ਕਾਸ਼ ! ਕੋਈ ਰਵਿੰਦਰ ਰਵੀ, ਅਵਤਾਰ ਪਾਸ਼ ‘ਤੇ ਵੀ ਫ਼ਿਲਮ ਬਣਾ ਸਕਦਾ !

(ਜਸਪਾਲ ਜੱਸੀ)
(ਸਮਾਜ ਵੀਕਲੀ)-ਸਾਡੀ ਮਾਨਸਿਕਤਾ ਇੰਨੀ ਕੁ ਨਿੱਘਰ ਚੁੱਕੀ ਹੈ ਕਿ ਲਚਰਤਾ ਨੂੰ ਅਸੀਂ ਵਾਰ ਵਾਰ ਕਿਸੇ ਨਾ ਕਿਸੇ ਰੂਪ ਵਿਚ ਪਰੋਸਦੇ ਹਾਂ। ਉਸ ਦੇ ਪੱਖ ਵਿਚ ਦਲੀਲਾਂ ਦਿੰਦੇ ਹਾਂ। ਇਹ ਦਲੀਲਾਂ ਸਾਡੀ ਮਾਨਸਿਕਤਾ ਦਾ ਚਿਤਰਣ ਹੁੰਦੀਆਂ ਹਨ ਪਰ ਸਮਾਜ ਨੂੰ ਸਹੀ ਸੇਧ ਦੇਣ ਵਾਲੀ ਵਿਚਾਰਧਾਰਾ ਅਤੇ ਉਸਦੇ ਰਖਵਾਲਿਆਂ ਨੂੰ ਵੀ ਲੱਚਰਤਾ ਦੇ ਨਾਲ ਮੇਲ ਕੇ ਇੱਕੋ ਹੀ ਬੰਦੂਕ ਦੀ ਨਾਲੀ ਨਾਲ ਫੁੰਡਦੇ ਹਾਂ। ਇਸ ਤੋਂ ਸਾਡੇ ਪੰਜਾਬੀਆਂ ਦੇ ਮਾਨਸਿਕ ਪੱਧਰ ਦਾ ਪਤਾ ਲਗਦਾ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ ਹਾਲਾਂ ਕਿ ਇਸ ਦਾ ਜੁਆਬ ਵੀ ਸਾਡੇ ਇਤਿਹਾਸ ਦੇ ਪੰਨਿਆਂ ਵਿਚ ਹੀ ਪਿਆ ਹੈ।
ਜਦੋਂ ਅਸੀਂ ਸੰਵਾਦ ਤੋਂ ਭੱਜਦੇ ਹਾਂ ਤਾਂ ਇਸ ਦਾ ਮਤਲਬ ਅਸੀਂ ਆਪਣੀ ਸੋਚਣੀ ਪ੍ਰਤੀ ਹੀਨ ਭਾਵਨਾ ਦਾ ਸ਼ਿਕਾਰ ਹਾਂ ਕਿਉਂਕਿ ਅਸੀਂ ਕੁਝ ਗੱਲਾਂ ਜਿਹੜੀਆਂ ਸਾਨੂੰ ਨਿੰਦਣੀਆਂ ਹਨ ਅਸੀਂ ਉਹਨਾਂ ਦਾ ਸਾਹਮਣਾ ਨਹੀਂ ਕਰ ਸਕਦੇ।
ਜਦੋਂ ਸਾਡੇ ਦਿਮਾਗ਼ ਉੱਪਰ ਕੋਈ ਅਪੀਲ,ਦਲੀਲ ਕੰਮ ਨਹੀਂ ਕਰ ਰਹੀ ਹੁੰਦੀ ਤਾਂ ਅਸੀਂ ਉਸ ਵਿਚਾਰਧਾਰਾ ਨੂੰ ਖ਼ਤਮ ਕਰਨ ਲਈ ਗਾਲੀ ਤੇ ਗੋਲੀ ਤੋਂ ਕੰਮ ਲੈਂਦੇ ਹਾਂ। ਗਾਲੀ,ਗੋਲੀ ਨਾਲ ਕਦੇ ਵੀ ਕੋਈ ਵਿਚਾਰਧਾਰਾ ਖ਼ਤਮ ਨਹੀਂ ਹੁੰਦੀ।‌
ਤੁਸੀਂ ਕਿਸੇ ਵਿਚਾਰਧਾਰਾ ਨੂੰ ਉਦੋਂ ਤੱਕ ਖ਼ਤਮ ਨਹੀਂ ਕਰ ਸਕਦੇ ਜਦੋਂ ਤੱਕ ਤੁਸੀਂ ਉਸਦੇ ਸਮਾਨ ਅੰਤਰ ਆਪਣੀ ਵਿਚਾਰਧਾਰਾ ਨੂੰ ਪ੍ਰਫੁੱਲਤ ਕਰ ਕੇ ਲੋਕਾਂ ਦੇ ਦਿਲਾਂ ਵਿਚ ਸਥਾਨ ਨਹੀਂ ਬਣਾ ਲੈਂਦੇ।
ਪੰਜਾਬ ਵਿਚ ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਤੋਂ ਬਾਅਦ ਦੇ ਵਿਚ ਚੱਲੀਆਂ ਲਹਿਰਾਂ, ਕੁਝ ਕੁ ਤਾਂ ਬਹੁਤ ਕਾਮਯਾਬ ਹੋਈਆਂ ਪਰ ਕੁਝ ਸਮਾਂ ਚੱਲ ਕੇ ਫੌਤ ਹੋ ਗਈਆਂ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਲਹਿਰਾਂ ਨੇ ਲੋਕਾਂ ਦੇ ਦਿਲ ਦਿਮਾਗ਼ ਦੇ ਉੱਤੇ ਕੋਈ ਅਸਰ ਨਹੀਂ ਛੱਡਿਆ। ਨਾਂਹ ਪੱਖੀ ਤੇ ਫ਼ਿਰਕੂ ਲਹਿਰਾਂ ਨੇ ਸਮਾਂ ਪਾ ਕੇ ਦਮ ਤੋੜਨਾ ਹੀ ਹੁੰਦਾ ਹੈ। ਲੋਕ ਪੱਖੀ ਲਹਿਰਾਂ ਅਤੇ ਵਿਚਾਰਧਾਰਾ ਸਦਾ ਸਥਿਰ ਰਹਿੰਦੇ ਹੈ। ਪਿਛਲੇ ਦਿਨਾਂ ਵਿਚ ਚਮਕੀਲੇ ਤੇ ਬਣੀ ਫ਼ਿਲਮ ਕਾਫ਼ੀ ਚਰਚਾ ਵਿਚ ਹੈ ਹਾਲਾਂਕਿ ਮੈਂ ਖ਼ੁਦ ਚਮਕੀਲੇ ਦਾ ਕਦੇ ਵੀ ਪ੍ਰਸ਼ੰਸਕ ਨਹੀਂ ਰਿਹਾ ਪਰ ਫ਼ਿਰ ਵੀ ਇਸ ਦਾ ਮਤਲਬ ਇਹ ਨਹੀਂ ਕਿ ਸਮਾਜ ਵਿਚ ਵੱਜਦੇ ਉਸ ਦੇ ਗੀਤ ਕਦੇ ਕੰਨਾਂ ਵਿਚ ਨਹੀਂ ਪਏ ਜਾਂ ਉਸ ਗੀਤਾਂ ਦੇ ਬੋਲ ਸੁਣ ਕੇ ਕੰਨ ਬੰਦ ਕਰ ਕੇ ਲੰਘ ਜਾਂਦੇ ਹੋਈਏ। ਇਸ ਤਰ੍ਹਾਂ ਕਦੇ ਨਹੀਂ ਹੁੰਦਾ। ਸੱਭਿਅਤਾਵਾਂ ਵਿਚ ਸਮੇਂ ਸਮੇਂ ਤੇ ਹਰੇਕ ਕਿਸਮ ਦੇ ਲੋਕ ਤੇ ਸਾਹਿਤ ਪੈਦਾ ਹੁੰਦੇ ਰਹਿੰਦੇ ਹਨ। ਸਾਡੀ ਸੱਭਿਅਤਾ ਵਿਚ ਕਾਮ ਸ਼ਾਸਤਰ ਵਰਗਾ ਗ੍ਰੰਥ ਤੇ ਦਸਮ ਗ੍ਰੰਥ ਵਿਚ ਚਰਿਤਰੋ ਪਾਖਿਆਨ ਵਰਗਾ ਕਾਮ ਸ਼ਾਸਤਰ ਗ੍ਰੰਥ, ਗੰਦ ਨਾਲ ਭਰਿਆ ਪਿਆ ਹੈ ਪਰ ਫ਼ੇਰ ਵੀ ਬਹੁਤੇ ਲੋਕ ਇਸ ਨੂੰ ਮਾਨਤਾ ਦਿੰਦੇ ਹਨ ।
ਪੁਰਾਣੇ ਸਮੇਂ ਦੇ ਬਜ਼ੁਰਗ ਦੁੱਧ,ਪੁੱਤ,ਪੈਸਾ ਤੇ ਕਾਮ ਨੂੰ ਪਰਦੇ ‘ਚ ਰੱਖਣ ਲਈ ਪ੍ਰੇਰਿਤ ਕਰਦੇ ਸਨ। ਸਮਾਂ ਪਾ ਕੇ ਇਹ ਸਾਰੀਆਂ ਚੀਜ਼ਾਂ ਪਰਦੇ ਤੋਂ ਬਾਹਰ ਆ ਗਈਆਂ।
ਅੱਜ ਦਾ ਸਮਾਂ ਭਾਵੇਂ ਸਾਨੂੰ ਸਾਰਿਆਂ ਨੂੰ ਖੁੱਲ੍ਹਾਂ ਪ੍ਰਦਾਨ ਕਰਦਾ ਹੈ ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਸੁੱਟੇ ਹੋਏ ਗੰਦ ਨੂੰ ਨੱਕ ਬੰਦ ਕਰਕੇ ਹੀ ਟੱਪੀਏ। ਕਿਉਂ ਨਾ ਉਸ ਗੰਦ ਸੁੱਟਣ ਵਾਲੇ ਨੂੰ ਸਹੀ ਰਸਤਾ ਦਿਖਾਇਆ ਜਾਵੇ ਜਾਂ ਖ਼ੁਦ ਉਸ ਗੰਦ ਨੂੰ ਸਮੇਟਣ ਦਾ ਉਪਰਾਲਾ ਕੀਤਾ ਜਾਵੇ। ਗੰਦ ਸਮੇਟਣ ਤੋਂ ਮੇਰਾ ਭਾਵ ਕਿਸੇ ਗੰਦ ਸਿੱਟਣ ਵਾਲੇ ਨੂੰ ਮਾਰਨਾ ਨਹੀਂ ਹੁੰਦਾ ਹੈ ਸਗੋਂ ਸਮਾਜ ਵਿਚ ਰਹਿ ਕੇ ਆਪਣੀ ਰਾਏ ਦੇ ਨਾਲ ਉਸ ਨੂੰ ਬੇਸ਼ਰਮੀ ਦੇਣੀ ਹੁੰਦੀ ਹੈ।
ਜੇ ਗੰਦ ਸੁੱਟਣ ਵਾਲੇ ਦਾ ਕੰਮ ਗੰਦ ਸੁੱਟਣਾ ਹੈ ਤਾਂ ਸਮਾਜ ਦਾ ਕੰਮ ਵੀ ਉਸ ਨੂੰ ਸਮੇਟਣਾ ਹੈ ਘਰ ਦੀ ਰੋਜ਼ਾਨਾ ਸਫ਼ਾਈ ਵਾਂਗ। ਨਹੀਂ ਤਾਂ ਇੱਕ ਦਿਨ ਘਰ ਰੂਪੀ ਸਮਾਜ ਵਿਚ ਗੰਦ ਦਾ ਵੱਡਾ ਸਾਰਾ ਢੇਰ ਲੱਗ ਜਾਵੇਗਾ। ਇਹਨਾਂ ਗੱਲਾਂ ਨੂੰ ਹੀ ਅਸੀਂ ਸਮਾਜਿਕ ਕਦਰਾਂ ਕੀਮਤਾਂ ਆਖਦੇ ਹਾਂ।
ਜੇ ਸੱਚਮੁੱਚ ਹੀ ਅਸੀਂ ਚੰਗਾ ਸਮਾਜ ਸਿਰਜਣਾ ਚਾਹੁੰਦੇ ਹਾਂ ਤਾਂ ਸਾਨੂੰ ਵੀ ਉਹਨਾਂ ਲੋਕਾਂ ਦਾ ਸਾਥ ਦੇਣਾ ਹੋਵੇਗਾ ਜੋ ਸਮਾਜ ਲਈ ਚੰਗਾ ਸਾਹਿਤ ਸਿਰਜਦੇ ਹਨ। ਚੰਗੇ ਸਾਹਿਤ ਉੱਤੇ ਚੰਗੀਆਂ ਫ਼ਿਲਮਾਂ ਬਣਾਉਣ ਲਈ ਪ੍ਰੇਰਿਤ ਕਰਨਾ ਹੋਵੇਗਾ। ਆਓ  ਦੇਖਦੇ ਹਾਂ ਲੋਕ ਚੰਗੀ ਵਿਚਾਰਧਾਰਾ ਨੂੰ ਕਿੰਨਾ ਕੁ ਉਤਸ਼ਾਹਿਤ ਕਰਦੇ ਹਨ।
(ਜਸਪਾਲ ਜੱਸੀ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਿੰਪੀ:-ਮੇਰੀ ਸੱਚੀ ਦਿਲਚਪਸ ਪ੍ਰੇਮ ਕਹਾਣੀ।
Next articleਦਲ ਬਦਲੂ ਮੌਕਾਪ੍ਰਸਤ ਨੇਤਾ ਲੋਕਤੰਤਰ ਲਈ ਖਤਰਾ”