HOME ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਕਪੂਰਥਲਾ ਦਾ ਵਫਦ ਉੱਪ ਜਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਨੂੰ...

ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਕਪੂਰਥਲਾ ਦਾ ਵਫਦ ਉੱਪ ਜਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਨੂੰ ਮਿਲਿਆ

ਮੈਥ ਮਾਸਟਰ ਸੁਰਿੰਦਰ ਸਿੰਘ ਨਾਲ ਹੋ ਰਹੀਆਂ ਗੰਭੀਰ ਵਧੀਕੀਆਂ ਬਾਰੇ ਹੋਈ ਵਿਚਾਰ ਚਰਚਾ 

ਉਪ ਜਿਲ੍ਹਾ ਸਿੱਖਿਆ ਅਫਸਰ ਨੇ ਉਕਤ ਮਸਲੇ ਨੂੰ ਜਲਦ  ਹੱਲ ਕਰਨ ਦਾ ਦਿੱਤਾ ਭਰੋਸਾ

ਕਪੂਰਥਲਾ,   (ਸਮਾਜ ਵੀਕਲੀ)   (ਕੌੜਾ )–  ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਕਪੂਰਥਲਾ ਦਾ ਇੱਕ ਵਫਦ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਨੂੰ ਮਿਲਣ ਲਈ ਪਹੁੰਚਿਆ, ਪਰ ਹੈਰਾਨੀ ਦੀ ਗੱਲ ਹੈ ਕਿ ਜਿਲ੍ਹਾ ਸਿੱਖਿਆ ਅਫਸਰ ਨਾ ਤਾਂ ਦਫਤਰ ਵਿੱਚ ਮੌਜੂਦ ਸਨ ਅਤੇ ਨਾ ਹੀ ਉਨ੍ਹਾਂ ਨੇ ਫੋਨ ਉਠਾਉਣਾ ਜ਼ਰੂਰੀ ਸਮਝਿਆ। ਇਹ ਸਿੱਖਿਆ ਵਿਭਾਗ ਦੀ ਲਾਪਰਵਾਹੀ ਅਤੇ ਅਧਿਆਪਕ ਵਿਰੋਧੀ ਰਵੱਈਏ ਦੀ ਖੁੱਲ੍ਹੀ ਮਿਸਾਲ ਹੈ। ਵਫਦ ਵੱਲੋਂ ਉਪ ਜਿਲ੍ਹਾ ਸਿੱਖਿਆ ਅਫਸਰ ਰਾਜੇਸ਼ ਕੁਮਾਰ ਭੱਲਾ ਨਾਲ ਮੀਟਿੰਗ ਕਰਕੇ ਮੈਥ ਮਾਸਟਰ ਸੁਰਿੰਦਰ ਸਿੰਘ (ਅੰਮ੍ਰਿਤਪੁਰ ਰਾਜੇਵਾਲ) ਨਾਲ ਹੋ ਰਹੀਆਂ ਗੰਭੀਰ ਵਧੀਕੀਆਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਆਗੂਆਂ ਕਿਹਾ ਕਿ ਇਹ ਗੱਲ ਬੜੀ ਚਿੰਤਾਜਨਕ ਹੈ ਕਿ 4161 ਕਾਡਰ ਵਿੱਚ ਭਰਤੀ ਹੋਣ ਦੇ ਬਾਵਜੂਦ ਸੁਰਿੰਦਰ ਸਿੰਘ ਦੀ ਤਨਖਾਹ ਜੁਲਾਈ 2025 ਤੋਂ ਲੈ ਕੇ ਬਿਨਾਂ ਕਿਸੇ ਨੋਟਿਸ ਦੇ ਮਨਮਰਜ਼ੀ ਨਾਲ ਘਟਾ ਕੇ 10300 ਰੁਪਏ ਕਰ ਦਿੱਤੀ ਗਈ ਹੈ, ਜਦਕਿ ਇਸੇ ਕਾਡਰ ਦੇ ਹੋਰ ਅਧਿਆਪਕਾਂ ਦੀ ਤਨਖਾਹ 35500 ਨਿਯਮਾਂ ਅਨੁਸਾਰ ਕਢਵਾਈ ਜਾ ਰਹੀ ਹੈ। ਇਸ ਤੋਂ ਇਲਾਵਾ, ਸਕੂਲ ਮੁਖੀ ਅੰਮ੍ਰਿਤਪੁਰ ਰਾਜੇਵਾਲ ਵੱਲੋਂ ਅਧਿਆਪਕ ਨਾਲ ਧੱਕੇਸ਼ਾਹੀ ਕਰਦੇ ਹੋਏ, ਸਕੂਲ ਵਿੱਚ ਹਾਜ਼ਰ ਹੋਣ ਦੇ ਬਾਵਜੂਦ ਵੀ ਲਗਾਤਾਰ ਗੈਰਹਾਜ਼ਰੀਆਂ ਲਗਾਈਆਂ ਗਈਆਂ। ਇਸ ਅਨਿਆਏ ਖ਼ਿਲਾਫ਼ 27 ਜਨਵਰੀ 2025 ਨੂੰ ਡੀ.ਟੀ.ਐੱਫ., ਪਿੰਡ ਵਾਸੀਆਂ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਜਿਲ੍ਹਾ ਸਿੱਖਿਆ ਅਫਸਰ ਦਫਤਰ ਅੱਗੇ ਧਰਨਾ ਵੀ ਦਿੱਤਾ ਗਿਆ ਅਤੇ ਡੀ.ਪੀ.ਆਈ. (ਸੈਕੰਡਰੀ) ਦੇ ਧਿਆਨ ਵਿੱਚ ਮਾਮਲਾ ਲਿਆਂਦਾ ਗਿਆ, ਜਿਸ ਤੋਂ ਬਾਅਦ ਅਧਿਆਪਕ ਨੂੰ ਪੈਂਡਿੰਗ ਇਨਕੁਆਇਰੀ ‘ਤੇ ਬਹਾਲ ਕੀਤਾ ਗਿਆ। ਪਰੰਤੂ, ਇਸ ਤੋਂ ਬਾਅਦ ਵੀ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਵਾਰ-ਵਾਰ ਮੀਟਿੰਗਾਂ ਦੇ ਬਾਵਜੂਦ ਕੇਵਲ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ ਅਤੇ ਇਨਸਾਫ ਨੂੰ ਲੰਬਾ ਖਿੱਚਿਆ ਜਾ ਰਿਹਾ ਹੈ। ਵਿਭਾਗ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਕਿਸੇ ਅਧਿਆਪਕ ਦੀ ਤਨਖਾਹ ਘਟਾਈ ਨਹੀਂ ਗਈ, ਜਦਕਿ ਹਕੀਕਤ ਵਿੱਚ ਸਕੂਲ ਮੁਖੀ ਵੱਲੋਂ ਧੱਕੇ ਨਾਲ ਤਨਖਾਹ ਘਟਾਈ ਗਈ ਹੈ। ਇਸ ਮਾਮਲੇ ਵਿੱਚ ਪਿੰਡ ਅੰਮ੍ਰਿਤਪੁਰ ਰਾਜੇਵਾਲ, ਮੁੰਡੀ ਛੰਨਾ ਸਮੇਤ ਤਿੰਨੋਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਕੂਲ ਮੈਨੇਜਮੈਂਟ ਕਮੇਟੀਆਂ ਵੀ ਅਧਿਆਪਕ ਦੇ ਹੱਕ ਵਿੱਚ ਖੜ੍ਹੀਆਂ ਹੋ ਚੁੱਕੀਆਂ ਹਨ ਅਤੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਦੇ ਦਫਤਰ ਅੱਗੇ ਧਰਨਾ ਦੇ ਚੁੱਕੀਆਂ ਹਨ। ਫਿਰ ਵੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕਰਨਾ ਬਹੁਤ ਹੀ ਨਿੰਦਣਯੋਗ ਹੈ।ਅੱਜ ਦੀ ਮੀਟਿੰਗ ਦੌਰਾਨ ਉਪ ਜਿਲ੍ਹਾ ਸਿੱਖਿਆ ਅਫਸਰ ਨੇ ਉਕਤ ਮਸਲੇ ਨੂੰ ਜਲਦ ਹੀ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਪਰ ਡੀ.ਟੀ.ਐਫ. ਜੱਥੇਬੰਦੀ ਵੱਲੋਂ ਸਪੱਸ਼ਟ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਸ ਮਸਲੇ ਦਾ ਤੁਰੰਤ ਨਿਆਇਕ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਪਿੰਡਾਂ ਦੀਆਂ ਪੰਚਾਇਤਾਂ, ਭਰਾਤਰੀ ਜਥੇਬੰਦੀਆਂ ਅਤੇ ਅਧਿਆਪਕ ਇਕੱਠੇ ਹੋ ਕੇ ਤਿੱਖਾ ਸੰਘਰਸ਼ ਸ਼ੁਰੂ ਕਰਨ ਲਈ ਮਜ਼ਬੂਰ ਹੋਣਗੇ। ਜਿਸਦੀ ਸਾਰੀ ਜ਼ਿੰਮੇਵਾਰੀ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਮੌਕੇ ਹਰਵਿੰਦਰ ਸਿੰਘ ਅੱਲੂਵਾਲ (ਜਿਲ੍ਹਾ ਪ੍ਰਧਾਨ, ਡੀਟੀਐਫ), ਤਜਿੰਦਰ ਸਿੰਘ ਅਲੌਦੀਪੁਰ (ਜਨਰਲ ਸਕੱਤਰ), ਜੈਮਲ ਸਿੰਘ (ਸੀਨੀਅਰ ਮੀਤ ਪ੍ਰਧਾਨ) ਨੇ ਕੀਤੀ। ਹੋਰ ਹਾਜ਼ਰ ਅਧਿਆਪਕਾਂ ਵਿੱਚ ਅਵਤਾਰ ਸਿੰਘ ਗਿੱਲ, ਨਰਿੰਦਰ ਭੰਡਾਰੀ, ਪਵਨ ਜੋਸ਼ੀ, ਬਲਬੀਰ ਸਿੰਘ, ਮੁਖਤਿਆਰ ਸਿੰਘ, ਹਰਵੇਲ ਸਿੰਘ, ਗੁਰਦੀਪ ਧੰਮ, ਸੁਰਿੰਦਰ ਸਿੰਘ 4161 ਸੁਖਦਰਸ਼ਨ ਸਿੰਘ 4161 ਆਦਿ ਅਧਿਆਪਕ ਅਤੇ ਹੋਰ ਅਧਿਆਪਕ ਆਗੂ ਸ਼ਾਮਲ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਆਰ ਸੀ ਐਫ ਇੰਪਲਾਈਜ਼ ਯੂਨੀਅਨ ਅਤੇ ਜਨਰਲ ਮੈਨੇਜਰ ਵਿਚਕਾਰ ਹੋਈ ਮੀਟਿੰਗ
Next articleਸੰਤ ਹਰੀ ਦਾਸ ਉਦਾਸੀਨ ਆਸ਼ਰਮ ਵਲੋਂ ਇਲਾਕਾ ਨਿਵਾਸੀਆਂ ਨੂੰ ਮੋਰਚਰੀ ਵੈਨ ਸਮਰਪਿਤ ਕੀਤੀ