“ਆਉ ਸਾਡੇ ਅਲੋਪ ਹੋ ਗਏ ਅਮੀਰ ਪੰਜਾਬੀ ਵਿਰਸੇ ਦੀ ਹੋਂਦ ਨੂੰ ਬਚਾਉਣ ਲਈ ਰਲ-ਮਿਲ ਕੇ ਹੰਭਲਾ ਮਾਰੀਏ”

ਗੁਰਪ੍ਰੀਤ ਸਿੱਧੂ ਜ਼ੀਰਾ
ਗੁਰਪ੍ਰੀਤ ਸਿੱਧੂ ਜ਼ੀਰਾ (9217800045)
(ਸਮਾਜ ਵੀਕਲੀ) ਸਾਡੇ ਸੱਭਿਆਚਾਰ ਵਿੱਚ ਲਗਾਤਾਰ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ ਅਤੇ ਸਮੇਂ ਦੇ ਨਾਲ-ਨਾਲ ਵਿਕਾਸ ਦੀ ਹੋੜ ਵਿੱਚ ਜਾਂ ਸਾਇੰਸ ਦੀ ਉਨਤੀ ਸਦਕਾ ਮਨੁੱਖ ਪੁਰਾਣੇ ਰੀਤੀ ਰਿਵਾਜਾਂ, ਸਭਿਆਚਾਰ ਦੀਆਂ ਪੁਰਾਣੀਆਂ ਵਸਤੂਆਂ ਤੋਂ ਕੁਦਰਤੀ ਤੋਰ ‘ਤੇ ਬਹੁਤ ਹੀ ਦੂਰ ਚਲਾ ਗਿਆ ਹੈ। ਆਪਣੇ ਆਲੋਪ ਹੋ ਚੁੱਕੇ ਅਮੀਰ ਪੰਜਾਬੀ ਵਿਰਸੇ ਨੂੰ ਬਚਾਉਣ ਲਈ ਅਤੇ ਸਾਡੀਆ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੁਰਾਤਨ ਸਭਿਆਚਾਰ ਨਾਲ ਜੋੜੀ ਰੱਖਣ ਲਈ ਬਹੁਤ ਹੀ ਮਿਹਨਤ ਅਤੇ ਹੰਭਲੇ ਮਾਰਨ ਦੀ ਜ਼ਰੂਰਤ ਹੈ। ਸਿਆਣਿਆ ਦੇ ਕਹਿਣ ਅਨੁਸਾਰ ਜੋ ਆਪਣੇ ਪਿਛੋਕੜ ਭੁੱਲ ਜਾਂਦੇ ਹਨ ਉਹ ਕੌਮਾਂ ਕਦੇ ਵੀ ਉਨਤੀ ਨਹੀ ਕਰ ਸਕਦੀਆ।
ਹੁਣ ਜੇਕਰ ਅਸੀ ਪੁਰਾਤਨ ਰੀਤੀ-ਰਿਵਾਜਾ ਵੱਲ ਇੱਕ ਪੰਛੀ ਝਾਤ ਮਾਰੀਏ ਤਾਂ ਕੈਠਾਂ ਕਦੇ ਪੰਜਾਬੀ ਵਿਰਸੇ ਦੀ ਸ਼ਾਨ ਹੋਇਆ ਕਰਦਾ ਸੀ। ਇਸਨੂੰ ਪਹਿਨ ਕੇ ਗੱਭਰੂ ਆਪਣੀ ਨਿਵੇਕਲੀ ਪਹਿਚਾਣ ਮਹਿਸੂਸ ਕਰਦੇ ਹੁੰਦੇ ਸਨ।
ਇਸ ਤੋ ਇਲਾਵਾ ਪੁਰਾਣੇ ਸਮੇਂ ਵਿੱਚ ਨੋਜਵਾਨ ਮੁੰਡਿਆਂ ਨੂੰ ਸੋਨੇ ਦੀਆਂ ਚਮਕਦੀਆਂ ਤਵੀਤੀਆਂ ਪਾਉਣ ਦਾ ਬਹੁਤ ਸ਼ੋਕ ਸੀ ਤਵੀਤੀਆਂ ਪਾ ਕੇ ਉਹ ਮੁਟਿਆਰਾਂ ਦੇ ਖਿੱਚ ਦਾ ਕਾਰਨ ਬਣਦੇ ਹੁੰਦੇ ਸਨ।
ਪੁਰਾਣੇ ਸਮੇਂ ਵਿੱਚ ਗੱਭਰੂ ਮੁਟਿਆਰਾਂ ਵੀ ਕਿਸੇ ਤੋ ਘੱਟ ਨਹੀ ਹੁੰਦੀਆ ਸਨ ਉਹ ਵੀ ਪੈਰਾ ਵਿੱਚ ਝਾਂਜਰਾਂ ਪਾ ਕੇ ਉਨ੍ਹਾਂ ਦੀ ਆਵਾਜ਼ ਨਾਲ ਆਉਂਦੇ-ਜਾਂਦੇ ਰਾਹੀਗੀਰਾਂ ਦਾ ਧਿਆਨ ਖਿੱਚ ਲੈਂਦੀ ਹੁੰਦੀ ਸੀ।
ਝਾਂਜਰਾਂ ਵੀ ਔਰਤਾਂ ਦਾ ਦਿਲ ਖਿਚਵਾਂ ਗਹਿਣਾ ਹੁੰਦਾ ਸੀ ਤੇ ਹਰ ਔਰਤ ਦੀ ਰੀਝ ਵੀ ਹੁੰਦੀ ਸੀ ਝਾਂਜਰਾਂ ਵੀ ਲੋਕ ਗੀਤਾ ਦੀ ਸ਼ਾਨ ਬਣ ਗਈਆਂ।
ਇਸੇ ਤਰ੍ਹਾਂ ਪਿੰਡਾਂ ਵਿੱਚ ਕੱਚੇ ਹਾਰੇ ਆਮ ਘਰਾਂ ਵਿੱਚ ਮਿਲਦੇ ਹੁੰਦੇ ਸਨ। ਕੱਚੇ ਘਰਾਂ ਦੀਆ ਸੁਆਣੀਆ ਆਪਣੇ-ਆਪ ਹੀ ਮਿੱਟੀ ਦੇ ਹਾਰੇ ਬਣਾ ਲੈਂਦੀਆਂ ਸਨ ਅਤੇ ਇਹਨਾਂ ਵਿੱਚ ਦੁੱਧ ਦੀਆਂ ਦੰਦੋੜੀਆਂ ਰੱਖ ਕੇ ਦੁੱਧ ਸਾਰਾ ਸਾਰਾ ਦਿਨ ਕੜਦਾ ਰਹਿੰਦਾ। ਅੱਜ ਕੱਲ ਪਿੰਡਾਂ ਨੇ ਖੂਬ ਤਰੱਕੀ ਕਰ ਲਈ ਤੇ ਅੱਜ ਕੱਲ ਪੰਜਾਬ ਵਿੱਚ ਇਹ ਸਭ ਕੁਝ ਵੇਖਣ ਨੂੰ ਨਹੀਂ ਮਿਲਦਾ। ਏਹੀ ਕਾਰਨ ਹੈ ਕਿ ਪੰਜਾਬ ਵਿੱਚ ਦਹੀਂ ਤੇ ਲੱਸੀ ਦੀ ਥੁੜ ਮਹਿਸੂਸ ਹੁੰਦੀ ਰਹਿੰਦੀ ਹੈ।
ਹੁਣ ਭਾਵੇਂ ਕਿਤੇ-ਕਿਤੇ ਕਿਸੇ ਪਿੰਡ ਵਿੱਚ ਸਭਿਆਚਾਰਕ ਮੇਲਿਆਂ ਜਾਂ ਵਿਰਾਸਤੀ ਨੁਮਾਇਸ਼ਾਂ ਵਿੱਚ ਸਾਨੂੰ ਪੁਰਾਣੇ ਰੱਥ,ਗੱਡੇ ਅਤੇ ਹੋਰ ਆਲੋਪ ਹੋ ਰਹੀਆ ਵਸਤਾਂ ਵੇਖਣ ਨੂੰ ਮਿਲ ਜਾਂਦੀਆਂ ਹਨ ਪਰ ਅੱਜ ਇਹ ਸਭ ਕੁਝ ਪਿੰਡਾਂ ਵਿਚੋਂ ਇਹ ਅਲੋਪ ਹੀ ਹੋ ਰਹਿ ਗਏ ਹਨ। ਅੱਜ ਕੱਲ ਦੇ ਬੱਚੇ ਜਦੋ ਇਨ੍ਹਾਂ ਨੂੰ ਦੇਖਦੇ ਹਨ ਉਨ੍ਹਾਂ ਨੂੰ ਇਹ ਸਭ ਪੁਰਾਤਨ ਵਸਤਾਂ ਅਜੀਬ ਹੀ ਲੱਗਦੀਆਂ ਹਨ।
ਪਹਿਲਾ ਸਮਾਂ ਸੀ, ਜਦ ਬਾਰਾਤਾਂ ਲਈ ਮਠਿਆਈ ਕੜਾਹ ਹੀ ਹੁੰਦੀ ਸੀ।
ਕੜਾਹ ਉਨ੍ਹਾਂ ਸਮਿਆਂ ਵਿਚ ਗੁੜ ਤੇ ਦੇਸੀ ਘਿਉ ਨਾਲ ਬਣਾਇਆ ਜਾਂਦਾ ਸੀ।
ਲੋਕ ਕੜਾਹ ਖਾਂਦੇ ਵੀ ਬਹੁਤ ਸੀ। ਉਨ੍ਹਾਂ ਸਮਿਆਂ ਵਿਚ ਦੁੱਧ, ਘਿਉ ਆਮ ਹੁੰਦਾ
ਸੀ। ਵਿਆਹ ਤੋਂ ਇਕ ਦਿਨ ਪਹਿਲਾਂ ਸਰੀਕੇ ਕਬੀਲੇ ਨੂੰ ਜੋ ਰੋਟੀ ਖਵਾਈ ਜਾਂਦੀ ਸੀ, ਉਹ ਵੀ ਕੜਾਹ ਨਾਲ ਖਵਾਈ ਜਾਂਦੀ ਸੀ।ਪ੍ਰਾਹੁਣਿਆਂ ਦੀ ਆਓ-ਭਗਤ ਕੜਾਹ ਦੇ ਨਾਲ ਖੀਰ ਪੂੜੇ ਬਣਾ ਕੇ ਕੀਤੀ
ਜਾਂਦੀ ਸੀ। ਖੀਰ, ਕੜਾਹ ਤੇ ਪੂੜਿਆਂ ਨਾਲ ਸੇਵਾ ਉਨ੍ਹਾਂ ਸਮਿਆਂ ਦੀ ਫੰਨੇ ਖਾਂ
ਸੇਵਾ ਗਿਣੀ ਜਾਂਦੀ ਸੀ।
ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਸਮੇਂ ਕੜਾਹ ਦੀ ਦੇਗ ਵਰਤਾਈ ਜਾਂਦੀ ਹੈ।ਪਹਿਲਾਂ ਮੀਂਹ ਪਵਾਉਣ ਲਈ ਯੱਗ, ਪਸ਼ੂਆਂ ਦੀਆਂ ਬੀਮਾਰੀਆਂ ਨੂੰ ਦੂਰ ਕਰਨ ਲਈ ਟੂਣੇ ਵੀ ਕੜਾਹ ਨਾਲ ਕੀਤੇ ਜਾਂਦੇ ਸਨ। ਸਾਉਣ ਦੇ ਮਹੀਨੇ ਵਿਚ ਖੀਰ ਵਿਸ਼ੇਸ਼ ਤੌਰ ਤੇ ਬਣਾਈ ਜਾਂਦੀ ਸੀ। ਸਾਉਣ ਮਹੀਨੇ ਖੀਰ ਨਾਲ ਪੂੜੇ ਬਣਾਉਣ ਦਾ ਵਿਸ਼ੇਸ਼ ਰਿਵਾਜ ਹੁੰਦਾ ਸੀ।
ਪੁਰਾਣੇ ਸਮੇੰ ਵਿੱਚ ਪਿੰਡ ਵਿੱਚ ਕੋਈ ਹੀ ਅਜਿਹਾ ਘਰ ਹੁੰਦਾ ਹੋਵੇਗਾ ਜਿਸ ਘਰ ਵਿਚ ਦੁੱਧ ਲੱਸੀ ਨਾ ਹੋਵੇ। ਉਸ ਸਮਿਆਂ ਵਿੱਚ ਦੁੱਧ ਵੇਚਣਾ ਪੁੱਤਰ ਵੇਚਣ ਦੇ ਬਰਾਬਰ ਸਮਝਿਆ ਜਾਂਦਾ ਸੀ ਪਰ ਅੱਜ ਕੋਈ ਵਿਰਲਾ ਘਰ ਹੀ ਹੋਵੇਗਾ ਜੋ ਦੁੱਧ ਨਾ ਵੇਚਦਾ ਹੋਵੇ। ਹੁਣ ਤਾਂ ਨਕਲੀ ਦੁੱਧ ਬਣਾ ਕੇ ਵੀ ਵੇਚਿਆ ਜਾ ਰਿਹਾ ਹੈ। ਸਵੇਰੇ ਮਿਸੇ ਆਟੇ ਦੀ ਰੋਟੀ, ਮੱਖਣ, ਦਹੀ, ਦੇਸੀ ਘਿਉ, ਚਿਬੜਾਂ ਦੀ ਚਟਣੀ ਅਤੇ ਖੱਟੀ ਲੱਸੀ ਨਾਲ ਬਹੁਤ ਸਵਾਦ ਲਗਦੀ ਸੀ।ਬਹੁਤੇ ਪਿੰਡਾਂ ਵਿਚ ਪ੍ਰਾਇਮਰੀ ਸਕੂਲ ਵੀ ਨਹੀਂ ਸਨ। ਬੱਚਿਆਂ ਨੂੰ ਸਕੂਲ ਵਿਚ ਅਧਿਆਪਕ ਏਨਾ ਪੜ੍ਹਾ ਦਿੰਦੇ ਸਨ ਕਿ ਟਿਊਸ਼ਨ ਰੱਖਣ ਦੀ ਲੋੜ ਨਹੀਂ ਸੀ ਪੈਂਦੀ। ਮੁੰਡੇ ਕੁੜੀਆਂ ਪੰਜਵੀਂ ਛੇਵੀਂ ਕਲਾਸ ਤਕ ਇਕੱਠੇ ਹੀ ਖੇਡਦੇ ਸਨ। ਕਿਸੇ ਦੇ ਮਨ ਵਿਚ ਚਲਾਕੀ ਵਾਲੀ ਕੋਈ ਗੱਲ ਹੀ ਨਹੀਂ ਸੀ ਹੁੰਦੀ।
ਪਰ ਅੱਜ ਸਾਡੇ ਅਮੀਰ ਪੰਜਾਬੀ ਵਿਰਸੇ ਨੂੰ ਆਧੁਨਿਕ ਮਸ਼ੀਨੀ ਯੁੱਗ ਅਤੇ ਮਨੁੱਖ ਦੀ ਤੇਜ਼ ਰਫ਼ਤਾਰੀ ਦੀ ਚਕਾ-ਚੌਂਧ ਨੇ ਮਧੋਲ ਕੇ ਰੱਖ ਦਿਤਾ ਹੈ। ਹੁਣ ਸਿਰਫ਼ ਕਹਿਣ, ਸੁਣਨ, ਲਿਖਣ ਅਤੇ ਪੈਸੇ ਕਮਾਉਣ ਲਈ ਹੀ ਪੰਜਾਬੀ ਵਿਰਸੇ ਅਤੇ ਸਭਿਆਚਾਰ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਆਉ ਅਸੀ ਸਭ ਰਲ-ਮਿਲ ਕੇ ਸਾਡੇ ਆਲੋਪ ਹੋ ਗਏ ਅਮੀਰ ਪੰਜਾਬੀ ਵਿਰਸੇ ਦੀ ਹੋਂਦ ਨੂੰ ਮੁੜ ਤੋ ਸੁਰਜੀਤ ਕਰਨ ਲਈ ਇਕੱਠੇ ਹੋ ਕੇ ਹੰਭਲਾ ਮਾਰੀਏ ..
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਵਿਸਮਾਦੀ ਰੰਗਾਂ ਵਿੱਚ ਰੰਗੀ ਸ਼ਾਇਰੀ ‘ਪੇਖਨ ਸੁਨਨ ਸੁਨਾਵਨੋ’
Next articleਕੇਂਦਰੀ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਪਹਿਲੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ