HOME ਕਾਰਪੋਰੇਟ ਅਤੇ ਸਾਮਰਾਜਵਾਦ ਦੇ ਹਮਲੇ ਵਿਰੁੱਧ ਪੰਜਾਬੀਆਂ ਦੀ ਇੱਕਜੁੱਟਤਾ ਜ਼ਰੂਰੀ : ਕਰਨ...

ਕਾਰਪੋਰੇਟ ਅਤੇ ਸਾਮਰਾਜਵਾਦ ਦੇ ਹਮਲੇ ਵਿਰੁੱਧ ਪੰਜਾਬੀਆਂ ਦੀ ਇੱਕਜੁੱਟਤਾ ਜ਼ਰੂਰੀ : ਕਰਨ ਸਿੰਘ ਰਾਣਾ

ਕਰਨ ਸਿੰਘ ਰਾਣਾ
ਨਵਾਂਸ਼ਹਿਰ  (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ) : ਪੰਜਾਬ ਅਤੇ ਦੇਸ਼ ਦੇ ਲੋਕਾਂ ਨੂੰ ਕਾਰਪੋਰੇਟ ਪੂੰਜੀਵਾਦ ਅਤੇ ਸਾਮਰਾਜਵਾਦ ਦੇ ਚੌਤਰਫ਼ੇ ਹਮਲੇ ਤੋਂ ਬਚਾਉਣ ਲਈ ਲੋਕਾਂ ਦੀ ਵਿਆਪਕ ਏਕਤਾ ਸਮੇਂ ਦੀ ਮੁੱਖ ਲੋੜ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ‘ਸਾਂਝਾ ਕਿਸਾਨ ਮਜ਼ਦੂਰ ਮੋਰਚਾ’ (ਸਬੰਧਤ ਭਾਈ ਲਾਲੋ ਲੋਕ ਮੰਚ) ਦੇ ਜਨਰਲ ਸਕੱਤਰ ਸਾਥੀ ਕਰਨ ਸਿੰਘ ਰਾਣਾ ਨੇ ਅੱਜ ਇੱਥੇ ਪ੍ਰੈਸ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਸਾਥੀ ਰਾਣਾ ਨੇ ਆਖਿਆ ਕਿ ਜੰਗੇ-ਆਜ਼ਾਦੀ ਦੇ ਸ਼ਹੀਦਾਂ ਅਤੇ ਕੁਰਬਾਨੀਆਂ ਕਰਨ ਵਾਲੇ ਸੂਰਬੀਰਾਂ ਦਾ ਮੁੱਖ ਨਿਸ਼ਾਨਾ ਇੱਕ ਅਜਿਹੇ ਚੰਗੇ ਮਨੁੱਖੀ ਸਮਾਜ ਦੀ ਸਿਰਜਣਾ ਕਰਨਾ ਸੀ, ਜਿੱਥੇ ਹਰ ਨਾਗਰਿਕ ਨੂੰ ਕੁੱਲੀ, ਗੁੱਲੀ, ਜੁੱਲੀ (ਮਕਾਨ, ਰੋਟੀ, ਕੱਪੜਾ), ਰੁਜ਼ਗਾਰ, ਮੁਫ਼ਤ ਵਿੱਦਿਆ, ਸਿਹਤ ਸੇਵਾਵਾਂ, ਸਨਮਾਨਜਨਕ ਜੀਵਨ ਅਤੇ ਸੁਰੱਖਿਆ ਹਾਸਲ ਹੋਵੇ। ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਅੱਜ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਹਾਕਮ ਆਮ ਮਨੁੱਖ ਨੂੰ ਵਿਕਾਊ, ਭਿਖਾਰੀ, ਅਰਧ-ਅਨਪੜ੍ਹ ਅਤੇ ਆਗਿਆਕਾਰੀ ਗੁਲਾਮ ਬਣਾਉਣ ਲਈ ਆਪਣੀ ਪੂਰੀ ਵਾਹ ਲਾ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਭ ਦੇ ਪਿੱਛੇ ਕਾਰਪੋਰੇਟ ਦੀ ਉਹ ਪੂੰਜੀਵਾਦੀ ਵਿਚਾਰਧਾਰਾ ਕੰਮ ਕਰ ਰਹੀ ਹੈ, ਜੋ ਸਾਮਰਾਜਵਾਦ ਦੇ ਨਿਰਦੇਸ਼ਾਂ ‘ਤੇ ਲੁੱਟ-ਖਸੁੱਟ ਦੀਆਂ ਨੀਤੀਆਂ ਨੂੰ ਲਾਗੂ ਕਰ ਰਹੀ ਹੈ। ਆਪਣੇ ਇਸ ਮਨੋਰਥ ਨੂੰ ਪੂਰਾ ਕਰਨ ਲਈ ਇਹ ਤਾਕਤਾਂ ਸਮਾਜ ਵਿੱਚ ਧਾਰਮਿਕ ਨਫ਼ਰਤ, ਅੰਧ-ਵਿਸ਼ਵਾਸ ਅਤੇ ਡਰ ਦਾ ਮਾਹੌਲ ਪੈਦਾ ਕਰ ਰਹੀਆਂ ਹਨ ਅਤੇ ਗੈਰ-ਕਾਨੂੰਨੀ ਢੰਗ ਨਾਲ ਪੁਲਿਸ ਤੇ ਸਰਕਾਰੀ ਸੰਸਥਾਵਾਂ ਦੀ ਦੁਰਵਰਤੋਂ ਕਰ ਰਹੀਆਂ ਹਨ। ਸਾਥੀ ਕਰਨ ਸਿੰਘ ਰਾਣਾ ਨੇ ਕਿਹਾ ਕਿ ਦੇਸ਼ ਅਤੇ ਸੂਬੇ ਦੇ ਅਸਲ ਮੁੱਦੇ ਬੇਰੁਜ਼ਗਾਰੀ, ਮਹਿੰਗਾਈ, ਸਰਕਾਰੀ ਤੇ ਮੁਫ਼ਤ ਵਿੱਦਿਆ, ਸਿਹਤ ਸੇਵਾਵਾਂ, ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ, ਮਨੁੱਖੀ ਮਾਣ-ਸਨਮਾਨ ਅਤੇ ਕਾਨੂੰਨ ਦਾ ਰਾਜ ਹਨ। ਪ੍ਰੰਤੂ, ਕੇਂਦਰ ਤੇ ਸੂਬਾ ਸਰਕਾਰਾਂ ਇਹਨਾਂ ਬੁਨਿਆਦੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਗੈਰ-ਜ਼ਰੂਰੀ ਅਤੇ ਬੇਲੋੜੇ ਮੁੱਦਿਆਂ ਦਾ ਝੂਠਾ ਬਿਰਤਾਂਤ (ਨੈਰੇਟਿਵ) ਸਿਰਜ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹਨਾਂ ਅਸਲ ਮੁੱਦਿਆਂ ਦੀ ਪ੍ਰਾਪਤੀ ਲਈ ਅੱਜ ਲੋਕ-ਹਿਤੈਸ਼ੀ ਧਿਰਾਂ—ਜਿਨ੍ਹਾਂ ਵਿੱਚ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਸ਼ਾਮਲ ਹਨ—ਸੰਘਰਸ਼ ਦੇ ਮੈਦਾਨ ਵਿੱਚ ਡਟੀਆਂ ਹੋਈਆਂ ਹਨ। ਪਰ ਸਰਕਾਰਾਂ ਸੁਰੱਖਿਆ ਫੋਰਸਾਂ ਦੇ ਜ਼ੋਰ ‘ਤੇ, ਡੰਡੇ ਦੀ ਵਰਤੋਂ ਕਰਕੇ ਅਤੇ ਡਰ ਪੈਦਾ ਕਰਕੇ ਇਹਨਾਂ ਅੰਦੋਲਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਸੰਵਿਧਾਨਕ ਅਤੇ ਕਾਨੂੰਨੀ ਤੌਰ ‘ਤੇ ਹੱਕਾਂ ਦੀ ਲੜਾਈ ਲੜ ਰਹੇ ਲੋਕਾਂ ‘ਤੇ ਗੈਰ-ਕਾਨੂੰਨੀ ਢੰਗ ਨਾਲ ਬੇਤਹਾਸ਼ਾ ਜਬਰ ਢਾਹਿਆ ਜਾ ਰਿਹਾ ਹੈ, ਜਿਸ ਵਿੱਚ ਮੀਡੀਆ ਦਾ ਇੱਕ ਵੱਡਾ ਹਿੱਸਾ ਅਤੇ ਰਾਜ ਪ੍ਰਬੰਧ ਦੇ ਉੱਚ ਅਧਿਕਾਰੀ ਵੀ ਪੂਰੀ ਤਰ੍ਹਾਂ ਸਰਕਾਰਾਂ ਨਾਲ ਮਿਲੇ ਹੋਏ ਹਨ। ਪ੍ਰੈਸ ਵਾਰਤਾ ਦੌਰਾਨ ਸਾਥੀ ਰਾਣਾ ਨੇ ਦੱਸਿਆ ਕਿ ‘ਪਿੰਡ ਬਚਾਓ, ਪੰਜਾਬ ਬਚਾਓ ਮੰਚ’ ਨੇ ਲੋਕ-ਹਿਤੈਸ਼ੀ ਚਿੰਤਕਾਂ ਨਾਲ ਮਿਲ ਕੇ ਲੋਕ ਮੁੱਦਿਆਂ, ਮੰਗਾਂ, ਫੈਡਰਲ ਢਾਂਚੇ ਦੀ ਮਜ਼ਬੂਤੀ ਅਤੇ ਸੰਵਿਧਾਨ ਦੀ ਰਾਖੀ ਲਈ ਸਮੂਹ ਪੰਜਾਬੀਆਂ ਨੂੰ ਇੱਕਮੁੱਠ ਹੋ ਕੇ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਖ਼ੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਪੰਜਾਬ ਦੀਆਂ ਬਹੁਤੀਆਂ ਸਿਆਸੀ ਧਿਰਾਂ ਨੇ ਵੀ ਮੰਚ ਵੱਲੋਂ ਪੇਸ਼ ਕੀਤੇ ਗਏ ‘ਸੰਕਲਪ ਪੱਤਰ’ ਨਾਲ ਸਹਿਮਤੀ ਪ੍ਰਗਟਾਈ ਹੈ ਅਤੇ ਮੂਹਰੇ ਹੋ ਕੇ ਕੁਰਬਾਨੀ ਦੇਣ ਤੇ ਸੰਘਰਸ਼ ਲੜਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਡੇ ਦੇਸ਼ ਦੇ ਸੰਵਿਧਾਨ ਅੰਦਰ ਜੰਗੇ-ਆਜ਼ਾਦੀ ਦੇ ਸ਼ਹੀਦਾਂ, ਗਦਰੀ ਬਾਬਿਆਂ, ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਬੱਬਰ ਅਕਾਲੀਆਂ ਦੀ ਰੂਹ ਵੱਸਦੀ ਹੈ। ਇਸ ਲਈ ਸਮੂਹ ਪੰਜਾਬੀਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਦੇਸ਼ ਦੇ ਸੰਵਿਧਾਨ ਦੀ ਰਾਖੀ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਹਰ ਕਿਸਮ ਦੇ ਵਖਰੇਵੇਂ ਭੁਲਾ ਕੇ ਇੱਕਮੁੱਠ ਹੋਣ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਮਾਜ ਵਿੱਚ ਬਦਲਾਅ ਲਈ ਮੰਚ ‘ਤੇ ਆਪਣੀ ਗੱਲ ਕਹਿ ਸਕਣਾ ਜ਼ਰੂਰੀ : ਰਣਵੀਰ ਚੇਚੀ
Next articleਭਾਰਤ ਸਕਾਊਟਸ ਅਤੇ ਗਾਈਡਜ਼ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਉੱਚ ਸਿੱਖਿਆ ਦੇ ਦਾਖਲਿਆ ਵਿੱਚ ਵਿਸ਼ੇਸ ਅੰਕ ਦੇਣ ਦਾ ਫੈਸਲਾ ਇਤਹਾਸਿਕ-ਓਕਾਂਰ ਸਿੰਘ ਐਸ.ਓ.ਸੀ