ਮੋਦੀ ਦਾ ਸੁਸ਼ਾਸਨ ਇਸ਼ਤਿਹਾਰਾਂ ਤੱਕ ਸੀਮਤ: ਪ੍ਰਿਯੰਕਾ

ਪਠਾਨਕੋਟ (ਸਮਾਜ ਵੀਕਲੀ):  ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਭੰਡਦਿਆਂ ਕਿਹਾ ਕਿ ਇਸ ਦਾ ਸੁਸ਼ਾਸਨ (ਚੰਗਾ ਰਾਜ ਪ੍ਰਬੰਧ) ਸਿਰਫ਼ ਇਸ਼ਤਿਹਾਰਾਂ ਵਿੱਚ ਹੀ ਨਜ਼ਰ ਆਉਂਦਾ ਹੈ। ਪ੍ਰਿਯੰਕਾ ਨੇ ਦੋਸ਼ ਲਾਇਆ ਕਿ ਭਾਜਪਾ ਤੇ ਆਮ ਆਦਮੀ ਪਾਰਟੀ (ਆਪ) ਸਿਆਸੀ ਲਾਹੇ ਲਈ ਧਰਮ ਤੇ ਭਾਵਨਾਵਾਂ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹਵਾਲੇ ਨਾਲ ਕਿਹਾ ਕਿ ‘ਬੜੀ ਮੀਆਂ ਤੋਂ ਬੜੇ ਮੀਆਂ, ਛੋਟੇ ਮੀਆਂ ਸੁਭਾਨ ਅੱਲ੍ਹਾ’। ਉਨ੍ਹਾਂ ਕਿਹਾ ਕਿ ਦੋਵਾਂ ਦਾ ਪਿਛੋਕੜ ਆਰਐੱਸਐੱਸ ਹੈ।

ਕਾਂਗਰਸ ਦੀ ਜਨਰਲ ਸਕੱਤਰ ਨੇ ਪਠਾਨਕੋਟ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਮੋਦੀ ਜੀ ਦਾ ਸੁਸ਼ਾਸਨ ਸਿਰਫ਼ ਇਸ਼ਤਿਹਾਰਾਂ ਵਿੱਚ ਨਜ਼ਰ ਆਉਂਦਾ ਹੈ। ਦੇਸ਼ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਜੇਕਰ ਚੰਗਾ ਰਾਜ ਪ੍ਰਬੰਧ ਹੁੰਦਾ ਤਾਂ ਦੇਸ਼ (ਲੋਕਾਂ ਲਈ) ’ਚ ਰੁਜ਼ਗਾਰ ਹੁੰਦਾ ਤੇ ਮਹਿੰਗਾਈ ਨਾਂ ਦੀ ਕੋਈ ਚੀਜ਼ ਨਾ ਹੁੰਦੀ। ਸੁਸ਼ਾਸਨ ਹੁੰਦਾ ਤਾਂ ਸਰਕਾਰੀ ਮਾਲਕੀ ਵਾਲੇ ਅਦਾਰੇ (ਪੀਐੱਸਯੂ’ਜ਼), ਜਿਹੜੇ ਰੁਜ਼ਗਾਰ ਪੈਦਾ ਕਰਦੇ ਹਨ, ਉਨ੍ਹਾਂ (ਮੋਦੀ) ਆਪਣੇ ਜਿਗਰੀ ਯਾਰਾਂ ਨੂੰ ਨਾ ਵੇੇਚੇ ਹੁੰਦੇ।’’ ਪ੍ਰਿਯੰਕਾ ਨੇ ਕਿਹਾ ਕਿ ਦੇਸ਼ ਦੇ ਗਰੀਬ ਲੋਕਾਂ, ਛੋਟੇ ਵਪਾਰੀਆਂ ਤੇ ਛੋਟੇ ਉਦਯੋਗਪਤੀਆਂ ਨੂੰ ਇਸ ਵੇਲੇ ਬਹੁਤ ਸਾਰੀਆਂ ਮੁਸ਼ਕਲਾਂ ਦਰਪੇਸ਼ ਹਨ, ਪਰ ਕਿਸੇ ਨੂੰ ਇਨ੍ਹਾਂ ਦੀ ਕੋਈ ਫ਼ਿਕਰ ਨਹੀਂ ਹੈ। ਪ੍ਰਿਯੰਕਾ ਨੇ ਕਿਹਾ, ‘‘ਸੁਸ਼ਾਸਨ ਕਿੱਥੇ ਹੈ?’’ ਉਨ੍ਹਾਂ ਕਿਹਾ ਕਿ ਸਰਕਾਰ ਦਾ ਗੁੁਣਗਾਣ ਕਰਦੀ ਇਸ਼ਤਿਹਾਰਬਾਜ਼ੀ ’ਤੇ 2000 ਕਰੋੜ ਰੁਪਏ ਖਰਚੇ ਗਏ ਹਨ।

ਭਾਜਪਾ ਤੇ ‘ਆਪ’ ਨੂੰ ਲੰਮੇ ਹੱਥੀਂ ਲੈਂਦਿਆਂ ਪ੍ਰਿਯੰਕਾ ਨੇ ਕਿਹਾ, ‘‘ਦੋਵੇਂ (ਪਾਰਟੀਆਂ) ਰਾਜਨੀਤੀ ਕਰਨ ਲਈ ਧਰਮ ਤੇ ਲੋਕਾਂ ਦੀਆਂ ਭਾਵਨਾਵਾਂ ਦਾ ਸਹਾਰਾ ਲੈਂਦੀਆਂ ਹਨ। ਉਹ ਵਿਕਾਸ ਦੀ ਗੱਲ ਨਹੀਂ ਕਰਦੀਆਂ।’’ ਰੈਲੀ ਦੌਰਾਨ ਮੋਦੀ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਹਮਲੇ ਕਰਦਿਆਂ ਕਾਂਗਰਸੀ ਆਗੂ ਨੇ ਕਿਹਾ, ‘‘ਜਦੋਂ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬੀਅਤ ਦੀ ਗੱਲ ਕਰਦਿਆਂ ਸੁਣਦੀ ਹਾਂ, ਮੇਰਾ ਹਾਸਾ ਨਿਕਲ ਜਾਂਦਾ ਹੈ। ਮੈਂ ਸੋਚਦੀ ਹਾਂ ਕਿ ਉਨ੍ਹਾਂ ਨੂੰ ਪੰਜਾਬੀਅਤ ਦੀ ਸਮਝ ਕਿਵੇਂ ਆਉਂਦੀ ਹੈ? ਇਸ ਨੂੰ ਸਮਝਣ ਲਈ ਤੁਹਾਨੂੰ ਇਸ ਨੂੰ ਜਿਉੂਣਾ ਪੈਂਦਾ ਹੈ। ਪੰਜਾਬੀਅਤ ਇਕ ਜਜ਼ਬਾ ਹੈ।’’ ਉਨ੍ਹਾਂ ਕਿਹਾ, ‘‘ਜਿਹੜੇ ਲੋਕ ਤੁਹਾਡੇ ਅੱਗੇ ਪੰਜਾਬ ਤੇ ਪੰਜਾਬੀਅਤ ਦੀਆਂ ਗੱਲਾਂ ਕਰਦੇ ਹਨ, ਉਨ੍ਹਾਂ ਵਿਚੋਂ ਇਕ ਤਾਂ ਆਪਣੇ ਬਹੁਤ ਵੱਡੇ ਧਨਾਢ ਦੋਸਤਾਂ ਅੱਗੇ ਝੁੱਕਿਆ ਪਿਆ ਹੈ ਜਦੋਂਕਿ ਦੂਜਾ ਕੇਜਰੀਵਾਲ ਹੈ, ਜੋੋ ਸਿਆਸਤ ਤੇ ਸੱਤਾ ਲਈ ਕਿਸੇ ਵੀ ਅੱਗੇ ਝੁਕ ਸਕਦਾ ਹੈ। ਇਹੀ ਸੱਚ ਹੈ।’’ ਉਨ੍ਹਾਂ ਮੋਦੀ ਤੇ ਕੇੇਜਰੀਵਾਲ ’ਤੇ ਚੁਟਕੀ ਲੈਂਦਿਆਂ ਕਿਹਾ, ‘‘ਬੜੇ ਮੀਆਂ ਤੋਂ ਬੜੇ ਮੀਆਂ, ਛੋਟੇ ਮੀਆਂ ਸੁਭਾਨ ਅੱਲ੍ਹਾ।’’ ਪੰਜਾਬ ਦੀ 117 ਮੈਂਬਰੀ ਵਿਧਾਨ ਸਭਾ ਲਈ 20 ਫਰਵਰੀ ਨੂੰ ਵੋਟਾਂ ਪੈਣਗੀਆਂ ਜਦੋਂਕਿ ਨਤੀਜਿਆਂ ਦਾ ਐਲਾਨ ਹੋਰਨਾਂ ਚਾਰ ਰਾਜਾਂ ਨਾਲ 10 ਮਾਰਚ ਨੂੰ ਹੋਵੇਗਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਧੂ ਦੀ ਸਥਿਤੀ ਮਜ਼ਬੂਤ ਕਰਨ ਲਈ ਮੈਦਾਨ ’ਚ ਡਟੇ ਚੰਨੀ
Next articleਚੰਨੀ ਤੇ ਬਾਦਲ ਮਿਲ ਕੇ ‘ਆਪ’ ਨੂੰ ਭੰਡ ਰਹੇ: ਕੇਜਰੀਵਾਲ