(ਸਮਾਜ ਵੀਕਲੀ)
“ਜਿਨਕੇ ਦਿਨ ਮਨਾਤੇ ਹੋ ਉਨਕੀ ਬਾਤੇਂ ਬੀ ਮਾਨਾ ਕਰੋ”
ਅੰਬੇਡਕਰ ਇੱਕ ਉਹ ਸ਼ਖ਼ਸੀਅਤ ਸੀ ਜਿਨ੍ਹਾਂ ਨੇ ਕਿਸੇ ਮਸੀਹੇ ਦੀ ਉਡੀਕ ਕੀਤਿਆਂ ਬਿਨਾਂ ਆਪ ਉੱਚ ਪੱਧਰੀ ਸਿੱਖਿਆ ਹਾਸਲ ਕਰਕੇ, ਆਪ ਉੱਚੇ ਮੁਕਾਮ ਤੇ ਪਹੁੰਚ ਕੇ ਕਰੋੜਾਂ ਲੋਕਾਂ ਨੂੰ ਅੱਗੇ ਲਿਆਉਣ ਲਈ ਜੱਦੋਜਹਿਦ ਕੀਤੀ ਤੇ ਕਾਮਯਾਬ ਵੀ ਹੋਏ !
ਅੰਬੇਡਕਰ ਸਾਹਿਬ ਨੇ “ਵਿਚਾਰੇ ਜਿਹੇ (ਹਮਦਰਦੀ ਲੈਣ ਵਾਲੇ)” ਬਣਨ ਦੀ ਬਜਾਏ ਆਪਣੇ ਜਜ਼ਬੇ ਨਾਲ ਵੱਡਿਆਂ ਦੇ ਬਰਾਬਰ ਆਪਣਾ ਰੁਤਬਾ ਕਾਇਮ ਕੀਤਾ !
ਅੰਬੇਡਕਰ ਸਾਹਿਬ ਨੂੰ ਪਾਣੀ ਪੀਣ ਵੇਲ਼ੇ ਵਿਤਕਰਾ ਝੱਲਣਾ ਪਿਆ, ਦੂਜਿਆਂ ਨਾਲ ਖੇਡਣ ਸਮੇਂ ਵਿਤਕਰਾ ਝੱਲਣਾ ਪਿਆ, ਸਕੂਲ ਵਿੱਚ ਪੜਾਈ ਕਰਦੇ ਸਮੇਂ ਵਿਤਕਰਾ ਝੱਲਣਾ ਪਿਆ, ਦੂਜਿਆਂ ਬਰਾਬਰ ਬੈਠ ਕੇ ਖਾਣ ਵੇਲ਼ੇ ਵਿਤਕਰਾ ਝੱਲਣਾ ਪਿਆ ਪਰ ਉਨ੍ਹਾਂ ਨੇ ਇਸ ਰੋਸ ਨੂੰ ਇਸ ਗੁੱਸੇ ਨੂੰ ਸਾਕਾਰਾਤਮਕ ਊਰਜਾ ਵਜੋਂ ਪੜ੍ਹਾਈ ਵਾਲੇ ਪਾਸੇ ਵਰਤ ਕੇ ਆਪਣੀ ਸ਼ਖ਼ਸੀਅਤ ਨੂੰ ਉੱਚਾ ਚੁੱਕਿਆ !
#ਅਫ਼ਸੋਸ
ਅੱਜ ਅਫ਼ਸੋਸ ਹੈ ਕਿ “ਜੈ ਭੀਮ, ਜੈ ਭਾਰਤ, ਜੈ ਸੰਵਿਧਾਨ” ਦਾ ਨਾਅਰਾ ਲਾਉਣ ਵਾਲੇ ਹੀ ਭਾਵ ਕਿ ਆਪਣੇ ਆਪ ਨੂੰ ਅੰਬੇਡਕਰ ਵਾਦੀ ਕਹਿਣ ਵਾਲੇ ਉਸ ਸੋਚ ਤੇ ਚੱਲਣ ਨੂੰ ਤਿਆਰ ਨਹੀਂ !
“ਜੈ ਭੀਮ” ਦਾ ਨਾਅਰਾ ਲਾਉਣਾ ਬਹੁਤ ਆਸਾਨ ਹੈ ਪਰ ਉਸ ਭੀਮ ਵਰਗਾ ਬਣਨ ਨੂੰ ਕੋਈ ਤਿਆਰ ਨਹੀਂ, ਅੰਬੇਡਕਰ ਸਾਹਿਬ ਚਾਹੁੰਦੇ ਸੀ ਕਿ ਗ਼ਲਤ ਸਿਸਟਮ ਦੇ ਖਿਲਾਫ ਹਮੇਸ਼ਾ ਆਵਾਜ਼ ਉੱਠਦੀ ਰਹੇ, ਲੋਕ ਉਸਦੇ ਖਿਲਾਫ਼ ਆਵਾਜ਼ ਚੁੱਕਦੇ ਰਹਿਣ ਪਰ ਸੱਚਾਈ ਇਹ ਹੈ ਕਿ ਲੋਕ ਹਿੱਤਾਂ ਦੀ ਆਵਾਜ਼ ਚੁੱਕਣ ਦੀ ਬਜਾਏ ਲੋਕ ਫੋਟੋਆਂ ਅਤੇ ਝੰਡੇ ਚੁੱਕਣਾ ਜ਼ਿਆਦਾ ਜ਼ਰੂਰੀ ਸਮਝਦੇ ਹਨ !
“ਜੈ ਭਾਰਤ” ਕਹਿਣਾ ਬਹੁਤ ਆਸਾਨ ਹੈ ਪਰ ਇਸ ਦੇਸ਼ ਲਈ ਇੱਕ ਚੰਗਾ ਨਾਗਰਿਕ ਬਣਨਾ ਹੀ ਸਾਡੇ ਲਈ ਬਹੁਤ ਮੁਸ਼ਕਲ ਹੋਇਆ ਪਿਆ, ਅਸੀਂ ਭਾਰਤੀ ਲੋਕ ਹੀ ਸਭ ਤੋਂ ਵੱਧ ਭਾਰਤ ਵਿੱਚ ਗੰਦਗੀ ਫੈਲਾਉਣ ਲੱਗੇ ਹਾਂ, ਅਸੀਂ ਲੋਕ ਹੀ ਭ੍ਰਿਸ਼ਟਾਚਾਰ ਨੂੰ ਵਧਾਉਣ ਫੈਲਾਉਣ ਲਈ ਉਸਦੀਆਂ ਜੜ੍ਹਾਂ ‘ਚ ਪਾਣੀ ਦੇ ਰਹੇ ਹਾਂ, ਅਸੀਂ ਲੋਕ ਹੀ ਆਪਣੇ ਨਿੱਜ ਸਵਾਰਥਾਂ ਕਰਕੇ ਆਪਣੇ ਸਮਾਜ ਨੂੰ ਅਜਿਹਾ ਨਰਕ ਬਣਾ ਰਹੇ ਹਾਂ ਕਿ ਇੱਥੋਂ ਦੇ ਜੰਮਪਲ ਇੱਥੇ ਰਹਿਣ ਨੂੰ ਹੀ ਤਿਆਰ ਨਹੀਂ !
“ਜੈ ਸੰਵਿਧਾਨ” ਦਾ ਨਾਅਰਾ ਲਾਉਣਾ ਬਹੁਤ ਆਸਾਨ ਹੈ ਪਰ ਸੰਵਿਧਾਨ ਦੀ ਅਸੀਂ ਲੋਕ ਕਿੰਨੀ ਕੁ ਪਾਲਣਾ ਕਰਦੇ ਹਾਂ ਇਹ ਸਾਡੇ ਕਿਸੇ ਤੋਂ ਲੁਕਿਆ ਨਹੀਂ, ਆਮ ਲੋਕ ਰਾਜਨੀਤਕ ਅਤੇ ਬਿਊਰੋਕ੍ਰੇਸੀ ਤੇ ਦੋਸ਼ ਲਾਉਂਦੇ ਹਨ ਕਿ ਇਹ ਸੰਵਿਧਾਨ ਦੀ ਉਲੰਘਣਾ ਕਰਦੇ ਹਨ ਪਰ ਅਸੀਂ ਸਵੇਰ ਤੋਂ ਲੈਕੇ ਰਾਤ ਤੱਕ ਕਿੰਨੇ ਹੀ ਕਨੂੰਨ/ਨਿਯਮ ਤੋੜਕੇ ਦਿਨ ਪਰ ਦਿਨ ਕਾਨੂੰਨ ਪ੍ਰਣਾਲੀ ਨੂੰ ਕਮਜ਼ੋਰ ਕਰਦੇ ਜਾ ਰਹੇ ਹਾਂ ਇਸ ਬਾਰੇ ਸਾਡੇ ਲੋਕਾਂ ਨੂੰ ਕੋਈ ਸੁੱਧ ਬੁੱਧ ਹੀ ਨਹੀਂ ਹੈ !
ਅੰਬੇਡਕਰ ਸਾਹਿਬ ਦਾ ਇੱਕ ਦਿਨ ਜਨਮਦਿਨ ਮਨਾ ਕੇ ਮੁੜ 364 ਦਿਨ ਕਨੂੰਨ ਦੀ ਉਲੰਘਣਾ, ਗੈਰ ਸਮਾਜਿਕ ਕੁਰੀਤੀਆਂ, ਧਰਮਾਂ ਪਿੱਛੇ ਲੜਾਈਆਂ, ਜਾਤ-ਪਾਤ ਵਗੈਰਾ ਵਗੈਰਾ ਦੇ ਚਿੱਕੜ ‘ਚ ਲਿੱਬੜੇ ਰਹਿੰਦੇ ਹਾਂ ਤੇ 14 ਅਪ੍ਰੈਲ ਨੂੰ ਅੰਬੇਡਕਰ ਸਾਹਿਬ ਦੇ ਜਨਮਦਿਨ ਤੇ ਉਨ੍ਹਾਂ ਦੀ ਫੋਟੋ ਤੇ ਫੁੱਲ ਚੜਾ ਕੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਦਾ ਢਕਵੰਜ਼ ਕਰਦੇ ਹਾਂ !
ਹੱਦ ਤਾਂ ਉਦੋਂ ਹੋ ਜਾਂਦੀ ਜਦੋਂ ਜਿਸ ਅੰਬੇਡਕਰ ਸਾਹਿਬ ਨੇ “ਧਾਰਮਿਕ ਸਥਾਨਾਂ ਦੀਆਂ ਟੱਲੀਆਂ” ਤੋਂ ਮੋੜ ਕੇ “ਸਕੂਲਾਂ ਦੀਆਂ ਟੱਲੀਆਂ” ਵੱਲ ਭੱਜਣ ਲਈ ਪ੍ਰੇਰਿਤ ਕੀਤਾ ਤੇ ਅੱਜ ਉਸੇ ਨੂੰ ਉਸੇ ਨੂੰ ਹੀ “ਦੇਵਤਾ” ਬਣਾਕੇ ਪੂਜਣ ਵਿੱਚ ਲੋਕ ਮਸਰੂਫ ਹੋਣ ਲੱਗੇ ਹਨ !
ਕਦੇ ਬੁੱਧ ਨੂੰ ਖ਼ਤਮ ਕਰਨ ਲਈ ਭਗਵਾਨ ਬਣਾਇਆ ਗਿਆ, ਕਦੇ ਨਾਨਕ ਪਾਤਸ਼ਾਹ ਨੂੰ ਖ਼ਤਮ ਕਰਨ ਲਈ ਭਗਵਾਨ ਬਣਾਇਆ ਗਿਆ, ਕਦੇ ਕਬੀਰ ਸਾਹਿਬ ਦੀ ਵਿਚਾਰਧਾਰਾ ਨੂੰ ਖ਼ਤਮ ਕਰਨ ਲਈ ਭਗਵਾਨ ਬਣਾਇਆ ਗਿਆ ਤੇ ਅੱਜ ਉਸੇ ਤਰ੍ਹਾਂ ਅੰਬੇਡਕਰ ਸਾਹਿਬ ਦੀ ਇੰਨਕਲਾਬੀ ਸੋਚ ਨੂੰ ਖ਼ਤਮ ਕਰਨ ਲਈ ਉਨ੍ਹਾਂ ਨੂੰ ਭਗਵਾਨ ਬਣਾਇਆ ਗਿਆ !
ਡਾ. ਭੀਮ ਰਾਓ ਅੰਬੇਡਕਰ ਸਾਹਿਬ ਜੀ ਦਾ ਸੰਘਰਸ਼ਮਈ ਜੀਵਨ ਵਾਕਿਆ ਹੀ ਬਾਕਮਾਲ ਸੀ, ਉਨ੍ਹਾਂ ਦੀ ਜੱਦੋਜਹਿਦ ਅੱਗੇ ਸਿਰ ਝੁਕਦਾ ਹੈ, ਉਨ੍ਹਾਂ ਦੇ ਉੱਚੇ ਮੁਕਾਮ ਤੇ ਪਹੁੰਚਣ ਵਾਲੇ ਸਫ਼ਰ ਤੋਂ ਮਿਲਦੀ ਸਕਾਰਾਤਮਕ ਊਰਜਾ (Motivation) ਵਿਲੱਖਣ ਹੈ ਤੇ ਬੰਦੇ ਅੰਦਰਲੇ ਹਮਦਰਦੀ ਲੈਣ ਵਾਲੇ ਕੀੜੇ ਨੂੰ ਖ਼ਤਮ ਕਰਕੇ ਅਗਾਂਹਵਧੂ ਸੋਚ ਵਾਲੀ ਹੈ !
ਜੋਰਾ ਸਿੰਘ ਬਨੂੜ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly