ਵਿਸ਼ਵਾਸ਼ ਹੋ ਰਹੇ ਨੇ ਉਲਟੇ  ਪੁਲਟੇ…..

ਸੁਖਦੇਵ ਸਿੱਧੂ...

(ਸਮਾਜ ਵੀਕਲੀ)

ਅਮਲਾਂ ਅਤੇ ਕਹਿਣ ਦੇ ਵਿਚਕਾਰ ਵਿਸ਼ਵਾਸ ਹੋ ਰਹੇ ਨੇ ਉਲਟੇ ਪੁਲਟੇ।

ਮਾਂ ਪਿਓ ਵੱਲ ਦੀ ਜ਼ਿੰਮੇਵਾਰੀ ਤੋਂ ਹੀ ਧਰਵਾਸ ਹੋ ਰਹੇ ਨੇ ਉਲਟੇ ਪੁਲਟੇ।
ਕਦੇ ਕਤਾਈਂ ਹੁਣ ਫੋਨ ਆ ਜਾਂਦਾ,ਕਦੇ ਤਾਂ ਵੀਡੀਓ ਘੁੰਮਦੀ ਦਿਖ ਜਾਂਦੀ,
ਆਪਣੇ ਲਹੂ ਨੂੰ ਸੁਧਾ ਵੱਖ ਕਰਦਿਆਂ ਪ੍ਰਵਾਸ ਹੋ ਰਹੇ ਨੇ ਉਲਟੇ ਪੁਲਟੇ।
ਗੁਰਬਾਣੀ ਸ਼ਬਦ ਨੂੰ ਨਿੱਜੀ ਬਣਾਕੇ ਥਾਂ ਥਾਂ ਮਨਮਤੀਆਂ ਪੁੱਗ ਰਹੀਆਂ,
ਗੋਲਕਾਂ ਦੇ ਅੰਦਰ ਸਿਮਟ ਸਿਮਟ ਕੇ ਪ੍ਰਕਾਸ਼ ਹੋ ਰਹੇ ਨੇ ਉਲਟੇ ਪੁਲਟੇ।
ਲੋਹੀ ਲਾਖੀ ਹਕੂਮਤ ਨਾ ਜਰਦੀ ਕਿਤੇ ਪਵਿੱਤਰ ਸ਼ਬਦਾਂ ਦੀ ਨਦੀਆ,
ਜੇਲ੍ਹਾਂ ਵਿੱਚ ਬੰਦ ਬੁੱਧੀਜੀਵੀਆਂ ਦੇ ਬਨਵਾਸ ਹੋ ਰਹੇ ਨੇ ਉਲਟੇ ਪੁਲਟੇ।
ਝੂਠ ਬੋਲੋ,ਦਮਗਜੇ ਮਾਰਨ ਵਿੱਚ ਗੱਦੀ ਨੂੰ ਕਿੰਨੀ ਸ਼ੋਹਰਤ ਹੈ ਲੋੜੀਂਦੀ,
ਸਵਾਲ ਪੁੱਛਣ ਉੱਤੇ ਨਕਲੀ ਹੁੱਬਾਂ ਦੇ ਹੱਤਾਸ਼ ਹੋ ਰਹੇ ਨੇ ਉਲਟੇ ਪੁਲਟੇ।
ਉਂਝ ਗੁਰੂਆਂ ਦੀ ਸਿਖਿਆ ਨੂੰ ਹੱਡੀਂ ਹੱਡਾਉਣ ਦੇ ਸੰਕਲਪ ਵੀ ਤੁਰੇ ਰਹੇ,
ਚੋਰਾਂ ਠੱਗਾਂ ਟੋਡੀਆਂ ਵਿੱਚ ਵੜ ਵੜ ਨਿਵਾਸ ਹੋ ਰਹੇ ਨੇ ਉਲਟੇ ਪੁਲਟੇ।
ਇੱਕ ਧਾਰਾ ਗਲਤ ਰਾਹੇ ਹੈ ਤੁਰਦੀ,ਇੱਕ ਜਗਾਵੇ ਲੋਕਾਂ ਨੂੰ ਬਿਨਾਂ ਸ਼ੱਕ,
ਮਾਨਵ ਨੂੰ ਸਮਝਣਾ ਅਤੇ ਰੂਹਾਂ ਦੇ ਜਗਿਆਸ ਹੋ ਰਹੇ ਨੇ ਉਲਟੇ ਪੁਲਟੇ।
ਬਾਣੇ ਪਹਿਨ ਕੇ ਸੰਤਾਂ ਭਗਤਾਂ ਵਾਲੇ ਦਿਲੋਂ ਹੰਢਾਉਣ ਦਾ ਸੰਕਟ ਕਿਓਂ,
ਚਲੋ ਕੁਛ ਛੱਡ ਲੈਂਦੋਂ,ਪਰ ਕੀ ਸਾਡੇ ਹੀ ਸਵਾਸ ਹੋ ਰਹੇ ਨੇ ਉਲਟੇ ਪੁਲਟੇ !
ਕੋਈ ਤਬਦੀਲੀ ਵਾਲੀ ਸਿਆਸਤ,ਕੋਈ ਆਤਮਨਿਰਭਰਤਾ ਵੰਡ ਰਹੀ,
ਗੋਂਗਲੂਆਂ ਤੋਂ ਝੜ ਰਹੀ ਮਿੱਟੀ ਵਿੱਚੋਂ ਕਿਆਸ ਹੋ ਰਹੇ ਨੇ ਉਲਟੇ ਪੁਲਟੇ।
ਲਗਦੈ ਕੁੱਲ ਜੀਵਨ ਤੰਗ ਹੈ,ਬੇਕਾਰੀ ਤੇ ਭੁੱਖ ਖੁੱਲ੍ਹ ਕੇ ਨੰਗਾ ਨਾਚ ਕਰੇ,
ਫਲੈਕਸੀਆਂ ਟੰਗਣ ਵਿੱਚ ਬੇਨਾਗਾ ਪਰਿਆਸ ਹੋ ਰਹੇ ਨੇ ਉਲਟੇ ਪੁਲਟੇ !
       ਸੁਖਦੇਵ ਸਿੱਧੂ…         
        ਸੰਪਰਕ ਨੰਬਰ   :    9888633481  .
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਇੱਧਰ ਵੀ ਨੇ ਉਧਰ ਵੀ ਨੇ
Next articleਫ਼ੁਰਮਾਨ ਬਨਾਮ ਅਪਮਾਨ