ਯੂਕੇ ’ਚ ਰੱਖਿਆ ਮੰਤਰਾਲੇ ਦੇ ਖ਼ੁਫੀਆ ਦਸਤਾਵੇਜ਼ ਬੱਸ ਸਟਾਪ ’ਤੇ ਲੱਭੇ

ਲੰਡਨ (ਸਮਾਜ ਵੀਕਲੀ): ਯੂਕੇ ਦੇ ਰੱਖਿਆ ਮੰਤਰਾਲੇ ਦੇ ਕੁਝ ਖ਼ੁਫੀਆ ਦਸਤਾਵੇਜ਼ ਦੱਖਣ-ਪੂਰਬੀ ਇੰਗਲੈਂਡ ਦੇ ਇਕ ਬੱਸ ਸਟਾਪ ਤੋਂ ਮਿਲੇ ਹਨ। ਇਕ ਮੀਡੀਆ ਰਿਪੋਰਟ ਮੁਤਾਬਕ ਇਨ੍ਹਾਂ ਵਿਚ ਇਕ ਜੰਗੀ ਬੇੜੇ ਤੇ ਬਰਤਾਨਵੀ ਫ਼ੌਜ ਨਾਲ ਜੁੜੀ ਖ਼ੁਫੀਆ ਜਾਣਕਾਰੀ ਸੀ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਕ ਮੁਲਾਜ਼ਮ ਨੇ ਪਿਛਲੇ ਹਫ਼ਤੇ ਦਸਤਾਵੇਜ਼ ਗੁੰਮ ਹੋਣ ਬਾਰੇ ਜਾਣਕਾਰੀ ਦਿੱਤੀ ਸੀ। ਇਹ ਦਸਤਾਵੇਜ਼ ਇਕ ਵਿਅਕਤੀ ਨੂੰ ਕੈਂਟ ਦੇ ਇਕ ਬੱਸ ਸਟਾਪ ਤੋਂ ਮਿਲੇ ਹਨ। ਇਨ੍ਹਾਂ ਵਿਚੋਂ ਇਕ ਵਿਚ ਜੰਗੀ ਬੇੜੇ ‘ਐਚਐਮਐੱਸ ਡਿਫੈਂਡਰ’ ਦੇ ਯੂਕਰੇਨੀ ਪਾਣੀਆਂ ਵਿਚੋਂ ਗੁਜ਼ਰਨ ’ਤੇ ਰੂਸ ਦੀ ਪ੍ਰਤੀਕਿਰਿਆ ਬਾਰੇ ਜਾਣਕਾਰੀ ਸੀ।

ਜਦਕਿ ਦੂਸਰੇ ਵਿਚ ਅਫ਼ਗਾਨਿਸਤਾਨ ’ਚ ਯੂਕੇ ਦੀ ਫ਼ੌਜ ਦੀ ਮੌਜੂਦਗੀ ਬਾਰੇ ਯੋਜਨਾਬੰਦੀ ਦੀ ਜਾਣਕਾਰੀ ਸੀ। ਮੰਤਰਾਲੇ ਨੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਤੇ ਜਾਂਚ ਦੇ ਹੁਕਮ ਦਿੱਤੇ ਹਨ। ਦਸਤਾਵੇਜ਼ ਜਿਸ ਵਿਅਕਤੀ ਨੂੰ ਮਿਲੇ ਸਨ, ਉਸ ਨੇ ਇਨ੍ਹਾਂ ਦੀ ਗੰਭੀਰਤਾ ਨੂੰ ਸਮਝਦਿਆਂ ‘ਬੀਬੀਸੀ’ ਨੂੰ ਸੰਪਰਕ ਕੀਤਾ ਸੀ। ‘ਬੀਬੀਸੀ’ ਨੇ ਮਗਰੋਂ ਦੇਖਿਆ ਕਿ ਦਸਤਾਵੇਜ਼ਾਂ ਵਿਚ ਈਮੇਲਾਂ ਤੇ ਪੀਪੀਟੀ ਦਾ ਵੇਰਵਾ ਸੀ ਜੋ ਰੱਖਿਆ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਦੇ ਦਫ਼ਤਰ ਨਾਲ ਸਬੰਧਤ ਸਨ। ਉਨ੍ਹਾਂ ਮਗਰੋਂ ਰੱਖਿਆ ਮੰਤਰਾਲੇ ਨਾਲ ਸੰਪਰਕ ਕੀਤਾ ਤੇ ਦਸਤਾਵੇਜ਼ ਸੌਂਪ ਦਿੱਤੇ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਜ਼ਰਾਇਲੀ ਪ੍ਰਧਾਨ ਮੰਤਰੀ ਵੱਲੋਂ ਨੌਜਵਾਨਾਂ ਨੂੰ ਵੈਕਸੀਨ ਲਵਾਉਣ ਦੀ ਅਪੀਲ
Next articleਲਿਬਨਾਨ ’ਚ ਨਿੱਘਰੀ ਅਰਥਵਿਵਸਥਾ ਖ਼ਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰੇ