HOME ਬਾਲੀ ਸਾਹਿਬ ਨੂੰ ਯਾਦ ਕਰਦਿਆਂ – ਬਰਸੀ ਤੇ ਵਿਸ਼ੇਸ਼

ਬਾਲੀ ਸਾਹਿਬ ਨੂੰ ਯਾਦ ਕਰਦਿਆਂ – ਬਰਸੀ ਤੇ ਵਿਸ਼ੇਸ਼

124

ਸਮਾਜ ਵੀਕਲੀ ਯੂ ਕੇ

ਬਾਬਾ ਸਾਹਿਬ ਨਾਲ ਕੌਲ ਕਰਾਰ ਕਰਕੇ,
ਝੰਡਾ ਚੁੱਕਿਆ ਉਹਨਾਂ ਸਖ਼ਾਵਤਾਂ ਦਾ ।
ਦੱਬੇ ਕੁਚਲੇ ਸਮਾਜ ਦੀ ਗੱਲ ਕਰਕੇ,
ਬਾਲੀ ਬਣ ਗਿਆ ਨਾਮ ਬਗ਼ਾਵਤਾਂ ਦਾ।

ਮੇਰੇ ਗੀਤ ਦੀਆਂ ਇਹ ਸਤਰਾਂ ਲਾਹੌਰੀ ਰਾਮ ਬਾਲੀ ਸਾਹਿਬ ਦੇ ਜੀਵਨ ਅਤੇ ਸੰਘਰਸ਼ ਨਾਲ ਸੰਬੰਧਿਤ ਗੀਤ ਤਿਆਗ ਵਿੱਚੋਂ ਹਨ ਜੋ ਉਹਨਾਂ ਦੇ ਜਿਉਂਦੇ ਜੀਅ ਮੈਂ ਲਿਖਿਆ ਤੇ ਉਹਨਾਂ ਨੂੰ ਸੁਣਾਇਆ ਗੀਤ ਸੁਣਨ ਤੋਂ ਬਾਅਦ ਭਾਵੁਕ ਹੁੰਦਿਆਂ ਉਹਨਾਂ ਕਿਹਾ, ਇਹ ਗੀਤ ਸੰਧੂ ਹੀ ਲਿਖ ਸਕਦਾ ਸੀ। ਇਸ ਗੱਲ ਦਾ ਜ਼ਿਕਰ ਮੈਂ ਇਸ ਲਈ ਕਰ ਰਿਹਾ ਹਾਂ ਕਿ ਬਾਲੀ ਸਾਹਿਬ ਨੂੰ ਚਾਹੁਣ ਵਾਲੇ ਪੂਰੀ ਦੁਨੀਆਂ ਵਿੱਚ ਲੱਖਾਂ ਲੋਕ ਨੇ ਪਰ ਉਹਨਾਂ ਦੇ ਗੀਤ ਲਿਖਣ ਦਾ ਮਾਣ ਮੇਰੇ ਹਿੱਸੇ ਹੀ ਆਇਆ। ਉਨਾਂ ਪ੍ਰਤੀ ਮੈਂ ਆਪਣੀ ਸ਼ਰਧਾ ਨੂੰ ਗੀਤਾਂ ਰਾਹੀ ਬਿਆਨ ਕਰਨ ਦਾ ਯਤਨ ਕੀਤਾ। ਇਸ ਵਿੱਚ ਮੈਂ ਕਿੰਨਾ ਕੁ ਸਫ਼ਲ ਹੋਇਆ ਹਾਂ ਇਹ ਮੇਰੇ ਨਾਲੋਂ ਬਿਹਤਰ ਪਾਠਕ ਜਾਣਦੇ ਨੇ ਪਰ ਇਹ ਗੀਤ ਲਿਖਣ ਦਾ ਸਬੱਬ ਇਹ ਹੈ ਕਿ ਮੈਂ ਉਹਨਾਂ ਨੂੰ ਬਹੁਤ ਨੇੜਿਓਂ ਦੇਖਿਆ, ਜਾਣਿਆ, ਸਮਝਿਆ ਅਤੇ ਉਹਨਾਂ ਕੋਲੋਂ ਹੀ ਸਭ ਕੁਝ ਸਿੱਖਿਆ। ਮੈਂ ਜੀਵਨ ਦੇ ਲਗਭਗ 40 ਸਾਲ ਉਹਨਾਂ ਦੇ ਨਾਲ ਗੁਜ਼ਾਰੇ ਹਨ। ਇਸ ਲਈ ਅੱਜ ਉਸ ਮਹਾਨ ਸ਼ਖ਼ਸੀਅਤ ਨਾਲ ਸੰਬੰਧਿਤ ਕੁਝ ਉਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ ਜੋ ਸਭ ਲਈ ਪ੍ਰੇਰਨਾ ਦਾ ਸਬੱਬ ਹੋ ਸਕਦੀਆਂ ਨੇ।

ਬਾਲੀ ਸਾਹਿਬ 20 ਜੁਲਾਈ 1930 ਨੂੰ ਜ਼ਿਲ੍ਹਾ ਨਵਾਂ ਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਵਿੱਚ ਮਾਤਾ ਪ੍ਰੇਮੀ ਅਤੇ ਪਿਤਾ ਭਗਵਾਨ ਦਾਸ ਦੇ ਘਰ ਪੈਦਾ ਹੋਏ। ਉਹ ਆਪਣੇ ਸੱਤ ਭੈਣ ਭਰਾਵਾਂ ਵਿੱਚੋਂ ਇੱਕ ਸਨ। ਉਹ ਬਚਪਨ ਤੋਂ ਹੀ ਤੇਜ ਬੁੱਧੀ ਵਾਲੇ, ਸ਼ਰੀਰਕ ਤੌਰ ‘ਤੇ ਰਿਸ਼ਟ-ਪੁਸ਼ਟ, ਗੋਰਾ ਰੰਗ, 6 ਫੁੱਟ ਤੋਂ ਵੱਧ ਕੱਦ, ਗਰਜਵੀਂ ਬੁਲੰਦ ਆਵਾਜ਼, ਹੌਸਲਾ ਇੰਨਾ ਕਿ ਜੇ ਡਰ ਨਾਂ ਦੀ ਕੋਈ ਚੀਜ਼ ਹੈ ਤਾਂ ਉਹ ਵੀ ਉਹਨਾਂ ਤੋਂ ਡਰਦੀ ਸੀ। ਕੋਈ ਵੀ ਵਿਅਕਤੀ ਉਹਨਾਂ ਨੂੰ ਮਿਲ ਕੇ ਉਹਨਾਂ ਤੋਂ ਪ੍ਰਭਾਵਿਤ ਹੋਏ ਬਿਨਾ ਰਹਿ ਨਹੀਂ ਸੀ ਸਕਦਾ। ਉਹਨਾਂ ਦੇ ਚਿਹਰੇ ਦਾ ਤੇਗ਼ ਅਤੇ ਔਰਾ ਬਹੁਤ ਹੀ ਕਮਾਲ ਸੀ। ਬਾਲੀ ਸਾਹਿਬ ਆਪਣੇ ਆਪ ਵਿੱਚ ਵਿਲੱਖਣ ਸੀ ਅਤੇ ਮੇਰੇ ਮੁਤਾਬਕ ਉਹਨਾਂ ਦੀ ਤੁਲਨਾ ਕਿਸੇ ਨਾਲ ਵੀ ਨਹੀਂ ਕੀਤੀ ਜਾ ਸਕਦੀ। ਉਹ ਆਪਣੀ ਮਿਸਾਲ ਆਪ ਸਨ। ਇਹ ਬਾਲੀ ਸਾਹਿਬ ਦੀ ਨਿਡਰਤਾ ਦਾ ਹੀ ਸਬੂਤ ਹੈ ਕਿ ਜਲੰਧਰ ਦਾ ਰੰਗੜ ਐਸ ਪੀ ਪਲਟਾ ਜਦ ਉਹਨਾਂ ਨੂੰ ਚਕਰਾਲੇ ਪਿੰਡ ਦੀ ਭੋਲੀ ਕੇਸ ਵਿੱਚ ਅਪ ਸ਼ਬਦ ਬੋਲਦਾ ਹੈ ਤਾਂ ਦਫ਼ਤਰ ਵਿੱਚ ਹੀ ਉਸਦੇ ਸਿਰ ‘ਚ ਜੁੱਤੀਆਂ ਮਾਰ ਕੇ ਉਸਦੀ ਬਦਤਮੀਜ਼ੀ ਦਾ ਜਵਾਬ ਦਿੱਤਾ ਸੀ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਸਾਡੇ ਸਮਾਜ ਦੇ ਲੋਕ ਪੁਲਿਸ ਨੂੰ ਵੇਖ ਕੇ ਲੁਕ ਜਾਂਦੇ ਸਨ। ਗੱਲ ਮੁੱਕਦੀ ਹੈ ਕਿ ਉਨਾਂ ਦੀ ਖੱਲ ਵਿੱਚ ਡਰ ਨਾਂ ਦੀ ਕੋਈ ਚੀਜ਼ ਨਹੀਂ ਸੀ। ਇਸ ਤੋਂ ਵੱਡਾ ਉਹਨਾਂ ਦੀ ਨਿਡਰਤਾ ਅਤੇ ਦਲੇਰੀ ਦਾ ਕੋਈ ਸਬੂਤ ਨਹੀਂ ਹੋ ਸਕਦਾ।

ਬਾਲੀ ਸਾਹਿਬ ਭਾਰਤ ਦੇ ਉਹਨਾਂ ਮਹਾਨ ਲੋਕਾਂ ‘ਚੋਂ ਇੱਕ ਸਨ ਜਿਨ੍ਹਾਂ ਨੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਨਾਲ ਰਹਿ ਕੇ ਉਨ੍ਹਾਂ ਕੋਲੋਂ ਬਹੁਤ ਕੁਝ ਸਿੱਖਣ ਦਾ ਮਾਣ ਹਾਸਿਲ ਕੀਤਾ। 6 ਦਸੰਬਰ 1956 ਨੂੰ ਬਾਬਾ ਸਾਹਿਬ ਦੇ ਪ੍ਰੀ ਨਿਰਵਾਣ ਤੋਂ ਬਾਅਦ ਉਹਨਾਂ ਨੇ ਮਿਸ਼ਨ ਨੂੰ ਅੱਗੇ ਤੋਰਨ ਲਈ ਆਪਣੀ ਸਰਕਾਰੀ ਨੌਕਰੀ ਛੱਡ ਕੇ ਪੂਰੀ ਜ਼ਿੰਦਗੀ ਮਿਸ਼ਨ ਨੂੰ ਸਮਰਪਿਤ ਕਰ ਦਿੱਤੀ। ਉਹਨਾਂ ਮਿਸ਼ਨ ਦੇ ਪ੍ਰਚਾਰ ਹਿੱਤ 1958 ਤੋਂ ਭੀਮ ਪੱਤ੍ਰਿਕਾ ਉਰਦੂ ,ਅੰਗਰੇਜ਼ੀ ਤੇ ਫਿਰ ਹਿੰਦੀ, ਵਿੱਚ ਸ਼ੁਰੂ ਕੀਤੀ ਜੋ ਦੇਸ਼ ਦੀ ਅੰਬੇਡਕਰ ਮਿਸ਼ਨ ਨਾਲ ਸੰਬੰਧਿਤ ਸਭ ਤੋਂ ਲੰਬੀ ਚੱਲਣ ਵਾਲੀ ਅਖ਼ਬਾਰ ਹੈ, ਜਿਸ ਨੂੰ ਉਨਾਂ ਦੇ ਜਾਣ ਤੋਂ ਬਾਅਦ ਉਹਨਾਂ ਦਾ ਬੇਟਾ ਡਾ. ਰਾਹੁਲ ਬਾਲੀ ਦਿੱਲੀ ਤੋਂ ਈ ਪੇਪਰ ਦੇ ਰੂਪ ਵਿੱਚ ਅੱਜ ਵੀ ਪ੍ਰਕਾਸ਼ਿਤ ਕਰ ਰਿਹਾ ਹੈ। ਬਾਲੀ ਸਾਹਿਬ ਦਾ ਉਹ ਦੌਰ ਸੀ ਜਦੋਂ ਦੱਬੇ ਕੁਚਲੇ ਸਮਾਜ ਵਿੱਚ ਗਰੀਬੀ, ਭੁੱਖ-ਮਰੀ, ਲਾਚਾਰੀ, ਬੇਬਸੀ ਅਤੇ ਅੰਧ ਵਿਸ਼ਵਾਸ ਦਾ ਬਹੁਤ ਜ਼ਿਆਦਾ ਬੋਲਬਾਲਾ ਸੀ। ਉਸ ਸਮੇਂ ਇਸ ਜਾਤੀ ਪ੍ਰਧਾਨ ਬ੍ਰਾਹਮਣਵਾਦੀ ਦੇਸ਼ ਵਿੱਚ ਵਿਗਿਆਨਿਕ ਸੋਚ, ਚੇਤਨਾ, ਤਰਕ ,ਅਤੇ ਅੰਬੇਡਕਰਵਾਦ ਦੀ ਗੱਲ ਕਰਨਾ ਨੰਗੀ ਤਲਵਾਰ ‘ਤੇ ਚੱਲਣ ਦੇ ਬਰਾਬਰ ਸੀ। ਪਰ ਧੰਨ ਸੀ ਉਹ ਲੋਕ ਜਿਨ੍ਹਾਂ ਨੇ ਕਿਸੇ ਗੱਲ ਦੀ ਵੀ ਪਰਵਾਹ ਕੀਤੇ ਬਿਨਾਂ ਆਪਣੇ ਨਿਜੀ ਹਿੱਤਾਂ ਤੋਂ ਉੱਪਰ ਉੱਠ ਕੇ ਬਾਬਾ ਸਾਹਿਬ ਦੇ ਮਿਸ਼ਨ ਦਾ ਕਾਰਵਾਂ ਅੱਗੇ ਤੋਰਿਆ ਚਾਹੇ ਇਸ ਦੀ ਕੀਮਤ ਕੁਝ ਵੀ ਤਾਰਨੀ ਕਿਉਂ ਨਾ ਪਈ ਹੋਵੇ। ਬਾਲੀ ਸਾਹਿਬ ਇਸ ਕਾਰਵਾਂ ਦੇ ਪੰਜਾਬ ਦੇ ਨਹੀਂ, ਬਲਕਿ ਪੂਰੇ ਭਾਰਤ ਦੇ ਮੋਹਰੀ ਆਗੂਆਂ ਵਿੱਚੋਂ ਇੱਕ ਸਨ।

ਬਾਬਾ ਸਾਹਿਬ ਦੇ ਨਾਗਪੁਰ ਵਿਖੇ 14 ਅਕਤੂਬਰ, 1956 ਨੂੰ ਬੁੱਧ ਧਰਮ ਵਿੱਚ ਦੀਕਸ਼ਿਤ ਹੋਣ ਤੋਂ ਬਾਅਦ ਪੰਜਾਬ ਵਿੱਚ ਬਾਲੀ ਸਾਹਿਬ ਨੇ ਆਪਣੇ ਸਾਥੀਆਂ ਸਮੇਤ 1963 ਨੂੰ ਚੱਕ ਹਕੀਮ ਫਗਵਾੜਾ ਵਿਖੇ ਬੁੱਧ ਧਮ ਦੀ ਦੀਕਸ਼ਾ ਲਈ। ਇਹਨਾਂ ਸਾਥੀਆਂ ਵਿੱਚ ਖਾਸ ਕਰਕੇ ਹਜ਼ਾਰਾਂ ਬੋਧੀ ਦਾ ਮਿਸ਼ਨ ਵਿੱਚ ਬੜਾ ਖਾਸ ਯੋਗਦਾਨ ਹੈ। ਹਜਾਰਾ ਰਾਮ ਬੋਧੀ ਪੰਜਾਬ ਦੇ ਪਹਿਲੇ ਅਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਆਪਣੇ ਨਾਮ ਨਾਲ ਬੋਧੀ ਸ਼ਬਦ ਜੋੜਿਆ। ਬਾਲੀ ਸਾਹਿਬ ਨੂੰ ਬੁੱਧ ਧਰਮ ਵਿੱਚ ਦੀਕਸ਼ਾ ਲੈਣ ਦੀ ਬਹੁਤ ਮਹਿੰਗੀ ਕੀਮਤ ਅਦਾ ਕਰਨੀ ਪਈ, ਕਿਉਂਕਿ ਉਸ ਸਮੇਂ ਧਰਮ ਪਰਿਵਰਤਨ ਨਾਲ ਦਲਿਤ ਲੋਕਾਂ ਨੂੰ ਮਿਲੀਆਂ ਸੰਵਿਧਾਨਿਕ ਸਹੂਲਤਾਂ ਤੋਂ ਕਾਨੂੰਨੀ ਤੌਰ ‘ਤੇ ਵਾਂਝਾ ਕਰ ਦਿੱਤਾ ਜਾਂਦਾ ਸੀ। ਇਸੇ ਕਰਕੇ 1967 ਨੂੰ ਜਦ ਜਲੰਧਰ ਲੋਕ ਸਭਾ ਦੀ ਚੋਣ ਹੋਈ, ਉਸ ਸਮੇਂ ਇਹ ਜਨਰਲ ਸੀਟ ਸੀ, ਮਜਬੂਰੀ ਵਿੱਚ ਲੜਨੀ ਪਈ। ਇੱਕ ਪਾਸੇ ਬਾਲੀ ਸਾਹਿਬ ਤੇ ਦੂਜੇ ਪਾਸੇ ਮੁਕਾਬਲੇ ਵਿੱਚ ਇੰਦਰਾ ਗਾਂਧੀ ਦੀ ਕੈਬਨਟ ਦਾ ਰੱਖਿਆ ਮੰਤਰੀ ਕਾਂਗਰਸ ਦਾ ਸਿਰਕੱਢ ਆਗੂ ਸਵਰਨ ਸਿੰਘ, ਜਿਸ ਖਿਲਾਫ਼ ਕੋਈ ਪੇਪਰ ਦਾਖਿਲ ਕਰਨ ਦੀ ਵੀ ਹਿੰਮਤ ਨਹੀਂ ਸੀ ਕਰਦਾ।

ਬਾਲੀ ਸਾਹਿਬ ਅਕਸਰ ਕਿਹਾ ਕਰਦੇ ਸਨ, ਇਹ ਚੋਣ ਦਾ ਮੈਦਾਨ ਨਹੀਂ ਸੀ, ਮੇਰੇ ਖੜੇ ਹੋਣ ਨਾਲ ਜੰਗ ਦਾ ਮੈਦਾਨ ਬਣ ਗਿਆ। ਕਿੱਥੇ ਸਰਮਾਏਦਾਰ ਜੱਟ ਦੇਸ਼ ਦਾ ਰੱਖਿਆ ਮੰਤਰੀ ਤੇ ਕਿੱਥੇ ਮੈਂ ਗਰੀਬ ਦਾ ਪੁੱਤ, ਲੇਕਿਨ ਫਿਰ ਵੀ ਮੇਰੇ ਗਰੀਬ ਸਮਾਜ ਦੇ ਲੋਕਾਂ ਵੱਲੋਂ ਮਿਲਿਆ ਅਥਾਹ ਸਮਰਥਨ ਵੇਖ ਕੇ ਸਵਰਨ ਸਿੰਘ ਵਰਗਾ ਆਗੂ ਪਿੰਡਾਂ ਦੇ ਢੇਰਾਂ ‘ਤੇ ਘੁੰਮਣ ਲਈ ਮਜਬੂਰ ਕਰ ਦਿੱਤਾ ਸੀ। ਪਰ ਮੇਰੇ ਖਿਲਾਫ਼ ਮੇਰੇ ਵਿਰੋਧੀਆਂ ਦਾ ਜਾਤੀ ਤੌਰ ‘ਤੇ ਇਕੱਠੇ ਹੋਣਾ ਅਤੇ ਵੋਟਾਂ ਵਿੱਚ ਕੀਤੀ ਬੇਇਮਾਨੀ ਕਰਕੇ ਇਕ ਲੱਖ ਤੋਂ ਵੱਧ ਵੋਟ ਲਿਜਾ ਕੇ ਵੀ ਮੈਂ ਚੋਣ ਹਾਰ ਗਿਆ। ਇਸ ਹਾਰ ਤੋਂ ਬਾਅਦ ਉਨ੍ਹਾਂ ਵੋਟਾਂ ਦੀ ਰਾਜਨੀਤੀ ਤੋਂ ਕਿਨਾਰਾ ਕਰ ਲਿਆ। ਜਦ ਕਦੇ ਉਹਨਾਂ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਹ ਕਹਿੰਦੇ ਹੁੰਦੇ ਸਨ “ਇਸ ਜਾਤੀ ਪ੍ਰਧਾਨ ਦੇਸ਼ ਵਿੱਚ ਸੱਚ ਬੋਲਣ ਵਾਲਾ ਬੰਦਾ ਕਦੇ ਵੀ ਇਲੈਕਸ਼ਨ ਨਹੀਂ ਜਿੱਤ ਸਕਦਾ। ਇਸ ਦੇਸ਼ ਵਿੱਚ ਬਾਬਾ ਸਾਹਿਬ ਵਰਗੇ ਮਹਾਂਪੁਰਸ਼ ਇਲੈਕਸ਼ਨ ਨਹੀਂ ਜਿੱਤ ਸਕੇ, ਮੈਂ ਕੀ ਚੀਜ਼ ਆ।”

ਇਸ ਤੋਂ ਬਾਅਦ ਉਹਨਾਂ ਨੇ ਨਿਰੋਲ ਮਿਸ਼ਨ ਦਾ ਕੰਮ ਆਰੰਭ ਕੀਤਾ। ਪੂਰੇ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਵੀ ਮਿਸ਼ਨ ਦੇ ਪ੍ਰਚਾਰ ਹਿੱਤ ਯਾਤਰਾਵਾਂ ਕੀਤੀਆਂ। ਅਨੇਕਾਂ ਮੁਲਕਾਂ ਵਿੱਚ ਅੰਬੇਡਕਰੀ ਅਤੇ ਬੁੱਧਿਸਟ ਸੰਸਥਾਵਾਂ ਦਾ ਗਠਨ ਕੀਤਾ। ਉਹਨਾਂ ਦੁਨੀਆ ਵਿੱਚ ਸੈਂਕੜੇ ਬੁੱਧ ਵਿਹਾਰ ਅਤੇ ਅੰਬੇਡਕਰ ਭਵਨ ਉਸਾਰੇ ਜੋ ਅੱਜ ਦਹਾਕਿਆਂ ਬਾਅਦ ਵੀ ਕਾਰਜਸ਼ੀਲ ਹਨ। ਇਸੇ ਤਰ੍ਹਾਂ ਅੰਬੇਡਕਰੀ ਸਾਹਿਤ ਵਿੱਚ ਵੀ ਬਾਲੀ ਸਾਹਿਬ ਦਾ ਬਹੁਤ ਵਡਮੁੱਲਾ ਯੋਗਦਾਨ ਹੈ। ਉਹਨਾਂ ਦੀ ਜਗਤ ਪ੍ਰਸਿੱਧ ਕਿਤਾਬ ‘ਡਾ.ਅੰਬੇਡਕਰ ਜੀਵਨ ਅਤੇ ਮਿਸ਼ਨ’ ਹਿੰਦੀ, ਪੰਜਾਬੀ ,ਅੰਗਰੇਜ਼ੀ,ਅਤੇ ਹੁਣ ਡੱਚ ਜਰਮਨ ਭਾਸ਼ਾ ਵਿੱਚ ਵੀ ਛਪ ਚੁੱਕੀ ਹੈ। ਪੰਜਾਬੀ ਵਿੱਚ ਇਹ ਕਿਤਾਬ 2009 ਤੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਾਲਜ ਯੂਨੀਵਰਸਿਟੀਆਂ ਅਤੇ ਸਭ ਵਿੱਦਿਅਕ ਅਦਾਰਿਆਂ ਲਈ ਮਾਨਤਾ ਪ੍ਰਾਪਤ ਹੈ।

ਇਸ ਤੋਂ ਇਲਾਵਾ ਮਿਸ਼ਨ ਨਾਲ ਸੰਬੰਧਿਤ 100 ਤੋਂ ਵੱਧ ਕਿਤਾਬਾਂ ਉਹਨਾਂ ਲਿਖੀਆਂ ਜਿਨ੍ਹਾਂ ਵਿੱਚੋਂ ਦੋ ਕਿਤਾਬਾਂ ‘ਹਿੰਦੂਇਜ਼ਮ ਧਰਮ ਜਾਂ ਕਲੰਕ ?’ ਅਤੇ ‘ਰੰਗੀਲਾ ਗਾਂਧੀ’ ਪੰਜਾਬ ਸਰਕਾਰ ਵਲੋਂ ਇਨ੍ਹਾਂ ਕਿਤਾਬਾਂ ‘ਤੇ ਪਾਬੰਦੀ ਲਗਾ ਦਿੱਤੀ ਗਈ। ਪੂਰੇ ਭਾਰਤ ਵਿੱਚ ਕੁਝ ਗਿਣਤੀ ਦੇ ਅੰਬੇਡਕਰੀਆਂ ਵਿੱਚੋਂ ਬਾਲੀ ਸਾਹਿਬ ਇੱਕ ਸਨ ਜਿਨ੍ਹਾਂ ਦੀਆਂ ਕਿਤਾਬਾਂ ਸਰਕਾਰਾਂ ਵੱਲੋਂ ਪਾਬੰਦ ਕੀਤੀਆਂ ਗਈਆਂ, ਜਿਨ੍ਹਾਂ ਕਿਤਾਬਾਂ ਕਰਕੇ ਮੁਕੱਦਮੇ ਹੋਏ। ਆਪਣੀ ਤਰਕ ਬੁੱਧੀ, ਆਪਣੇ ਕਾਨੂੰਨੀ ਗਿਆਨ ਦੇ ਦਮ ‘ਤੇ ਅਤੇ ਸਖਤ ਮਿਹਨਤ ਨਾਲ ਮੁਕੱਦਮੇ ਵੀ ਜਿੱਤੇ। ਹਜ਼ਾਰਾਂ ਤਰ੍ਹਾਂ ਦੇ ਦਬਾਅ ਹੋਣ ਦੇ ਬਾਵਜੂਦ ਕੋਈ ਵੀ ਕਿਤਾਬ ਵਾਪਸ ਨਹੀਂ ਲਈ ਅਤੇ ਨਾ ਹੀ ਮਾਫ਼ੀ ਮੰਗੀ। ਧਰਮ ਕਲੰਕ ਕਿਤਾਬ ਦੇ ਸੰਬੰਧ ਵਿੱਚ 1994 ਨੂੰ ਜਲੰਧਰ ਇਕ ਇੱਕ ਹੋਟਲ ਵਿੱਚ ਪ੍ਰੈੱਸ ਕਾਨਫਰੰਸ ਹੋਈ ਤਾਂ ਮੈ ਉਹਨਾਂ ਦੇ ਨਾਲ ਸੀ। ਅਲੱਗ ਅਲੱਗ ਅਖ਼ਬਾਰਾ ਦੇ ਦਰਜਨਾਂ ਪੱਤਰਕਾਰ ਉੱਥੇ ਹਾਜ਼ਰ ਸਨ। ਬਾਲੀ ਸਾਹਿਬ ਨੂੰ ਇੱਕ ਪੱਤਰਕਾਰ ਵੱਲੋਂ ਸਵਾਲ ਕੀਤਾ ਗਿਆ ਕਿ ਜੇਕਰ ਇਸ ਕਿਤਾਬ ਦਾ ਵਿਵਾਦ ਜ਼ਿਆਦਾ ਵੱਧ ਜਾਂਦਾ ਹੈ, ਕੀ ਤੁਸੀਂ ਮਾਫ਼ੀ ਮੰਗੋਗੇ ? ਤਾਂ ਬਾਲੀ ਸਾਹਿਬ ਨੇ ਜਵਾਬ ਦਿੱਤਾ ਬਿਲਕੁਲ ਨਹੀਂ। ਨਾ ਮਾਫ਼ੀ, ਮੇਰੀ ਕਿਤਾਬ ਦਾ ਜਵਾਬ ਕਿਤਾਬ ਲਿਖ ਕੇ ਦੇਣ, ਕਿਉਂਕਿ ਮੈਂ ਇਸ ਕਿਤਾਬ ਵਿੱਚ ਕੁਝ ਵੀ ਕੋਲੋਂ ਨਹੀਂ ਲਿਖਿਆ। ਹਰ ਗੱਲ ਦਾ ਕਿਤਾਬ ਵਿੱਚ ਹੀ ਪ੍ਰਮਾਣ ਹੈ। ਆਖਿਰ ਪੰਜਾਬ ਸਰਕਾਰ ਨੇ ਇਸ ਕਿਤਾਬ ‘ਤੇ ਪਾਬੰਦੀ ਲਾ ਕੇ ਸਾਰਾ ਵਿਵਾਦ ਠੰਡੇ ਬਸਤੇ ਵਿੱਚ ਪਾ ਦਿੱਤਾ। ਪੰਜਾਬ ਸਰਕਾਰ ਨੂੰ ਖਦਸ਼ਾ ਸੀ ਕਿ ਇਹ ਵਿਵਾਦ ਵੱਡੇ ਵਿਵਾਦ ਨੂੰ ਜਨਮ ਨਾ ਦੇ ਦੇਵੇ। ਸਰਕਾਰਾਂ ਕੋਈ ਵੀ ਹੋਣ, ਉਹ ਸਦਾ ਅੰਬੇਡਕਰੀ ਵਿਚਾਰਧਾਰਾ ਤੋਂ ਡਰਦੀਆਂ ਰਹੀਆਂ ਹਨ। ਕੁਝ ਆਪਣਿਆਂ ਦੀ ਗੱਦਾਰੀ, ਕੁਝ ਸਰਕਾਰਾਂ ਦਾ ਦਮਨ, ਕੁਝ ਸੱਚ ਬੋਲਣ ਦੀ ਆਦਤ ਅਤੇ ਕੱਟੜ ਅੰਬੇਡਕਰੀ ਹੋਣ ਦਾ ਮੁੱਲ ਅਨੇਕਾਂ ਮੁਕੱਦਮਿਆਂ ਦੇ ਰੂਪ ਵਿੱਚ ਵੀ ਤਾਰਨਾ ਪਿਆ। ਇਥੋਂ ਤੱਕ ਕਿ ਜਿਸ ਦਿਨ ਬਾਲੀ ਸਾਹਿਬ ਇਸ ਦੁਨੀਆਂ ਤੋਂ ਰੁਖ਼ਸਤ ਹੋਏ, ਉਸ ਦਿਨ ਵੀ ਉਹਨਾਂ ਉੱਪਰ ਇੱਕ ਮੁਕੱਦਮਾ ਚੱਲਦਾ ਰਿਹਾ ਸੀ, ਜਿਸ ਦਾ ਫ਼ੈਸਲਾ ਉਹਨਾਂ ਦੇ ਜਾਣ ਤੋਂ ਦੋ ਮਹੀਨੇ ਬਾਅਦ ਉਹਨਾਂ ਦੇ ਹੱਕ ਵਿੱਚ ਹੋਇਆ। ਕਿਸੇ ਦੇ ਵੀ ਕੰਮ ਦੀ ਪ੍ਰਮਾਣਤਾ ਦਾ ਪੈਮਾਨਾ ਇਹ ਹੁੰਦਾ ਹੈ ਕਿ ਉਸਦੇ ਚਾਹੁਣ ਵਾਲਿਆਂ ਤੋਂ ਇਲਾਵਾ ਉਸਦੇ ਵਿਰੋਧੀ ਵੀ ਉਸਦਾ ਲੋਹਾ ਮੰਨਣ।

ਅੱਜ ਚਾਹੇ ਬਾਲੀ ਸਾਹਿਬ ਸਾਡੇ ਦਰਮਿਆਨ ਨਹੀਂ ਪਰ ਉਹਨਾਂ ਦੇ ਕੱਟੜ ਵਿਰੋਧੀ ਵੀ ਉਹਨਾਂ ਦੇ ਕੀਤੇ ਕੰਮ, ਉਹਨਾਂ ਦੇ ਗਿਆਨ, ਉਹਨਾਂ ਦੇ ਦ੍ਰਿੜ ਵਿਸ਼ਵਾਸ ਅਤੇ ਬੁਲੰਦ ਹੌਸਲੇ ਦਾ ਲੋਹਾ ਮੰਨਦੇ ਹਨ। ਬਾਲੀ ਸਾਹਿਬ ਨੂੰ ਜਿਉਂਦੇ ਜੀਅ ਵੀ ਅਤੇ ਜਾਣ ਤੋਂ ਬਾਅਦ ਵੀ ਖ਼ਾਸ ਕਰਕੇ ਪੰਜਾਬ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦੇ ਅਨੇਕਾਂ ਕਾਰਨ ਨੇ। ਇਥੇ ਉਹਨਾਂ ਦਾ ਜ਼ਿਕਰ ਸੰਭਵ ਨਹੀਂ ਪਰ ਇੱਕ ਘਟਨਾ ਦਾ ਜ਼ਿਕਰ ਹੀ ਸਿੱਧ ਕਰਨ ਲਈ ਕਾਫ਼ੀ ਹੈ ਕਿ ਇਹ ਵਿਰੋਧ ਨਿੱਜੀ, ਸਵਾਰਥੀ ਅਤੇ ਬੇਬੁਨਿਆਦ ਸੀ ਅਤੇ ਹੈ। ਇਹ ਗੱਲ ਸਾਰੇ ਚੰਗੀ ਤਰ੍ਹਾ ਜਾਣਦੇ ਹਨ ਕਿ ਬਾਲੀ ਸਾਹਿਬ ਪੱਕੇ ਨਾਸਤਿਕ ਸਨ ਪਰ ਇਸ ਦੇ ਬਾਵਜੂਦ ਉਹਨਾ 2009 ਵਿੱਚ ਸੰਤ ਰਾਮਾ ਨੰਦ ਮਹਾਰਾਜ ਜੀ ਦੇ ਵਿਆਨਾ, ਅਸਟਰੀਆ ਵਿੱਚ ਕੀਤੇ ਕਤਲ ਤੋਂ ਬਾਅਦ ਪੰਜਾਬ ਦੇ ਹਾਲਾਤ ਬੁਰੀ ਤਰ੍ਹਾਂ ਵਿਗੜ ਗਏ ਤੇ ਬੇਕਾਬੂ ਹੋ ਗਏ। ਬੇਕਾਬੂ ਹੋਏ ਹਾਲਾਤਾਂ ਵਿੱਚ ਦਲਿਤ ਸਮਾਜ ਦੇ ਪੰਜ ਬੰਦੇ ਸ਼ਹੀਦ ਵੀ ਹੋਏ। ਸਾਰਾ ਸਮਾਜ ਸਹਿਮ ਦੇ ਮਾਹੌਲ ਵਿੱਚ ਜੀਣ ਲੱਗਾ। ਇਸ ਸਹਿਮ ਭਰੀ ਖੜੋਤ ਨੂੰ ਤੋੜਨ ਲਈ ਬਾਲੀ ਸਾਹਿਬ ਨੇ ਸਾਰੀਆਂ ਗੁਰੂ ਰਵਿਦਾਸ ਸਭਾਵਾਂ ਦੇ ਆਗੂ ਅੰਬੇਡਕਰ ਭਵਨ ਜਲੰਧਰ ਸੱਦੇ ਤੇ ਕਿਹਾ ਕਿ ਇੱਕ ਪ੍ਰੋਗਰਾਮ ਕੀਤਾ ਜਾਵੇ ਜਿਸ ਵਿੱਚ ਲੋਕਾਂ ਨੂੰ ਲਾਮਬੰਦ ਕਰਕੇ ਲੋਕਾਂ ਦਾ ਡਰ ਖ਼ਤਮ ਕੀਤਾ ਜਾਵੇ। ਮੀਟਿੰਗ ਵਿੱਚ ਹਾਜ਼ਰ ਸੈਂਕੜੇ ਲੋਕਾਂ ਵਿੱਚੋਂ ਕਿਸੇ ਨੇ ਵੀ ਇਸ ਗੱਲ ਦੀ ਹਾਮੀ ਨਾ ਭਰੀ ਕਿ ਸਾਡੀ ਸਭਾ ਦੇ ਬੈਨਰ ਹੇਠ ਪ੍ਰੋਗਰਾਮ ਕਰ ਲਿਆ ਜਾਵੇ। ਫਿਰ ਅਸੀਂ ਅੰਬੇਡਕਰੀਆਂ ਨੇ ਇੱਕ ਸਭਾ ਦਾ ਗਠਨ ਕੀਤਾ ਜਿਸਦਾ ਨਾਮ ‘ਗੁਰੂ ਰਵਿਦਾਸ ਇੰਟਰਨੈਸ਼ਨਲ ਮਹਾ ਸਭਾ’, ਜਿਸਦਾ ਜੇ.ਬੀ ਕੌਲ ਨੂੰ ਪ੍ਰਧਾਨ ਤੇ ਮੈਨੂੰ ਉਸਦਾ ਕਨਵੀਨਰ ਬਣਾਇਆ ਗਿਆ।

ਦੇਸ਼ ਭਗਤ ਯਾਦਗਾਰ ਜਲੰਧਰ ਵਿੱਚ 4 ਜੁਲਾਈ 2009 ਨੂੰ ਸ਼ਹੀਦ ਰਾਮਾਨੰਦ ਜੀ ਦੀ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੰਤ ਰਾਮਮਾਨੰਦ ਜੀ ਦੇ ਪਿਤਾ ਸ਼੍ਰੀ ਮਹਿੰਗਾ ਰਾਮ ਜੀ ਨੂੰ ਸਨਮਾਨਿਤ ਕੀਤਾ ਗਿਆ। ਹਜ਼ਾਰਾਂ ਲੋਕਾਂ ਨੇ ਇਸ ਪ੍ਰੋਗਰਾਮ ਵਿੱਚ ਹਾਜਰੀ ਲਗਵਾਈ। ਬਾਲੀ ਸਾਹਿਬ ਨੇ ਇਸ ਸਭਾ ਵਿੱਚ ਬਹੁਤ ਹੀ ਇਤਿਹਾਸਿਕ ਭਾਸ਼ਨ ਦਿੱਤਾ। ਸੰਤਾਂ ਦੇ ਕਤਲ ਦੇ ਪਿਛੋਕੜ ਵਾਲੇ ਤੱਥ ਤੋਂ ਸਭ ਨੂੰ ਜਾਣੂ ਕਰਵਾਇਆ। ਇਸ ਸਭਾ ਵਿੱਚ ਡਾ. ਜੀ ਸੀ ਕੌਲ, ਸੇਠ ਸਤਪਾਲ ਮੱਲ, ਡਾ. ਰੌਣਕੀ ਰਾਮ, ਡਾ. ਐਸ ਐਲ ਵਿਰਦੀ, ਸੁਭਾਸ਼ ਚੰਦਰ ਮੁਸਾਫ਼ਿਰ, ਜੈ ਸਿੰਘ, ਜੇ ਬੀ ਕੋਲ, ਡਾ.ਮਹਿੰਦਰ ਸੰਧੂ, ਬਲਦੇਵ ਰਾਜ ਭਾਰਦਵਾਜ ਅਤੇ ਵਿਜੇ ਵਾਲੀਆ ਹਾਜ਼ਰ ਸਨ। ਇਸ ਸਮਾਗਮ ਦੀ ਸਟੇਜ ਦਾ ਸੰਚਾਲਨ ਮੈਂ ਖੁਦ ਕੀਤਾ। ਇਸ ਘਟਨਾ ਦਾ ਜ਼ਿਕਰ ਇਸ ਲਈ ਕੀਤਾ ਗਿਆ ਕਿ ਬਾਲੀ ਸਾਹਿਬ ਤਾਂ ਨਾਸਤਕ ਸਨ, ਉਹਨਾਂ ਸੰਤਾਂ ਦੇ ਸ਼ਰਧਾਂਜਲੀ ਸਮਾਗਮ ਕਿਉਂ ਕੀਤੇ? ਉਹਨਾਂ ਦਾ ਕਹਿਣਾ ਸੀ ਕਿ ਜਿੱਥੇ ਵੀ ਕਿਤੇ ਸਮਾਜ ਨਾਲ ਧੱਕਾ ਹੁੰਦਾ ਹੋਵੇ, ਉਹ ਸਮਾਜਿਕ ਹੋਵੇ ਜਾਂ ਧਾਰਮਿਕ, ਮੈਂ ਕਦੇ ਵੀ ਪਿੱਛੇ ਨਹੀਂ ਹਟਿਆ। ਉਹ ਚਾਹੇ ਚੁਗਿੱਟੀ ਦਾ 1983 ਦਾ ਗੁਰੂ ਰਵਿਦਾਸ ਗੁਰਦੁਆਰੇ ਦਾ ਝਗੜਾ ਹੋਵੇ, ਜਾਂ ਰੇਰੂ ਪਿੰਡ ਗੁਰੂ ਰਵਿਦਾਸ ਟਰਸਟ ਦੀ ਜਮੀਨ ਦਾ ਝਗੜਾ ਹੋਵੇ, ਜਾਂ 2007 ਦਾ ਤੱਲ੍ਹਣ ਦਾ ਝਗੜਾ ਹੋਵੇ। ਤੱਲ੍ਹਣ ਪਿੰਡ ਦਾ ਝਗੜਾ ਇੰਨਾ ਜ਼ਿਆਦਾ ਪਚੀਦਾ ਹੋ ਗਿਆ ਸੀ ਕਿ ਜ਼ਾਤ ਅਭਿਮਾਨੀ ਲੋਕਾਂ ਨੇ ਇਸ ਨੂੰ ਮੁੱਛ ਦਾ ਸਵਾਲ ਬਣਾ ਲਿਆ ਸੀ। ਇਸ ਝਗੜੇ ਨੂੰ ਖ਼ਤਮ ਹੋਣ ਨੂੰ ਲੰਬਾ ਸਮਾਂ ਲੱਗਾ। ਇਸ ਝਗੜੇ ਕਾਰਨ ਤੱਲ੍ਹਣ ਪਿੰਡ ਅੰਤਰਰਾਸ਼ਟਰੀ ਪੱਧਰ ‘ਤੇ ਚਰਚਾ ਦਾ ਵਿਸ਼ਾ ਬਣ ਗਿਆ ਸੀ। ਇਹ ਪੰਜਾਬ ਦਾ ਪਹਿਲਾ ਪਿੰਡ ਸੀ ਜਿੱਥੇ 18 ਦਿਨ ਕਰਫ਼ਿਊ ਲੱਗਾ ਰਿਹਾ। ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਅੰਬਿਕਾ ਸੋਨੀ ਅਤੇ ਹੋਰ ਕਈ ਵੱਡੇ ਲੀਡਰ ਪਿੰਡ ਵਿੱਚ ਸੁਲਾਹ ਕਰਾਉਣ ਲਈ ਆਏ ਪਰ ਸਮਝੌਤਾ ਨਹੀਂ ਹੋਇਆ। ਜੇਕਰ ਇਸ ਝਗੜੇ ਨੂੰ ਖ਼ਤਮ ਕਰਨ ਦੀ ਅਗਵਾਹੀ ਬਾਲੀ ਸਾਹਿਬ ਨਾ ਕਰਦੇ ਤਾਂ ਲਾਜ਼ਮੀ ਤੌਰ ‘ਤੇ ਸਾਡੇ ਸਮਾਜ ਦੀ ਪਿੱਠ ਲੱਗਣੀ ਸੀ, ਕਿਉਂਕਿ ਕੋਈ ਵੀ ਲੜਾਈ ਜਿੱਤਣ ਲਈ ਸਹੀ ਸਮਝ, ਦ੍ਰਿੜ ਵਿਸ਼ਵਾਸ, ਜਿੱਤ ਦਾ ਜਜ਼ਬਾ ਅਤੇ ਇਖਲਾਕ ਦਾ ਪੱਕਾ ਹੋਣਾ ਬਹੁਤ ਜ਼ਰੂਰੀ ਹੈ। ਇਹ ਸਭ ਗੁਣ ਬਾਲੀ ਸਾਹਿਬ ਵਿੱਚ ਸਨ।

ਬਾਲੀ ਸਾਹਿਬ ਵਿੱਚ ਇੱਕ ਹੋਰ ਬੜੀ ਵੱਡੀ ਖ਼ੂਬੀ ਸੀ ਕਿ ਉਹ ਜ਼ਿਆਦਾ ਪੜ੍ਹੇ ਲਿਖੇ ਬੰਦਿਆਂ ਨੂੰ ਘੱਟ ਹੀ ਪਸੰਦ ਕਰਦੇ ਸਨ। ਉਹ ਅਕਸਰ ਕਿਹਾ ਕਰਦੇ ਸਨ, ਮੇਰੇ ਨਾਲ ਜਿੰਨ੍ਹੇ ਵੀ ਪੜ੍ਹੇ ਲਿਖੇ ਆਏ ਕੋਈ ਮੰਤਰੀ ਬਣ ਗਿਆ, ਕੋਈ ਸੰਤਰੀ ਬਣ ਗਿਆ, ਜੋ ਕੁਝ ਬਚੇ ਉਹਨਾਂ ਵਿੱਚੋਂ ਬਹੁਤੇ ਧੋਖਾ ਦੇ ਗਏ। ਅਨਪੜ੍ਹ ਬੰਦਾ ਜਦੋਂ ਗੱਲ ਨੂੰ ਚੰਗੀ ਤਰਾਂ ਸਮਝ ਲੈਂਦਾ ਹੈ ਫਿਰ ਉਹ ਆਪਣੇ ਸਿਧਾਂਤ ਨਾਲ ਸਮਝੌਤਾ ਨਹੀਂ ਕਰਦਾ ਅਤੇ ਨਾ ਹੀ ਥਿੜਕਦਾ ਹੈ, ਬੇਸ਼ੱਕ ਜਾਨ ਚਲੀ ਜਾਵੇ। ਉਹ ਕਹਿੰਦੇ ਹੁੰਦੇ ਸੀ ਮੇਰੇ ਨਾਲ ਜਿੰਨੇ ਵੀ ਅਨਪੜ੍ਹ ਲੋਕ ਆਏ ਉਹਨਾਂ ਸਭ ਨੇ ਮੇਰਾ ਤਨਦੇਹੀ ਨਾਲ ਸਾਥ ਦਿੱਤਾ ਅਤੇ ਬਾਬਾ ਸਾਹਿਬ ਦਾ ਮਿਸ਼ਨ ਇਨ੍ਹਾ ਸਧਾਰਨ ਅਨਪੜ੍ਹ ਲੋਕਾਂ ਕਰਕੇ ਹੀ ਸਫ਼ਲ ਹੋਇਆ।

ਬਾਲੀ ਸਾਹਿਬ ਦੇ ਜੀਵਨ ਨਾਲ ਜੁੜੇ ਅਨੇਕਾਂ ਕਿਸੇ ਹੋਰ ਵੀ ਨੇ ਪਰ ਸਭ ਦਾ ਜ਼ਿਕਰ ਇੱਥੇ ਸੰਭਵ ਨਹੀਂ। ਉਹਨਾਂ ਬਾਰੇ ਜੇ ਕਿਸੇ ਨੇ ਹੋਰ ਵੱਧ ਜਾਨਣਾ ਹੈ ਤਾਂ ਉਹਨਾਂ ਦੀ ਆਤਮ ਕਥਾ ‘ਅੰਬੇਡਕਰੀ ਹੋਣ ਦਾ ਅਰਥ’ ਪੜ੍ ਸਕਦੇ ਹਨ।

ਅਖੀਰ ਵਿੱਚ ਬਾਲੀ ਸਾਹਿਬ ਦੀ ਮਿਸ਼ਨ ਨੂੰ ਜੋ ਦੇਣ ਹੈ, ਉਸ ਦਾ ਕੋਈ ਸਾਅਨੀ ਨਹੀਂ। ਉਹਨਾਂ ਨੇ ਬਾਬਾ ਸਾਹਿਬ ਨਾਲ ਕੀਤਾ ਬਚਨ ਜ਼ਿੰਦਗੀ ਦੇ ਆਖ਼ਰੀ ਸਾਹ ਤੱਕ ਨਿਭਾਇਆ। ਉਹ ਆਪਣੀ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਸਨ। ਉਨਾਂ ਵੱਲੋਂ ਕੀਤੇ ਗਏ ਮਹਾਨ ਕੰਮਾਂ ਵਿੱਚ ਖ਼ਾਸ ਤੌਰ ‘ਤੇ ਬਾਬਾ ਸਾਹਿਬ ਦੀ ਦੀ ਚਰਨ ਛੋਹ ਪ੍ਰਾਪਤ ਭੂਮੀ, ਆਪਣੇ ਸਾਥੀ ਕਰਮ ਚੰਦ ਬਾਠ ਨਾਲ ਮਿਲ ਕੇ 1963 ਵਿੱਚ ਬੜੀ ਮੁਸ਼ੱਕਤ ਨਾਲ ਖ਼ਰੀਦੀ। ਫਿਰ 1972 ਵਿੱਚ ਅੰਬੇਡਕਰ ਭਵਨ ਟਰੱਸਟ ਬਣਾ ਕੇ ਇਹ ਜ਼ਮੀਨ ਉਸਦੇ ਨਾਮ ਕਰਵਾਈ। ਅੰਬੇਡਕਰ ਭਵਨ ਅੱਜ ਪੰਜਾਬ ਵਿੱਚ ਨਹੀਂ ਬਲਕਿ ਉੱਤਰੀ ਭਾਰਤ ਵਿੱਚ ਅੰਬੇਡਕਰੀ ਗਤੀਵਿਧੀਆਂ ਦਾ ਮੁੱਖ ਕੇਂਦਰ ਹੈ।

ਇਸੇ ਤਰ੍ਹਾਂ ਆਪਣੇ ਸਾਥੀ ਐਡਵੋਕੇਟ ਭਗਵਾਨ ਦਾਸ ਨਾਲ ਮਿਲ ਕੇ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ ਦਾ ਗਠਨ ਕੀਤਾ। ਸੁਸਾਇਟੀ ਨੇ ਪਿਛਲੇ 50 ਸਾਲ ਮਿਸ਼ਨ ਵਿੱਚ ਬੇਮਿਸਾਲ ਕੰਮ ਕੀਤਾ। ਇਸ ਸੋਸਾਇਟੀ ਦਾ ਮੈਂ ਵੀ ਦੋ ਸਾਲ ਪ੍ਰਧਾਨ ਰਿਹਾ ਹਾਂ ਅਤੇ ਹੁਣ ਬਤੌਰ ਮੁੱਖ ਸਲਾਹਕਾਰ ਸੇਵਾ ਨਿਭਾ ਰਿਹਾ ਹਾਂ। ਬਾਬਾ ਸਾਹਿਬ ਦੁਆਰਾ 1927 ਵਿੱਚ ਸਥਾਪਿਤ ਸਮਤਾ ਸੈਨਿਕ ਦਲ ਮੁੜ ਤੋਂ ਪੁਨਰ ਸੁਰਜੀਤ ਕਰਨ ਦਾ ਸਿਹਰਾ ਵੀ ਬਾਲੀ ਸਾਹਿਬ ਸਿਰ ਵੱਝਦਾ ਹੈ। ਪੂਰੇ ਭਾਰਤ ਵਿੱਚ ਬਾਲੀ ਸਾਹਿਬ ਨੇ ਅਨੇਕਾਂ ਮਿਸ਼ਨਰੀ ਸੰਸਥਾਵਾਂ ਦਾ ਗਠਨ ਕੀਤਾ। ਉਹ ਆਪਣੀ ਜ਼ਿੰਦਗੀ ਦੇ 93 ਸਾਲ ਬਾਬਾ ਸਾਹਿਬ ਦੇ ਮਿਸ਼ਨ ਦੇ ਲੇਖੇ ਲਾ ਕੇ, ਲੱਖਾਂ ਲੋਕਾਂ ਨੂੰ ਨਵੀਂ ਚੇਤਨਾ ਦੇਕੇ, ਸੱਚੇ ਸੁੱਚੇ ਮਿਸ਼ਨ ਦੇ ਲੜ ਲਾ ਕੇ, ਆਪਣੇ ਜੀਵਨ ਦੇ ਸਾਰੇ ਸੁੱਖ ਤਿਆਗ ਕੇ, ਦੱਬੇ ਕੁਚਲੇ ਸਮਾਜ ਦੇ ਦਰਦ ਨੂੰ ਸਿਰਫ਼ ਸਮਝਿਆ ਹੀ ਨਹੀਂ ਬਲਕਿ ਉਸਨੂੰ ਖ਼ਤਮ ਕਰਨ ਦਾ ਪੂਰਾ ਯਤਨ ਕੀਤਾ। ਪੂਰੀ ਦੁਨੀਆ ਨੂੰ ਗਿਆਨ ਦੀ ਰੌਸ਼ਨੀ ਵੰਡਦਾ ਇਹ ਅੰਬੇਡਕਰੀ ਆਕਾਸ਼ ਦਾ ਸੂਰਜ, ਅੰਤ 6 ਜੁਲਾਈ, 2023 ਨੂੰ ਸਦਾ ਲਈ ਅਸਤ ਹੋ ਗਿਆ ਅਤੇ ਪਿੱਛੇ ਛੱਡ ਗਿਆ ਲੱਖਾਂ ਲੋਕਾਂ ਦੀ ਚੇਤਨਾ ਵਿੱਚ ਬਾਬਾ ਸਾਹਿਬ ਅੰਬੇਡਕਰ ਦਾ ਪ੍ਰਚੰਡ ਮਿਸ਼ਨ, ਜੋ ਨਿਰੰਤਰ ਆਪਣੀ ਮੰਜ਼ਿਲ ਵੱਲ ਵੱਧਦਾ ਜਾ ਰਿਹਾ ਹੈ। ਬਾਲੀ ਸਾਹਿਬ ਵੱਲੋਂ ਬੀਜੇ ਅਣਖ ਦੇ ਬੀਜ, ਜੋ ਉਹਨਾਂ ਖੂਨ ਨਾਲ ਸਿੰਜੇ ਸਨ, ਅੱਜ ਗੈਰਤਮੰਦੀ ਦਾ ਅਹਿਸਾਸ ਕਰਵਾ ਰਹੇ ਹਨ। ਅੰਬੇਡਕਰ ਮਿਸ਼ਨ ਦਾ ਇਹ ਕਾਫਲਾ ਬਾਲੀ ਸਾਹਿਬ ਅਤੇ ਉਹਨਾਂ ਵਰਗੇ ਮਹਾਨ ਯੋਧਿਆਂ ਨੂੰ ਸਦਾ ਯਾਦ ਕਰਦਾ ਰਹੇਗਾ।

ਆਖਿਰ ਵਿੱਚ ਮੇਰੀ ਗ਼ਜ਼ਲ ਦੇ ਕੁਝ ਸ਼ੇਅਰ, ਜੋ ਬਾਲੀ ਸਾਹਿਬ ਦੇ ਜਾਣ ਤੋਂ ਬਾਅਦ ਲਿਖੇ ਸਨ, ਉਹਨਾਂ ਨੂੰ ਖ਼ਿਰਾਜ਼ ਇ ਅਕੀਦਤ ਵਜੋਂ ਪੇਸ਼ ਹਨ:

“ਅੱਜ ਆਪ ਸਦਾ ਲਈ ਸੌਂ ਗਿਆ ਦੁਨੀਆ ਜਗਾਉਣ ਵਾਲਾ ,
ਮਸੀਹਾ ਸੀ ਉਹ ਕੌਮ ਦਾ ਦੁੱਖੜੇ ਵੰਡਾਉਣ ਵਾਲਾ ।
ਰੁਕਿਆ ਕਦੇ ਨਾ, ਝੁਕਿਆ ਕਦੇ ਨਾ, ਡਰਿਆ ਕਦੇ ਨਾ ਉਹ,
ਡੰਕੇ ਦੀ ਚੋਟ ਬੋਲਿਆ ਸੱਚ ਦੁਨੀਆ ਹਿਲਾਉਣ ਵਾਲਾ।
ਬਾਲੀ ਸਾਹਿਬ ਨੂੰ ਇਹੋ ਸ਼ਰਧਾ ਦੇ ਫੁੱਲ ਨੇ ਯਾਰੋ,
ਇੱਕ ਵੀ ਬਚੇ ਨਾ ਕੋਈ ਹਨੇਰਾ ਫੈਲਾਉਣ ਵਾਲਾ।”

ਚਰਨ ਦਾਸ ਸੰਧੂ,
ਮੁੱਖ ਸਲਾਹਕਾਰ
ਅੰਬੇਡਕਰ ਮਿਸ਼ਨ ਸੋਸਾਇਟੀ (ਰਜਿ.)ਪੰਜਾਬ।
94640-66955

Previous articleਸਮੈ ਰੈਨਾ ਨੇ ਪੂਰਾ ਥੀਏਟਰ ਬੁੱਕ ਕਰਵਾਇਆ, 250 ਪ੍ਰਸ਼ੰਸਕਾਂ ਨਾਲ ‘ਅਲਫ਼ਾ’ ਦੇਖਣਗੇ; ਉਸਨੇ ਹੁਣੇ ਹੀ ਇਹ ਵੱਡੀ ਸ਼ਰਤ ਰੱਖੀ ਹੈ।
Next articlePhilosopher Acharya Prashant in Dialogue with PETA Foundation President Mimi Bekhechi in London, Says “Violence Is Taught, Not Compassion”