ਦਲ ਬਦਲੂ ਮੌਕਾਪ੍ਰਸਤ ਨੇਤਾ ਲੋਕਤੰਤਰ ਲਈ ਖਤਰਾ”

ਗੁਰਪ੍ਰੀਤ ਸਿੱਧੂ ਜ਼ੀਰਾ
 (ਸਮਾਜ ਵੀਕਲੀ)-ਦੇਸ਼ ਦੀ ਸਿਆਸਤ ਵਿਚ ਅਕਸਰ ਹੀ ਨੇਤਾ ਆਪਣੀਆ ਪਾਰਟੀਆ ਨੂੰ ਬਦਲਦੇ ਰਹਿੰਦੇ ਹਨ ਜਿਧਰ ਉਨ੍ਹਾਂ ਨੂੰ ਠੀਕ ਲੱਗੇ ਉਹ ਉਸ ਪਾਰਟੀ ਵਿੱਚ ਸ਼ਾਮਿਲ ਹੋ ਜਾਂਦੇ ਹਨ,ਜਨਤਾ ਜਾਵੇ ਢੱਠੇ ਖੂਹ ਵਿੱਚ ….. ! ਅਕਸਰ ਹੀ ਪਾਰਟੀਆ ‘ਤੇ ਦਲ ਬਦਲੂ ਨੀਤੀ ਅਤੇ ਦਲ ਬਦਲੂ ਸਿਆਸਤਦਾਨ ਭਾਰੀ ਰਹਿੰਦੇ ਹਨ। ਇਕ ਪਾਰਟੀ ਤੋਂ ਦੂਜੀ ਪਾਰਟੀ ਵਿਚ ਛਲਾਂਗ ਲਗਾਉਣ ਵਾਲੇ ਨੇਤਾ ਬਹੁਤ ਵਾਰੇ ਵੇਖਿਆ ਜਾਂਦਾ ਕਿ ਕਾਮਯਾਬ ਨਹੀਂ ਹੁੰਦੇ,ਕਈ ਵਾਰ ਉਨ੍ਹਾਂ ਨੂੰ ਮੂੰਹ ਦੀ ਵੀ ਖਾਣੀ ਪੈ ਜਾਂਦੀ ਹੈ ਇੱਥੋ ਤੱਕ ਕਿ ਉਹਨਾਂ ਦੀ ਜ਼ਮਾਨਤ ਤੱਕ ਜਬਤ ਹੋ ਕੇ ਰਹਿ ਜਾਂਦੀ ਹੈ। ਸਹੀ ਅੱਖਰਾਂ ਵਿੱਚ ਇਹ ਅਖਾਣ ਕਿ “ਧੋਬੀ ਦਾ ਕੁੱਤਾ ਨਾ ਘਰ ਦਾ ਅਤੇ ਨਾ ਘਾਟ ਦਾ” ਵਾਲਾ ਬਿਲਕੁੱਲ ਠੀਕ ਢੁੱਕਦਾ ਹੈ।
ਇੱਕ ਕੀਤੇ ਗਏ ਸਰਵੇਖਣ ਅਨੁਸਾਰ ਵਾਰ-ਵਾਰ ਪਾਰਟੀਆ ਬਦਲਣ ਵਾਲੇ ਦਲ ਬਦਲੂ ਨੇਤਾ 100 ਦੇ ਵਿਚੋਂ ਲਗਪਗ 90 ਪ੍ਰਤੀਸ਼ਤ ਆਪਣਾ ਜਨ ਆਧਾਰ ਗੁਆ ਲੈਂਦੇ ਹਨ ਅਤੇ ਸਿਰਫ ਮਹਿਜ਼ 10 ਪ੍ਰਤੀਸ਼ਤ ‘ਤੇ ਹੀ ਲੋਕਾਂ ਦਾ ਭਰੋਸਾ ਅਤੇ ਵਿਸ਼ਵਾਸ ਬਰਕਰਾਰ ਰਹਿੰਦਾ ਹੈ।
ਇਸ ਸਮੇਂ ਦੇਸ਼ ਵਿੱਚ ਲੋਕ ਸਭਾ ਚੋਣਾਂ ਸਿਖਰਾਂ ‘ਤੇ ਹਨ ਜਿਸ ਵਿੱਚ ਦਲ ਬਦਲੂ ਨੇਤਾ ਕਿਸੇ ਵੀ ਲਾਲਚ ਵਿੱਚ ਆ ਕੇ ਆਪਣੀਆ ਪਾਰਟੀਆ ਨੂੰ ਲਗਾਤਾਰ ਬਦਲ ਕੇ ਕਈ ਆਪਣੇ ਹੁਣ ਤੱਕ ਦੇ ਸਿਆਸੀ ਜੀਵਨ ਨੂੰ ਖਤਮ ਕਰ ਰਹੇ ਹਨ। ਜਿਸ ਪਾਰਟੀ ਨੇ ਪਛਾਣ ਦਿੱਤੀ,ਮੁਕਾਮ ਦਿੱਤਾ,ਜਨਤਾ ਜਨਾਰਦਨ ਦਾ ਵਿਸ਼ਵਾਸ ਅਤੇ ਪਿਆਰ ਦਿਵਾਇਆ ਉਸ ਪਾਰਟੀ ਨੂੰ ਕਿਸੇ ਵੀ ਲਾਲਚ ਵਿੱਚ ਆ ਕੇ ਛੱਡ ਜਾਣਾ ਇਸ ਤੋ ਗਲਤ ਗੱਲ ਹੋਰ ਕੋਈ ਨਹੀ ਹੋ ਸਕਦੀ ਹੈ ਬਲਕਿ ਇਸ ਨੂੰ ਸਹੀ ਅਰਥਾਂ ਵਿੱਚ ਆਪਣੇ ਸਿਆਸੀ ਕੈਰੀਅਰ ਦੀ ਖੁਦਕੁਸ਼ੀ ਕਰਨੀ ਕਿਹਾ ਜਾ ਸਕਦਾ ਹੈ। ਇਸ ਸਮੇਂ ਪੰਜਾਬ ਵਿਚ ਵੀ ਦਲ ਬਦਲੂ ਆਗੂਆਂ ਦੀ ਗੰਦੀ ਦਲ ਬਦਲੂ ਸਿਆਸਤ ਜੋਰਾ-ਸ਼ੋਰਾ ਨਾਲ ਚੱਲ ਰਹੀ ਹੈ।
ਕਿਸੇ ਸਮੇਂ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਧਰੂ ਤਾਰੇ ਵਾਂਗ ਚਮਕਣ ਵਾਲੇ ਉਚ ਕੋਟੀ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਸਿੰਘ ਬਾਦਲ,ਸੁੱਚਾ ਸਿੰਘ ਛੋਟੇਪੁਰ,ਬਲਵੰਤ ਸਿੰਘ ਰਾਮੂਵਾਲੀਆ ਆਦਿ ਉਚ ਕੋਟੀ ਦੇ ਨੇਤਾਵਾਂ ਨੇ ਵੀ ਆਪਣੀਆ ਪਾਰਟੀਆ ਬਣਾ ਕੇ ਦੇਖ ਲਈਆ ਸਨ ਪਰ ਜੋ ਉਨ੍ਹਾਂ ਦੀਆ ਪਾਰਟੀਆ ਦਾ ਹਸ਼ਰ ਹੋਇਆ ਸੀ ਉਹ ਅੱਜ ਵੀ ਇੱਕ ਉਦਾਹਰਣ ਦੇ ਤੌਰ ‘ਤੇ ਸਭਨਾ ਦੇ ਸਾਹਮਣੇ ਹੈ।
ਪੰਜਾਬ ਦੀ ਸਿਆਸਤ ਵਿੱਚ ਕਿਸੇ ਸਮੇਂ ਛਾਏ ਰਹਿਣ ਵਾਲੇ ਅਜਿਹੇ ਹੋਰ ਵੀ ਆਗੂ ਜੋ ਆਪਣੀਆ ਪਾਰਟੀਆ ਬਣਾ ਕੇ ਜਾ ਦਲ ਬਦਲ ਤੋ ਬਾਅਦ ਇਸ ਤਰ੍ਹਾਂ ਆਲੋਪ ਹੋ ਕੇ ਰਹਿ ਗਏ ਹਨ ਜਿਵੇਂ ਕਿ ਕਦੇ ਉਹ ਇਸ ਦੁਨੀਆ ‘ਤੇ ਆਏ ਹੀ ਨਾ ਹੋਣ।
ਇੱਕ ਕੀਤਾ ਗਿਆ ਸਰਵੇਖਣ ਇਹ ਵੀ ਕਹਿੰਦਾ ਹੈ ਕਿ ਜੇਕਰ ਆਪਣੀ ਪਾਰਟੀ ਤੋਂ ਬਾਗੀ ਹੋ ਕੇ ਕੋਈ ਨੇਤਾ ਆਪਣੀ ਅਲੱਗ ਪਾਰਟੀ ਹੋਂਦ ਵਿੱਚ ਲੈ ਕੇ ਆਉਂਦਾ ਹੈ ਉਸਦੇ ਤਾਂ ਪੈਰਾਂ ਥੱਲਿਓਂ ਸਿਆਸੀ ਜਮੀਨ ਅਕਸਰ ਹੀ ਖਿਸਕ ਜਾਂਦੀ ਹੈ ਅਤੇ ਸਿਆਸਤ ਵਿਚ ਉਹਨਾਂ ਦੀ ਪਕੜ ਵੀ ਕਮਜ਼ੋਰ ਹੋ ਜਾਣ ਨਾਲ ਉਸਨੂੰ ਜ਼ਿਆਦਾਤਰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਿਛਲੇ ਸਮੇਂ ‘ਤੇ ਜੇਕਰ ਇੱਕ ਪੰਛੀ ਝਾਤ ਮਾਰੀਏ ਤਾਂ ਲਗਪਗ ਦੋ ਦਹਾਕਿਆਂ ਦੌਰਾਨ ਜਿੰਨੀਆਂ ਵੀ ਵਿਧਾਨ ਸਭਾਵਾਂ ਅਤੇ ਲੋਕ ਸਭਾ ਦੀਆਂ ਚੋਣਾਂ ਹੋਈਆਂ ਹਨ, ਉਨ੍ਹਾਂ ’ਚ ਨੇਤਾਵਾਂ ਦੇ ਝੂਠੇ ਵਾਅਦਿਆਂ, ਇਕ-ਦੂਜੇ ’ਤੇ ਚਿੱਕੜ ਉਛਾਲਣਾ, ਗੁੰਡਾਗਰਦੀ, ਅਸੱਭਿਅਕ ਬੋਲਣਾ, ਦਲ-ਬਦਲੀ ਆਦਿ ਦਾ ਬੋਲਬਾਲਾ ਰਿਹਾ ਹੈ। ਅੱਜ ਵੀ ਇਹ ਬੁਰਾਈਆਂ ਘਟਣ ਦੀ ਥਾਂ ਵਧ-ਫੁੱਲ ਰਹੀਆਂ ਹਨ।
ਅੰਤ ਵਿੱਚ ਇਹੀ ਸਿੱਟਾ ਨਿਕਲਦਾ ਹੈ ਕਿ ਜੇਕਰ ਮੁੱਖ ਚੋਣ ਕਮਿਸ਼ਨ ਵੱਲੋ ਦਲ-ਬਦਲੂ ਨੇਤਾਵਾਂ ਦੀਆਂ ਪਾਰਟੀਆ ਬਦਲਣ ਦੀਆ ਰਾਜਨੀਤਕ ਸਰਗਰਮੀਆਂ ’ਤੇ ਤਰੁੰਤ ਰੋਕ ਨਾ ਲਗਾਈ ਗਈ ਤਾਂ ਇਹ ਲੋਕਤੰਤਰ ਲਈ ਖਤਰਾ ਸਾਬਿਤ ਹੁੰਦੇ ਰਹਿਣਗੇ।
ਗੁਰਪ੍ਰੀਤ ਸਿੱਧੂ
ਜ਼ੀਰਾ (9217800045)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਸ਼ ! ਕੋਈ ਰਵਿੰਦਰ ਰਵੀ, ਅਵਤਾਰ ਪਾਸ਼ ‘ਤੇ ਵੀ ਫ਼ਿਲਮ ਬਣਾ ਸਕਦਾ !
Next articleIPL 2024: Tewatia’s cameo after Sai Kishore’s outstanding 4-33 helps Gujarat Titans beat PBKS