ਪਰਦਾ

ਬਰਜਿੰਦਰ ਕੌਰ ਬਿਸਰਾਓ..

(ਸਮਾਜ ਵੀਕਲੀ)– ਨੀ ਨਰਾਇਣ ਕੁਰੇ,ਘਰੇ ਈ ਆਂ…?” ਤਾਈ ਬਿਸ਼ਨੀ ਨੇ ਦਰ ਵੜਦਿਆਂ ਹੀ ਪੁੱਛਿਆ। ”
ਹਾਂ ਜੀ,ਬੇਬੇ ਜੀ,ਘਰ ਈ ਆਂ…ਆ ਜਾਓ,ਲੰਘ ਆਓ ਗਾਂਹ”, ਨਰਾਇਣ ਕੁਰ ਨੇ ਤਾਈਂ ਬਿਸ਼ਨੀ ਨੂੰ ਬੈਠਣ ਲਈ ਪੀੜ੍ਹੀ ਡਾਹੁੰਦਿਆਂ ਕਿਹਾ। ਜਿਵੇਂ ਹੀ ਤਾਈ ਬਿਸ਼ਨੀ ਆ ਕੇ ਬੈਠੀ ਨਰਾਇਣ ਕੁਰ ਨੇ ਉਸ ਨੂੰ ਆਖਿਆ,”ਤਾਈ ਜੀ ਮੱਥਾ ਟੇਕਦੀਆਂ” ਤਾਂ ਤਾਈ ਬਿਸ਼ਨੀ ਨੇ ਅਸੀਸਾਂ ਦੀ ਝੜੀ ਲਾਉਂਦਿਆਂ ਕਿਹਾ, “ਵਾਹਗੁਰੂ ਭਲਾ ਕਰੇ ਨੀ ਧੀਏ ਬੁੱਢ ਸੁਹਾਗਣ ਹੋਵੇ… ਨੀਂ ਦੁਧੀਂ ਨ੍ਹਾਵੇਂ,ਪੁੱਤੀ ਫਲੇਂ…।”

ਨਰਾਇਣ ਕੁਰ ਨੇ ਤਾਈ ਬਿਸ਼ਨੀ ਨੂੰ ਹਾਲ ਪੁੱਛਿਆ ਤੇ ਕਿਹਾ, “ਤਾਈ ਜੀ, ਹੋਰ ਸਭ ਰਾਜ਼ੀ ਬਾਜੀ ਏ?”
” ਨੀ ਧੀਏ, ਮੈਨੂੰ ਕੀ ਹੋਣੈਂ,ਰਾਜ਼ੀ ਓ ਈ ਆਂ ……….ਕੀ ਆਖਾਂ…ਆਪਣਾ ਝੱਗਾ ਚੱਕਿਆਂ ਆਪਣਾ ਈ ਢਿੱਡ ਨੰਗਾ ਹੁੰਦਾ…, ਕਿਸੇ ਅੱਗੇ ਕੀ ਪਰਦੇ ਫੋਲੀਏ ਧੀਏ…।” ਤਾਈ ਬਿਸ਼ਨੀ ਨੇ ਨਿਰਾਸ਼ਾ ਭਰੇ ਲਹਿਜੇ ਵਿੱਚ ਜਵਾਬ ਦਿੰਦਿਆਂ ਆਖਿਆ।
ਦਰ ਅਸਲ ਤਾਈ ਬਿਸ਼ਨੀ ਦੇ ਇੱਕੋ ਧੀ ਸੀ ਜਿਸ ਨੂੰ ਵਿਆਹਿਆਂ ਵੀਹ ਪੱਚੀ ਵਰ੍ਹੇ ਹੋ ਗਏ ਸਨ। ਉਸ ਦੇ ਵੀ ਦੋ ਜੁਆਕ ਸਨ ,ਵੱਡੀ ਕੁੜੀ ਜੁਆਨ ਵਿਆਹੁਣ ਵਾਲੀ ਸੀ ਤੇ ਉਸ ਤੋਂ ਛੋਟਾ ਮੁੰਡਾ ਵੀ ਕੁੜੀ ਤੋਂ ਦੋ ਕੁ ਸਾਲ ਹੀ ਛੋਟਾ ਸੀ। ਤਾਈ ਨੇ ਸਾ਼ਰੀ ਉਮਰ ਰੰਡੇਪੇ ਵਿੱਚ ਕੱਟੀ ਸੀ। ਇੱਕ ਕਿੱਲਾ ਜ਼ਮੀਨ ਸੀ। ਥੋੜ੍ਹੀ ਜਿਹੀ ਜ਼ਮੀਨ ਵਿੱਚ ਗੁਜ਼ਾਰਾ ਕਰਕੇ ਆਪਣੀ ਧੀ ਨੂੰ ਪਾਲ਼ਿਆ ਅਤੇ ਵਿਆਹਿਆ ਸੀ। ਉਂਝ ਤਾਂ ਤਾਈ, ਨਰਾਇਣ ਕੁਰ ਦੇ ਸ਼ਰੀਕੇ ਵਿੱਚੋਂ ਹੀ ਤਾਈ ਲੱਗਦੀ ਸੀ ਪਰ ਉਸ ਨਾਲ ਇਹਦਾ ਪਿੰਡ ਦੀਆਂ ਬਾਕੀ ਸਾਰੀਆਂ ਨੂੰਹਾਂ ਧੀਆਂ ਨਾਲੋਂ ਜ਼ਿਆਦਾ ਮੋਹ ਸੀ। ਨਰਾਇਣ ਕੁਰ ਵੀ ਤਾਈ ਦਾ ਔਖ-ਸੌਖ ਦਾ ਸਮਾਂ ਬਿਨਾਂ ਕਿਸੇ ਨੂੰ ਸੂਹ ਲੱਗੇ ਸਾਰ ਦਿੰਦੀ ਸੀ। ਚਾਹੇ ਤਾਈ ਨੇ ਆਪਣੀ ਕੁੜੀ ਦਸਵੀਂ ਤੱਕ ਹੀ ਪੜ੍ਹਾਈ ਸੀ ਪਰ ਕਦੇ ਉਸ ਦੀ ਫ਼ੀਸ ਭਰਨ ਨੂੰ ਤਾਈ ਕੋਲ਼ ਪੈਸੇ ਨਾ ਹੁੰਦੇ ਤਾਂ ਨਰਾਇਣ ਕੁਰ ਚੁੱਪਚਾਪ ਕੁੜੀ ਦੀ ਫ਼ੀਸ ਲਈ ਪੈਸੇ ਦੇ ਦਿੰਦੀ। ਕੁੜੀ ਨੇ ਨਵੀਂ ਜਮਾਤ ਵਿੱਚ ਚੜ੍ਹਨਾ ਤਾਂ ਨਰਾਇਣ ਕੁਰ ਨੇ ਉਸ ਨੂੰ ਵਰਦੀ ਸਵਾ ਦੇਣੀ।ਉਸ ਨੇ ਤਾਈ ਨੂੰ ਦਾਲ ਸਬਜ਼ੀ ਤਾਂ ਕਦੇ ਹੀ ਬਣਾਉਣ ਦਿੱਤੀ ਹੋਵੇਗੀ।ਕੰਧ ਸਾਂਝੀ ਹੋਣ ਕਰਕੇ ਉਸ ਨੇ ਤਾਈ ਨੂੰ ਹਾਕ ਮਾਰ ਕੇ ਪਹਿਲਾਂ ਹੀ ਕਹਿ ਦੇਣਾ,”ਤਾਈ ਅੱਜ ਏਧਰ ਸਾਗ ਬਣਿਆ ਜਾਂ ਦਾਲ ਬਣੀ ਆ, ਤੂੰ ਨਾ ਕੁਛ ਰਿੰਨ੍ਹਣ ਬਹਿ ਜੀਂ,ਡੇਢ ਜੀਅ ਐਂ , ਕਿੱਥੇ ਢਾਣਸ ਕਰਦੀ ਫਿਰੇਂਗੀ?”ਇਸ ਤਰ੍ਹਾਂ ਨਰਾਇਣ ਕੁਰ ਆਨੀ ਬਹਾਨੀ ਉਸ ਦੀ ਮਦਦ ਕਰਨ ਲਈ ਤਤਪਰ ਰਹਿੰਦੀ ਸੀ।ਕੁੜੀ ਦੇ ਵਿਆਹ ਦਾ ਅੱਧੇ ਤੋਂ ਵੱਧ ਖਰਚ ਨਰਾਇਣ ਕੁਰ ਨੇ ਹੀ ਕੀਤਾ ਸੀ,ਕੁਛ ਤਾਈ ਨੇ ਉਧਾਰ ਫ਼ੜ ਕੇ ਕੀਤਾ ਸੀ। ਤਾਈ ਬਿਸ਼ਨੀ ਨਾਲ ਨਰਾਇਣ ਕੁਰ ਦਾ ਪਤਾ ਨੀ ਐਨਾ ਮੋਹ ਕਿਉਂ ਸੀ।

ਅਸਲ ਵਿੱਚ ਜਦ ਨਰਾਇਣ ਕੁਰ ਵਿਆਹੀ ਆਈ ਸੀ ਤਾਂ ਉਦੋਂ ਤਾਈ ਦਾ ਜੀਵਨ ਬਹੁਤ ਖ਼ੁਸ਼ਹਾਲ ਸੀ । ਤਾਇਆ ਬਿਸ਼ਨਾ ਸਕੀਮੀ ਬੰਦਾ ਸੀ।ਉਸ ਨੂੰ ਪਤਾ ਸੀ ਕਿ ਇੱਕ ਕਿੱਲੇ ਦੀ ਖੇਤੀ ਨਾਲ ਗੁਜ਼ਾਰੇ ਕਿੱਥੇ ਹੁੰਦੇ ਨੇ,ਇਸ ਲਈ ਉਹ ਥੋੜ੍ਹੇ ਸਮੇਂ ਵਿੱਚ ਉੱਗਣ ਵਾਲ਼ੀਆਂ ਸਬਜ਼ੀਆਂ ਦੀ ਖੇਤੀ ਕਰਦਾ। ਉਹਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਦਾ ਤੇ ਝਾੜ ਚੰਗਾ ਹੁੰਦਾ।ਇਸ ਤਰ੍ਹਾਂ ਉਹ ਸਬਜ਼ੀਆਂ ਨੂੰ ਆਪ ਹੀ ਰੇੜ੍ਹੇ ਤੇ ਸ਼ਹਿਰ ਮੰਡੀ ਵਿੱਚ ਵੇਚ ਕੇ ਆਉਂਦਾ।ਤਾਇਆ ਸਵੇਰ ਨੂੰ ਜਾਂਦਾ ਸੀ‌ ਤੇ ਸਬਜ਼ੀਆਂ ਵੇਚ ਕੇ ਦੁਪਹਿਰ ਤੱਕ ਮੁੜ ਆਉਂਦਾ। ਆਉਂਦਾ ਹੋਇਆ ਮੰਡੀਓਂ ਫ਼ਲ ਖਰੀਦ ਲਿਆਉਂਦਾ। ਸ਼ਾਮ ਨੂੰ ਫੇਰ ਅਗਲੇ ਦਿਨ ਮੰਡੀ ਜਾਣ ਦੀ ਤਿਆਰੀ ਕਰਦਾ। ਘਰ ਦੀਆਂ ਸਬਜ਼ੀਆਂ ਤੇ ਫ਼ਲ ਤਾਈ ਨਰਾਇਣ ਕੁਰ ਨੂੰ ਕੰਧ ਤੋਂ ਹੀ ਹਾਕ ਮਾਰ ਕੇ ਫੜਾ ਦਿੰਦੀ।ਤਾਈ ਦੇ ਘਰ ਦੇ ਨਾਲ ਨਾਲ ਇਹਨਾਂ ਦੇ ਘਰ ਵੀ ਸਬਜ਼ੀਆਂ ਫਲਾਂ ਦੀ ਕੋਈ ਤੋਟ ਨਾ ਆਉਂਦੀ। ਵੈਸੇ ਵੀ ਤਾਏ ਬਿਸ਼ਨੇ ਦਾ ਵਿਆਹ ਘੱਟ ਜ਼ਮੀਨ ਹੋਣ ਕਰਕੇ ਤੀਹਾਂ ਤੋਂ ਸੱਤ ਟੱਪਕੇ ਹੋਇਆ ਸੀ। ਤਾਈ ਬਹੁਤੇ ਗਰੀਬ ਘਰ ਦੀ ਹੋਣ ਕਰਕੇ ਤਾਏ ਤੋਂ ਪੰਦਰਾਂ ਵਰ੍ਹੇ ਛੋਟੀ ਸੀ।ਪਰ ਦੋਵੇਂ ਆਪਣੀ ਪੰਜ ਕੁ ਵਰ੍ਹਿਆਂ ਦੀ ਧੀ ਨਾਲ ਵਧੀਆ ਖ਼ੁਸ਼ਹਾਲ ਜੀਵਨ ਬਤੀਤ ਕਰ ਰਹੇ ਸਨ।ਤਾਈ ਬਿਸ਼ਨੀ ਤੇ ਨਰਾਇਣ ਕੁਰ ਦਾ ਉਮਰ ਵਿੱਚ ਦਸ ਬਾਰਾਂ ਕੁ ਸਾਲ ਦਾ ਹੀ ਫਰਕ ਸੀ।ਜਿਸ ਦਿਨ ਦੀ ਨਰਾਇਣ ਕੁਰ ਵਿਆਹੀ ਆਈ ਸੀ ਉਸ ਦਿਨ ਤੋਂ ਹੀ ਦੋਹਾਂ ਦੀ ਆਪਸ ਵਿੱਚ ਬਹੁਤ ਬਣਦੀ ਸੀ। ਤਾਈ ਦੀ ਧੀ ਪਾਲੋ ਵੀ ਬਹੁਤਾ ਸਮਾਂ ਨਵੀਂ ਭਾਬੀ ਕੋਲ਼ ਹੀ ਖੇਡਦੀ ਤੇ ਨਰਾਇਣ ਕੁਰ ਨੂੰ ਦੇਖ ਦੇਖ ਫੁੱਲੀ ਨਾ ਸਮਾਉਂਦੀ।

ਅਕਸਰ ਰੱਬ ਦਾ ਭਾਣਾ ਤਾਂ ਮੰਨਣਾ ਹੀ ਪੈਂਦਾ, ਇੱਕ ਦਿਨ ਤਾਇਆ ਮੰਡੀਓਂ ਘਰ ਨੂੰ ਬੁਖਾਰ ਚੜ੍ਹੇ ਚੜ੍ਹਾਏ ਹੀ ਆਇਆ। ਉਂਝ ਤਾਂ ਪਿੰਡ ਦੇ ਸੁਰਜੂ ਡਾਕਟਰ ਤੋਂ ਗੋਲੀਆਂ ਲੈ ਲਈਆਂ ਸਨ ਪਰ ਪਤਾ ਨਹੀਂ ਕਿਉਂ, ਤਾਏ ਨੂੰ ਦੋ ਕੁ ਦਿਨ ਬੁਖਾਰ ਚੜ੍ਹ ਕੇ ਅਚਨਚੇਤ ਤਾਏ ਦੀ ਮੌਤ ਹੋ ਗਈ ਸੀ।ਜਿਸ ਕਰਕੇ ਨਰਾਇਣ ਕੁਰ ਨੇ ਤਾਈ ਦਾ ਇਹ ਦੁੱਖ ਦਿਲ ਤੇ ਲਾ ਲਿਆ ਸੀ । ਘਰੋਂ ਸੌਖੀ ਅਤੇ ਦਿਲੋਂ ਚੰਗੀ ਹੋਣ ਕਰਕੇ ਨਰਾਇਣ ਕੁਰ ਨੇ ਤਾਈ ਦੀ ਹਰ ਮੁਸ਼ਕਲ ਨੂੰ ਆਪਣੀ ਸਮਝ ਕੇ ਹੱਲ ਕੀਤਾ ਸੀ। ਉਂਝ ਤਾਂ ਤਾਈ ਵੀ ਹੌਸਲੇ ਵਾਲੀ ਔਰਤ ਸੀ ਪਰ ਅੱਜ ਉਹ ਕੁਝ ਉਦਾਸ ਸੀ।

ਨਰਾਇਣ ਕੁਰ ਨੇ ਤਾਈ ਨੂੰ ਹੌਂਸਲੇ ਭਰੇ ਬੋਲਾਂ ਨਾਲ ਉਸ ਦੀ ਉਦਾਸੀ ਦਾ ਕਾਰਨ ਪੁੱਛਦਿਆਂ ਕਿਹਾ,” ਤਾਈ ਇਹ ਕੀ ਆਖਦੀ ਐਂ… ਤੁਸੀਂ ਕੋਈ ਓਪਰੀ ਜਗ੍ਹਾ ਬੈਠੇ ਐਂ ? ਬੇਝਿਜਕ ਹੋ ਕੇ ਆਪਣੇ ਦਿਲ ਦੀ ਗੱਲ ਦੱਸੋ ।ਅੱਗੇ ਕਦੇ ….।”
ਵਿੱਚੋਂ ਟੋਕ ਕੇ ਤਾਈਂ ਬੋਲੀ,” ਨਾ ਨਾ ਧੀਏ… ਤਾਂ ਹੀ ਤਾਂ ਤੇਰੇ ਘਰ ਦਾ ਬੂਹਾ ਦਿਸ ਜਾਂਦੈ ਮੈਨੂੰ…” ਨਾਲ ਹੀ ਉਹ ਅੱਖਾਂ ਭਰ ਆਈ।

ਤਾਈ ਨੇ ਕੋਲ਼ ਨੂੰ ਹੁੰਦਿਆਂ ਹੌਲੀ ਜਿਹੀ ਆਖਿਆ,”ਧੀਏ, ਮੇਰੀ ਦੋਹਤੀ ਨੇ ਮਰਜਾਣੀ ਨੇ, ਤੇਰੀ ਭੈਣ ਦੇ ਸਹੁਰਿਆਂ ਦੇ ਪਿੰਡ ਦਾ ਮੁੰਡਾ ਪਸੰਦ ਕਰ ਲਿਆ। ਮੈਂ ਤਾਂ ਓਹਦੀ ਮਾਂ ਨੂੰ ਪਹਿਲਾਂ ਈ ਕਿਹਾ ਸੀ, ਧੀਆਂ ਧਿਆਣੀਆਂ ਤਾਂ ਘਰਾਂ ਚ ਕੰਮ ਕਰਦੀਆਂ ਈ ਸੋਹੰਦੀਆਂ ਨੇ, ਇਨ੍ਹਾਂ ਨੂੰ ਬਹੁਤੀ ਖੁੱਲ੍ਹ ਨੀ ਦੇਣੀ ਚਾਹੀਦੀ,ਅਖੇ ……..ਮੈਂ ਤਾਂ ਕੁੜੀ ਪੜ੍ਹਾਉਣੀ ਆ ਬੇਬੇ,ਆ ਵੱਡੀ ਪੜਾਕੂ ਨੇ ਲਾਤੇ ਰੰਗ…..।”ਤਾਈ ਬਿਸ਼ਨੀ ਇੱਕੋ ਸਾਹ ਬੋਲੀ ਜਾ ਰਹੀ ਸੀ।

ਨਰਾਇਣ ਕੁਰ ਨੇ ਵਿੱਚੋਂ ਟੋਕ ਕੇ ਆਖਿਆ,”ਕੋਈ ਨਾ ਤਾਈ….ਤਾਅ ਨਾ ਚੜ੍ਹਾਅ ਬਹੁਤਾ…. ਐਵੇਂ ਦੁਖੀ ਕਾਹਨੂੰ ਹੁੰਨੀ ਐਂ….” ਨਰਾਇਣ ਕੁਰ ਨੇ ਫਿਰ ਪੁੱਛਿਆ,”ਕੁੜੀ ਨੇ ਆਪ ਦੱਸਿਆ ਕਿ ਬਾਹਰੋਂ ਕਿਤੋਂ ਪਤਾ ਲੱਗਿਐ?”
“ਨਾ ਨੀ ਧੀਏ….ਆਪ ਈ ਕੁਲੱਛਣੀ ਨੇ ਦੱਸ ਦਿੱਤਾ, ਅੱਜ ਕੱਲ੍ਹ ਦੇ ਜਵਾਕਾਂ ਨੂੰ ਕਿਹੜਾ ਕੋਈ ਸ਼ਰਮ ਹਿਆ ਆ,ਆਪਦੀ ਮਾਂ ਨੂੰ ਅੰਦਰ ਵੜ ਕੇ ਕਹਿੰਦੀ ,’ਮੰਮੀ ਮੇਰੇ ਨਾਲ ਬੈਂਕ ਵਿੱਚ ਇੱਕ ਮੁੰਡਾ ਨੌਕਰੀ ਕਰਦਾ,ਉਹ ਵੀ ਮੈਨੂੰ ਪਸੰਦ ਕਰਦਾ ਤੇ ਮੈਂ ਵੀ ਓਹਨੂੰ ਪਸੰਦ ਕਰਦੀ ਆਂ’ …….ਨੀ ਨਰਾਇਣ ਕੁਰੇ ਜਮਾਂ ਈ ਸ਼ਰਮ ਲਾਹਤੀ ਅੱਜ ਕੱਲ੍ਹ ਦੇ ਪਾੜ੍ਹਿਆਂ ਨੇ….ਮਾੜੀ ਮੋਟੀ ਸ਼ਰਮ ਤਾਂ ਕਰ ਲੈਂਦੀ ਜਣਨ ਵਾਲੀ ਦੀ…..ਜੇ ਓਹਦੇ ਪਿਓ ਨੂੰ ਪਤਾ ਲੱਗ ਗਿਆ,ਓਹਨੇ ਵੱਢ ਕੇ ਡੱਕਰੇ ਕਰ ਦੇਣੇ ਆ।”ਤਾਈ ਨੇ ਗੁੱਸੇ ਅਤੇ ਸ਼ਰਮ ਵਾਲੇ ਮਿਸ਼ਰਣ ਜਿਹੇ ਭਾਵ ਨਾਲ ਆਖਿਆ।

“ਮੈਂ ਤਾਂ ਓਹਦੀ ਮਾਂ ਨੂੰ ਆਖਿਆ ਸੀ, ਨੀ ਤੂੰ ਅੰਦਰੇ ਕਿਉਂ ਨਾ ਗਲ਼ ਘੁੱਟ ਕੇ ਦੱਬਤੀ ….।”ਤਾਈਂ ਫਿਰ ਗੁੱਸੇ ਵਿੱਚ ਬੋਲੀ।
ਨਰਾਇਣ ਕੁਰ ਤਾਈ ਨੂੰ ਟੋਕ ਕੇ ਥੋੜ੍ਹੇ ਜਿਹੇ ਹਰਖ ਨਾਲ ਆਖਿਆ,” ਹਾਏ !ਹਾਏ ਤਾਈ, ਤੇਰੇ ਮੂੰਹੋਂ ਵੀ ਐਹੇ ਜਿਹੇ ਬੋਲ ਨਿਕਲ ਜਾਂਦੇ ਨੇ…, ਕੁੜੀ ਨਿਕਲੀ ਤਾਂ ਨੀ,ਉਹਨੇ ਮਾਂ ਨੂੰ ਆਪ ਦੱਸਿਆ, ਤੁਸੀਂ ਸ਼ੁਕਰ ਕਰੋ….. ਕੁੜੀ ਕਿੰਨੀ ਸਮਝਦਾਰ ਆ।”

“ਸਵਾਹ ਸਮਝਦਾਰ ਆ….ਆਪੇ ਮੁੰਡਾ ਲੱਭਣਾ ਕਿਹੜੀ ਸਮਝਦਾਰੀ ਹੋਈ ਧੀਏ…….?” ਤਾਈ ਨੇ ਕਿਹਾ।
“ਤਾਈ ਕੁੜੀ ਪੜ੍ਹੀ ਲਿਖੀ ਆ, ਨੌਕਰੀ ਕਰਦੀ ਆ, ਤੂੰ ਫ਼ਿਕਰ ਨਾ ਕਰ, ਮੈਂ ਕੱਲ੍ਹ ਨੂੰ ਈ ਭੈਣ ਕੋਲ ਜਾ ਕੇ ਆਉਨੀ ਆਂ, ਤੂੰ ਮੁੰਡੇ ਤੇ ਮੁੰਡੇ ਦੇ ਪਿਓ ਦਾ ਨਾਂ ਪੁੱਛ ਕੁੜੀ ਤੋਂ।”ਨਰਾਇਣ ਕੁਰ ਨੇ ਫੇਰ ਸਹਿਮਤੀ ਪ੍ਰਗਟਾਉਂਦਿਆਂ ਕਿਹਾ।
” ਮੁੰਡੇ ਦਾ ਨਾਓਂ ਸੁਖਦੀਪ ਆ ਤੇ ਪਿਓ ਦਾ ਨਾਓਂ ਹਰਨੇਕ ਸਿਹੁੰ ਆ…।” ਤਾਈ ਨੇ ਫਟਾਫਟ ਦੱਸਿਆ।
“ਕੋਈ ਨਾ ਤਾਈ ਮੈਂ ਕੱਲ੍ਹ ਨੂੰ ਈ ਪਤਾ ਕਰਾਉਨੀ ਆਂ,ਜੇ ਮੁੰਡਾ ਚੰਗਾ ਹੋਇਆ ਤਾਂ…..,”ਨਰਾਇਣ ਕੁਰ ਕਹਿੰਦੀ ਕਹਿੰਦੀ ਚੁੱਪ ਕਰ ਗਈ।

ਅਗਲੇ ਦਿਨ ਸਵਖਤੇ ਹੀ ਨਰਾਇਣ ਕੁਰ ਆਪਣੇ ਵੱਡੇ ਮੁੰਡੇ ਨਾਲ ਸਕੂਟਰ ਤੇ ਆਪਣੀ ਭੈਣ ਦੇ ਪਿੰਡ ਚਲੀ ਗਈ। ਜਦ ਉਸ ਨੇ ਮੁੰਡੇ ਤੇ ਮੁੰਡੇ ਦੇ ਪਿਓ ਦਾ ਨਾਂ ਲੈ ਕੇ ਆਪਣੀ ਭੈਣ ਤੋਂ ਪੁੱਛਿਆ ਤਾਂ ਉਹ ਉਸ ਦੇ ਪ੍ਰਾਹੁਣੇ ਦੇ ਤਾਏ ਦੇ ਪੁੱਤ-ਪੋਤਾ ਹੀ ਨਿਕਲ਼ੇ।ਉਸ ਦੀ ਭੈਣ ਨੇ ਦੱਸਿਆ ਮੁੰਡਾ ਤੇ ਉਸ ਦਾ ਪਰਿਵਾਰ ਰੱਜ ਕੇ ਸਾਊ ਹਨ।ਬਸ ਫਿਰ ਕੀ ਸੀ, ਨਰਾਇਣ ਕੁਰ ਨੇ ਬਿਨਾਂ ਸਮਾਂ ਗੁਆਏ ਆਪਣੀ ਭੈਣ ਨੂੰ ਵਿੱਚ ਪਾ ਕੇ ਉਹਨਾਂ ਨਾਲ ਰਿਸ਼ਤੇ ਦੀ ਗੱਲ ਤੋਰ ਲਈ। ਅਗਲੇ ਐਤਵਾਰ ਕੁੜੀ ਨੂੰ ਦੇਖਣ ਆਉਣ ਲਈ ਆਖ ਆਈ। ਓਧਰੋਂ ਤਾਈ ਬਿਸ਼ਨੀ ਨੇ ਆਪਣੇ ਜਵਾਈ ਨੂੰ ਨਰਾਇਣ ਕੁਰ ਦੇ ਰਿਸ਼ਤਾ ਕਰਾਉਣ ਦੀ ਗੱਲ ਆਖੀ ਤੇ ਦੇਖ- ਦਿਖਾਈ ਹੋ ਕੇ ਰਿਸ਼ਤਾ ਪੱਕਾ ਹੋ ਗਿਆ। ਦੋ ਮਹੀਨੇ ਬਾਅਦ ਵਿਆਹ ਤੈਅ ਹੋ ਗਿਆ।ਪਤਾ ਹੀ ਨਾ ਲੱਗਿਆ ਦੋ ਮਹੀਨੇ ਕਿਵੇਂ ਨਿਕਲ ਗਏ।ਸਾਰੇ ਬਹੁਤ ਖੁਸ਼ ਸਨ।ਵਿਚੋਲਣ ਨਰਾਇਣ ਕੁਰ ਨੂੰ ਵੀ ਸਾਰੇ ਵਧਾਈਆਂ ਦੇ ਰਹੇ ਸਨ।

ਜਦ ਤਾਈ ਬਿਸ਼ਨੀ ਦੀ ਦੋਹਤੀ ਦੀ ਡੋਲੀ ਤੁਰ ਗਈ ਤਾਂ ਉਹ ਖੁਸ਼ੀ ਅਤੇ ਅਹਿਸਾਨ ਨਾਲ਼ ਅੱਖਾਂ ਭਰ ਆਈ ਤੇ ਨਰਾਇਣ ਕੁਰ ਨੂੰ ਜੱਫੀ ਵਿੱਚ ਘੁੱਟ ਕੇ ਪਿਆਰ ਕਰਦੀ ਹੋਈ ਆਖਣ ਲੱਗੀ,” ਨੀ ਧੀਏ ਮੈਂ ਤੇਰੇ ਕਿਹੜੇ ਕਿਹੜੇ ਅਹਸਾਨਾਂ ਦਾ ਕਰਜਾ ਚਕਾਊਂ, ਤੂੰ ਮੇਰਾ ਪਰਦਾ ਕੱਜ ਕੇ ਮੇਰੀ ਲਾਜ ਵੀ ਰੱਖੀ ਤੇ ਕਾਰਜ ਵੀ ਸੰਵਾਰਤਾ….ਨੀ ਧੀਏ ਤੂੰ ਜੁਗ ਜੁਗ ਜੀ… ਤੇਰੇ ਵਰਗੀਆਂ ਨੂੰਹਾਂ ਧੀਆਂ ਤਾਂ ਘਰ ਘਰ ਜੰਮਣ ਤੇ ਘਰ ਘਰ ਆਉਣ ‌‌‌‌‌‌‌‌‌‌‌‌‌‌‌‌‌‌‌‌‌‌‌‌‌।”
ਨਰਾਇਣ ਕੁਰ ਨੇ ਸਾਰਿਆਂ ਤੋਂ ਇਸ ਗੱਲ ਦਾ ਪਰਦਾ ਰੱਖ ਕੇ ਸੱਚ ਮੁੱਚ ਹੀ ਬਹੁਤ ਵੱਡਾ ਪੁੰਨ ਦਾ ਕੰਮ ਕੀਤਾ ਸੀ। ਤਾਈ ਬਿਸ਼ਨੀ ਉਸ ਨੂੰ ਅਸੀਸਾਂ ਦਿੰਦੀ ਨਾ ਥੱਕਦੀ।

ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘Russia sending new terrorist group to kill Ukrainian leadership’
Next articleਕਠਫੋੜਾ ਤੇ ਚਿੜੀ