ਕੜ੍ਹੀ ਪੱਤੇ ਦਾ ਬੂਟਾ (ਹਾਸ ਵਿਅੰਗ)

ਬਰਜਿੰਦਰ ਕੌਰ ਬਿਸਰਾਓ...

(ਸਮਾਜ ਵੀਕਲੀ)-  ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਜੀਵਨ ਕਿੰਨਾ ਸਿੱਧਾ ਸਾਦਾ ਹੁੰਦਾ ਸੀ। ਟੈਲੀਵਿਜ਼ਨ ਸ਼ਾਮ ਨੂੰ ਚੱਲਦਾ ਹੁੰਦਾ ਸੀ,ਉਹਦੇ ਵਿੱਚ ਵੀ ਬਹੁਤਾ ਸਮਾਂ ਐਨਟੀਨਾ ਘੁਮਾਉਣ ਵਾਲੇ ਨੂੰ ਦੱਸਦੇ ਈ ਲੰਘ ਜਾਂਦਾ ਸੀ,”ਆ ਗਿਆ….ਆ ਗਿਆ…..ਚਲੇ ਗਿਆ….. ਥੋੜ੍ਹਾ ਜਿਹਾ ਓਧਰ ਨੂੰ……. ਜ਼ਿਆਦਾ ਨੀ…..ਹਾਂ ਹਾਂ ਹਾਂ….. ਥੋੜ੍ਹਾ ਜਿਹਾ ਏਧਰ ਨੂੰ….ਬੱਸ ਬੱਸ ….।”ਟੀ ਵੀ ਮੂਹਰਲੇ ਬੈਠੇ ਬੈਠੇ ਜਦੋਂ ਇੱਕਦਮ ਉੱਚੀ ਦੇਣੇ “ਬੱਸ” ਕਹਿੰਦੇ ਤਾਂ ਉਪਰ ਵਾਲੇ ਨੂੰ ਪੱਕਾ ਹੋ ਜਾਂਦਾ ਤੇ ਉੱਤੋਂ ਹੀ ਬਾਂਦਰ ਵਾਂਗ ਵੱਡੀ ਸਾਰੀ ਛਾਲ ਮਾਰਕੇ ਕਾਹਲ਼ੀ ਨਾਲ਼ ਥੱਲੇ ਪਹੁੰਚਦਾ। ਠੀਕ ਕਰਦਿਆਂ ਦਾ ਚਿੱਤਰਹਾਰ ਵੀ ਲੰਘ ਜਾਂਦਾ ਸੀ। ਪਰ ਉਹ ਦਿਨ ਤਾਂ ਉਹੀ ਸੀ …. ਕਿੰਨੇ ਮਾਸੂਮ ਬੱਚੇ ਤੇ ਕਿੰਨੇ ਭੋਲ਼ੇ ਭਾਲ਼ੇ ਵੱਡੇ ਸੀ। ਗਰਮੀਆਂ ਚ ਦਾਲ਼ ਫੁਲਕਾ,ਪਿਆਜ਼ ਕੱਟ ਕੇ ਤੇ ਪੁਦੀਨੇ ਦੀ ਚਟਣੀ… ਕਿੰਨੇ ਸਵਾਦ ਨਾਲ ਖਾਂਦੇ ਸੀ। ਸੁੱਕੀ ਸਬਜ਼ੀ ਹੋਣੀਂ ਤਾਂ ਮਾਂ ਦੇ ਰੋਟੀ ਬਣਾਉਂਦੀ ਦੇ ਕੋਲ਼ ਪਟੜੀ ਤੇ ਬੈਠੇ ਬੈਠੇ ਕਦੇ ਕਦੇ ਹੱਥ ਤੇ ਰੋਟੀ ਰੱਖ ਕੇ ਹੀ ਉੱਤੇ ਸਬਜ਼ੀ ਪਾ ਕੇ ਰੋਟੀ ਖਾ ਲੈਣੀ …।

ਸਰਦੀਆਂ ਵਿੱਚ ਤਾਂ ਸੁੱਖ ਨਾਲ ਮੱਕੀ ਦੀ ਰੋਟੀ ਈ ਪਲੇਟ ਵਰਗੀ ਹੁੰਦੀ ਸੀ, ਥਾਲ ਵਿੱਚ ਰੱਖ ਕੇ ਓਹਦੇ ਉੱਤੇ ਸਾਗ ਪਾਕੇ ਵਿਚਾਲੇ ਮਖਣੀ ਦਾ ਚਿੱਟਾ ਪੇੜਾ ,ਦੇਖ ਦੇਖ ਭੁੱਖ ਹੋਰ ਵਧ ਜਾਣੀ , ਦੂਜੇ ਦਿਨ ਵੀ ਸਾਗ ਤੀਜੇ ਦਿਨ ਵੀ ਸਾਗ, ਜਿੰਨਾਂ ਪੁਰਾਣਾ ਹੋਈ ਜਾਣਾ ਤੜਕਾ ਲਾ ਕੇ ਓਨਾਂ ਹੀ ਸਵਾਦ ਹੋਈ ਜਾਣਾ।ਘਰ ਵਿੱਚ ਸਾਗ ਖ਼ਤਮ ਹੋਣ ਵਾਲ਼ਾ ਹੋਣਾ ਤਾਂ ਜਦ ਨੂੰ ਕਿਸੇ ਨਾ ਕਿਸੇ ਰਿਸ਼ਤੇਦਾਰੀ ਵਿੱਚੋਂ ਆ ਜਾਣਾ , ਉਹ ਦੇ ਕੇ ਵੀ ਤਾਂ ਐਡੀ ਪੰਡ ਜਾਂਦੇ ਹੁੰਦੇ ਸੀ, ਜਿੱਡੀ ਅੱਜ ਕੱਲ੍ਹ ਸਾਗ ਵੇਚਣ ਵਾਲੇ ਚੁੱਕੀ ਫਿਰਦੇ ਨੇ। ਦੋ ਤਿੰਨ ਘਰਾਂ ਵਿੱਚ ਦੇ ਕੇ ਬਾਕੀ ਆਪ ਧਰ ਦੇਣਾ। ਮਾਂ ਦੇ ਸਾਗ ਚੀਰਦੇ ਚੀਰਦੇ ਕੋਲ਼ ਕੱਟੀਆਂ ਹੋਈਆਂ ਗੰਦਲਾਂ ਨੂੰ ਛਿੱਲ ਛਿੱਲ ਕੇ ਕਚਰ ਕਚਰ ਖਾਈ ਜਾਣਾ। ਬਹੁਤੀ ਭੁੱਖ ਲੱਗਣੀਂ ਤਾਂ ਸ਼ਾਮ ਨੂੰ ਗਲ਼ੀ  ਦੇ ਮੋੜ ਤੇ ਜਾ ਕੇ ਮੱਕੀ ਦੇ ਦਾਣੇ ਭੁੰਨਾ ਲਿਆਉਣੇ ।ਗੁੜ ਦੀ ਰੋੜੀ ਨਾਲ਼ ਮੱਕੀ ਦੇ ਦਾਣੇ ਖਾ ਕੇ ਜਿਹੜਾ ਆਨੰਦ ਆਉਂਦਾ ਸੀ ਉਹਦੇ ਵਰਗਾ ਅਨੰਦ ਪੌਪ ਕੋਰਨਾਂ ਚ ਕਿੱਥੇ। ਅੱਜ ਕੱਲ੍ਹ ਤਾਂ ਹਫ਼ਤੇ ‘ਚ ਕੋਈ ਦਾਲ਼ ਸਬਜ਼ੀ ਦੂਜੀ ਵਾਰੀ ਬਣ ਜੇ ਤਾਂ ਬੱਸ ਵਿਚਾਰੀ ਸੁਆਣੀ ਨੂੰ ਘਰ ਵਿੱਚ ਜਿੰਨੇ ਮੈਂਬਰ ਓਨੀਆਂ ਹੀ ਗੱਲਾਂ ਸੁਣਨੀਆਂ ਪੈਂਦੀਆਂ। ਜਦੋਂ ਦਾ ਟੈਲੀਵਿਜ਼ਨ ਦਾ ਦਿਨ ਰਾਤ ਚੱਲਦੇ ਰਹਿਣ ਵਾਲਾ ਸਿਸਟਮ ਸ਼ੁਰੂ ਹੋਇਆ ਉਦੋਂ ਤੋਂ ਸਾਡੀਆਂ ਖਾਣ ਪੀਣ ਦੀਆਂ ਆਦਤਾਂ ਵੀ ਬਦਲਣ ਲੱਗੀਆਂ।ਬਦਲਨੀਆਂ ਤਾਂ ਆਪੇ ਸੀ ਕਦੇ ਕਿਸੇ ਚੈਨਲ ਤੇ ਕਦੇ ਕਿਸੇ ਚੈਨਲ ਤੇ ਕੁਛ ਨਾ ਕੁਛ ਨਵੇਂ ਨਵੇਂ ਖਾਣੇ ਬਣਾਉਣ ਨੂੰ ਦੱਸਦੇ ਰਹਿੰਦੇ ਨੇ। ਹੋਰ ਤਾਂ ਹੋਰ ਕੱਲੇ ਟੈਲੀਵਿਜ਼ਨ ਨੇ ਤਰੱਕੀ ਥੋੜ੍ਹਾ ਨਾ ਕੀਤੀ , ਚੁੱਲ੍ਹੇ ਤੇ ਸਟੋਵ ਖ਼ਤਮ ਹੋਏ ਗੈਸ ਆਏ, ਨਲ਼ਕੇ ਖ਼ਤਮ ਟੂਟੀਆਂ ਆਈਆਂ, ਫਰਿੱਜਾਂ ਆਈਆਂ,ਮੋਬਾਈਲ ਆਏ,ਉਹਦੇ ਚ ਯੂ ਟਿਊਬ ਆਈ, ਗੱਲ ਕੀ ਪਹਿਲਾਂ ਵਾਲ਼ਾ ਤਾਂ ਖਾਣਾ ਪੀਣਾ ਵੀ ਗਿਆ ,ਰੋਟੀ ਘਟੀ ਪੀਜ਼ਾ ਵਧਿਆ,ਕੜਾਹ ਗਏ ਪੁਡਿੰਗ ਆਈ, ਨੂਡਲਜ਼ ਆਏ,ਬਰਗਰ ਆਏ ਤਾਂ ਹੀ ਤਾਂ ਖਾ ਖਾ ਕੇ ਆਪ ਵੀ ਬਰਗਰ ਵਰਗੇ ਬਣਨ ਲੱਗ ਪਏ। ਸਾਡੀਆਂ ਮਾਵਾਂ ਦੇ ਹੱਥ ਦੀ ਬਣੀ ਕੜ੍ਹੀ ਤਾਂ ਖਾਂਦੇ ਹੁੰਦੇ ਸੀ ਪਰ ਆਹ ਕਿਹੜੀ ਬਲਾ ਹਰੇਕ ਰੈਸਿਪੀ ਵਿੱਚ ਕੜ੍ਹੀ ਪੱਤਾ ਪੈਂਦਾ। ਇਹ ਕੀ ਹੁੰਦਾ, ਕਿੱਥੋਂ ਮਿਲ਼ਦਾ,ਫਿਰ ਹੌਲੀ ਹੌਲੀ ਪਤਾ ਲੱਗਣ ਲੱਗਿਆ ਕਿ ਇਹ ਤਾਂ ਇੱਕ ਰੁੱਖ ਹੁੰਦਾ, ਓਹਦੇ ਨਾਲੋਂ ਤੋੜ ਕੇ ਪਾਉਂਦੇ ਆ। ਫਿਰ ਸੁਆਣੀਆਂ ਵੱਲੋਂ ਇਸ ਦੀ ਖੋਜ ਆਰੰਭੀ ਗਈ।ਦੂਰ ਨੇੜੇ ਕਿਤੇ ਲੱਗਿਆ ਰੁੱਖ ਸੁੰਘ ਸੁੰਘ ਕੇ ਮਸਾਂ ਲੱਭਣਾ ,ਫੇਰ ਟਹਿਣੀ ਹੀ ਤੋੜ ਲਿਆਉਣੀ। ਫੇਰ ਕੋਈ ਕੋਈ ਆਪਣੇ ਘਰ ਵਿੱਚ ਹੀ ਲਾਉਣ ਲੱਗੇ। ਮੈਨੂੰ ਵੀ ਹੈਦਰਾਬਾਦ ਜਾ ਕੇ ਪਤਾ ਲੱਗਿਆ ਕਿ ਇਹ ਤਾਂ ਦੱਖਣ ਵਾਲੇ ਪਾਸੇ ਹੀ ਜ਼ਿਆਦਾ ਹੁੰਦਾ।ਵੈਸੇ ਮੈਨੂੰ ਤਾਂ ਕੁਕਿੰਗ ਦਾ ਕੋਈ ਬਹੁਤਾ ਸ਼ੌਕ ਹੈ ਨਹੀਂ, ਨਾ ਨਵੀਆਂ ਨਵੀਆਂ ਰੈਸਪੀਆਂ ਸਿੱਖਣ ਦਾ ।ਉਹ ਇਸ ਲਈ ਕਿਉਂ ਕਿ ਵਿਚਾਰੀ ਜਨਾਨੀ ਰਸੋਈ ਵਿੱਚ ਖਾਣਾ ਬਣਾਈ ਜਾਊ ਨਾਲ਼ੇ ਖਾਈ ਜਾਣਗੇ, ਵਿੱਚੋਂ ਕੋਈ ਨਾ ਕੋਈ ਆਖੂ,”ਵਾਹ….ਬੜਾ ਸੁਆਦ ਆ…ਬਸ ਥੋੜ੍ਹਾ ਜਿਹਾ ਨੂਣ ਘੱਟ ਆ।” ਦੂਜਾ ਬੋਲੂ” ਖਾ ਕੇ ਮਜ਼ਾ ਆ ਗਿਆ….ਬਸ ਅੰਦਰੋਂ ਥੋੜ੍ਹਾ ਜਿਹਾ ਘੱਟ ਕੱਚਾ ਲੱਗਦਾ ਸੀ…..ਜੇ ਕਿਤੇ ਹੋਰ ਰੜ੍ਹਿਆ ਹੁੰਦਾ ਤਾਂ ਸਵਾਦ ਆ ਜਾਣਾ ਸੀ….” ਤੀਜਾ ਕੁਛ,ਚੌਥਾ ਕੁਛ” ਐਦੂੰ ਤਾਂ ਚੰਗਾ ਇਹਨਾਂ ਚੱਕਰਾਂ ਵਿੱਚ ਈ ਨਾ ਪਓ

।ਚੱਲੋ! ਇਹ ਤਾਂ ਮੇਰੀ ਨਿੱਜੀ ਸੋਚ ਹੈ। ਮੇਰੀ ਭੈਣ ਨੂੰ ਰੈਸਪੀਆਂ ਟਰਾਈ ਕਰਨ ਦਾ ਬੜਾ ਸ਼ੌਂਕ ਐ।ਉਹ ਕੜ੍ਹੀ ਪੱਤਾ ਗੁਆਂਢੀਆਂ ਦਿਓਂ ਮੰਗ ਕੇ ਲਿਆਉਂਦੀ ਸੀ । ਇੱਕ ਦਿਨ ਇੱਕ ਮਾਲੀ ਬੂਟੇ ਲਾਉਣ ਆਇਆ ਤਾਂ ਉਸ ਨੇ ਸਾਰੇ ਗਮਲੇ ਭਰੇ ਹੋਣ ਕਰਕੇ ਕੋਈ ਹੋਰ ਬੂਟਾ ਲਵਾਉਣ ਲਈ ਮਨ੍ਹਾ ਕਰ ਦਿੱਤਾ।ਫੇਰ ਉਸ ਨੇ ਓਹਦੇ ਹੱਥ ਵਿੱਚ ਕੜ੍ਹੀ ਪੱਤੇ ਦਾ ਬੂਟਾ ਦੇਖਿਆ ਤਾਂ ਉਸ ਤੋਂ ਉਹ ਬੂਟਾ ਇੱਕ ਗਮਲੇ ਵਿੱਚ ਲਵਾ ਲਿਆ,ਬਈ ਚੱਲ ਹੁਣ ਗੁਆਂਢੀਆਂ ਦਿਓਂ ਮੰਗਣ ਦਾ ਝੰਜਟ ਖਤਮ ਹੋਏ।ਉਸ ਨੇ ਆਪਣਾ ਕੁੱਤਾ ਓਨੀ ਦੇਰ ਸਾਹਮਣੇ ਲੌਬੀ ਵਿੱਚ ਬੰਦ ਕਰ ਦਿੱਤਾ।  ਮਾਲੀ ਬੂਟਾ ਬੇਦਿਲੀ ਜਿਹੀ ਨਾਲ ਲਾ ਕੇ ਗਿਆ ਕਿਉਂ ਕਿ ਉਸ ਨੇ ਇੱਕੋ ਬੂਟਾ ਲਵਾਇਆ ਸੀ। ਬੂਟਾ ਲਵਾ ਕੇ ਉਹ ਆਪ ਬਹੁਤ ਖੁਸ਼ ਸੀ ।ਉਸ ਨੂੰ ਉਸ ਬੂਟੇ ਵਿੱਚੋਂ ਵੱਡਾ ਸਾਰਾ ਕੜ੍ਹੀ ਪੱਤੇ ਦਾ ਰੁੱਖ ਨਜ਼ਰ ਆ ਰਿਹਾ ਸੀ। ਪੱਤਿਆਂ ਤੇ ਪੋਲਾ ਜਿਹਾ ਹੱਥ ਫੇਰ ਕੇ ਨੱਕ ਕੋਲ ਲਿਜਾ ਕੇ ਸੁੰਘਿਆ ਤਾਂ ਕਈ ਤਰ੍ਹਾਂ ਦੀਆਂ ਰੈਸਪੀਆਂ ਦੀਆਂ ਖੁਸ਼ਬੋ ਆਉਣ ਲੱਗੀਆਂ। ਉਸ ਨੇ ਸੋਚਿਆ,”ਚੱਲ ਸ਼ਾਮ ਨੂੰ ਇਡਲੀ ਸਾਂਬਰ ਬਣਾਊਂਗੀ, ਥੋੜ੍ਹੇ ਜਿਹੇ ਕੂਲੇ ਕੂਲੇ ਪੱਤੇ ਤੋੜ ਕੇ।” ਉਹ ਟੌਮੀ ਨੂੰ ਬਾਹਰ ਵਿਹੜੇ ਵਿੱਚ ਕੱਢ ਕੇ ਅੰਦਰ ਜਾ ਕੇ ਦੁਪਹਿਰ ਦਾ ਅਰਾਮ ਕਰਨ ਲੱਗੀ। ਟੌਮੀ ਮਾਲੀ ਦੇ ਪੈਰਾਂ ਵਾਲ਼ੀ ਜਗ੍ਹਾ ਨੂੰ ਸੁੰਘਦਾ ਸੁੰਘਦਾ ਕੜ੍ਹੀ ਪੱਤੇ ਤੱਕ ਵੀ ਪਹੁੰਚ ਗਿਆ। ਕੋਈ ਵੀ ਓਪਰਾ ਬੰਦਾ ਕੁੱਤਿਆਂ ਭਾਣੇ ਤਾਂ ਚੋਰ ਈ ਹੁੰਦਾ। ਕੜ੍ਹੀ ਪੱਤੇ ਦੇ ਬੂਟੇ ਨੂੰ ਵੀ ਮਾਲੀ ਦੇ ਹੱਥ ਲੱਗੇ ਹੋਏ ਸਨ। ਟੌਮੀ ਨੂੰ ਲੱਗਿਆ ਜਿਵੇਂ ਉਸ ਨੇ ਚੋਰ ਲੱਭ ਲਿਆ ਹੋਵੇ। ਬੱਸ ਫੇਰ ਕੀ ਸੀ ਉਸ ਨੇ ਬੂਟੇ ਦੀ ਉਹ ਦੁਰਗਤੀ ਕੀਤੀ ਕਿ ਪੁੱਛੋ ਨਾ ਕੁਛ। ਘੰਟੇ ਕੁ ਬਾਅਦ ਜਦ ਅਰਾਮ ਕਰਕੇ ਬੂਟੇ ਨੂੰ ਦੇਖਣ ਨਿਕਲੀ ਕਿ ਕਿਤੇ ਓਹਨੂੰ ਧੁੱਪ ਤਾਂ ਨੀ ਆ ਗਈ,ਕੜ੍ਹੀ ਪੱਤੇ ਦੇ ਬੂਟੇ ਦਾ ਹਾਲ ਤਾਂ ਐਨਕਾਉਂਟਰ ਚ ਮਰੇ ਪਏ ਅੱਤਵਾਦੀ ਵਾਲ਼ਾ ਹੋਇਆ ਪਿਆ ਸੀ।ਉਸ ਨੂੰ ਕੜ੍ਹੀ ਪੱਤੇ ਦੇ ਬੂਟੇ ਦੇ ਬਿਖਰੇ ਅੰਗਾਂ ਵਿੱਚੋਂ ਕਈ ਰੈਸਪੀਆਂ ਰੁੜ੍ਹ ਗਈਆਂ ਲੱਗ ਰਹੀਆਂ ਸਨ।

ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleRussian journalist killed by Ukrainian shelling in Zaporizhzhia: Defence Ministry
Next articleਵੈਕਟਰ ਬੌਰਨ ਅਤੇ ਦੂਸਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਬਚਾਅ ਲਈ ਜਾਗਰੂਕਤਾ ਗਤੀਵਿਧੀਆਂ ਜ਼ੋਰਾਂ ਤੇ