ਜਲੰਧਰ (ਸਮਾਜ ਵੀਕਲੀ): ਅੰਬੇਡਕਰ ਭਵਨ ਵਿਖੇ ਅੱਜ ਪ੍ਰੋਫੈਸਰ ਸੋਹਨ ਲਾਲ (ਸਾਬਕਾ ਡੀ. ਪੀ. ਆਈ. ਕਾਲਜਾਂ) ਦੀ ਪ੍ਰਧਾਨਗੀ ਹੇਠ ਅੰਬੇਡਕਰ ਭਵਨ ਟਰੱਸਟ, ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਅਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਯੂਨਿਟ ਦੇ ਅਹੁਦੇਦਾਰਾਂ ਦੀ ਇੱਕ ਸਾਂਝੀ ਮੀਟਿੰਗ ਹੋਈ ਜਿਸ ਵਿਚ ਉੱਘੇ ਅੰਬੇਡਕਰੀ ਆਗੂ ਅਤੇ ਭੀਮ ਪਤ੍ਰਿਕਾ ਦੇ ਸੰਪਾਦਕ ਸ਼੍ਰੀ ਐਲ ਆਰ ਬਾਲੀ ਅਤੇ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਦੇਸ ਰਾਜ ਕਾਲੀ ਦੇ ਦੇਹਾਂਤ ਉੱਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ. ਡਾ. ਜੀ ਸੀ ਕੌਲ, ਮੈਡਮ ਸੁਦੇਸ਼ ਕਲਿਆਣ, ਬਲਦੇਵ ਰਾਜ ਭਾਰਦਵਾਜ ਅਤੇ ਚਰਨ ਦਾਸ ਸੰਧੂ ਨੇ ਕਿਹਾ ਕਿ ਦੋਨਾਂ ਉੱਘੀਆਂ ਸ਼ਖਸ਼ੀਅਤਾਂ ਦੇ ਸਦੀਵੀ ਵਿਛੋੜੇ ਨਾਲ ਪਰਿਵਾਰਾਂ, ਸਾਹਿਤਕ ਜਗਤ ਅਤੇ ਸਮਾਜ ਨੂੰ ਨਾਂ ਪੂਰਿਆਂ ਹੋਣ ਵਾਲਾ ਘਾਟਾ ਪਿਆ ਹੈ. ਦੋਨਾਂ ਸ਼ਖਸ਼ੀਅਤਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਪ੍ਰਗਟ ਕਰਨ ਉਪਰੰਤ ਇੱਕ ਹੋਰ ਮਤੇ ਰਾਹੀਂ ਪੰਜਾਬ ਦੇ ਰਾਜਪਾਲ ਅਤੇ ਮੁੱਖਮੰਤਰੀ ਵਿਚਕਾਰ ਪਿਛਲੇ ਲੰਮੇ ਸਮੇਂ ਤੋਂ ਪੈਦਾ ਹੋਈ ਤਕਰਾਰ ਨੂੰ ਪੰਜਾਬ ਅਤੇ ਪੰਜਾਬੀਅਤ ਦੇ ਹਿੱਤਾਂ ਲਈ ਮੰਦਭਾਗਾ ਕਰਾਰ ਦਿੰਦਿਆਂ ਇਸ ਨੂੰ ਫੌਰੀ ਤੌਰ ਤੇ ਰੋਕਣ ਲਈ ਅਪੀਲ ਕੀਤੀ ਗਈ. ਮੀਟਿੰਗ ਵਿਚ ਸ਼ਾਮਲ ਸਾਰੇ ਮੈਂਬਰਾਂ ਦਾ ਮੱਤ ਸੀ ਕਿ ਰਾਜਪਾਲ ਸਾਹਿਬ ਅਤੇ ਮੁੱਖ ਮੰਤਰੀ ਨੂੰ ਵਿਅਕਤੀਗਤ ਹਊਮੈਂ ਨੂੰ ਤਿਆਗ ਕੇ ਨਸ਼ਿਆਂ, ਬੇਰੁਜਗਾਰੀ , ਗਰੀਬੀ, ਕਾਨੂੰਨ ਅਤੇ ਵਿਵਸਥਾ, ਗੰਧਲੇ ਹੋ ਰਹੇ ਵਾਤਾਵਰਣ, ਕਰਜੇ ਨਾਲ ਅਤੇ ਹੜ੍ਹਾਂ ਤੋਂ ਪੈਦਾ ਹੋਈਆਂ ਗੰਭੀਰ ਸਮੱਸਿਆਵਾਂ ਦੀ ਦਲਦਲ ਵਿਚ ਡੁੱਬਦੇ ਜਾ ਰਹੇ ਪੰਜਾਬ ਦੇ ਬਚਾਓ ਅਤੇ ਤਰੱਕੀ ਲਈ ਸਾਰਥਕ ਯਤਨ ਕਰਨੇ ਚਾਹੀਦੇ ਹਨ. ਦੋਨਾਂ ਦੇ ਆਪਸੀ ਰੌਲੇ-ਰੱਪੇ ਵਿਚ ਪੰਜਾਬ ਦੇ ਹਿੱਤ ਕੁਰਬਾਨ ਹੋ ਰਹੇ ਹਨ. ਇਨ੍ਹਾਂ ਦੀ ਬੇਲੋੜੀ ਤਕਰਾਰ ਲੋਕਾਂ ਦੇ ਅਸਲੀ ਮੁੱਦਿਆਂ ਨੂੰ ਲਾਂਭੇ ਕਰਨ ਦੀਆਂ ਕੁਚਾਲਾਂ ਹਨ ਜੋ ਸਮੁੱਚੇ ਤੌਰ ਤੇ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਨਾਂ ਤੋਰ ਸਕਣ ਦੀ ਅਸਮਰੱਥਾ ਨੂੰ ਦਰਸਾਉਂਦੀਆਂ ਹਨ.
ਮੀਟਿੰਗ ਵਿਚ ਭਾਰਤੀ ਸੰਵਿਧਾਨ ਨੂੰ ਦਰਪੇਸ਼ ਚੁਣੌਤੀਆਂ ਅਤੇ ਉਨ੍ਹਾਂ ਦੇ ਸਮਾਧਾਨ ਸੰਬੰਧੀ ਨਿਕਟ ਭਵਿੱਖ ‘ਚ ਇੱਕ ਸੈਮੀਨਾਰ ਆਯੋਜਿਤ ਕਰਨ ਦਾ ਫੈਸਲਾ ਵੀ ਕੀਤਾ ਗਿਆ. ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪ੍ਰੈਸ ਬਿਆਨ ਰਾਹੀਂ ਦਿੱਤੀ. ਇਸ ਮੌਕੇ ਐਡਵੋਕੇਟ ਪਰਮਿੰਦਰ ਸਿੰਘ ਖੁੱਤਣ, ਨਿਰਮਲ ਸਿੰਘ ਬਿਨਜੀ, ਦਾ. ਮੋਹਿੰਦਰ ਸੰਧੂ, ਹਰਮੇਸ਼ ਜੱਸਲ ਅਤੇ ਜਸਵਿੰਦਰ ਵਰਿਆਣਾ ਵੀ ਹਾਜਰ ਸਨ.
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.)