂ ਨੇ ਦਾਦਾ ਜੀ ਨੂੰ ਬੁਲਾਉਣਾ ਛੱਡ ਦਿੱਤਾ। ਮੇਰੀ ਮਾਂ ਇਸਨੂੰ ਆਪਣੀ ਹੱਤਕ ਸਮਝਦੀ ਸੀ। ਉਹ ਪਾਪਾ ਜੀ ਦੇ ਫੈਸਲੇ ਤੋਂ ਡਾਢੀ ਦੁਖੀ ਸੀ। “ਦੇਖੇ ਬਾਈ (ਉਹ ਮੇਰੇ ਦਾਦਾ ਜੀ ਨੂੰ ਬਾਈ ਕਹਿੰਦੀ ਸੀ।) ਨੇ ਇੱਕਲੇ ਨੇ ਤੁਹਾਨੂੰ ਚਾਰੇ ਭੈਣ ਭਰਾਵਾਂ ਨੂੰ ਮਾਂ ਤੇ ਪਿਓ ਬਣਕੇ ਪਾਲਿਆ ਹੈ। ਉਹਨਾਂ ਦਾ ਗੁੱਸਾ ਜਾਇਜ਼ ਹੈ। ਤੁਸੀਂ ਉਹਨਾਂ ਨਾਲ ਬੋਲਣਾ ਨਾ ਛੱਡੋ। ਉਹਨਾਂ ਦਾ ਵੀ ਸੋਚੋ। ਉਹਨਾਂ ਦੇ ਦਿਲ ਤੇ ਕੀ ਗੁਜਰਦੀ ਹੋਊ?” ਮੇਰੀ ਮਾਂ ਮੇਰੇ ਪਾਪਾ ਜੀ ਨੂੰ ਸਮਝਾਇਆ। ਪਾਪਾ ਜੀ ਮੰਨ ਗਏ ਤੇ ਬੋਲਚਾਲ ਸ਼ੁਰੂ ਹੋ ਗਿਆ। ਮੇਰੀ ਵੀ ਅਕਸਰ ਪਾਪਾ ਜੀ ਨਾਲ ਖਟਪਟ ਹੋ ਜਾਂਦੀ। ਉਹ ਕਈ ਕੰਮਾਂ ਤੇ ਟੋਕਦੇ। ਮੈਂ ਗਲੀ ਵਿੱਚ ਰੈਂਪ ਤੇ ਟਾਈਲਾਂ ਲਗਵਾਈਆਂ। ਉਹ ਬਹੁਤ ਬੋਲੋ। ਗਾਲਾਂ ਵੀ ਦਿੱਤੀਆਂ। ਪੈਂਤੀ ਛੱਤੀ ਸਾਲ ਦੀ ਉਮਰ ਸੀ ਮੇਰੀ। ਮੈਂ ਅੱਗੋਂ ਨਾ ਬੋਲਿਆ। ਪਰ ਬੋਲਣਾ ਛੱਡ ਦਿੱਤਾ। ਇਸ ਤਰਾਂ ਦੋ ਦਿਨ ਬੀਤ ਗਏ। ਜੁਆਕਾਂ ਦੀ ਮਾਂ ਟੈਂਸ਼ਨ ਵਿੱਚ ਰਹੀ। ਫਿਰ ਉਹ ਖੁੱਲ੍ਹ ਕੇ ਸਾਹਮਣੇ ਆਈ।
“ਭਾਪਾ ਜੀ ਵੱਡੇ ਹਨ। ਉਹਨਾਂ ਨੂੰ ਗੁੱਸਾ ਆ ਜਾਂਦਾ ਹੈ। ਫਿਰ ਉਹ ਤੁਹਾਡੇ ਬਾਪ ਹਨ। ਤੁਹਾਡੇ ਨਾਲ ਲੜ੍ਹਨ ਦਾ ਉਹਨਾਂ ਨੂੰ ਹੱਕ ਹੈ। ਤੁਹਾਡਾ ਉਹਨਾਂ ਨੂੰ ਨਾ ਬੁਲਾਉਣਾ ਉਹਨਾ ਨੂੰ ਬਹੁਤ ਚੁਭਦਾ ਹੋਵੇਗਾ। ਤੁਸੀਂ ਭਾਪਾ ਜੀ ਨੂੰ ਇਹ ਸਜ਼ਾ ਨਾ ਦਿਓਂ। ਤੁਸੀਂ ਭਾਪਾ ਜੀ ਨੂੰ ਬੁਲਾਇਆ ਕਰੋ।” ਮੇਰੀ ਹਮਸਫਰ ਨੇ ਮੈਨੂੰ ਸਮਝਾਇਆ। ਮੇਰੇ ਵੀ ਗੱਲ ਪੱਲੇ ਪੈ ਗਈ। ਮੈਂ ਹੌਲੀ ਹੌਲੀ ਬੁਲਾਉਣਾ ਸ਼ੁਰੂ ਕਰ ਦਿੱਤਾ। ਫਿਰ ਗਲਬਾਤਾਂ ਨਾਰਮਲ ਹੋ ਗਈ। ਖ਼ੁਦ ਬਾਪ ਬਣੇ। ਬੱਚੇ ਸ਼ਾਦੀਸ਼ੁਦਾ ਹੋ ਗਏ। ਖਾਨਦਾਨੀ ਆਦਤਾਂ ਕਿੱਥੇ ਜਾਂਦੀਆਂ ਹਨ? ਬਜ਼ੁਰਗ ਬਾਪ ਹੋਣ ਨਾਤੇ ਹਰ ਮੌਕੇ ਟੋਕਾ ਟਾਕੀ, ਪੁੱਛਗਿੱਛ ਕਰਨੀ ਕੁਦਰਤੀ ਗੱਲ ਹੈ। ਨਵੀਂ ਪੀੜ੍ਹੀ ਦੀ ਬਰਦਾਸ਼ਤ ਸ਼ਕਤੀ ਜਵਾਂ ਘੱਟ ਹੈ। ਨਤੀਜਾ ਅਕਸਰ ਕਿਸੇ ਇੱਕ ਧਿਰ ਵੱਲੋਂ ਬੋਲਚਾਲ ਬੰਦ ਹੋ ਜਾਂਦੀ ਹੈ। ਕਈ ਕਈ ਦਿਨ ਸੰਵਾਦ ਨਹੀਂ ਹੁੰਦਾ। ਖੋਰੇ ਉਸਦੀ ਵੀ ਜੀਵਨ ਸਾਥਣ ਵੀ ਉਸਨੂੰ ਸਮਝਾਉਂਦੀ ਹੋਵੇਗੀ। ਫਿਰ ਗੱਲਬਾਤ ਸ਼ੁਰੂ ਹੋ ਜਾਂਦੀ ਹੈ। ਪੀੜ੍ਹੀ ਦਰ ਪੀੜ੍ਹੀ ਇਹ ਜੈਨਰੇਸ਼ਨ ਗੈਪ ਕੁਝ ਸਮੱਸਿਆਵਾਂ ਪੈਦਾ ਕਰਦਾ ਹੀ ਰਹਿੰਦਾ ਹੈ। ਸਿਆਣੀਆਂ ਔਰਤਾਂ ਮਸਲੇ ਨੂੰ ਹੱਲ ਕਰ ਲੈਂਦੀਆਂ ਹਨ। ਤੇ ਕਈ ਛੱਲੀਆਂ ਨੂੰ ਭੁੰਨਣ ਵਾੰਗੂ ਕੋਲਿਆਂ ਤੇ ਪੱਖੀ ਨਾਲ ਹਵਾ ਝੱਲਦੀਆਂ ਰਹਿੰਦੀਆਂ ਹਨ। ਇਹ ਸਾਡੀ ਇਕੱਲਿਆਂ ਦੀ ਕਹਾਣੀ ਨਹੀਂ। ਘਰ ਘਰ ਦੀ ਕਹਾਣੀ ਹੈ। ਹਰ ਬਜ਼ੁਰਗ ਦੀ ਕਹਾਣੀ ਹੈ। ਕਈ ਜਗ੍ਹਾ ਤੇ ਪਾਣੀ ਦੇ ਛਿੱਟੇ ਪਾਏ ਜਾਂਦੇ ਹਨ ਤੇ ਕਈ ਜਗ੍ਹਾ ਪੱਖੀ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਰਮੇਸ਼ ਸੇਠੀ ਬਾਦਲ
ਸਾਬਕਾ ਸੁਪਰਡੈਂਟ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj