HOME ਕੁਦਰਤ ਤੇ ਮਨੁੱਖ ਦਾ ਰਿਸ਼ਤਾ:

ਕੁਦਰਤ ਤੇ ਮਨੁੱਖ ਦਾ ਰਿਸ਼ਤਾ:

ਸੰਜੀਵ ਸਿੰਘ ਸੈਣੀ
(ਸਮਾਜ ਵੀਕਲੀ)- ਲਗਾਤਾਰ ਹੋ ਰਹੀ ਜਲਵਾਯੂ ਤਬਦੀਲੀ ਕਾਰਨ ਕੁਦਰਤ ਦਾ ਸੰਤੁਲਨ  ਵਿਗੜ ਚੁੱਕਿਆ ਹੈ। ਉਤਰਾਖੰਡ ਅਤੇ ਹਿਮਾਚਲ ਸੂਬਿਆਂ ਵਿੱਚ ਕੁਦਰਤੀ ਕਰੋਪੀ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਲਗਾਤਾਰ ਢਿੱਗਾਂ ਡਿੱਗਣ ਦੀਆਂ ਖਬਰਾਂ ਨੇ ਦਿਲ ਦਹਿਲਾਇਆ ਹੈ। ਜਾਨ ਮਾਲ ਦਾ ਬਹੁਤ ਨੁਕਸਾਨ ਹੋਇਆ ਹੈ। ਸ਼ਿਮਲਾ ਵਿੱਚ ਵੱਡੇ-ਵੱਡੇ ਹੋਟਲ ਢਹਿ ਢੇਰੀ ਹੋ ਗਏ। ਲਗਾਤਾਰ ਪੈ ਰਹੀ ਬਰਸਾਤ ਕਾਰਨ ਜਮੀਨ ਖਿਸਕ ਗਈ।ਡੈਮ ਖੋਲੇ ਗਏ। ਜਿਸ ਕਾਰਨ ਪੰਜਾਬ ਸੂਬੇ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਹਾੜਾਂ ਦਾ ਪਾਣੀ ਪਿੰਡਾਂ  ਵਿੱਚ ਜਾ ਵੜਿਆ।ਲੋਕ ਆਪਣੇ ਘਰ ਬਾਰ ਛੱਡ ਕੇ ਸੜਕਾਂ ਤੇ ਰਹਿਣ ਲਈ ਮਜਬੂਰ ਹੋਏ। ਬੰਨ੍ਹ ਟੁੱਟੇ। ਫਸਲਾਂ ਬਰਬਾਦ ਹੋ ਗਈਆਂ। ਇੱਥੋਂ ਤੱਕ ਪਸ਼ੂਆਂ ਦੇ ਚਾਰੇ ਦਾ ਵੀ ਬਹੁਤ ਭਾਰੀ ਮੁਸ਼ੱਕਤ ਨਾਲ ਪ੍ਰਬੰਧ ਹੋ ਰਿਹਾ ਹੈ। ਇਨਸਾਨ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਪਹਾੜੀ ਖੇਤਰਾਂ ਵਿੱਚ ਦਰੱਖਤਾਂ ਦੀ ਪਕੜ ਹੁੰਦੀ ਸੀ। ਮਿੱਟੀ , ਢਿੱਗਾਂ ਨਹੀਂ ਖਿਸਕਦੀਆਂ ਸਨ। ਆਪਣੇ ਸਵਾਰਥ ਲਈ  ਮਨੁੱਖ ਦੀ ਦਖਲਅੰਦਾਜ਼ੀ ਦਾ ਇਹ ਨਤੀਜਾ ਅੱਜ ਭੁਗਤਣਾ ਪੈ ਰਿਹਾ ਹੈ।ਤਕਰੀਬਨ ਪਿਛਲੇ ਮਹੀਨੇ,ਕਈ ਦਿਨ  ਲਗਾਤਾਰ ਬਾਰਿਸ਼ ਹੋਈ। ਪੰਜਾਬ ਦਾ ਪੁਆਧੀ ਖੇਤਰ ਹੜਾਂ ਦੀ ਗ੍ਰਿਫ਼ਤ ਵਿੱਚ ਸੀ। ਘੱਗਰ ਨਦੀ ਵਿੱਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਸਨ। ਸਤਲੁਜ ,ਬਿਆਸ ਦਰਿਆ ਵੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵੱਗ ਰਹੇ ਸਨ। ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ਪ੍ਰਸ਼ਾਸਨ ਤੇ ਮੌਜੂਦਾ ਐਮ ਐਲ ਏ ਆਪਣੀ ਜ਼ਿੰਮੇਵਾਰੀ ਨੂੰ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ। ਸਮਾਜ ਸੇਵੀ ਸੰਸਥਾਵਾਂ ਵੱਲੋਂ ਅੱਗੇ ਆ ਕੇ ਲੋਕਾਂ ਦੀ ਮਦਦ ਵੀ ਕੀਤੀ ਗਈ। ਦਰਅਸਲ ਮੋਹਾਲੀ ਅਤੇ ਇਸ ਦੇ ਆਸਪਸ ਦੇ ਖੇਤਰਾਂ ਵਿੱਚ 20 ਤੋਂ 25 ਮੰਜ਼ਿਲੇ ਫਲੈਟ ਉਸਾਰ ਦਿੱਤੇ ਗਏ। ਨਦੀਆਂ ਨਾਲਿਆਂ ਨੂੰ ਤੰਗ ਕਰ ਦਿੱਤਾ ਗਿਆ। ਸਥਾਨਕ ਸਰਕਾਰ ਵਿਭਾਗਾਂ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਬਿਲਡਰਾਂ ਨੇ ਖੁੰਬਾਂ ਦੀ ਤਰਾਂ ਕਲੋਨੀਆਂ ਉਸਾਰ ਦਿੱਤੀਆਂ। ਕੁੱਝ ਹੀ ਦਿਨਾਂ ਵਿੱਚ ਬਿਲਡਰਾਂ ਨੇ ਫਲੈਟ ਖੜ੍ਹੇ ਕਰ ਦਿੱਤੇ। ਇਹ ਨਹੀਂ ਦੇਖਿਆ ਕਿ ਇੱਥੇ ਰਹਿਣ ਵਾਲਿਆਂ ਦਾ ਬਰਸਾਤ ਵਿੱਚ ਕੀ ਹਾਲ ਹੋਵੇਗਾ। ਕੋਈ ਉਹਨਾਂ ਨੂੰ ਸਮੱਸਿਆ ਤਾਂ ਨਹੀਂ ਆਵੇਗੀ। ਪੈਸੇ ਦੀ ਹੋੜ ਲੱਗੀ ਹੋਈ ਹੈ। ਅੱਜ ਕੁਦਰਤ ਨੇ ਵੀ ਆਪਣੇ ਰੰਗ ਦਿਖਾ ਦਿੱਤੇ ਹਨ। ਚੇਤੇ ਕਰਵਾ ਦੇਈਏ ਕਿ ਜਦੋਂ ਵੀਹ ਕੁ  ਸਾਲ ਪਹਿਲਾਂ ਬਰਸਾਤਾਂ ਹੁੰਦੀਆਂ ਸਨ, ਤਾਂ ਦਸ ਦਸ ਦਿਨਾਂ ਦੀਆਂ ਬਰਸਾਤਾਂ ਲਗਾਤਾਰ ਹੁੰਦੀਆਂ ਸਨ। ਜਿਸਨੂੰ  ਝੜੀ ਕਹਿੰਦੇ ਸਨ।  ਨਦੀਆਂ ਨਾਲੇ ਖੁੱਲ੍ਹੇ ਹੁੰਦੇ ਸਨ। ਪਾਣੀ ਨਿਕਲ ਜਾਂਦਾ ਸੀ। ਹੁਣ ਨਦੀਆਂ ਨਾਲਿਆਂ ਨੂੰ ਤੰਗ ਕਰਕੇ ਉਨ੍ਹਾਂ ਤੇ ਫਲੈਟ ਉਸਾਰ ਦਿੱਤੇ। ਪਾਣੀ ਨੇ ਤਾਂ ਹੁਣ ਲੰਘਣਾ ਹੀ ਹੈ। ਨਿੱਜੀ ਸੁਆਰਥ ਖਾਤਰ ਮਨੁੱਖ ਲਗਾਤਾਰ ਕੁਦਰਤ ਨਾਲ ਛੇੜਛਾੜ ਕਰ ਰਿਹਾ ਹੈ। ਚਾਰ ਕੁ ਮਹੀਨੇ ਪਹਿਲਾਂ ਉਤਰਾਖੰਡ ਦੇ ਪ੍ਰਮੁੱਖ ਤੀਰਥ ਅਸਥਾਨ  ਜੋਸ਼ੀਮੱਠ ‘ਚ ਕਈ ਥਾਵਾਂ ਤੋਂ ਜ਼ਮੀਨ ਖਿਸਕਣ ਨਾਲ  ਵੱਡੀ ਗਿਣਤੀ ਵਿੱਚ ਲੋਕਾਂ ਨੂੰ ਬੇਘਰ ਹੋਣਾ ਪਿਆ ਸੀ।  ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਖ਼ੇਤਰ ਨੂੰ ਆਫ਼ਤ ਗ੍ਰਸਤ ਖੇਤਰ ਐਲਾਨਿਆ ਗਿਆ ਸੀ। ਹੈਰਾਨੀਜਨਕ ਤਸਵੀਰਾਂ  ਦੱਸ ਰਹੀਆਂ ਹਨ ਕਿ ਇਸ ਖੇਤਰ ਵਿੱਚ ਥਾਂ ਥਾਂ ਤੇ ਜ਼ਮੀਨ ਵਿੱਚ ਦਰਾਰਾਂ ਪੈ ਗਈਆਂ ਸਨ। ਇੱਕ ਇਨਸਾਨ ਇੰਨੀ ਮਿਹਨਤ ਕਰਕੇ ਆਪਣਾ ਘਰ ਬਣਾਉਂਦਾ ਹੈ। ਆਪਣੀ ਛੱਤ ਹੁੰਦੀ ਹੈ।ਕਿੰਨਾ ਉਸ ਨੂੰ ਫ਼ਕਰ ਹੁੰਦਾ  ਹੈ ।ਕਿਨੇਂ ਅਰਮਾਨ ਹੁੰਦੇ ਹਨ ਕਿ ਮੇਰਾ ਘਰ ਬਣ ਗਿਆ। ਬੇਵੱਸ ਹੋ ਕੇ ਹੀ ਇਨਸਾਨ ਨੂੰ ਅਜਿਹੇ ਹਲਾਤਾਂ ਵਿੱਚ ਫਿਰ ਆਪਣੀ ਜਾਨ ਦੀ ਰਾਖੀ ਲਈ ਘਰ-ਬਾਰ ਛੱਡਣੇ ਪੈਂਦੇ ਹਨ। ਚਾਹੇ ਇਨ੍ਹਾਂ ਬੇਘਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਲਈ ਕਿਹਾ ਗਿਆ ਹੈ ,ਪਰ ਇਨ੍ਹਾਂ ਦਾ ਦਿਲ ਘਰ ਛੱਡਣ ਨੂੰ ਮਜ਼ਬੂਰ ਨਹੀਂ ਕਰ ਰਿਹਾ ਸੀ ।ਚੇਤੇ ਕਰਵਾ ਦੇਈਏ ਕਿ 2012 ਵਿਚ ਉਤਰਾਖੰਡ ਖੇਤਰ ਹੜ੍ਹਾਂ ਦੀ ਮਾਰ ਹੇਠ ਆਇਆ ਸੀ। ਬਹੁਤ ਨੁਕਸਾਨ ਹੋਇਆ ਸੀ। ਨਦੀਆਂ ਨਾਲਿਆਂ ਨੂੰ ਤੰਗ ਕਰ ਦਿੱਤਾ ਗਿਆ ਹੈ। ਨਿਕਾਸੀ ਬਿਲਕੁੱਲ ਵੀ ਨਹੀਂ ਰਹੀ। ਗੱਡੀਆਂ ਦੀ ਗੱਡੀਆਂ ਹੜਾਂ ਵਿੱਚ ਰੁੜ ਗਈਆਂ ਸਨ। ਇਨਸਾਨ ਫ਼ਿਰ ਵੀ ਨਹੀਂ ਸਭਲਿਆ।ਮਨੁੱਖ ਦੀ ਦਖ਼ਲ-ਅੰਦਾਜ਼ੀ ਲਗਾਤਾਰ ਵੱਧਦੀ ਜਾ ਰਹੀ ਹੈ। ਪੈਸੇ ਦੀ ਹੋੜ ਲਗਾਤਾਰ ਵੱਧ ਰਹੀ ਹੈ। ਪਹਾੜੀ ਖੇਤਰਾਂ ਨੂੰ ਕੱਟ ਕੇ ਵੱਡੇ ਵੱਡੇ ਹੋਟਲ ਬਣਾਏ ਜਾ ਰਹੇ ਹਨ । ਆਬਾਦੀ ਵੱਧ ਗਈ ਹੈ।ਨਿੱਜੀ ਸੁਆਰਥਾਂ ਖ਼ਾਤਰ ਪਹਾੜਾਂ ਅਤੇ ਦਰੱਖਤਾਂ ਦੀ ਕਟਾਈ ਤੇ ਲਗਾਤਾਰ ਉਸਾਰੇ ਜਾ ਰਹੇ ਵੱਡੇ ਹੋਟਲ, ਚੌੜੀਆਂ ਸੜਕਾਂ, ਰੇਲਵੇ ਲਾਈਨਾਂ ਦਾ ਵਿਸਥਾਰ ਜ਼ਮੀਨ ਧੱਸਣ ਦਾ ਮੁੱਖ ਕਾਰਨ ਹਨ। ਸੀਵਰੇਜ ਦਾ ਢੁਕਵਾਂ ਪ੍ਰਬੰਧ ਨਾ ਹੋਣ ਕਾਰਨ ਧਰਤੀ ਹੇਠਾਂ ਰਿੱਸਣ ਵਾਲੇ ਪਾਣੀ ਨੇ ਇਸ ਖੇਤਰ ‘ਚ  ਇਸ ਸਮੱਸਿਆ ਨੂੰ ਵਧਾਇਆ ਹੈ। ਦਿਨ-ਪ੍ਰਤਿਦਿਨ ਹਾਲਾਤ ਚਿੰਤਾ ਵਾਲੇ ਹੁੰਦੇ ਜਾ ਰਹੇ ਹਨ। ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਠਹਿਰਾਇਆ ਜਾ ਰਿਹਾ ਹੈ। ਕੁੱਝ ਹੀ ਦਿਨਾਂ ਪਹਿਲੇ ਹਿਮਾਚਲ ਪ੍ਰਦੇਸ਼ ਦੇ ਮੈਕਲੋਡਗੰਜ ਵਿੱਚ ਵੀ ਕੁੱਝ ਹਿੱਸਾ ਖਿਸਕ ਗਿਆ ਸੀ। ਚੇਤੇ ਕਰਵਾ ਦੇਈਏ ਕਿ ਜਿੰਨੇ ਵੀ ਪੜਾਈ ਖੇਤਰ ਹਨ, ਵੱਡੇ ਪੈਮਾਨੇ ਤੇ ਨਜ਼ਾਇਜ਼ ਉਸਾਰੀਆਂ ਹੋ ਰਹੀਆਂ ਹਨ।ਮਾਈਨਿੰਗ ਵੱਧ ਗਈ ਹੈ। ਅਫਸਰਾਂ, ਸਿਆਸਤਦਾਨਾਂ ਦੀ ਮਿਲੀਭੁਗਤ ਨਾਲ ਇਹ ਗੋਰਖ ਧੰਦੇ ਚੱਲ ਰਹੇ ਹਨ। ਭ੍ਰਿਸ਼ਟਾਚਾਰ ਦਾ ਬਹੁਤ ਜ਼ਿਆਦਾ ਬੋਲ-ਬਾਲਾ ਹੈ। ਅਜੇ ਵੀ ਸੰਭਲਣ ਦਾ ਵੇਲਾ ਹੈ। ਗਰਮੀਆਂ ਵਿਚ ਸੈਲਾਨੀ ਪਹਾੜੀ ਖੇਤਰਾਂ ਵਿੱਚ ਸੈਰ ਸਪਾਟੇ ਲਈ ਜਾਂਦੇ ਹਨ। ਸਰਕਾਰ ਦੀ ਅਹਿਮ ਜ਼ਿੰਮੇਵਾਰੀ ਬਣਦੀ ਹੈ ਕਿ ਕੁਦਰਤੀ ਸੋਮਿਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਤਾਂ ਜੋ ਕੁਦਰਤ ਨੂੰ ਢਹਿ ਢੇਰੀ ਹੋਣ ਤੋਂ  ਬਚਾਇਆ ਜਾ ਸਕੇ। ਕੁਦਰਤ ਹੀ ਰੱਬ ਹੈ।
ਸੰਜੀਵ ਸਿੰਘ ਸੈਣੀ,
ਮੋਹਾਲੀ 7888966168

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article        ਏਹੁ ਹਮਾਰਾ ਜੀਵਣਾ ਹੈ -371
Next articleUnited States wins big, stars shine at World Athletics Championship