ਮੁਰਦਾ ਲੋਕ

ਮਲਕੀਤ ਹਰਦਾਸਪੁਰੀ, ਗਰੀਸ

(ਸਮਾਜ ਵੀਕਲੀ)

ਨਿੱਤ ਜ਼ੁਲਮ ਤਸ਼ੱਦਦ ਸਹਿੰਦੇ ਨੇ,
ਪਰ ਮੂੰਹੋਂ ਕੁੱਝ ਨਾਂ ਕਹਿੰਦੇ ਨੇ।
ਇੰਨ੍ਹਾਂ ਅੰਦਰ ਕੋਈ ਪੀੜ ਨਈ,
ਕਦੇ ਜਾਗੀ ਅਣਖ਼ ਜ਼ਮੀਰ ਨਈ।
ਖ਼ੂਨ ਦੀਆਂ ਵਿੱਚ ਨਦੀਆਂ ਦੇ,
ਨਿੱਤ ਦੇਖੇ ਨੇ ਮੈਂ ਰੁੜ੍ਹਦੇ ਲੋਕ।
ਦੇਖਣ ਨੂੰ ਤੁਰਦੇ ਫਿਰਦੇ ਨੇ,
ਪਰ,ਅਸਲੀਅਤ ਵਿੱਚ ਨੇਂ ਮੁਰਦਾ ਲੋਕ।

ਇਹ ਖਾਂਦੇ ਵੀ ਤੇ ਪੀਂਦੇ ਵੀ,
ਸਾਹ ਲੈਂਦੇ ਵੀ ਤੇ ਜੀਂਦੇ ਵੀ।
ਇਹ ਸਕੇ ਪੇਟ ਦੇ ਲੋਕ ਹੋਏ,
ਪੱਲ,ਪੱਲ, ਮਰਦੇ ਤੇ ਜੀਂਦੇ ਵੀ।
ਭਾਵੇਂ ਸ਼ਾਮਲ ਵਿੱਚ ਇਕੱਠਾਂ ਦੇ,
ਪਰ ਫਿਰ ਵੀ ਨਈ ਇਹ ਜੁੜਦੇ ਲੋਕ।
ਮੁਰਦਾ ਲੋਕ…

ਭਾਵੇਂ ਜਾਬਰ ਗੁੰਡਾ ਗਰਦੀ ਦੇ,
ਸਭ ਹੱਦਾਂ ਬੰਨੇ ਲੰਘ ਜਾਵੇ।
ਲੁੱਟ ਇਜ਼ੱਤਾਂ ਭਰੇ ਬਾਜ਼ਾਰਾਂ ਵਿੱਚ,
ਭਾਵੇਂ ਨਾਲ ਦਰੱਖਤਾਂ ਟੰਗ ਜਾਵੇ।
ਇਹ ਦੱਬੇ ਪੈਰੀਂ ਲੰਘ ਜਾਂਦੇ,
ਨਈ ਮੁਰਦੇ ਕਦੀ ਮਨਾਉਂਦੇ ਸੋਗ।
ਮੁਰਦਾ ਲੋਕ.…

ਬ੍ਰਹਮਣ ਜੁੱਤੀ ਵਿੱਚ ਪਿਸ਼ਾਬ ਪਿਆਏ,
ਚੁੱਪ ਕਰਕੇ ਇਹ ਪੀ ਲੈਂਦੇ।
ਧਰਤੀ ਤੇ ਥੁੱਕਿਆ ਚੱਟ ਲੈਂਦੇ,
ਡਰਦੇ,ਡਰਦੇ ਬੁੱਲ ਸੀਅ ਲੈਂਦੇ।
ਨਾਂ ਇੱਜ਼ਤ,ਅਣਖ਼, ਈਮਾਨ ਕਿਤੇ,
ਇਹ ਨਿੱਤ ਗ਼ਮਾਂ ਵਿੱਚ ਝੂਰਦੇ ਲੋਕ।
ਮੁਰਦਾ ਲੋਕ…

ਇਹ ਰੋਂਦੇ ਤੇ ਕੁਰਲਾਉਂਦੇ ਨੇ,
ਤਾਵੀਂ ਹਾਰ ਦੇ ਜਸ਼ਨ ਮਨਾਉਂਦੇ ਨੇ।
ਸਦੀਆਂ ਤੋਂ ਛਿੱਤਰ ਖਾ,ਖਾ ਵੀ,
ਨਿੱਤ ਇੱਜ਼ਤਾਂ ਨੂੰ ਲੁਟਵਾਉਂਦੇ ਨੇ।
ਇੰਨ੍ਹਾਂ ਰਾਸ ਗ਼ੁਲਾਮੀ ਆ ਗਈ ਏ,
ਬੜੇ ਢੀਠ ਨੇ ਨਈ ਇਹ ਮੁੜਦੇ ਲੋਕ।
ਮੁਰਦਾ ਲੋਕ…

ਬ੍ਰਹਮਣ ਦੇ ਸਭ ਕੈਦੀ ਹੋਏ,
ਨਰਕ,ਸੁਰਗ, ਭਗਵਾਨ ਦੇ ਪਿੰਜਰੇ।
ਅੰਧ-ਵਿਸ਼ਵਾਸੀ ਲੋਕ ਬਣਾਂ ਕੇ,
ਅਕਲਾਂ ਨੂੰ ਇਸ ਲਾਏ ਜ਼ਿੰਦਰੇ।
ਨਾਂ ਨਰਕ,ਸੁਰਗ
ਨਾਂ ਰੱਬ ਕਿਤੇ,
ਸੱਚ ਦੇ ਪੈਂਡੇ ਨਈਂ ਤੁਰਦੇ ਲੋਕ।
ਮੁਰਦਾ ਲੋਕ…

ਅੱਖਾਂ ਤੱਕਦੀਆਂ ਨਦੀਆਂ ਖ਼ੂਨ ਦੀਆਂ,
ਕੰਨ ਸੁਣਦੇ ਚੀਖ਼ ਚਹਾੜੇ ਨੂੰ।
ਲੋਕੀ ਸਭ ਕੁੱਝ ਤੱਕ ਕੇ ਮੌਨ ਰਹਿੰਦੇ,
ਇਸ ਜਾਬਰ ਦੇ ਵਰਤਾਰੇ ਨੂੰ।
ਹਰਦਾਸਪੁਰੀ ਭਾਵੇਂ ਜ਼ਨਮ ਲੈਂਦੇ,
ਇਹ ਨਈ ਇਨਸਾਨ ਕਹਾਉਣ ਦੇ ਯੋਗ।
ਦੇਖਣ ਨੂੰ ਤੁਰਦੇ,ਫਿਰਦੇ ਨੇ,
ਪਰ, ਅਸਲੀਅਤ ਵਿੱਚ ਨੇਂ ਮੁਰਦਾ ਲੋਕ।..

ਮਲਕੀਤ ਹਰਦਾਸਪੁਰੀ

ਫ਼ੋਨ-0306947249768

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਹੀਦ ਭਾਈ ਲਖਵੀਰ ਸਿੰਘ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਅਤੇ ਗੋਲਡ ਕਬੱਡੀ ਕੱਪ
Next articleਏਹੁ ਹਮਾਰਾ ਜੀਵਣਾ ਹੈ -230