ਬਠਿੰਡਾ(ਸਮਾਜ ਵੀਕਲੀ): ਇੱਥੇ ਇਕ ਪਾਰਕ ਦੇ ਉਦਘਾਟਨੀ ਸਮਾਗਮ ’ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਹੁੰਚਣ ਤੋਂ ਪਹਿਲਾਂ ਵਿਰੋਧ ਪ੍ਰਦਰਸ਼ਨ ਕਰ ਰਹੇ ਠੇਕਾ ਮੁਲਾਜ਼ਮਾਂ ਦੇ ਆਗੂਆਂ ਨੂੰ ਪੁਲੀਸ ਨੇ ਹਿਰਾਸਤ ’ਚ ਲੈ ਲਿਆ। ਇਸ ਮਗਰੋਂ ਆਗੂਆਂ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨਾਲ ਵੀ ਪੁਲੀਸ ਨੇ ਖਿੱਚ-ਧੂਹ ਕੀਤੀ ਅਤੇ ਉਨ੍ਹਾਂ ਨੂੰ ਵੀ ਹਿਰਾਸਤ ’ਚ ਲੈਣ ਮਗਰੋਂ ਥਾਣਾ ਥਰਮਲ ਵਿਚ ਡੱਕ ਦਿੱਤਾ। ਆਗੂਆਂ ਅਨੁਸਾਰ ਇਸ ਦੌਰਾਨ ਲਗਪਗ 100 ਪ੍ਰਦਰਸ਼ਨਕਾਰੀ ਹਿਰਾਸਤ ਵਿੱਚ ਲਏ ਗਏ।
ਵਿੱਤ ਮੰਤਰੀ ਨੇ ਇੱਥੇ ਭਾਗੂ ਰੋਡ ’ਤੇ ਸਥਿਤ ਗਲੀ ਨੰਬਰ-11 ਵਿੱਚ ਨਵੇਂ ਬਣੇ ਪਾਰਕ ‘ਗਰੀਨ ਗਾਰਡਨ’ ਦੇ ਉਦਘਾਟਨ ਲਈ ਆਉਣਾ ਸੀ। ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਵਰਕਰਾਂ ਨੇ ਪਾਰਕ ਦੇ ਨਾਲ ਲੱਗਦੀ ਗਲੀ ਰਾਹੀਂ ਸਮਾਗਮ ਵਾਲੀ ਥਾਂ ’ਤੇ ਜਾਣ ਦੀ ਕੋਸ਼ਿਸ਼ ਕੀਤੀ ਪਰ ਅੱਗੇ ਪੁਲੀਸ ਨੇ ਰੋਕਾਂ ਲਾਈਆਂ ਹੋਈਆਂ ਸਨ। ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੁਲੀਸ ਨੇ ਮਹਿਲਾ ਪੁਲੀਸ ਕਰਮਚਾਰੀਆਂ ਦੇ ਦਸਤੇ ਨੂੰ ਢਾਲ ਵਜੋਂ ਸਭ ਤੋਂ ਅੱਗੇ ਤਾਇਨਾਤ ਕਰ ਦਿੱਤਾ। ਵਿਖਾਵਾਕਾਰੀਆਂ ’ਚ ਇੱਕ ਵੀ ਔਰਤ ਨਹੀਂ ਸੀ। ਇੱਥੇ ਹੀ ਪੁਲੀਸ ਦੇ ਅਧਿਕਾਰੀਆਂ ਨੇ ਮੋਰਚੇ ਦੇ ਸੂਬਾਈ ਆਗੂਆਂ ਜਗਰੂਪ ਸਿੰਘ, ਗੁਰਵਿੰਦਰ ਸਿੰਘ ਪੰਨੂ ਅਤੇ ਵਰਿੰਦਰ ਸਿੰਘ ਬੀਬੀਵਾਲਾ ਨੂੰ ਗੱਲਬਾਤ ਲਈ ਅੱਗੇ ਬੁਲਾਇਆ ਅਤੇ ਵਾਰਤਾਲਾਪ ਦੌਰਾਨ ‘ਜਬਰੀ’ ਹਿਰਾਸਤ ਵਿੱਚ ਲੈ ਲਿਆ। ਇਸ ਮਗਰੋਂ ਪੁਲੀਸ ਨੇ ਉੱਥੇ ਬੈਠੇ ਕੁੱਝ ਹੋਰ ਪ੍ਰਦਰਸ਼ਨਕਾਰੀਆਂ ਨੂੰ ਖਿੱਚ-ਧੂਹ ਕਰਕੇ ਬੱਸਾਂ ’ਚ ਚੜ੍ਹਾਇਆ ਅਤੇ ਥਾਣੇ ਲੈ ਗਈ।
ਮੋਰਚੇ ਦੇ ਆਗੂਆਂ ਨੇ ਕਿਹਾ ਕਿ ਉਹ ਚਿਰਾਂ ਤੋਂ ਆਪਣੀਆਂ ਨੌਕਰੀਆਂ ਪੱਕੀਆਂ ਕਰਵਾਉਣ ਲਈ ਹਕੂਮਤ ਨਾਲ ਆਢਾ ਲੈਂਦੇ ਆ ਰਹੇ ਹਨ ਪਰ ਕਿਧਰੇ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਵਿਭਾਗਾਂ ਦੇ ਆਊਟਸੋਰਸ ਠੇਕਾ ਮੁਲਾਜ਼ਮਾਂ ਦੀਆਂ ਸਮੂਹ ਸ਼੍ਰੇਣੀਆਂ ਨੂੰ ਨਵੇਂ ਐਕਟ ਵਿੱਚ ਸ਼ਾਮਲ ਕਰ ਕੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਰੈਗੂਲਰ ਕੀਤਾ ਜਾਵੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly