ਰਚਨਾਂ

ਦੀਪ ਸੰਧੂ

(ਸਮਾਜ ਵੀਕਲੀ)

ਨਾਹੀਂ ਮੈਂ ਖੁੱਲ ਕੇ ਹੱਸ ਰਿਹਾ, ਨਾਹੀਂ ਮੈਂ ਖੁੱਲ ਕੇ ਰੋਅ ਰਿਹਾਂ
ਹੌਲੀ ਹੌਲੀ ਕਿੱਧਰੇ ਪੱਥਰ ਤਾਂ ਨਹੀਂ ਹੋ ਰਿਹਾਂ
ਬੁੱਤ ਬਣਿਆ ਤੱਕਦਾਂ ਹਾਂ ਆਉਂਦੀ ਜਾਂਦੀ ਭੀੜ ਨੂੰ
ਸੱਖਣ ਜਿਹੇ ਹਾਸਿਆਂ ‘ਚ ਦੱਬੀ ਘੁੱਟੀ ਪੀੜ ਨੂੰ
ਕੱਖੋਂ ਹੋਲਾ ਜਿਸਮ ਮੇਰਾ ਭਾਰਾ ਭਾਰਾ ਹੋ ਰਿਹਾ
ਹੌਲੀ ਹੌਲੀ ਕਿੱਧਰੇ ਪੱਥਰ ਤਾਂ ਨਹੀਂ ਹੋ ਰਿਹਾਂ!
ਰੰਜ ਕਾਹਦਾ ਜਿੰਦੀਏ ਧੁੱਪਾਂ ‘ਚ ਸੜਦੇ ਪੈਰਾਂ ਦਾ
ਮੈਂ ਨਿਖੱਤਾ ਆਪਾ ਛੱਡ ਪਰਛਾਂਵਾਂ ਬਣਿਆ ਗ਼ੈਰਾਂ ਦਾ
ਝੋਰਾ ਨਾ ਕਰੀਓ ਰਹਿਬਰੋ ਕਰਮਾਂ ਦਾ ਬੋਝਾ ਢੋਅ ਰਿਹਾਂ
ਹੌਲੀ ਹੌਲੀ ਕਿੱਧਰੇ ਪੱਥਰ ਤਾਂ ਨਹੀਂ ਹੋ ਰਿਹਾਂ
ਦੇਖਦਾਂ ਹਾਂ ਸਹਿਮੀਆਂ ਅੱਖਾਂ ‘ਚ ਦਗਦੇ ਰੋਸ ਨੂੰ
ਗਿਦੜ੍ਹਾਂ ਦੇ ਝੁੰਡ ਵਿੱਚੋਂ ਲੱਭ ਰਿਹਾਂ ਹਾਂ ਜੋਸ਼ ਨੂੰ
ਸੁਧ ਆਵੇ ਹੋਂਦ ਨੂੰ ਛੋਹ ਛੋਹ ਕੇ ਲਾਸ਼ਾਂ ਟੋਹ ਰਿਹਾਂ
ਹੌਲੀ ਹੌਲੀ ਕਿੱਧਰੇ ਪੱਥਰ ਤਾਂ ਨਹੀਂ ਹੋ ਰਿਹਾਂ
ਹਾਰਨ ਤੋਂ ਪਹਿਲਾਂ ਹਰ ਰਿਹਾਂ ਜਿੱਤਣ ਤੋਂ ਵੀ ਮੈਂ ਡਰ ਰਿਹਾਂ
ਹਰਨ ਮੇਰਾ ਕਰਨਗੇ ਹਥਿਆਰ ਤਾਂ ਮੈਂ ਘੜ੍ਹ ਰਿਹਾਂ
ਕਿਰ ਰਿਹਾ ਹੈ ਅਕਸ ਮੇਰਾ ਝਾਉਲਾ ਝਾਉਲਾ ਹੋ ਰਿਹਾ
ਹੌਲੀ ਹੌਲੀ ਕਿੱਧਰੇ ਪੱਥਰ ਤਾਂ ਨਹੀਂ ਹੋ ਰਿਹਾਂ
ਹੱਥ ਜੋੜ੍ਹਾਂ ਕੱਢਾਂ ਲਿਲ੍ਹਕੜ੍ਹੇ ਗਰਦਿਸ਼ਾਂ ਦੇ ਜ਼ੋਰ ਨੂੰ
ਚੰਦ ਘੜੀਆਂ ਠਹਿਰ ਜਾ ਨੱਚਣ ਦੇ ਮਨ ਦੇ ਮੋਰ ਨੂੰ
ਨਿਰਗੁਣਾ ਮੈਂ ਬਿਰਹੜਾ ਬੇਨਕਾਬ ਖਲੋ ਰਿਹਾਂ
ਹੌਲੀ ਹੌਲੀ ਕਿੱਧਰੇ ਪੱਥਰ ਤਾਂ ਨਹੀਂ ਹੋ ਰਿਹਾਂ
ਰੰਗ ਜ਼ਹਿਰੀ ਜ਼ਹਿਰ ਤੋਂ ਫਿਜ਼ਾਵਾਂ ਵਿੱਚ ਹੌਂਕੇ ਹਾਵਾਂ
ਲੈ ਕੇ ਢਿਡ੍ਹ ਦੀ ‘ਭੁੱਖ ਨੂੰ ਦੱਸ ਕਿਹੜੇ ਰਾਹ ਜਾਵਾਂ
ਦੁੱਧ ਪੀਂਦੇ ਪੱਥਰਾਂ ਚੋਂ ਖੂਨ ਮੇਰਾ ਚੋਅ ਰਿਹਾ
ਹੌਲੀ ਹੌਲੀ ਕਿੱਧਰੇ ਪੱਥਰ ਤਾਂ ਨਹੀਂ ਹੋ ਰਿਹਾਂ
ਦੀਪ ਸੰਧੂ
+61 459 966 392

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਮਾਨਸਿਕ ਤਣਾਅ ਨੂੰ ਘਟਾਉਣ ਅਤੇ ਸੂਬੇ ਦੀ ਜਵਾਨੀ ਨੂੰ ਨਸ਼ੇ ਤੋ ਦੂਰ ਰਹਿਣ ਲਈ ਪ੍ਰੇਰਿਤ ਕਰ ਰਹੇ ਨੇ ਵਲੋਗਰ  
Next articleਗੁਰਦੁਆਰਾ / ਮਿੰਨੀ ਕਹਾਣੀ