HOME ਭਾਈਚਾਰੇ ਦਾ ਬੋਧ ਬਿਰਖ਼ – ਸ੍ਰ ਮੋਤਾ ਸਿੰਘ ਝੀਤਾ

ਭਾਈਚਾਰੇ ਦਾ ਬੋਧ ਬਿਰਖ਼ – ਸ੍ਰ ਮੋਤਾ ਸਿੰਘ ਝੀਤਾ

3

ਮਿੱਤਰ ਸੈਨ ਮੀਤ

  (ਸਮਾਜ ਵੀਕਲੀ)  ਇਸ ਸਮੇਂ ਝੀਤਾ ਜੀ 87 ਵਰਿਆਂ ਦੇ ਹਨ। ਅੱਧੀ ਸਦੀ ਪਹਿਲਾਂ ਉਹ ਅਫ਼ਰੀਕਾ ਤੋਂ  ਕਨੇਡਾ ਆਏ ਸਨ। ਵੈਨਕੂਵਰ ਦੇ ਪੰਜਾਬੀ ਭਾਈਚਾਰੇ ਵਿੱਚ ਉਹਨਾਂ ਨੂੰ ਸਿਆਣਪ ਦਾ ਬਾਬਾ ਬੋਹੜ ਆਖਿਆ ਅਤੇ ਸਮਝਿਆ ਜਾਂਦਾ ਹੈ। ਜਦੋਂ ਵੀ ਕੋਈ ਨਵੀਂ ਸੰਸਥਾ ਹੋਂਦ ਵਿੱਚ ਆਉਂਦੀ ਹੈ ਤਾਂ ਉਸਦਾ ਸੰਵਿਧਾਨ ਅਤੇ ਹੋਰ ਲੋੜੀਂਦੇ ਦਸਤਾਵੇਜ਼ ਝੀਤਾ ਸਾਹਿਬ ਵੱਲੋਂ ਹੀ ਤਿਆਰ ਕੀਤੇ ਜਾਂਦੇ ਹਨ। ਕਿਸੇ ਸੰਸਥਾ ਨੇ ਸਰਕਾਰ ਨਾਲ ਚਿੱਠੀ ਪੱਤਰ ਕਰਨਾ ਹੋਵੇ ਤਾਂ ਚਿੱਠੀਆਂ ਲਿਖਣ ਦੀ ਸੇਵਾ ਵੀ ਝੀਤਾ ਸਾਹਿਬ ਹੀ ਨਿਭਾਉਂਦੇ ਹਨ। ਵੈਨਕੂਵਰ ਵਿੱਚ ਹੁੰਦੇ ਸਮਾਗਮਾਂ ਵਿੱਚ ਪਾਸ ਕੀਤੇ ਮਤੇ ਉਨਾਂ ਚਿਰ ਅਧੂਰੇ ਸਮਝੇ ਜਾਂਦੇ ਹਨ ਜਿੰਨਾ ਚਿਰ ਉਹ ਝੀਤਾ ਸਾਹਿਬ ਦੀ ਨਿਗ੍ਹਾ ਰਾਹੀਂ ਨਹੀਂ ਲੰਘ ਜਾਂਦੇ। ਉਨਾਂ ਦੀ ਇਸ ਨਿਸ਼ਕਾਮ ਸੇਵਾ ਕਾਰਨ ਹੀ ਉਹ ਪੰਜਾਬੀ ਭਾਈਚਾਰੇ ਵਿੱਚ ਅਥਾਹ ਰਸੂਖ਼ ਰੱਖਦੇ ਹਨ। ਝੀਤਾ ਸਾਹਿਬ ਉੱਚ ਕੋਟੀ ਦੇ ਲਿਖਾਰੀ ਹਨ। ਕੈਨੇਡਾ ਵਿਚ ਸਿੱਖ ਧਰਮ ਅਤੇ ਭਾਈਚਾਰੇ ਦੇ ਸਤਿਕਾਰ ਨੂੰ ਬਹਾਲ ਕਰਾਉਣ ਅਤੇ ਸਿੱਖ ਧਰਮ ਦੇ ਪ੍ਰਚਾਰ-ਪਸਾਰ ਲਈ ਪਾਏ ਆਪਣੇ ਯੋਗਦਾਨ ਬਾਰੇ ਚਾਨਣਾ ਪਾਉਣ ਲਈ ਉਨ੍ਹਾਂ ਨੇ ਇੱਕ ਵੱਡਆਕਾਰੀ ਪੁਸਤਕ ‘ਸਾਚੁ ਕਹੋਂ’ (ਜਿਸ ਦੇ 457 ਪੰਨੇ ਹਨ) ਲਿਖੀ ਹੈ। ਪੰਜਾਬ ਤੋਂ ਵਾਪਸ ਕਨੇਡਾ ਜਾਂਦਿਆਂ ਹੀ, ਕਿਰਪਾਲ ਸਿੰਘ ਗਰਚਾ ਨੇ ਪੰਜਾਬ ਵਿੱਚ ਪੰਜਾਬੀ ਦੇ ਹੋ ਰਹੇ ਘਾਣ ਦੀ ਗਾਥਾ ਮੋਤਾ ਸਿੰਘ ਝੀਤਾ ਜੀ ਨਾਲ ਸਾਂਝੀ ਕੀਤੀ। ਮਾਂ ਬੋਲੀ ਦੇ ਸਰਕਾਰੇ ਦਰਬਾਰੇ ਸਤਿਕਾਰ ਨੂੰ ਬਹਾਲ ਕਰਾਉਣ ਲਈ ਵੈਨਕੂਵਰ ਦੀ ਧਰਤੀ ਤੋਂ ਇੱਕ ਹੋਰ ਗਦਰ ਲਹਿਰ ਸ਼ੁਰੂ ਕਰਨ ਦੀ ਆਪਣੀ ਇੱਛਾ ਵੀ ਪ੍ਰਗਟਾਈ। ਝੀਤਾ ਸਾਹਿਬ ਦੀ ਇਹ ਧਾਰਨਾ ਹੈ ਕਿ ‘ਸਿੱਖ ਧਰਮ ਦੇ ਮੂਲ ਸਿਧਾਂਤਾਂ ਨੂੰ ਸਮਝਣ ਲਈ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ’। ਇਸ ਧਾਰਨਾ ਕਾਰਨ ਝੀਤਾ ਸਾਹਿਬ ਨੇ ਝੱਟ ਗਰਚਾ ਸਾਹਿਬ ਦੀ ਹਾਂ ਵਿਚ ਹਾਂ ਮਿਲਾ ਦਿੱਤੀ। ਇਸ ਤਰ੍ਹਾਂ ਮਾਂ ਬੋਲੀ ਪੰਜਾਬੀ ਦੇ ਵਿਕਾਸ ਅਤੇ ਪਸਾਰ ਨੂੰ ਯਕੀਨੀ ਬਣਾਉਣ ਲਈ ਕਿਰਪਾਲ ਸਿੰਘ ਗਰਚਾ ਅਤੇ ਮੋਤਾ ਸਿੰਘ ਝੀਤਾ ਦੀ ਜੋੜੀ ਬਣ ਗਈ। ਇਸ ਜੋੜੀ ਨੇ ਦਿਨ ਰਾਤ ਇੱਕ ਕਰਕੇ ਵੈਨਕੂਵਰ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਪਹਿਲਾਂ ਇੱਕਜੁੱਟ ਕੀਤਾ। ਫੇਰ ‘ਪੰਜਾਬੀ ਭਾਸ਼ਾ ਨੂੰ ਦਰਪੇਸ਼ ਅਸਲ ਸਮੱਸਿਆਵਾਂ ਨੂੰ ਸਮਝਣ ਅਤੇ ਉਹਨਾਂ ਦੇ ਹੱਲ ਲੱਭਣ’ ਲਈ ਜੋੜੀ ਨੇ ਸਾਲ 2018 ਵਿੱਚ, ਕਨੇਡਾ ਵਿੱਚ, ਵਿਸ਼ਵ ਪੱਧਰ ਦੇ ਚਾਰ ਸਮਾਗਮ ਰਚਾਏ । ਇੰਨ੍ਹਾਂ ਸਮਾਗਮਾਂ ਵਿੱਚ ਹੋਏ ਸਮੁੰਦਰ ਮੰਥਨ ਬਾਅਦ  ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਹੋਂਦ ਵਿੱਚ ਆਇਆ। ਮੋਤਾ ਸਿੰਘ ਝੀਤਾ ਜੀ ਇਸ ਸੰਸਥਾ ਦੇ ਸੰਸਥਾਪਕ ਸੰਚਾਲਕ ਥਾਪੇ ਗਏ। ਅੱਜ ਤੱਕ ਉਹ ਇਸ ਜਿੰਮੇਵਾਰੀ ਨੂੰ ਪੂਰੀ ਗੰਭੀਰਤਾ ਅਤੇ ਤਨ ਦੇਹੀ ਹੀ ਨਾਲ ਨਿਭਾ ਰਹੇ ਹਨ। ਅਤੇ ਇਸ ਬਜ਼ੁਰਗ ਬੋਧ ਬਿਰਖ਼ ਦੀ ਛਾਂ ਹੇਠ, ਮਾਂ ਬੋਲੀ ਪੰਜਾਬੀ ਦਾ ਸਤਿਕਾਰ ਵਿਸ਼ਵ ਪੱਧਰ ਤੇ ਬਹਾਲ ਹੋਣ ਲੱਗ ਪਿਆ ਹੈ।

ਮਿੱਤਰ ਸੈਨ ਮੀਤ (ਕਾਨੂੰਨੀ ਬਾਈ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੀਕੇਯੂ ਪੰਜਾਬ ਜਲੰਧਰ ਇਕਾਈ ਦੀ ਹੰਗਾਮੀ ਮੀਟਿੰਗ ਆਦਰਮਾਨ ਵਿਖੇ ਹੋਈ
Next articleਮਾਨਸਾ: ਬਰਸਾਤੀ ਬਿਮਾਰੀਆਂ ਤੋਂ ਬਚਾਅ ਲਈ ਸਿਵਲ ਸਰਜਨ ਵੱਲੋਂ ਐਡਵਾਈਜ਼ਰੀ ਜਾਰੀ