ਰਾਘਵ ਚੱਢਾ ਨੇ ਚੰਨੀ ਦੇ ਹਲਕੇ ’ਚ ਰੁਕਵਾਇਆ ਗ਼ੈਰ-ਕਾਨੂੰਨੀ ਖਣਨ

ਚੰਡੀਗੜ੍ਹ (ਸਮਾਜ ਵੀਕਲੀ): ‘ਆਪ’ ਪੰਜਾਬ ਦੇ ਇੰਚਾਰਜ ਰਾਘਵ ਚੱਢਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਧਾਨ ਸਭਾ ਖੇਤਰ ਚਮਕੌਰ ਸਾਹਿਬ ਅਧੀਨ ਪੈਂਦੇ ਪਿੰਡ ਜਿੰਦਾਪੁਰ ’ਚ ਕਥਿਤ ਚੱਲ ਰਹੀ ਖਣਨ ਨੂੰ ਮੌਕੇ ’ਤੇ ਛਾਪਾ ਮਾਰ ਕੇ ਰੁਕਵਾਇਆ। ਸ੍ਰੀ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਰੇਤ ਮਾਫੀਆ ਨਾਲ ਮਿਲੇ ਹੋਏ ਹਨ ਤੇ ਇਹ ਸਾਰਾ ਕਾਰੋਬਾਰ ਮੁੱਖ ਮੰਤਰੀ ਚੰਨੀ ਦੀ ਸਰਪ੍ਰਸਤੀ ਹੇਠ ਹੀ ਚੱਲ ਰਿਹਾ ਹੈ।

ਸ੍ਰੀ ਚੱਢਾ ਨੇ ਮੁੱਖ ਮੰਤਰੀ ’ਤੇ ਗ਼ਲਤ ਤਰੀਕੇ ਨਾਲ ਜੰਗਲਾਤ ਵਿਭਾਗ ਦੇ ਅਧਿਕਾਰੀ ਦੀ ਬਦਲੀ ਕਰਨ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ 22 ਨਵੰਬਰ 2021 ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀ ਰਾਜਵੰਸ਼ ਸਿੰਘ ਨੇ ਇਲਾਕਾ ਐੱਸਐੱਚਓ ਤੇ ਤਹਿਸੀਲਦਾਰ ਨੂੰ ਚਿੱਠੀ ਲਿਖ ਕੇ ਦੱਸਿਆ ਸੀ ਕਿ ਪਿੰਡ ਜਿੰਦਾਪੁਰ ਦਾ ਇਹ ਖੇਤਰ ‘ਜੰਗਲ ਸੁਰੱਖਿਆ ਕਾਨੂੰਨ’ ਅਧੀਨ ਆਉਂਦਾ ਹੈ ਅਤੇ ਇੱਥੇ ਖਣਨ ਸਬੰਧੀ ਕੋਈ ਵੀ ਗਤੀਵਿਧੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੋਸ਼ ਲਾਇਆ ਕਿ ਚਿੱਠੀ ਲਿਖਣ ਦੇ ਅਗਲੇ ਹੀ ਦਿਨ 23 ਨਵੰਬਰ ਨੂੰ ਉਕਤ ਜੰਗਲਾਤ ਅਧਿਕਾਰੀ ਦੀ ਬਦਲੀ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇੱਥੋਂ ਰੇਤ ਦੇ ਰੋਜ਼ਾਨਾ ਲਗਪਗ 800 ਤੋਂ 1000 ਟਰੱਕ ਗ਼ੈਰ-ਕਾਨੂੰਨੀ ਢੰਗ ਨਾਲ ਕੱਢੇ ਜਾ ਰਹੇ ਹਨ। ਇਸ ਖਣਨ ਨੇ ਜੰਗਲਾਤ ਵਿਭਾਗ ਵੱਲੋਂ ਲਗਾਏ ਗਏ ਦਰੱਖ਼ਤ ਵੀ ਬਰਬਾਦ ਕਰ ਦਿੱਤੇ ਹਨ।

‘ਆਪ’ ਆਗੂ ਨੇ ਕਿਹਾ ਕਿ ਚੰਗੇ ਸਕੂਲ, ਚੰਗੇ ਹਸਪਤਾਲ ਬਣਾਉਣ ਅਤੇ ਲੋਕਾਂ ਨੂੰ ਵਿਸ਼ਵ ਪੱਧਰੀ ਸੇਵਾਵਾਂ ਦੇਣਾ ਆਮ ਆਦਮੀ ਪਾਰਟੀ ਦਾ ਵਿਕਾਸ ਮਾਡਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਲਗਪਗ 20 ਹਜ਼ਾਰ ਕਰੋੜ ਰੁਪਏ ਦਾ ਰੇਤ ਮਾਫ਼ੀਏ ਦਾ ਕਾਰੋਬਾਰ ਚੱਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਦੀ ਸਰਕਾਰ ਇਸ ਮਾਫ਼ੀਆ ਨੂੰ ਖ਼ਤਮ ਕਰ ਕੇ ਉਸੇ ਪੈਸੇ ਨਾਲ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਭੱਤਾ ਦੇਵੇਗੀ ਤੇ ਲੋਕਾਂ ਨੂੰ ਮੁਫ਼ਤ ’ਚ ਵਿਸ਼ਵ ਪੱਧਰੀ ਸਿੱਖਿਆ ਅਤੇ ਇਲਾਜ ਸੇਵਾ ਮੁਹੱਈਆ ਕਰਵਾਈ ਜਾਵੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐੱਚਡੀਐੱਫ਼ਸੀ ਬੈਂਕ ’ਚੋਂ 30.65 ਲੱਖ ਰੁਪੲੇ ਲੁੱਟੇ
Next articleਮਨਪ੍ਰੀਤ ਦਾ ਵਿਰੋਧ ਕਰਨ ਵਾਲੇ ਠੇਕਾ ਮੁਲਾਜ਼ਮ ਹਿਰਾਸਤ ’ਚ ਲਏ