(ਸਮਾਜ ਵੀਕਲੀ)
ਰੂਹ ਨੂੰ ਲਹੂ ਲਹਾਨ ਕਰ ਜਾਂਦੇ
ਕੰਡਿਆਂ ਦੇ ਇਹ ਝਾੜ ਨੀ ਜਿੰਦੇ
ਮਿਲਦੇ ਨਵੇਂ ਜ਼ਖ਼ਮ ਨੇ ਏਥੇ
ਨਾ ਤੂੰ ਭਾਲ ਚੰਦਰੀਏ ਪਿਆਰ ਨੀ ਜਿੰਦੇ ।
ਬੋਲਣ ਬੋਲ ਕੁਬੋਲ ਨੇ ਡਾਢੇ
ਡਿੱਗਦੇ ਜਿਵੇਂ ਅੰਗਿਆਰ ਨੀ ਜਿੰਦੇ
ਅੰਦਰ ਬਾਹਰ ਸੜ ਭੁਜ ਜਾਵੇ
ਨਾ ਤੂੰ ਭਾਲ ਚੰਦਰੀਏ ਪਿਆਰ ਨੀ ਜਿੰਦੇ ।
ਜਿਉਂਦਿਆਂ ਨੂੰ ਗਿਰਝਾਂ ਖਾਂਦੀਆਂ
ਬੰਦੇ ਖਾਵਣ ਮੁਰਦਾਰ ਨੀ ਜਿੰਦੇ
ਏਥੇ ਆਪਣਾ ਮਾਸ ਬਚਾ ਲੈ ਨੀ
ਨਾ ਤੂੰ ਭਾਲ ਚੰਦਰੀਏ ਪਿਆਰ ਨੀ ਜਿੰਦੇ ।
ਜ਼ਹਿਰਾਂ ਖਾਂਦੇ ਜ਼ਹਿਰਾਂ ਪੀਂਦੇ
ਜ਼ਹਿਰਾਂ ਦਾ ਕਰਨ ਵਪਾਰ ਨੀ ਜਿੰਦੇ ।
ਧਰਤ ਤੋਂ ਅੰਬਰ ਤੱਕ ਜ਼ਹਿਰੀ ਹੋਇਆ
ਨਾ ਤੂੰ ਭਾਲ ਚੰਦਰੀਏ ਪਿਆਰ ਨੀ ਜਿੰਦੇ ।
ਜਗਤਾਰ ਸਿੰਘ ਹਿੱਸੋਵਾਲ



