(ਸਮਾਜ ਵੀਕਲੀ)
ਵੇਖ ਭਾਬੀਏ! ਹੋਕਾ ਦੇਂਦਾ,
ਸੁਣਦਾ ਇੱਕ ਵਣਜਾਰਾ।
ਆਥਣ ਵੇਲ਼ੇ ਦੀ ਚਾਹ ਵਰਗਾ,
ਕਿੱਡਾ ਬੋਲ ਕਰਾਰਾ।
ਵੇਖੀਂ, ਨੀ! ਤੂੰ ਮਾਰ ਕੇ ਝਾਤੀ,
ਕੀ-ਕੀ ਵੇਚਣ ਆਇਆ?
ਕਿਹੜੇ-ਕਿਹੜੇ ਰੰਗ ਦੀਆਂ ਉਹ,
ਵੰਗਾਂ ਨਾਲ਼ ਲਿਆਇਆ।
ਕਹਿ ਦੇ, ਨੀ! ਵਣਜਾਰੇ ਤਾਈਂ,
ਮੈਨੂੰ ਵੰਗਾਂ ਪਾਵੇ।
ਰੱਬ-ਰੱਬ ਕਰਦਿਆਂ ਕੂਲ਼ੇ ਹੱਥੀਂ,
ਛੋਟੀ ਵੰਗ ਚੜ੍ਹਾਵੇ।
ਜੋਬਨ ਦੇ ਪਹਿਲੇ ਸਾਵਣ ਦੀ,
ਪਹਿਲੀ ਵੰਗ ਚੜ੍ਹਾਉਣੀ।
ਓਸੇ ਦੀ ਮੈਂ ਛਣਕ ਨੀ ਅੜੀਏ,
ਸਾਰੀ ਉਮਰ ਹੰਢਾਉਣੀ।
ਕੱਚੇ ਰੰਗ ਕਰੇਂਦੇ ਸੁਣਿਆ,
ਪੈਰ-ਪੈਰ ‘ਤੇ ਧੋਖਾ।
ਲੈ ਦੇ ਮੈਂਨੂੰ ਰੰਗ ਨੀ ਜੀਹਦਾ,
ਚੜ੍ਹਦੇ ਵਰਗਾ ਚੋਖਾ।
ਹਰੀਆਂ, ਲਾਲ, ਗੁਲਾਬੀ ਨਾਲ਼ੇ,
ਮੋਰਪੰਖੀਏ ਜਿਹੀਆਂ।
ਵੇਖੀਂ ਕਿੱਦਾਂ ਰੌਣਕ ਲੱਗਦੀ,
ਜਦ ਹੱਥਾਂ ਵਿੱਚ ਪਈਆਂ।
ਆਖੀਂ ਨੀ ਵਣਜਾਰੇ ਨੂੰ ਤੂੰ,
ਵੰਗ ਮੇਲ਼ ਦੀ ਪਾ ਦੇ।
ਬੇਸ਼ੱਕ ਉਹਦੇ ਬਦਲੇ ਮੇਰਾ,
ਸਾਰਾ ਦਾਜ ਲੁਟਾ ਦੇ।
ਉਹ ਵਣਜਾਰਾ ਦਿਲ ਮੇਰੇ ਦੀ,
ਸਗਲ ਵੇਦਨਾ ਜਾਣੇ।
ਉਹਦੇ ਬਾਝੋਂ ਕਿਹੜਾ ਮੇਰੀ,
ਫੜ ਕੇ ਨਬਜ਼ ਪਛਾਣੇ।
ਭਰਮਾਂ ਦੇ ਤਾਂ ਜਾਲ਼ੇ ਬੁਣਦੀ,
ਮੁੱਢੋਂ ਦੁਨੀਆਂ ਆਈ।
ਰੱਬ ਜਿਹੇ ਵਣਜਾਰੇ ਤੋਂ ਮੈਂ,
ਸੂਹੀ ਵੰਗ ਚੜ੍ਹਾਈ।
ਤੱਕਿਆ ਨੀ ਮੈਂ ਉਹ ਵਣਜਾਰਾ,
ਦਿਲ ਦੇ ਬੂਹੇ ਖੜ੍ਹਿਆ।
ਅਜ਼ਲਾਂ ਪਿੱਛੋਂ ਰੁੱਸਿਆ ਮੁਰਸ਼ਦ,
ਜੀਕਣ ਵਿਹੜੇ ਵੜਿਆ।
~ ਰਿਤੂ ਵਾਸੂਦੇਵ