(ਸਮਾਜ ਵੀਕਲੀ) ਇਹ ਸੀਮਤ ਟਿੱਪਣੀ ਕਿਸੇ ਦੀ ਫੇਸਬੁੱਕ ਤੇ ਲਿਖੀ ਲਿਖਤ ਦੇ ਪ੍ਰਤਿਕਰਮ ‘ਚ ਸੀ।ਵੈਸੇ ਮੈਂ ਡਿਟੇਲ ‘ਚ ਤੇਰਾਂ ਚੌਦਾਂ ਕੜੀਆਂ ‘ਚ ਪਿਛਲੇ ਸਾਲ ਫੇਸਬੁੱਕ ਤੇ ਲਿਖ ਚੁੱਕਿਆਂ।ਸੋਚ ਰਿਹਾਂ ਇਹਨੂੰ ਚਾਲੀ ਪੰਜਾਹ ਪੇਜ਼ ਦਾ ਕਿਤਾਬੀ ਰੂਪ ਦੇ ਦਿਆਂ।ਸੰਖੇਪ ‘ਚ ਇਹੀ ਕਹਾਂਗਾ ਕਿ ਉਤਪਾਦਨ ਦੇ ਸਾਧਨਾਂ ਅੰਦਰ ਕੰਪਿਊਟਰ ਦੇ ਦਖਲ ਨਾਲ ਵੱਡੀ ਇੰਡਸਟਰੀ ਦੀ ਥਾਵੇਂ ਮਾਈਕਰੋ ਇੰਡਸਟਰੀ ਆ ਚੁੱਕੀ ਹੈ।ਬਹੁਤਾ ਕੰਮ ਇੰਡਸਟਰੀਅਲ ਮਜ਼ਦੂਰ ਦੀ ਥਾਂ ਕੰਪਿਊਟਰ ਕਰ ਰਿਹੈ ਜਿਸ ਨਾਲ ਉਤਪਾਦਨ ਦੀ ਬੜੌਤਰੀ ਸਿਖਰ ਵੱਲ ਪਹੁੰਚ ਰਹੀ ਹੈ।ਮਜ਼ਦੂਰ ਹੁਣ ਸਰਵਿਸ ਸੈਕਟਰ ਵੱਲ ਸ਼ਿਫਟ ਹੋ ਰਿਹੈ।ਇਹ ਧਾਰਨਾ ਕਿ ਇਕ ਫੈਕਟਰੀ ਥੱਲੇ ਹਜ਼ਾਰਾਂ ਮਜ਼ਦੂਰ ਕੰਮ ਕਰਦੇ ਸਨ,ਹੁਣ ਇਹ ਧਾਰਨਾ ਨਹੀਂ ਚੱਲੇਗੀ ਤੇ ਨਾ ਹੀ ਕ੍ਰਾਂਤੀ ਦਾ ਹਰਾਵਲ ਦਸਤਾ ਮਜ਼ਦੂਰ ਹੋਵੇਗਾ,ਉਹਦਾ ਭੋਗ ਪੈ ਚੁੱਕਿਐ। ਸਰਵਿਸ ਸੈਕਟਰ ਵੱਧਣ ਨਾਲ ਮਜ਼ਦੂਰ ਵੱਖ ਵੱਖ ਤਬਕਿਆਂ ਅੰਦਰ ਤਬਦੀਲ ਹੋ ਚੁੱਕੇ ਹਨ।ਕਾਰਪੋਰੇਟ ਲਈ ਕੰਮ ਕਰ ਰਹੇ ਘਰਾਂ, ਦਫ਼ਤਰਾਂ ਜਾਂ ਜਿੱਥੇ ਵੀ ਆਊਟਸੋਰਸਿੰਗ ਜਾਂ ਲੈਪਟੌਪ ਤੇ ਬੈਠੇ ਕਿਸੇ ਵੀ ਰੂਪ ਵਿਚ ਕੰਮ ਕਰ ਰਹੇ ਵਰਕਰ ਫੈਕਟਰੀ ਤੋਂ ਦੂਰ ਡਿਜ਼ਟਲੀ ਵਰਤਾਰੇ ਨਾਲ ਜੁੜੇ ਹੋਏ ਕਾਰਪੋਰੇਟ ਦੇ ਮੁਨਾਫ਼ਿਆਂ ਦਾ ਵਾਧਾ ਕਰ ਰਹੇ ਹਨ। AI ਦੀਆਂ ਮਹੀਨ ਪਰਤਾਂ ਬਾਰੇ ਬੇਸ਼ੱਕ ਮੈਨੂੰ ਹਾਲੇ ਜਾਣਕਾਰੀ ਨਹੀਂ ਹੈ,ਪਰ ਇਹ ਹਰ ਸ਼ੋਹਬੇ ਅੰਦਰ ਆ ਰਹੀ ਹੈ ਜਿਸ ਨਾਲ ਪੁਰਾਣੀ ਪੱਧਤੀ ਦੀਆਂ ਨੌਕਰੀਆਂ ਖਤਮ ਹੋਣਗੀਆਂ ਤੇ AI ਦੇ ਅਨੁਸਾਰੀ ਨੌਕਰੀਆਂ ਇਜ਼ਾਦ ਹੋ ਰਹੀਆਂ ਹਨ ਤੇ ਹੋਣਗੀਆਂ, ਇਹ ਤੈਅ ਹੈ। ਇਕ ਹੋਰ ਗੱਲ ਜੋ ਵਾਧੂ ਕਦਰ(surplus value) ਦਾ ਥੀਸਿਸ ਮਜ਼ਦੂਰ ਦੀ ਲੁੱਟ ਤੋਂ ਲਿਆ ਗਿਆ ਸੀ, ਹੁਣ ਇਹ ਮਸ਼ੀਨ ਦੇ ਸੰਦਰਭ ਵਿਚ ਸਮਝਣਾ ਪੈਣੈ। ਹੁਣ ਇਹ ਕਹੀਏ ਕਿ ਲੁੱਟ ਮਸ਼ੀਨ ਦੀ ਹੋ ਰਹੀ ਹੈ?ਨਹੀਂ ਨਾ,ਏਹੀ ਸਮੱਸਿਆ ਹੈ,ਇਹ ਨਵੀਆਂ ਹੋਣੀਆਂ ਸਾਡੇ ਸਾਹਮਣੇ ਨੇ। ਮਜ਼ਦੂਰ ਏਥੇ ਨਦਾਰਦ ਹੈ ਤੇ ਵੱਖ ਵੱਖ ਥਾਵੇਂ ਸਰਵਿਸ ਸੈਕਟਰ ‘ਚ ਸ਼ਿਫਟ ਹੋ ਚੁੱਕਿਐ।ਜਿਉਂ ਜਿਉੰ AI ਉਪਰਲੇ ਪੱਧਰਾਂ ਤੇ ਪਹੁੰਚ ਰਹੀ ਹੈ,ਸਰਵਿਸ ਸੈਕਟਰ ਵਿਚ ਵੀ ਰੋਬੋਟ ਤਿਆਰ ਹੋ ਰਹੇ ਹਨ।ਹੁਣ ਏਥੇ ਕਰਾਈਸਿਸ ਇਹ ਹੈ ਕਿ ਲੱਖਾਂ ਲੋਕ ਕੰਮ ਤੋਂ ਵਿਹਲੇ ਹੋਣਗੇ ਤਾਂ ਉਹ ਕਿਹੜੇ ਪਾਸੇ ਜਾਣਗੇ? ਏਸ ਪ੍ਰਸ਼ਨ ਦਾ ਹੱਲ ਮੌਜੂਦਾ ਸਮਿਆਂ ਅੰਦਰ ਸੋਚਣਾ ਬਣਦਾ ਹੈ। ਚਿੰਤਕ,ਪ੍ਰਗਤੀਸ਼ੀਲ ਤੇ ਹੋਰ ਧਿਰਾਂ ਏਸ ਬਾਰੇ ਕੀ ਪੈਂਤੜਾ ਲੈਂਦੀਆਂ ਨੇ,ਇਹ ਉਹਨਾਂ ਦੀ ਪਹੁੰਚ ਤੇ ਨਿਰਭਰ ਕਰਦੈ।ਅਗਰ ਏਸ ਬਾਰੇ ਚੇਤਨ ਨਾ ਹੋਏ ਤਾਂ ਅਨਾਰਕੀ ਆਵੇਗੀ।ਜ਼ਰੂਰਤ ਹੈ ਸਵੱਸਥ ਵਿਚਾਰਧਾਰਾ ਦੀ ਜੋ ਸਮੇਂ ਦੇ ਹਾਣ ਥਣੀ ਦੀ ਟੱਪ ਕੇ ਵੱਖ ਵੱਖ ਨਵੇਂ ਉਠੇ ਸਮਾਜੀ ਤਬਕਿਆਂ ਤੱਕ ਸੰਗਠਨਾਂ ਤੇ ਸੋਸ਼ਲ ਮੀਡੀਏ ਰਾਹੀਂ ਆਪਣਾ ਨੈਰਿਟਿਵ ਬਿਲਟ ਕਰੇ ਨਹੀਂ ਤਾਂ ਕਾਰਪੋਰੇਟ ਨੇ ਆਪਣੀ ਤੋਰੇ ਤਾਂ ਚੱਲਣਾ ਹੀ ਹੈ ਤੇ ਡੂੰਘਾ ਸੰਕਟ ਤੇ ਅਨਾਰਕੀ ਕਿਸੇ ਵੇਲੇ ਵੀ ਭਿਅੰਕਰ ਰੂਪ ਧਾਰ ਸਕਦੀ ਹੈ।
ਅਮਰਜੀਤ ਅਰਪਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



