ਫ਼ੁਰਮਾਨ ਬਨਾਮ ਅਪਮਾਨ

ਰੋਮੀ ਘੜਾਮੇਂ ਵਾਲਾ

(ਸਮਾਜ ਵੀਕਲੀ)

ਜਦੋਂ ‘ਅਕਾਲ ਮੂਰਤਿ’ ਦੇ ਪਾਂਧੀ
ਧੂਫ਼ਾਂ ਦੇਣ ਮੂਰਤਾਂ ਨੂੰ
‘ਡਿਠੈ ਮੁਕਤਿ ਨਾ…’ ਵਾਲੇ
ਸਿਜਦੇ ਕਰਨ ਸੂਰਤਾਂ ਨੂੰ
‘ਸਰਬੱਤ ਦੇ ਭਲੇ’ ਦੇ ਮੰਗਤੇ
ਆਸ਼ਕ ਬਣਨ ਬੰਦੂਕਾਂ ਦੇ
ਫਿਰ ਦਬ ਜਾਂਦੇ ਨੇ ਟੀਚੇ ਜੀ ਵਿੱਚ
ਰੋਲ਼ੇ ਕੂਕਾਂ ਦੇ
ਫਿਰ ਦਬ ਜਾਂਦੇ ਨੇ ਟੀਚੇ ਜੀ………
ਜਦ ‘ਘਰ ਘਰ ਅੰਦਿਰ ਧਰਮਸਾਲ’ ਤੋਂ
ਪਾਸਾ ਵੱਟ ਹੋ ਜੇ
ਬੱਸ ਸੰਗਮਰਮਰ ਜਾਂ ਸੋਨੇ-ਚਾਂਦੀ ਦੀ ਹੀ
ਰੱਟ ਹੋ ਜੇ
ਭੁੱਲ ‘ਮਿਠਤੁ ਨੀਵੀ’ ਮੈਂ ਮੈਂ ਆ ਜਾਏ
ਵਿੱਚ ਸਲੂਕਾਂ ਦੇ
ਫਿਰ ਦਬ ਜਾਂਦੇ ਨੇ ਟੀਚੇ ਜੀ
ਵਿੱਚ ਰੋਲ਼ੇ ਕੂਕਾਂ ਦੇ
ਫਿਰ ਦਬ ਜਾਂਦੇ ਨੇ ਟੀਚੇ ਜੀ………
ਜਦ ‘ਜਿਤੁ ਜੰਮਹਿ ਰਾਜਾਨੁ’ ਕਹਿਣ ਵਿੱਚ
ਬੇਸ਼ੱਕ ਲੋਕਾਂ ਜੀ
ਪਰ ਕੀਰਤਨ ਜਾਂ ਸੇਵਾ ਤੇ ਲੱਗ ਜਾਣ
ਪੱਕੀਆਂ ਰੋਕਾਂ ਜੀ
ਤੇ ਸੋਧੇ ਰਹਿਣ ਤਿਆਰ ਜੀ ਕਹੀਆਂ
ਸੱਚੀਆਂ ਟੂਕਾਂ ਤੇ
ਫਿਰ ਦਬ ਜਾਂਦੇ ਨੇ ਟੀਚੇ ਜੀ
ਵਿੱਚ ਰੋਲ਼ੇ ਕੂਕਾਂ ਦੇ
ਫਿਰ ਦਬ ਜਾਂਦੇ ਨੇ ਟੀਚੇ ਜੀ…….
ਜਦ ਅਰਥੋਂ ਹੋਏ ਅਨਰਥ
‘ਸਿਰ ਧਰਿ ਤਲੀ ਗਲੀ ਮੋਰੀ ਆਉ’
ਤੇ ਕਰੇ ਸਪੀਕਰ ਭੰਗ ਜੀ
‘ਅੰਮ੍ਰਿਤ ਵੇਲਾ ਸਚ ਨਾਉ’
ਨਾਲੇ ਕੌਮ ਕਰੇ ਜੀ ਮਾਣ ਹੋ ਗੲੀਆਂ
ਭੁੱਲਾਂ ਚੁੱਕਾਂ ਤੇ
ਫਿਰ ਦਬ ਜਾਂਦੇ ਨੇ ਟੀਚੇ ਜੀ ਵਿੱਚ
ਰੋਲ਼ੇ ਕੂਕਾਂ ਦੇ
ਫਿਰ ਦਬ ਜਾਂਦੇ ਨੇ ਟੀਚੇ ਜੀ…….
ਅਜੇ ਵੀ ਜੇਕਰ ਸਮਝੀ ਨਾ
‘ਭਗਤਾਂ ਕੀ ਚਾਲ’ ਬਈ
ਫਿਰ ‘ਵਕਤੋਂ ਖੁੰਝੀ ਡੂਮਣੀ’ ਗਾਊ
ਆਲ ਪਤਾਲ ਬਈ
ਰਹਿਜੂ ਅਨਮੋਲ ਖਜ਼ਾਨਾ ਸਾਂਭਿਆਂ
ਵਿੱਚ ਸੰਦੂਕਾਂ ਦੇ
ਫਿਰ ਦਬ ਜਾਂਦੇ ਨੇ ਟੀਚੇ ਜੀ ਵਿੱਚ
ਰੋਲ਼ੇ ਕੂਕਾਂ ਦੇ
ਫਿਰ ਦਬ ਜਾਂਦੇ ਨੇ ਟੀਚੇ ਜੀ…….
ਕੋਈ ਪਿੰਡ ਘੜਾਮੇਂ ਰੋਮੀ ਜਿਆ ਗੱਲ
ਕਰੇ ਫ਼ਲਸਫ਼ੇ ਦੀ
ਪਰ ਪੀੜ ਹੋਵੇ ਬਈ ਕਾਹਤੋਂ ਹਾਮੀ
ਭਰੇ ਫ਼ਲਸਫ਼ੇ ਦੀ
ਹਨ ਅੱਜ ਵੀ ਛੇਕਿਆਂ ਵਰਗੇ ਜੀ
ਵਾਰਿਸ *ਸ਼ੰਭੂਕਾਂ ਦੇ
ਫਿਰ ਦਬ ਜਾਂਦੇ ਨੇ ਟੀਚੇ ਜੀ
ਵਿੱਚ ਰੋਲ਼ੇ ਕੂਕਾਂ ਦੇ
ਫਿਰ ਦਬ ਜਾਂਦੇ ਨੇ ਟੀਚੇ ਜੀ
ਵਿੱਚ ਰੋਲ਼ੇ ਕੂਕਾਂ ਦੇ
ਫਿਰ ਦਬ ਜਾਂਦੇ ਨੇ……….
                     ਰੋਮੀ ਘੜਾਮੇਂ ਵਾਲਾ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਵਿਸ਼ਵਾਸ਼ ਹੋ ਰਹੇ ਨੇ ਉਲਟੇ  ਪੁਲਟੇ…..
Next articleਕਵਿਤਾ