ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) 39ਵੇਂ ਰਾਸ਼ਟਰੀ ਅੱਖਾਂ ਦਾਨ ਪੰਦਰਵਾੜੇ ਤਹਿਤ ਰੋਟਰੀ ਆਈ ਬੈਂਕ ਅਤੇ ਕੋਰਨੀਆ ਟਰਾਂਸਪਲਾਂਟ ਸੁਸਾਇਟੀ ਦੀ ਤਰਫੋਂ ਰਿਆਤ ਬਾਹਰਾ ਕਾਲਜ ਵਿਖੇ ਪ੍ਰਿੰਸੀਪਲ ਅਤੇ ਉੱਘੇ ਸਮਾਜ ਸੇਵੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਰਿਆਤ ਬਾਹਰਾ ਗਰੁੱਪ ਆਫ ਇੰਸਟੀਚਿਊਟ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਮੁੱਖ ਮਹਿਮਾਨ ਵਜੋਂ ਅਤੇ ਅਵਿਨਾਸ਼ ਰਾਏ ਖੰਨਾ ਸਾਬਕਾ ਰਾਜ ਸਭਾ ਮੈਂਬਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ ਸੰਜੀਵ ਅਰੋੜਾ ਅਤੇ ਜੇ.ਬੀ ਬਹਿਲ ਵੱਲੋਂ ਮੁੱਖ ਮਹਿਮਾਨ ਨੂੰ ਗੁਲਦਸਤਾ ਭੇਂਟ ਕਰਕੇ ਕੀਤੀ ਗਈ। ਉਪਰੰਤ ਸਕੱਤਰ ਡੀ.ਕੇ.ਸ਼ਰਮਾ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਮੰਚ ਸੰਚਾਲਨ ਦੀ ਭੂਮਿਕਾ ਪ੍ਰੋ: ਕੁਲਦੀਪ ਵਾਲੀਆ ਨੇ ਬਾਖੂਬੀ ਨਿਭਾਈ। ਇਸ ਮੌਕੇ ਮੁੱਖ ਮਹਿਮਾਨ ਗੁਰਵਿੰਦਰ ਸਿੰਘ ਬਾਹਰਾ ਨੇ ਸੁਸਾਇਟੀ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੰਸਥਾ ਨੇਤਰਹੀਣਤਾ ਨੂੰ ਦੂਰ ਕਰਨ ਲਈ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੀ ਹੈ ਅਤੇ ਸੁਸਾਇਟੀ ਦੇ ਮੈਂਬਰ ਨਿਰਸਵਾਰਥ ਹੋ ਕੇ ਨੇਤਰਹੀਣਤਾ ਤੋਂ ਪੀੜ੍ਹਤ ਲੋਕਾਂ ਨੂੰ ਰੋਸ਼ਨੀ ਪ੍ਰਦਾਨ ਕਰਨ ਲਈ ਸੇਵਾ ਕਾਰਜ ਵਿੱਚ ਲੱਗੇ ਹੋਏ ਹਨ। ਸ੍ਰੀ ਬਾਹਰਾ ਨੇ ਹਾਜ਼ਰ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਅੱਖਾਂ ਦਾਨ ਲਈ ਸਹੁੰ ਪੱਤਰ ਭਰਨ ਅਤੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਆਸ-ਪਾਸ ਦੇ ਲੋਕਾਂ ਨੂੰ ਵੀ ਅੱਖਾਂ ਦਾਨ ਕਰਨ ਸਬੰਧੀ ਜਾਗਰੂਕ ਕਰਨ ਤਾਂ ਜੋ ਅੰਨ੍ਹੇਪਣ ਤੋਂ ਪੀੜ੍ਹਤ ਲੋਕਾਂ ਨੂੰ ਵੀ ਰੌਸ਼ਨੀ ਮਿਲ ਸਕੇ। ਇਸ ਮੌਕੇ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਅੱਖਾਂ ਦਾਨ ਹੀ ਇੱਕ ਅਜਿਹਾ ਦਾਨ ਹੈ ਜੋ ਵਿਅਕਤੀ ਨੇ ਮਰਨ ਉਪਰੰਤ ਹੀ ਕਰਨਾ ਹੁੰਦਾ ਹੈ। ਇਸ ਲਈ ਜਿਊਂਦੇ ਜੀਅ ਅੱਖਾਂ ਦਾਨ ਸਬੰਧੀ ਫਾਰਮ ਜ਼ਰੂਰ ਭਰਿਆ ਜਾਵੇ ਅਤੇ ਕਿਹਾ ਕਿ ਰੌਸ਼ਨੀ ਤੋਂ ਬਿਨਾਂ ਜੀਵਨ ਜੀਵਨ ਨਹੀਂ ਸਗੋਂ ਇੱਕ ਵੱਡਾ ਸਰਾਪ ਹੈ। ਇਸ ਲਈ ਉਨ੍ਹਾਂ ਸਾਰਿਆਂ ਨੂੰ ਅੱਖਾਂ ਦਾਨ ਕਰਨ ਅਤੇ ਇਸ ਮਹਾਨ ਯੱਗ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਿੰਸੀਪਲ ਸੰਜੀਵ ਅਰੋੜਾ ਅਤੇ ਚੇਅਰਮੈਨ ਜੇ.ਬੀ.ਬਹਿਲ ਨੇ ਆਏ ਮਹਿਮਾਨਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਅਤੇ ਉਨ੍ਹਾਂ ਨੂੰ ਅੱਖਾਂ ਦਾਨ ਕਰਨ ਅਤੇ ਮਰਨ ਉਪਰੰਤ ਅੱਖਾਂ ਦਾਨ ਕਰਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਹੁਣ ਤੱਕ ਸੋਸਾਇਟੀ ਵੱਲੋਂ 4100 ਤੋਂ ਵੱਧ ਲੋਕਾਂ ਦੀ ਮਦਦ ਕੀਤੀ ਜਾ ਚੁੱਕੀ ਹੈ ਇੱਕ-ਇੱਕ ਅੱਖ ਦਾਨ ਕਰਕੇ ਰੋਸ਼ਨੀ ਪ੍ਰਦਾਨ ਕੀਤੀ ਗਈ ਹੈ, ਕਿਉਂਕਿ ਇੱਕ ਵਿਅਕਤੀ ਵੱਲੋਂ ਦਾਨ ਕੀਤੀਆਂ ਅੱਖਾਂ ਦੋ ਵਿਅਕਤੀਆਂ ਦੀਆਂ ਹਨੇਰੀਆਂ ਜ਼ਿੰਦਗੀਆਂ ਨੂੰ ਰੌਸ਼ਨ ਕਰਦੀਆਂ ਹਨ। ਸ੍ਰੀ ਅਰੋੜਾ ਨੇ ਕਿਹਾ ਕਿ ਅੱਖਾਂ ਦਾਨ ਕਰਨ ਵਾਲੇ ਦੇ ਪਰਿਵਾਰ ਨੂੰ ਸੁਸਾਇਟੀ ਵੱਲੋਂ ਸਨਮਾਨਿਤ ਵੀ ਕੀਤਾ ਜਾਂਦਾ ਹੈ ਤਾਂ ਜੋ ਉਹ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕਰ ਸਕਣ। ਅਰੋੜਾ ਨੇ ਕਿਹਾ ਕਿ ਇਸ ਪੰਦਰਵਾੜੇ ਤਹਿਤ ਸੁਸਾਇਟੀ ਵੱਲੋਂ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਵਿਦਿਆਰਥੀਆਂ ਅਤੇ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇਗੀ ਅਤੇ ਸਰਕਾਰ ਦੇ ਇਸ ਕਦਮ ਨਾਲ ਅੰਨ੍ਹੇਪਣ ਨੂੰ ਜੜ੍ਹ ਤੋਂ ਖ਼ਤਮ ਕਰਨ ਦਾ ਉਪਰਾਲਾ ਕੀਤਾ ਜਾਵੇਗਾ। ਇਸ ਮੌਕੇ ਪ੍ਰਿੰ. ਡੀ.ਕੇ.ਸ਼ਰਮਾ, ਕੈਂਪਸ ਡਾਇਰੈਕਟਰ ਸ੍ਰੀ ਚੰਦਰਮੋਹਨ ਅਤੇ ਮੈਡੀਕਲ ਦੀ ਵਿਦਿਆਰਥਣ ਕਾਸ਼ਵੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਦਵਿੰਦਰ ਅਰੋੜਾ, ਮਦਨ ਲਾਲ ਮਹਾਜਨ, ਵਿਜੇ ਅਰੋੜਾ, ਵੀਨਾ ਚੋਪੜਾ, ਸੁਰਿੰਦਰ ਦੀਵਾਨ, ਪ੍ਰੇਮ ਤਨੇਜਾ, ਰਮਿੰਦਰ ਸਿੰਘ, ਕਾਸ਼ਵੀ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly