ਅੰਮ੍ਰਿਤਸਰ (ਸਮਾਜ ਵੀਕਲੀ): ਅੰਮ੍ਰਿਤਸਰ ਦਾ ਹਲਕਾ ਵਿਧਾਨ ਸਭਾ ਪੂਰਬੀ, ਜਿੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਵਿਚਾਲੇ ਸਿਰ-ਧੜ ਦੀ ਬਾਜ਼ੀ ਲੱਗੀ ਹੋਈ ਹੈ, ਵਿੱਚ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਿੱਧੂ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਰੋਡ ਸ਼ੋਅ ਕੀਤਾ ਹੈ।
ਇਸ ਤੋਂ ਪਹਿਲਾਂ ਸਿੱਧੂ ਦੇ ਹੱਕ ਵਿਚ ਕਾਂਗਰਸ ਦੀ ਸਟਾਰ ਪ੍ਰਚਾਰਕ ਪ੍ਰਿਯੰਕਾ ਗਾਂਧੀ ਵੀ ਰੋਡ ਸ਼ੋਅ ਕਰ ਚੁੱਕੇ ਹਨ। ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਲਕੇ ਦੇ ਇਲਾਕੇ ਤੁੰਗਪਾਈ ਤੋਂ ਜੋੜਾ ਫਾਟਕ ਤੱਕ ਰੋਡ ਸ਼ੋਅ ਕੀਤਾ। ਮੁੱਖ ਮੰਤਰੀ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੋਵੇਂ ਇਕੋ ਵਾਹਨ ਵਿਚ ਸਵਾਰ ਸਨ। ਚੰਨੀ ਅਤੇ ਸਿੱਧੂ ਦੋਵਾਂ ਨੇ ਇਕੱਠੇ ਪ੍ਰਚਾਰ ਕਰਦਿਆਂ ਇਹ ਵੀ ਸੁਨੇਹਾ ਦਿੱਤਾ ਹੈ ਕਿ ਉਹ ਇਸ ਚੋਣ ਜੰਗ ਵਿਚ ਇਕੱਠੇ ਹਨ। ਇਸ ਕਾਫਲੇ ਵਿਚ ਵੱਡੀ ਗਿਣਤੀ ਵਿਚ ਕਾਰਾਂ ਸ਼ਾਮਲ ਸਨ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਕਾਂਗਰਸੀ ਸਮਰਥਕ ਹਾਜ਼ਰ ਸਨ। ਰਸਤੇ ਵਿਚ ਕਾਂਗਰਸੀ ਸਮਰਥਕਾਂ ਵੱਲੋਂ ਚੰਨੀ ਅਤੇ ਸਿੱਧੂ ਦੋਵਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਮੁੱਖ ਮੰਤਰੀ ਨੇ ਹੱਥ ਜੋੜ ਕੇ ਲੋਕਾਂ ਤੋਂ ਸਿੱਧੂ ਦੇ ਹੱਕ ਵਿੱਚ ਵੋਟਾਂ ਮੰਗੀਆਂ। ਮੁੱਖ ਮੰਤਰੀ ਦੇ ਕਾਫ਼ਲੇ ਦੇ ਕਾਰਨ ਸਬੰਧਤ ਇਲਾਕੇ ਵਿਚ ਆਮ ਲੋਕਾਂ ਦੀ ਆਵਾਜਾਈ ਰੋਕ ਦਿੱਤੀ ਗਈ ਸੀ, ਆਵਾਜਾਈ ਪ੍ਰਭਾਵਿਤ ਹੋਣ ਕਾਰਨ ਆਮ ਲੋਕ ਪ੍ਰੇਸ਼ਾਨ ਦਿਖਾਈ ਦਿੱਤੇ।
ਹਲਕੇ ਦੇ ਨਾਰਾਜ਼ ਲੋਕਾਂ ਤੋਂ ਮੁਆਫ਼ੀ ਮੰਗ ਰਹੇ ਨੇ ਸਿੱਧੂ
ਇਸ ਹਲਕੇ ਵਿਚ ਸ੍ਰੀ ਸਿੱਧੂ ਦੀ ਇਸੇ ਕਾਰਨ ਭਾਰੀ ਵਿਰੋਧਤਾ ਵੀ ਹੋ ਰਹੀ ਹੈ ਕਿ ਉਹ ਪੰਜ ਸਾਲ ਲੋਕਾਂ ਦੇ ਸੰਪਰਕ ਵਿਚ ਨਹੀਂ ਰਹੇ। ਲੋਕਾਂ ਦੇ ਦੁੱਖ-ਸੁੱਖ ਦੇ ਭਾਈਵਾਲ ਨਹੀਂ ਬਣੇ। ਇਸ ਵਿਰੋਧਤਾ ਨੂੰ ਹੁਣ ਸਿੱਧੂ ਨੇ ਵੀ ਮਹਿਸੂਸ ਕੀਤਾ ਹੈ ਅਤੇ ਉਹ ਆਪਣੇ ਹਲਕੇ ਦੇ ਲੋਕਾਂ ਕੋਲੋਂ ਇਸ ਗਲਤੀ ਲਈ ਮੁਆਫ਼ੀ ਵੀ ਮੰਗ ਰਹੇ ਹਨ। ਬੀਤੇ ਦੋ ਦਿਨ ਤੋਂ ਆਪਣੀ ਹਰ ਚੋਣ ਰੈਲੀ ਵਿਚ ਲੋਕਾਂ ਤੋਂ ਇਸ ਗਲਤੀ ਦੀ ਮੁਆਫ਼ੀ ਮੰਗਦਿਆਂ ਆਖ ਰਹੇ ਹਨ ਕਿ ਭਵਿੱਖ ਵਿਚ ਹਲਕੇ ਦੇ ਲੋਕਾਂ ਦੇ ਸੰਪਰਕ ਵਿਚ ਰਹਿਣ ਲਈ ਇਕ ਫੋਨ ਲਾਈਨ ਵੱਖਰੀ ਰੱਖਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly