ਹੌਂਸਲਾ ਸਾਡੀ ਸਿਹਤ ਅਤੇ ਮਨੋਵਿਗਿਆਨਕ ਹਾਲਤ ਲਈ ਵੀ ਲਾਭਦਾਇਕ ਹੈ
(ਸਮਾਜ ਵੀਕਲੀ) ਹੌਂਸਲਾ, ਸਾਡੇ ਜੀਵਨ ਦਾ ਇੱਕ ਅਨਮੋਲ ਗਹਿਣਾਂ ਹੈ। ਇਹ ਇਕ ਆਤਮਿਕ ਗੁਣ ਹੈ ਜੋ ਮਨੁੱਖ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ । ਜਿਸ ਦੇ ਬਗੈਰ ਅਸਲ ਤੌਰ ਤੇ ਸੰਘਰਸ਼ਾਂ ਨੂੰ ਪਾਰ ਕਰਨਾ ਮੁਸ਼ਕਿਲ ਹੈ। ਹੌਂਸਲਾ, ਜਿਸਦਾ ਅਸਲ ਮਤਲਬ ਕਿਸੇ ਵੀ ਸਥਿੱਤੀ ‘ਚ ਹਿੰਮਤ ਨਾ ਹਾਰਨਾ ਅਤੇ ਹਰ ਸਥਿਤੀ ਨੂੰ ਸਹਿਣਸ਼ੀਲਤਾ ਨਾਲ ਨਜਿੱਠਣਾ ਹੈ।
ਸਾਡੇ ਜੀਵਨ ਵਿੱਚ ਕਈ ਵਾਰ ਅਜਿਹਾ ਸਮਾਂ ਵੀ ਆਉਂਦਾ ਹੈ ਜਦੋਂ ਸਾਨੂੰ ਸਭ ਕੁਝ ਖਤਮ ਹੁੰਦਾ ਹੋਇਆ ਵਿਖਾਈ ਦਿੰਦਾ ਹੈ , ਉਸ ਸਮੇਂ ਸਾਨੂੰ ਹੌਸਲੇ ਨਾਲ ਹੀ ਕੰਮ ਲੈਣਾ ਚਾਹੀਦਾ ਹੈ । ਜਿਆਦਾਤਰ ਜਦੋਂ ਸਾਡੇ ਜੀਵਨ ਵਿਚ ਕੁਝ ਅਜਿਹਾ ਹੁੰਦਾ ਹੈ ਤਾਂ ਅਸੀਂ ਹਿਮਤ ਹਾਰ ਜਾਂਦੇ ਹਾਂ, ਅੱਗੇ ਨਹੀਂ ਵਧਦੇ ਪਰ ਸਾਨੂੰ ਆਸ ਤੇ ਵਿਸ਼ਵਾਸ ਨਾਲ ਅੱਗੇ ਵਧਣਾ ਚਾਹੀਦਾ ਹੈ । ਜਿੱਥੇ ਸਾਨੂੰ ਹੌਂਸਲੇ ਨਾਲ ਕੰਮ ਲੈਣਾ ਚਾਹੀਦਾ ਹੈ ਉੱਥੇ ਹੀ ਸਾਡਾ ਇਹ ਵੀ ਫਰਜ਼ ਬਣਦਾ ਹੈ ਕਿ ਅਸੀ ਦੂਜਿਆ ਦੀ ਵੀ ਹੌਂਸਲਾ ਅਫਜ਼ਾਈ ਕਰੀਏ।
ਜੇਕਰ ਅਸੀਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਲੋਕ ਤੇਜ਼ੀ ਨਾਲ ਅੱਗੇ ਵਧਣ ਦੀ ਇੱਛਾ ਨਾਲ ਹੌਂਸਲੇ ਨੂੰ ਭੁੱਲਦੇ ਹੀ ਜਾ ਰਹੇ ਹਨ।
ਹਰ ਇਕ ਮਨੁੱਖ ‘ਚ ਇਹ ਦੌੜ ਲਗੀ ਹੈ ਕਿ ਮੈਂ ਸਭ ਤੋਂ ਅੱਗੇ ਚਲਾ ਜਾਵਾਂ। ਜਦ ਵੀ ਅਸੀਂ ਕਿਸੇ ਇਮਤਿਹਾਨ ‘ਚ ਭਾਗ ਲੈਂਦੇ ਹਾਂ ਤਾਂ ਅਸੀਂ ਇਕ – ਦੋ ਵਾਰ ਤਾਂ ਅਸਫਲ ਹੁੰਦੇ ਹੀ ਹਾਂ, ਇਸ ਮੌਕੇ ਤੇ ਹੌਂਸਲਾ ਰੱਖਣਾ ਬਹੁਤ ਜਰੂਰੀ ਹੁੰਦਾ ਹੈ। ਜਦਕਿ ਅਸੀਂ ਅਸਫਲਤਾ ਪ੍ਰਾਪਤ ਕਰਕੇ ਉਦਾਸ ਤੇ ਨਿਰਾਸ਼ ਹੋ ਕੇ ਬੈਠ ਜਾਂਦੇ ਹਾਂ। ਹੌਂਸਲੇ ਨਾਲ ਲਿਆ ਫੈਸਲਾ ਅਕਸਰ ਸਹੀ ਰਸਤਾ ਹੀ ਦਿਖਾਉਂਦਾ ਹੈ ਅਤੇ ਉਹ ਕੰਮ ਵੀ ਕਦੀ ਗਲਤ ਸਾਬਿਤ ਨਹੀਂ ਹੁੰਦਾ।
ਜਲਦਬਾਜ਼ੀ ‘ਚ ਕੀਤਾ ਕੰਮ ਅਕਸਰ ਗਲਤ ਹੋ ਹੀ ਜਾਂਦਾ ਹੈ, ਉਸ ਦਾ ਨਤੀਜਾ ਵੀ ਗਲਤ ਹੀ ਨਿਕਲਦਾ ਹੈ। ਅਸੀਂ ਲੋਕ ਸੋਚਦੇ ਹਾਂ ਕਿ ਅਸੀਂ ਕੰਮ ਜਲਦੀ ਖਤਮ ਕਰੀਏ ਤਾਂ ਜੋ ਅਸੀਂ ਇਕ ਤੋਂ ਬਾਅਦ ਦੂਜਾ ਕੰਮ ਸ਼ੁਰੂ ਕਰੀਏ ਪਰ ਇਸ ਜਲਦਬਾਜ਼ੀ ਵਿਚ ਅਸੀਂ ਕੰਮ ਅਕਸਰ ਗਲਤ ਕਰ ਦਿੰਦੇ ਹਾਂ । ਜੇਕਰ ਅਸੀਂ ਹਰ ਕੰਮ ਨੂੰ ਹੌਂਸਲੇ ਨਾਲ ਕਰੀਏ ਤਾਂ ਅਸੀਂ ਉਸ ਕੰਮ ਦਾ ਆਨੰਦ ਵੀ ਮਾਣ ਸਕਦੇ ਹਾਂ ਅਤੇ ਕੰਮ ਵੀ ਸਹੀ ਢੰਗ ਨਾਲ ਨੇਪਰੇ ਚਾੜ੍ਹਿਆ ਜਾਂਦਾ ਹੈ।
ਹੌਂਸਲਾ ਸਾਡੀ ਸਿਹਤ ਅਤੇ ਮਨੋਵਿਗਿਆਨਕ ਹਾਲਤ ਲਈ ਵੀ ਲਾਭਦਾਇਕ ਹੁੰਦਾ ਹੈ। ਇਹ ਸਾਨੂੰ ਸਹੀ ਸਮੇਂ ਤੇ ਸਹੀ ਫੈਸਲੇ ਕਰਨ ਅਤੇ ਆਪਣੀ ਜ਼ਿੰਦਗੀ ਨੂੰ ਬਹਿਤਰ ਢੰਗ ਨਾਲ ਜਿਉਣ ਦੀ ਯੋਗਤਾ ਅਤੇ ਬੱਲ ਦਿੰਦਾ ਹੈ।
ਪਲਕਪ੍ਰੀਤ ਕੌਰ ਬੇਦੀ
ਕੇ,ਐਮ.ਵੀ. ਕਾਲਜੀਏਟ
ਸੀਨੀਅਰ ਸੈਕੰਡਰੀ ਸਕੂਲ,
ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly