ਬਣੀਏ ਇੱਕ ਦੂਜੇ ਦਾ ਸਹਾਰਾ

ਸੰਜੀਵ ਸਿੰਘ ਸੈਣੀ

(ਸਮਾਜ ਵੀਕਲੀ)

ਸਿਆਣੇ ਅਕਸਰ ਕਹਿੰਦੇ ਹਨ ਕਿ ਗਲੀਂ ਦੇ ਕੱਖਾਂ ਤੋਂ ਵੀ ਜ਼ਰੂਰਤ ਪੈ ਜਾਂਦੀ ਹੈ।ਕੁਦਰਤ ਨੇ ਬਹੁਤ ਸੋਹਣੇ ਸਮਾਜ ਦੀ ਸਿਰਜਣਾ ਕੀਤੀ ਹੈ। ਖੁਸ਼ੀਆਂ ਤੇ ਗ਼ਮ ਸਾਡੀ ਜ਼ਿੰਦਗੀ ਵਿਚ ਆਉਂਦੇ-ਜਾਂਦੇ ਰਹਿੰਦੇ ਹਨ। ਚੇਤੇ ਰੱਖਣਾ ਕਿ ਹਮੇਸ਼ਾ ਕੋਈ ਵੀ ਮੁਸੀਬਤ ਸਥਾਈ ਨਹੀਂ ਰਹਿੰਦੀ। ਆਪਣੇ ਆਪ ਹਾਲਾਤ ਬਦਲਦੇ ਰਹਿੰਦੇ ਹਨ। ਕਈ ਵਾਰ ਕਿਸੇ ਇਨਸਾਨ ਦੇ ਇੰਨਾ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਕਿ ਉਸ ਨੂੰ ਮੁਸੀਬਤ ਵਿਚੋਂ ਨਿਕਲਣ ਲਈ ਕਿਸੇ ਦੀ ਮਦਦ ਦੀ ਜ਼ਰੂਰਤ ਪੈਂਦੀ ਹੈ। ਉਹ ਆਪਣੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦਾ ਸਹਾਰਾ ਲੈਣ ਲਈ ਮਜ਼ਬੂਰ ਹੋ ਜਾਂਦਾ ਹੈ । ਸਹੀ ਵੀ ਹੈ ਕਿ ਅਜਿਹੇ ਇਨਸਾਨ ਦੀ ਮਦਦ ਕਰਨੀ ਚਾਹੀਦੀ ਹੈ। ਪਰ ਅੱਜ ਕੱਲ ਹਰ ਰਿਸ਼ਤੇ ਵਿੱਚ ਮਤਲਬ ਪਹਿਲਾਂ ਹੈ।

ਰਿਸ਼ਤਿਆਂ ਦੀ ਅਹਿਮੀਅਤ ਖ਼ਤਮ ਹੋ ਚੁੱਕੀ ਹੈ। ਕੋਈ ਅਜਿਹਾ ਵਿਰਲਾ ਹੀ ਹੋਣਾ ਜੋ ਨਿਸਵਾਰਥ ਕਿਸੇ ਲੋੜਵੰਦ ਦੀ ਮਦਦ ਕਰ ਸਕੇ। ਫ਼ਲਦਾਰ ਰੁੱਖਾ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਰੁੱਖ ਆਪਣੇ ਫ਼ਲ ਆਪ ਨਹੀਂ ਖਾਂਦੇ। ਜਿਸ ਤਰ੍ਹਾਂ ਹੁਣ ਦਰੱਖ਼ਤਾਂ ਨੂੰ ਅੰਬ ਲੱਗਣੇ ਹਨ, ਤਾਂ ਉਹ ਥੱਲੇ ਨੂੰ ਝੁਕ ਜਾਂਦੇ ਹਨ। ਬੱਚੇ ਅਕਸਰ ਫ਼ਲਦਾਰ ਰੁੱਖਾਂ ਨੂੰ ਪੱਥਰ ਮਾਰਦੇ ਹਨ। ਦਰਖ਼ਤ ਸਾਨੂੰ ਸ਼ੁੱਧ ਆਕਸੀਜਨ ਦਿੰਦੇ ਹਨ। ਨਹਿਰ ਕਦੀ ਵੀ ਆਪਣਾ ਪਾਣੀ ਆਪ ਨਹੀਂ ਪੀਂਦੀ। ਸਾਡੀ ਪਿਆਸ ਬੁਝਾਉਂਦੀ ਹੈ। ਇਹ ਸਾਡੇ ਲਈ ਪ੍ਰੇਰਨਾਦਾਇਕ ਹਨ। ਕਈ ਲੋਕ ਪੈਸੇ ਤੋਂ ਗਰੀਬ ਹੁੰਦੇ ਹਨ ਪਰ ਦਿਲ ਤੋਂ ਅਮੀਰ ਹੁੰਦੇ ਹਨ।

ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ ਹੈ। ਆਮ ਦੇਖਿਆ ਜਾਂਦਾ ਹੈ ਕਿ ਜੋ ਪੰਛੀ ਹੁੰਦੇ ਹਨ ,ਉਨ੍ਹਾਂ ਨੂੰ ਲੋਕ ਦਾਣਾ ਪਾਉਂਦੇ ਹਨ। ਗਰਮੀਆਂ ਵਿੱਚ ਮਿੱਟੀ ਦੇ ਭਾਂਡਿਆਂ ਵਿੱਚ ਆਪਣੀ ਛੱਤਾਂ ਤੇ ਜਾਂ ਕਿਸੇ ਜਗ੍ਹਾ ਤੇ ਪਾਣੀ ਭਰ ਕੇ ਰੱਖਦੇ ਹਨ । ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਦਰਖਤਾਂ ਤੇ ਆਲਣੇ ਵੀ ਟੰਗੇ ਜਾਂਦੇ ਹਨ। ਦੇਖਿਆ ਜਾਂਦਾ ਹੈ ਕਿ ਅਵਾਰਾ ਪਸ਼ੂ ਗਲੀਆਂ ਵਿੱਚ ਆਮ ਘੁੰਮਦੇ ਹਨ। ਕਈ ਦਾਨੀ ਸੱਜਣ ਇਹਨਾਂ ਦੇ ਚਾਰੇ ਲਈ ਪ੍ਰਬੰਧ ਕਰਦੇ ਹਨ ।ਗਊਸ਼ਾਲਾ ਵਿੱਚ ਜਾ ਕੇ ਹਰਾ ਚਾਰਾ, ਤੂੜੀ ਦੀਆਂ ਟਰਾਲੀਆਂ ਦਿੰਦੇ ਹਨ ਤਾਂ ਜੋ ਇਹ ਵੀ ਆਪਣਾ ਪੇਟ ਭਰ ਸਕਣ। ਜੇ ਪਰਮਾਤਮਾ ਨੇ ਸਾਰੇ ਹੀ ਪਾਸੋਂ ਖੁਸ਼ੀ ਦਿੱਤੀ ਹੈ ,ਭਾਵ ਪੈਸੇ ਦੀ ਕੋਈ ਥੋੜ ਨਹੀ ਹੈ। ਜ਼ਿੰਦਗੀ ਬਸਰ ਕਰਨ ਲਈ ਵਧੀਆ ਸਾਧਨ ਹਨ ਤਾਂ ਜਰੂਰਤਮੰਦਾਂ ਦੀ ਜ਼ਰੂਰ ਮਦਦ ਕਰੋ।

ਕਿਸੇ ਦਾ ਸਹਾਰਾ ਬਣੋ। ਅਜਿਹਾ ਕਰਨ ਨਾਲ ਤੁਹਾਨੂੰ ਅੰਦਰ ਤੋਂ ਬਹੁਤ ਖੁਸ਼ੀ ਮਿਲਦੀ ਹੈ । ਬੇਜ਼ੁਬਾਨ ਪਸ਼ੂ ਪੰਛੀ ਅਸੀਸ ਦਿੰਦੇ ਹਨ, ਕਿਉਂਕਿ ਉਹਨਾਂ ਦੀ ਤੁਸੀਂ ਮਦਦ ਕੀਤੀ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਜੋ ਅਵਾਰਾ ਪਸ਼ੂ ਹੁੰਦੇ ਹਨ ਕਈ ਵਾਰ ਉਹ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ। ਜਾਂ ਜ਼ਖਮੀ ਹੋ ਜਾਂਦੇ ਹਨ ।ਤਾਂ ਕਈ ਰਹਿਮ-ਦਿਲ ਇਨਸਾਨ ਉਨ੍ਹਾਂ ਦਾ ਇਲਾਜ ਕਰਵਾਉਂਦੇ ਹਨ ।ਜੋ ਕੋਈ ਅਣਸੁਖਾਵੀਂ ਘਟਨਾ ਵੀ ਹੋ ਜਾਂਦੀ ਹੈ ਤਾਂ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਹੱਡਾ ਰੋੜੀ ਤੱਕ ਪੁੱਜਦਾ ਕਰਦੇ ਹਨ। ਇਸੀ ਤਰ੍ਹਾਂ ਕਈ ਵਾਰ ਜੋ ਅਵਾਰਾ ਕੁੱਤੇ ਹੁੰਦੇ ਹਨ ,ਉਹ ਗਲੀਆਂ ਵਿੱਚ ਜੇ ਜ਼ਖ਼ਮੀ ਹੋ ਜਾਂਦੇ ਹਨ ,ਤਾਂ ਉਨ੍ਹਾਂ ਦਾ ਇਲਾਜ ਕਈ ਸੱਜਣ ਕਰਵਾਉਂਦੇ ਹਨ। ਜੇ ਸਾਡੇ ਆਲੇ ਦੁਆਲੇ ਕੋਈ ਕੁੱਤੀ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਅਕਸਰ ਕਈ ਔਰਤਾਂ ਉਹਨਾਂ ਦੇ ਬੱਚਿਆਂ ਨੂੰ ਕਿਸੇ ‌ਭਾਂਡੇ ਵਿੱਚ ਦੁੱਧ ਪਾ ਕੇ ਆਉਂਦੀਆਂ ਹਨ। ਇਹ ਵੀ ਕਿਸੇ ਲਈ ਅਸੀਂ ਸਹਾਰਾ ਬਣਦੇ ਹਾਂ।

ਸੁਣਦੇ ਵੀ ਹਾਂ ਕਿ ਕਈ ਸੰਸਥਾਵਾਂ ਵੱਲੋਂ ਗਰੀਬ ਕੁੜੀਆਂ ਦੇ ਵਿਆਹ ਕਰਵਾਏ ਜਾਂਦੇ ਹਨ।ਉਸ ਵਿਚ ਕਈ ਦਾਨੀ ਸੱਜਣ ਅੱਗੇ ਆਉਂਦੇ ਹਨ। ਇਹ ਵੀ ਤਾਂ ਪਰਮਾਤਮਾ ਨੇ ਇਨਸਾਨ ਬਣਾਏ ਹਨ ।ਇਨ੍ਹਾਂ ਦੇ ਅੰਦਰ ਵੀ ਕਿੰਨਾ ਵੱਡਾ ਦਿਲ ਹੈ ਕਿ ਕਿਸੇ ਦੀ ਧੀ ਦਾ ਵਧੀਆ ਕਾਰਜ਼ ਨੇਪੜੇ ਚੜ੍ਹ ਸਕੇ। ਮਹਿੰਗਾਈ ਵੀ ਹੈ‌।ਪੈਸਾ ਤਾਂ ਦੁਨੀਆਂ ਕੋਲ ਵਾਧੂ ਹੈ, ਪਰ ਨੀਅਤ ਨਹੀਂ ਹੈ। ਇਸੇ ਤਰ੍ਹਾਂ ਕਈ ਲੋਕਾਂ ਕੋਲ ਰਹਿਣ ਲਈ ਘਰ ਨਹੀਂ ਹਨ। ਅਕਸਰ ਦੇਖਿਆ ਜਾਂਦਾ ਹੈ ਕਿ ਵੱਡੇ ਸ਼ਹਿਰਾਂ ਵਿੱਚ ਜੋ ਵੱਡੇ ਵੱਡੇ ਪਾਈਪ ਹੁੰਦੇ ਹਨ, ਜਾਂ ਫਲਾਈ ਓਵਰ ਹਨ, ਉਹਨਾਂ ਦੇ ਥੱਲੇ ਝੁੱਗੀ ਬਣਾ ਕੇ ਰਹਿੰਦੇ ਹਨ। ਅਜਿਹੇ ਲੱਖਾਂ ਲੋਕ ਬਿਨਾਂ ਛੱਤ ਤੋਂ ਅੱਜ ਵੀ ਭਾਰਤ ਵਿੱਚ ਰਹਿ ਰਹੇ ਹਨ। ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ। ਕਈ ਲੋਕ ਅਜਿਹੇ ਪਰਿਵਾਰਾਂ ਨੂੰ ਘਰ ਬਣਾ ਕੇ ਦਿੰਦੇ ਹਨ।ਅਕਸਰ ਕਿਹਾ ਜਾਂਦਾ ਹੈ ਕਿ ਕੋਈ ਵੀ ਚੰਗਾ ਕੰਮ ਕਰਨਾ ਹੋਵੇ ਤਾਂ ਆਪਣੇ ਘਰ ਤੋਂ ਸ਼ੁਰੂ ਹੁੰਦਾ ਹੈ। ਹਸਪਤਾਲਾਂ ਦੇ ਅੱਗੇ ਧਾਰਮਿਕ ਸੰਸਥਾਵਾਂ, ਜਾਂ ਸਮਾਜ ਸੇਵੀਆਂ ਵੱਲੋਂ ਲਗਾਤਾਰ ਲੰਗਰ ਲਗਾਏ ਜਾਂਦੇ ਹਨ ਤਾਂ ਜੋ ਗਰੀਬ ਲੋਕ ਉੱਥੇ ਰੋਟੀ ਖਾ ਸਕਣ।

ਹਮੇਸ਼ਾ ਆਪਣੇ ਤੋਂ ਥੱਲੇ ਵਾਲੇ ਨੂੰ ਦੇਖ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ। ਗਰੀਬ ਜਾਂ ਨੀਵੀਂ ਜਾਤ ਵਾਲੇ ਤੋਂ ਕਦੇ ਵੀ ਨਫ਼ਰਤ ਨਾ ਕਰੋ। ਪੈਸੇ ਦਾ ਗ਼ੁਮਾਨ ਨਾ ਕਰੀਏ, ਇਹ ਤਾਂ ਹੱਥਾਂ ਦੀ ਮੈਲ ਹੈ। ਕਿਸੇ ਨੂੰ ਉੱਚਾ ਬੋਲ ਨਾ ਬੋਲੋ। ਜੇ ਅੱਜ ਅਸੀਂ ਕਿਸੇ ਲੋੜਵੰਦ ਦੀ ਮਦਦ ਕਰਦੇ ਹਨ ਤਾਂ ਉਹ ਇਨਸਾਨ ਸਾਡਾ ਕੀਤਾ ਅਹਿਸਾਨ ਕਦੇ ਨਹੀਂ ਭੁੱਲਦਾ। ਹੋ ਸਕਦਾ ਹੈ ਕਿ ਕੱਲ ਨੂੰ ਅਜਿਹਾ ਇਨਸਾਨ ਵਧੀਆ ਕਰਮ ਕਰਕੇ ਆਪਣੇ ਪੈਰਾਂ ਤੇ ਖ਼ੁਦ ਖੜਾ ਹੋ ਜਾਵੇ।ਜੇ ਅਸੀਂ ਕਿਸੇ ਦਾ ਭਲਾ ਮੰਗਦੇ ਹਾਂ ਤਾਂ ਸਾਡਾ ਭਲਾ ਵੀ ਆਪਣੇ ਆਪ ਹੋ ਜਾਂਦਾ ਹੈ। ਕਦੇ ਵੀ ਇਹ ਨਾ ਸੋਚੋ ਕਿ ਸਾਨੂੰ ਕਿਸੇ ਤੋਂ ਜ਼ਰੂਰਤ ਨਹੀਂ ਪਵੇਗੀ ।ਸਿਆਣੇ ਕਹਿੰਦੇ ਹਨ ਕਿ ਗਲੀ ਦੇ ਕੱਖਾਂ ਤੋਂ ਵੀ ਜ਼ਰੂਰਤ ਪੈ ਜਾਂਦੀ ਹੈ। ਇਹ ਨਾ ਸੋਚੋ ਕਿ ਅਸੀਂ ਹਮੇਸ਼ਾ ਜਵਾਨ ਰਹਿਣਾ ਹੈ। ਦੁੱਖ-ਤਕਲੀਫ਼ ਕੋਈ ਦੱਸ ਕੇ ਨਹੀਂ ਆਉਂਦੀ ।

ਹਮੇਸ਼ਾਂ ਹੀ ਨਿਸਵਾਰਥ ਹੋ ਕੇ ਦੂਜਿਆਂ ਦੀ ਮਦਦ ਕਰੋ। ਹਰ ਇਨਸਾਨ ਦੀ ਇੱਜਤ ਕਰੋ। ਜੇ ਅਸੀਂ ਹਮੇਸ਼ਾ ਦੂਜਿਆਂ ਲਈ ਸਹਾਰਾ ਬਣਾਂਗੇ ਤਾਂ ਰੱਬ ਨਾ ਕਰੇ ਜੇ ਕੱਲ੍ਹ ਨੂੰ ਸਾਡੇ ਤੇ ਕੋਈ ਮਾੜਾ ਸਮਾਂ ਆ ਵੀ ਜਾਂਦਾ ਹੈ ਤਾਂ ਸਾਡੀ ਵੀ ਮਦਦ ਹਰ ਅਜਿਹਾ ਇਨਸਾਨ ਕਰੇਗਾ। ਹਮੇਸ਼ਾ ਚੰਗੇ ਲੋਕਾਂ ਦਾ ਸਾਥ ਕਰੋ। ਕਿਸੇ ਲੋੜਵੰਦ ਦਾ ਸਹਾਰਾ ਬਣਨ ਨਾਲ ਜੇ ਉਸਦੇ ਚਿਹਰੇ ਤੇ ਖੁਸ਼ੀ ਆ ਜਾਂਦੀ ਹੈ, ਤਾਂ ਸਾਨੂੰ ਅੰਦਰੋਂ ਬਹੁਤ ਅਸੀਸਾਂ ਮਿਲਦੀਆਂ ਹਨ। ਜੇ ਸੰਸਾਰ ਦੇ ਕਿਸੇ ਵੀ ਕੌਣੇ ‘ਚ ਕੋਈ ਆਫ਼ਤ ਆ ਜਾਂਦੀ ਹੈ ਤਾਂ ਅਸੀਂ ਦੇਖਦੇ ਹਾਂ ਕਿ ਖ਼ਾਲਸਾ ਏਡ ਉਸ ਥਾਂ ਜਾਂ ਕੇ ਲੋੜਵੰਦਾਂ ਦਾ ਸਹਾਰਾ ਬਣਦੀ ਹੈ। ਅੱਜ ਜ਼ਿੰਦਗੀ ਜੋ ਬਹੁਤ ਛੋਟੀ ਹੈ ।ਇਸ ਸੰਸਾਰ ਤੋਂ ਅਜਿਹੇ ਕਰਮ ਕਰਕੇ ਜਾਈਏ ਕਿ ਕੱਲ ਨੂੰ ਸਾਨੂੰ ਲੋਕ ਯਾਦ ਕਰਨ। ਸਿਵਿਆਂ ਦੇ ਇਕੱਠ ਤੋਂ ਅਕਸਰ ਪਤਾ ਚਲ ਜਾਂਦਾ ਹੈ ਕਿ ਇਨਸਾਨ ਦਾ ਜੀਵਨ ਕਿਹੋ ਜਿਹਾ ਸੀ।

ਸੰਜੀਵ ਸਿੰਘ ਸੈਣੀ

ਮੋਹਾਲੀ 7888966168

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਬਦਜੋਤ ਵੱਲੋਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਹਿਯੋਗ ਨਾਲ ਸੱਤਵਾਂ ਕਵਿਤਾ ਕੁੰਭ ਸੰਪੂਰਨ, ਬਵੰਜਾ ਕਵੀਆਂ ਨੇ ਭਾਗ ਲਿਆ
Next articleਗੁਰੂ ਨਾਨਕ ਸਟੱਡੀ ਸੈਂਟਰ ਦੀ ਵਿਦਿਆਰਥਣ ਨੇ ਪ੍ਰਾਪਤ ਕੀਤੇ 7 ਬੈਂਡ ।