(ਸਮਾਜ ਵੀਕਲੀ)
ਅਵਾਜ਼ ਹੀ ਤਾਂ ਅਣਖ਼ ਹੈ ਅਵਾਜ਼ ਤੇ ਕਬਜ਼ੇ ਨਾ ਕਰ
ਉੱਠ ਪੈਣਾ ਹਿੰਮਤਾਂ ਨੇ ਦਫ਼ਨ ਤੂੰ ਜਜ਼ਬੇ ਨਾ ਕਰ
ਭੱਖ ਪੈਣਾ ਰੋਹਾਂ ਨੇ ਜੱਦ ਭਸਮ ਤਖ਼ਤ ਕਰਨਗੇ
ਸੂਲੀਆਂ ਤੇ ਚੜ੍ਹਨ ਦਾ ਹਿਸਾਬ ਪੂਰਾ ਕਰਨਗੇ
ਹੱਕ ਦੀ ਵੰਗਾਰ ਨੂੰ ਲਿਤਾੜ ਨਾ, ਦੱਬਜੇ, ਨਾ ਕਰ
ਅਵਾਜ਼ ਹੀ ਤਾਂ ਅਣਖ਼ ਹੈ ਅਵਾਜ਼ ਤੇ ਕਬਜ਼ੇ ਨਾ ਕਰ
ਇਨਕਲਾਬੀ ਧਰਤ ਹੈ ਉਬਲਦੀ, ਕਦੇ ਠਾਰਦੀ
ਖੌਲਦਾ ਹੈ ਗਰਭ ਇਹ ਪਲਟਾ ਯਕੀਨਨ ਮਾਰਦੀ
ਸਬਰਾਂ ਚੋਂ ਜੰਮੀ ਤਾੜਨਾ ਟਾਲ ਅਣਗੌਲੇ ਨਾ ਕਰ
ਅਵਾਜ਼ ਹੀ ਤਾਂ ਅਣਖ਼ ਹੈ ਅਵਾਜ਼ ਤੇ ਕਬਜ਼ੇ ਨਾ ਕਰ
ਸਬਰਾਂ ਜ਼ਬਰਾਂ ਆਢਿਆਂ ਇਤਿਹਾਸ ਅਕਥ ਬੋਲਦਾ
ਰਾਜਿਆਂ, ਮੁਕੱਦਮਾਂ ਸਾਹਵੇਂ ਸਿਦਕ ਨਹੀਂਓ ਡੋਲਦਾ
ਪਰਖੇਂਗਾ, ਤੋੜ੍ਹੇਗਾਂ, ਪੁੰਗਰਨਗੇ, ਜਾਣਗੇ ਸਭ ਜ਼ਰ, ਨਾ ਕਰ
ਅਵਾਜ਼ ਹੀ ਤਾਂ ਅਣਖ਼ ਹੈ ਅਵਾਜ਼ ਤੇ ਕਬਜ਼ੇ ਨਾ ਕਰ
ਜੋਸ਼ ਹੈ ਇਸ ਖ਼ੂਨ ਵਿਚ ਕੁਰਬਾਨੀਆਂ ਦਾ ਥਾਪੜਾ
ਵਕਤ ਮੂੰਹਜ਼ੋਰ ਹੈ, ਕੀ ਜਹਾਂਗੀਰ, ਕੀ ਜਾਂਹਪਨਾਹ
ਜ਼ੁਲਮ ਚੋਂ ਰੋਹ ਉੱਗਦਾ ਬੇਰਹਿਮ ਇੰਤਹਾ ਨਾ ਕਰ
ਅਵਾਜ਼ ਹੀ ਤਾਂ ਅਣਖ਼ ਹੈ ਅਵਾਜ਼ ਤੇ ਕਬਜ਼ੇ ਨਾ ਕਰ
ਦੀਪ ਸੰਧੂ
+61 459 966 392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly