ਅਧਿਆਪਨ ਤੇ ਕਲਮ ਦਾ ਸੁਮੇਲ ਡਾਕਟਰ ਮੇਹਰ ਮਾਣਕ – 

 (ਸਮਾਜ ਵੀਕਲੀ) – ਡਾ਼ ਮੇਹਰ ਮਾਣਕ ਆਪਣੀ ਸਾਹਿਤਕ ਕਾਵਿ ਸਿਰਜਣਾ ਕਰਕੇ ਪੰਜਾਬੀ ਸਾਹਿਤ ਵਿੱਚ ਜਾਣਿਆ ਪਛਾਣਿਆ ਨਾਂ ਹੈ। । ਉਸ ਨੇ  ਆਪਣੀ ਸਾਹਿਤਕ ਮਸ ਅਤੇ ਬਤੌਰ ਇੱਕ ਸਮਾਜ ਵਿਗਿਆਨੀ ਹੋਣ ਕਰਕੇ  ਸਾਹਿਤਕ ਸਿਰਜਣਾ ਅਤੇ ਆਲੋਚਨਾ ਦੇ ਖੇਤਰ ਵਿੱਚ ਆਪਣੀ ਵਿਲੱਖਣ ਥਾਂ ਅਤੇ ਪਛਾਣ ਬਣਾਈ ਹੈ। ਭਾਵੇਂ  ਉਹ ਸਮਾਜ ਵਿਗਿਆਨ  ਦੀ ਪਿੱਠ ਭੂਮੀ ਵਿੱਚੋਂ ਆ ਰਿਹਾ ਹੈ  ਫਿਰ ਵੀ ਉਸ ਦੇ ਹੁਣ ਤੱਕ ਪੰਜ ਕਾਵਿ ਸੰਗ੍ਰਹਿ ਆ ਚੁੱਕੇ ਹਨ ਅਤੇ ਉਹ ਅੱਜ ਦੇ ਡਿਜੀਟਲ ਸਮਿਆਂ ਵਿੱਚ ਸਭ ਤੋਂ ਵੱਧ ਲਗਾਤਾਰ ਛਪਣ ਵਾਲ਼ਾ ਕਵੀ ਹੈ।ਉਸ ਦੀ  ਆਪਣੀ  ਸਪੇਸ ਨੂੰ  ਸਹਿਜੇ ਹੀ ਵੇਖਿਆ ਜਾ ਸਕਦਾ ਹੈ, ਜੋ ਉਸ ਦਾ ਆਪਣਾ ਹਾਸਲ ਹੈ।ਉਹ ਅਗਰਗਾਮੀ ਵਿਚਾਰਧਾਰਾ ਦਾ ਲਖਾਇਕ-ਬੁੱਧੀਜੀਵੀ ਹੈ, ਜਿਸ ਦਾ ਸਬੂਤ ਉਸ ਦੀਆਂ ਲਿਖਤਾਂ ਹਨ।

ਡਾ਼ ਮੇਹਰ ਮਾਣਕ, ਉਹ ਮਨੁੱਖ ਹੈ ਜਿਸ ਦਾ ਜਨਮ ਪੁਆਧ ਇਲਾਕੇ ਦੇ ਇੱਕ ਛੋਟੇ ਜਿਹੇ ਪਿੰਡ ਲਖਨੌਰ( ਨੇੜੇ ਕੁਰਾਲੀ) ਵਿਖੇ ਸ. ਦਿਆਲ ਸਿੰਘ ਦੇ ਘਰ ਮਹਿੰਦਰ ਕੌਰ ਦੀ ਕੁੱਖੋਂ  ਕਿਸਾਨ ਪਰਿਵਾਰ ਵਿੱਚ ਹੋਇਆ।ਉਹ ਸੱਤ ਭੈਣ ਭਰਾਵਾਂ ਦਾ ਵੱਡੀ ਭੈਣ ਤੋਂ ਦੁਸਰੇ ਨੰਬਰ ‘ਤੇ ਤਿੰਨ ਭਰਾਵਾਂ ਵਿਚੋਂ ਸਭ ਤੋਂ ਵੱਡਾ ਭਰਾ ਹੈ। ਉਸ ਨੇ ਟੋਡਰਪੁਰ ( ਨੇੜੇ ਮੋਰਿੰਡਾ) ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਅਤੇ  ਫਿਰ ਜੀ. ਟੀ. ਬੀ. ਹਾਇਰ ਸੈਕੰਡਰੀ ਸਕੂਲ ਖੰਟ- ਮਾਨਪੁਰ ਤੋਂ ਸਿਖਿਆ ਹਾਸਲ ਕਰਦਿਆਂ ਸਰਕਾਰੀ ਕਾਲਜ ਰੋਪੜ ਤੋਂ ਬੀ. ਏ.  ਕੀਤੀ। ਜੁਝਾਰੂ  ਬਿਰਤੀ ਦਾ ਮਾਲਕ ਹੋਣ ਕਰਕੇ  ਉਹ ਤੰਗੀਆਂ ਤੁਰਸ਼ੀਆਂ ‘ਚ ਹੋਣ ਦੇ ਬਾਵਜੂਦ ਵੀ ਆਪਣੇ ਦੋਸਤਾਂ ਜਿਨ੍ਹਾਂ  ‘ਚ ਖਾਸ ਤੌਰ ਤੇ ਬਲਦੇਵ ਸਿੰਘ ਸਾਬਕਾ ਸਰਪੰਚ ਪੱਥਰਮਾਜਰਾ ਦੀ ਸਹਾਇਤਾ ਅਤੇ ਹੱਲਾ ਸ਼ੇਰੀ ਸਦਕਾ ਪੰਜਾਬ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਤੋਂ ਪੀ ਐਚ ਡੀ .ਦੀ ਉੱਚ ਡਿਗਰੀ ਪ੍ਰਾਪਤ ਕੀਤੀ। ਇਹ ਉਸ ਦੀ ਲਗਨ ਤੇ ਸਿਰੜ ਦਾ ਹੀ ਨਤੀਜਾ ਸੀ।
ਉਹ ਪੰਜਾਬੀ ਵਿਸੇ਼ ਵਿੱਚ ਮੁਹਾਰਤ ਹਾਸਲ ਕਰਨਾ ਚਾਹੁੰਦਾ ਸੀ ਪਰ ਕੁੱਝ ਟੈਕਨੀਕਲ ਕਾਰਨ ਕਰਕੇ ਉਸ ਨੂੰ ਇਹ ਮੌਕਾ ਨਹੀਂ ਮਿਲ ਸਕਿਆ।ਉਸ ਨੇ ਦੱਸਿਆ ਕਿ ਉਸ ਨੂੰ  ਛੋਟੀ ਉਮਰ ਤੋਂ ਗਾਉਂਣ ਦਾ ਬਹੁਤ ਸ਼ੌਂਕ ਸੀ ਕਿਉਂਕਿ ਉਸ ਦੀ ਵਿਰਾਸਤ ਵਿੱਚ ਕਿਤੇ ਨਾ ਕਿਤੇ ਗਾਇਕੀ ਰਹੀ ਸੀ। ਉਸ ਦਾ ਪਿਤਾ ਦਿਆਲ ਸਿੰਘ ਪਿੰਡ ਦੇ ਇੱਕ ਹਾਣੀ ਗੱਭਰੂ ਗੁਰਚਰਨ ਸਿੰਘ ਜੋ ਬਾਦ ਵਿੱਚ ਫੌਜ ‘ਚ ਭਰਤੀ ਹੋ ਗਿਆ, ਪ੍ਰਸਿੱਧ ਸਰੰਗੀ ਮਾਸਟਰ ਮਾਮਦੀਨ ਦੀ ਅਗਵਾਈ ‘ਚ ਗਾਉਂਦਾ ਰਿਹਾ ਸੀ।ਉਸ ਨੇ ਦੱਸਿਆ ਕਿ ਮਾਮਦੀਨ ਹੱਲਿਆਂ ਤੋਂ ਬਾਦ ਲਖਨੌਰ ਹੀ ਰਹਿ ਗਿਆ ਸੀ ਜਿਸ ਦੀ  ਸਾਰੰਗੀ ਬਹੁਤ ਦੇਰ ਉਨ੍ਹਾਂ ਦੀ  ਹਵੇਲੀ ‘ਚ ਛੱਤ ‘ਤੇ ਟੰਗੀ ਰਹੀ ਸੀ। ਮਾਮਦੀਨ ਬਹੁਤ  ਸੋਹਣਾ ਸੁਨੱਖਾ ਮਨੁੱਖ ਆਖ਼ਰੀ ਪਲਾਂ ਤੱਕ ਇੱਧਰ ਹੀ ਰਿਹਾ ਜਿਸ ਨੂੰ ਮੇਹਰ ਮਾਣਕ ਨੇ ਅੱਖੀਂ ਛੋਟੇ ਹੁੰਦਿਆਂ ਵੇਖਿਆ ਸੀ।
ਡਾ. ਮੇਹਰ ਮਾਣਕ  ਨੇ ਬੀਤੇ ਉੱਤੇ ਨਿਗਾਹ ਮਾਰਦਿਆਂ ਦੱਸਿਆ ਕਿ ਨਿੱਕੀ ਉਮਰੇ ਉਸ ਨੂੰ ਅਖਾੜੇ ਸੁਣਨ ਦਾ ਬਹੁਤ ਸ਼ੌਂਕ ਸੀ ਅਤੇ ਉਹ ਅਕਸਰ ਘਰਦਿਆਂ ਤੋਂ ਚੋਰੀ ਚੋਰੀ ਰਾਤਾਂ ਨੂੰ  ਗੁਰਬਖਸ਼ ਸਿੰਘ ਰੋਪੜ  ਵਰਗਿਆਂ ਦੀਆਂ ਲਗਦੀਆਂ ਰਾਸਾਂ   ਨੂੰ ਸੁਣਦਾ। ਉਸ ਦੇ ਪਿੰਡ ਟੋਡਰਪੁਰ ‘ਚ  ਹਫਤਾ ਹਫਤਾ ਇੱਕ ਸਾਧੂ ਦਾ ਧੂਣਾ ਮੱਘਦਾ ਅਤੇ ਚੱਲਦਾ, ਨਾਲ ਹੀ ਲੰਗਰ ਲੱਗਦਾ ਜਿੱਥੇ ਉਹ  ਮੱਘਰ ਸਿੰਘ ਦੀਵਾਨਾ ਨੂੰ ਸੁਣਦਾ ਸੁਣਦਾ ਜਵਾਨ ਹੋਇਆ। ਉਹ ਰਾਤਾਂ ਨੂੰ ਬਜ਼ੁਰਗਾਂ ਦੀ ਸੰਗਤ ਵਿੱਚ ਪੂਰਨ ਭਗਤ, ਰਾਣੀ ਕੌਲਾਂ,ਹੀਰ, ਮਿਰਜਾ ਅਤੇ ਮਹਾਂ ਭਾਰਤ ਦੇ ਕਿੱਸੇ ਸੁਣਦਾ ਰਿਹਾ।
ਇਸ ਤੋਂ ਇਲਾਵਾ ਉਹ ਚੜ੍ਹਦੀ  ਉਮਰੇ ਨਰਿੰਦਰ ਬੀਬਾ, ਹਰਚਰਨ ਗਰੇਵਾਲ-ਸੀਮਾ,  ਜਗਤਾਰ ਜੱਗਾ-ਰਾਜਿੰਦਰ ਰਾਜਨ, ਪੋਹਲੀ- ਪੰਮੀ ਤੋਂ ਇਲਾਵਾ ਮੁਹੰਮਦ ਸਦੀਕ- ਰਣਜੀਤ ਕੌਰ , ਦੀਦਾਰ ਸੰਧੂ ਅਤੇ ਕੁਲਦੀਪ ਮਾਣਕ ਦੇ ਨਾਲ ਨਾਲ ਉਹ ਖੰਟ- ਮਾਨ ਪੁਰ ਦੀ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ‌ਭਰਦੀ  ਸਭਾ ਉੱਤੇ ਪ੍ਰਸਿੱਧ ਢਾਡੀ  ਅਮਰ ਸਿੰਘ ਸ਼ੌਂਕੀ ਤੋਂ ਇਲਾਵਾ ਪ੍ਰਸਿੱਧ ਕਵੀਸਰ ਗੁਰਬਖ਼ਸ਼ ਸਿੰਘ ਹਮੇਸ਼ਪੁਰੀ, ਸਾਧੂ ਸਿੰਘ ਲੁਹਾਰੀ  ਤੋਂ ਇਲਾਵਾ ਫ਼ਤਹਿ ਗੜ੍ਹ ਸਾਹਿਬ ਦੀ ਇਤਹਾਸਕ ਸਭਾ ਉੱਤੇ ਦਿਆ ਸਿੰਘ ਦਿਲਬਰ, ਜਸਵੰਤ ਸਿੰਘ ਤਾਨ ਅਤੇ ਪਾਲ ਸਿੰਘ ਪੰਛੀ ਅਤੇ ਹੋਰ ਢਾਡੀਆਂ ਨੂੰ ਬਹੁਤ ਰੀਝ ਨਾਲ ਸੁਣਦਾ  ਰਿਹਾ ।
ਉਸ ਨੇ ਦੱਸਿਆ ਕਿ  ਕੁਲਦੀਪ ਮਾਣਕ ਅਤੇ ਕੁਲਦੀਪ ਪਾਰਸ ਨਾਲ ਨੇੜਤਾ  ਹੋਣ ਕਰਕੇ ਉਨ੍ਹਾਂ ਦੇ ਪ੍ਰਭਾਵ ਅਧੀਨ ਉਸ ਨੇ’ ਸਿਦਕ ਸਲਾਮਤ’ ਗੀਤਾਂ ਦੀ ਕਿਤਾਬ  ਲਿੱਖੀ। ਇਹ ਦੋਵੇਂ ਪ੍ਰਸਿੱਧ ਗਾਇਕ ਉਸ ਨੂੰ ਗੀਤ ਲਿਖਣ ਲਈ ਪ੍ਰੇਰਦੇ ਰਹੇ, ਜਿਸ  ਦੀ ਚਿਣਗ ਲਿਖਾਰੀ ਸਭਾ ਰਾਮਪੁਰ ਨੇ 2005 ਵਿੱਚ ‘ ਹਨੇਰੇ ਤੇ ਪਰਛਾਵੇਂ ‘ ਉੱਤੇ ਹੋਈ ਗੋਸ਼ਟੀ ਦੌਰਾਨ ਲਾਈ ਸੀ, ਪਰ ਸਮਿਆਂ ਨੂੰ ਕੁੱਝ ਹੋਰ‌ ਮਨਜੂਰ ਸੀ। ਜਦੋਂ ਗੀਤ ਗਾਉਣ ਦੀ ਤਿਆਰੀ ਹੋ ਰਹੀ ਸੀ, ਦੋਵੇਂ ਰੁਖ਼ਸਤ ਹੋ ਗਏ।ਉਸ ਨੇਂ ਬਹੁਤੇ ਗੀਤ ਇਨ੍ਹਾਂ ਕਲਾਕਾਰਾਂ ਦੇ ਕੈਨਵਸ ਨੂੰ ਵੇਖ ਕੇ ਹੀ ਲਿਖੇ ਸਨ ਜਿਸ ਦਾ ਝਲਕਾਰਾ ਉਸ ਦੇ ‘ਸਿਦਕ ਸਲਾਮਤ’ ਕਿਤਾਬ ਵਿਚਲੇ ਗੀਤਾਂ ਤੋਂ ਸਹਿਜੇ ਹੀ ਮਿਲ ਜਾਂਦਾ ਹੈ। ਉਸ ਦੇ ਕੁੱਝ ਗੀਤ ਸੁੱਖੀ ਸਿੰਘ ਅਤੇ ਭੁਪਿੰਦਰ ਕੌਰ ਮੁਹਾਲੀ ਨੇ ਵੀ ਗਾਏ ਹਨ।ਉਸ ਮੁਤਾਬਿਕ ਕੁਲਦੀਪ ਮਾਣਕ ਅਤੇ ਕੁਲਦੀਪ ਪਾਰਸ ਦੇ ਖਲਾਅ ਨੂੰ ਪੂਰਾ ਕਰਨਾ ਅਸੰਭਵ  ਹੈ ਕਿਉਂਕਿ ਅਜਿਹੇ ਗਾਇਕ ਮੁੱਦਤਾਂ ਬਾਅਦ ਹੀ ਪੈਦਾ ਹੁੰਦੇ ਹਨ।
ਸੋ ਹਾਲਾਤਾਂ ਨੂੰ ਵੇਖਦੇ ਹੋਏ ਉਹ ਮੁੜ ਕਵਿਤਾ ਦੇ ਖੇਤਰ ਵਿੱਚ ਆਪਣੀ ਚਰਚਿਤ ਲਿੱਖਤ  ‘ ਡੂੰਘੇ ਦਰਦ ਦਰਿਆਵਾਂ ਦੇ’ ਰਾਹੀ  ਵਾਪਸ  ਪ੍ਰਵੇਸ਼ ਕਰ ਗਿਆ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ। ਪੰਜਾਬੀ ਸਾਹਿਤ ਜਗਤ ‘ਚ ਸਰਗਰਮ ਸ਼ਖ਼ਸੀਅਤਾਂ ਨੇ ਉਸ ਦੇ ਨਿਵੇਕਲੀ ਲਿਖਤ ਨੂੰ ਖੂਬ ਸਲਾਹਿਆ। ਉਸ ਦੀ  ਇਹ ਲਿਖ਼ਤ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵੱਲੋਂ ਰਲੀਜ਼ ਕੀਤੀ ਗਈ । ਇਸ ਕਿਤਾਬ ਉੱਤੇ ਸਾਹਿਤ ਸਭਾ ਬਹਿਰਾਮ ਬੇਟ( ਰੋਪੜ), ਦੁਆਬਾ ਕਲਾ ਮੰਚ ਮੰਗੂਵਾਲ ਵੱਲੋਂ ਖਟਕੜ ਕਲਾਂ ਅਤੇ ਜਨਵਾਦੀ ਲੇਖਕ ਮੰਚ ਨੇ ਕੇਂਦਰੀ ਲੇਖਕ ਸਭਾ (ਸੇਖੋਂ) ਰਜਿ ਦੇ ਸਹਿਯੋਗ ਨਾਲ ਫਗਵਾੜਾ ਵਿੱਖੇ ਪ੍ਰੋਗਰਾਮ ਕਰਵਾਏ ਜਿਸ ਵਿੱਚ ਨਾਮਵਰ ਸ਼ਖ਼ਸੀਅਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਹੁਣੇ ਹੁਣੇ ਉਸ ਦੀ ਇਸੇ ਸਾਲ 2024 ਦੇ ਜਨਵਰੀ ਮਹੀਨੇ ਦੇ ਅਖੀਰ ‘ਚ ਇੱਕ ਹੋਰ ਨਿਵੇਕਲੀ ਕਾਵਿ ਪੁਸਤਕ ” ਸ਼ੂਕਦੇ ਆਬ ਤੇ ਖ਼ਾਬ” ਨੂੰ ਕਲਾ ਭਵਨ ਚੰਡੀਗੜ੍ਹ ਵਿਖੇ ਪੰਜਾਬੀ ਲੇਖਕ ਸਭਾ (ਰਜਿ.)ਚੰਡੀਗੜ੍ਹ ਨੇ ਰਲੀਜ਼ ਕੀਤਾ ਜਿਸ ਵਿੱਚ ਨਾਮਵਰ ਸ਼ਖ਼ਸੀਅਤਾਂ ਨੇ ਭਰਵਾਂ ਹਿੱਸਾ ਲਿਆ।
ਡਾ. ਮੇਹਰ ਮਾਣਕ ਨੇ ਦੱਸਿਆ ਕਿ ਉਸ ਦਾ ਕਵਿਤਾ ਨਾਲ ਖਾਸ ਲਗਾਓ ਹੈ ਕਿਉਂਕਿ ਉਸ ਨੂੰ ਪ੍ਰੋਫੈਸਰ ਮੋਹਣ ਸਿੰਘ ਦੀ ‘ਸਾਵੇ ਪੱਤਰ’ ਅਤੇ ਸ਼ਿਵ ਕੁਮਾਰ ਬਟਾਲਵੀ ਦੀਆਂ ਲਿਖਤਾਂ ਨੇ ਬੇਹੱਦ ਪ੍ਰਭਾਵਤ ਕੀਤਾ । ਇਸ ਤੋਂ ਇਲਾਵਾ ਸਮਾਜਕ ਚੇਤਨਾ ਅਤੇ ਸਮਾਜਕ ਤਬਦੀਲੀ ਦੇ ਖੇਤਰ ਵਿੱਚ ਨਿਵੇਕਲੀ ਥਾਂ ਬਣਾਉਣ ਵਾਲੇ ਪ੍ਰਸਿੱਧ ਕਵੀ ਸੰਤ ਰਾਮ ਉਦਾਸੀ , ਜੈਮਲ ਪੱਡਾ ਅਤੇ ਕਰਨੈਲ ਬਾਗੀ ਦੀਆਂ ਕਾਵਿ ਲਿਖਤਾਂ ਨੇ ਉਸ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ । ਨਾਵਲ ਲੇਖਣੀ ਦੇ ਖੇਤਰ  ਵਿੱਚ ਉਹ ਜਸਵੰਤ ਸਿੰਘ ਕੰਵਲ ਨੂੰ ਜਾਦੂਈ ਲੇਖਕ ਮੰਨਦਾ ਹੈ।
ਉਸ ਮੁਤਾਬਿਕ ਉਸ ਨੂੰ ਹੌਲੀ ਹੌਲੀ ਲਿਖਣ ਦੀ ਚੇਟਕ ਲੱਗਦੀ ਰਹੀ ਜਿਸ ਦੇ ਵਿੱਚੋਂ ‘ਹਨੇਰੇ ਤੇ ਪਰਛਾਵੇਂ’, ‘ਲਾਵਾ ਮੇਰੇ ਅੰਦਰ’, ‘ਸਿਦਕ ਸਲਾਮਤ’ , ‘ਡੂੰਘੇ ਦਰਦ ਦਰਿਆਵਾਂ ਦੇ’ ਅਤੇ ‘ ਸ਼ੂਕਦੇ ਆਬ ਤੇ ਖ਼ਾਬ’ ਕਾਵਿ ਸੰਗ੍ਰਹਿ ਛਪ ਕੇ ਆਏ ਅਤੇ ਇਸ ਤੋਂ ਇਲਾਵਾ ਉਸ ਦੇ ਦੋ ਹੋਰ ਕਾਵਿ ਸੰਗ੍ਰਹਿ ਛਪਾਈ ਅਧੀਨ ਹਨ। ਉਮੀਦ ਹੈ ਕਿ ਉਹ ਵੀ ਅਵਾਮ ਵੇਖ ਜਲਦੀ ਸਨਮੁੱਖ ਹੋਣਗੇ ।
ਸਮਕਾਲੀ ਸਾਹਿਤ ਉੱਤੇ ਚਰਚਾ ਦੇ ਦੌਰਾਨ ਉਸ ਨੇ ਕਿਹਾ ਕਿ  ਬਹੁਤ ਘੱਟ ਕਵੀ ਹਨ ਜੋ ਸਮਕਾਲ ਦੇ ਸੰਕਟ ਨੂੰ ਸੰਬੋਧਨ ਹੋਣ ਦੀ ਸੂਝ ਅਤੇ ਜੁਰਅੱਤ ਰੱਖਦੇ ਅਤੇ ਉਸ ਮੁਤਾਬਿਕ ਬਹੁਤੇ ਕਵੀ ਇਸ ਤੋਂ ਟਾਲਾ ਵੱਟਦੇ ਵੇਖੇ ਜਾ ਸਕਦੇ ਹਨ। ਬਹੁਤੇ ਲੇਖਕਾਂ ਕੋਲ ਜਮਾਤੀ ਸਮਾਜੀ ਨਜ਼ਰੀਏ ਦੀ ਸੂਝ ਦੀ ਘਾਟ ਰੜਕਦੀ ਹੈ। ਬਹੁਤੇ ਨਵੇਂ ਕਵੀਆਂ ਕੋਲ਼ ਕਾਵਿਕਤਾ ਅਤੇ ਕਾਵਿ ਭਾਸ਼ਾ ਦੀ ਘਾਟ ਰੜਕਦੀ  ਹੈ। ਕਈ ਤਾਂ ਲਿਖਣ ਲਈ ਜਾਂ ਪਛਾਣ ਲਈ ਲਿਖਦੇ ਹਨ।ਉਸ ਮੁਤਾਬਿਕ ਉਸ  ਦਾ ਉਪਰਾਲਾ ਲੋਕ ਭਾਸ਼ਾ ਵਿੱਚ ਅਵਾਮ ਦੇ ਨਜ਼ਰੀਏ ਤੋਂ, ਕਾਵਿਕ ਮੁੰਹਾਂਦਰੇ ਰਾਹੀਂ ਉਨਾਂ ਦੀ ਪੀੜਾ ਦੀ ਬਾਤ ਪਾਉਣਾਂ ਹੈ।
ਇਸ ਤੋਂ ਇਲਾਵਾ ਉਸ ਦੇ ਖੋਜ ਪੱਤਰ ਅਕਸਰ ਹੀ ਅੰਗਰੇਜ਼ੀ ਦੇ ਮੰਨੇ ਪ੍ਰਮੰਨੇ ਅਕਾਦਮਿਕ ਮੈਗਜੀਨਾਂ ‘ਚ ਛਪਦੇ ਰਹਿੰਦੇ ਹਨ ਜੋ ਕਿ ਬਹੁਤੇ ਕਰਕੇ ਪੇਂਡੂ ਸਮਾਜਕ ਅਰਥਚਾਰੇ ਦੇ ਸੰਕਟਾਂ ਨਾਲ ਸਬੰਧਤ ਹੁੰਦੇ ਹਨ।  ਉਸ  ਦੇ ਮੁਤਾਬਕ ਉਹ ਪ੍ਰੋਫੈਸਰ ਕੇ. ਗੋਪਾਲ ਅਈਅਰ, ਬਲਦੇਵ ਸਿੰਘ ਸਾਬਕਾ ਸਰਪੰਚ ਪੱਥਰਮਾਜਰਾ ( ਰੋਪੜ) ,ਪ੍ਰੋਫੈਸਰ ( ਡਾ.) ਪਰਵਿੰਦਰ ਸਿੰਘ,  ਪ੍ਰੋਫੈਸਰ ਗੁਰਮੇਲ ਸਿੰਘ , ਡੀਨ ਪੋਸਟ ਗਰੈਜੂਏਟ ਕਾਲਜ ਸੈਕਟਰ 11 ਚੰਡੀਗੜ੍ਹ, ਪ੍ਰੋਫੈਸਰ ਅਮਰ ਸਿੰਘ, ਜੈਤੇਗ ਸਿੰਘ, ਭੁਪਿੰਦਰ ਸਿੰਘ ਸਾਬਕਾ ਸਰਪੰਚ ਲਖਨੌਰ, ਭਗਵੰਤ ਸਿੰਘ ਕੰਗਣਵਾਲ ਅਤੇ ਉਨ੍ਹਾਂ ਦੇ ਵੱਡੇ ਭਰਾ ਹਰਭਜਨ ਕੰਗਣਵਾਲ , ਸੁਰਿੰਦਰ ਕੌਰ ਸਰਹਿੰਦ ਨੂੰ ਕਦੇ ਨਹੀਂ ਭੁੱਲਦਾ ਜੋ ਉਸ ਦੇ ਮਾੜੇ ਸਮਿਆਂ ‘ਚ ਅੰਗ ਸੰਗ ਰਹੇ।
ਡਾ. ਮੇਹਰ ਮਾਣਕ ਲਗਭਗ ਦੋ ਦਹਾਕਿਆਂ ਤੋਂ ਰਾਇਤ ਬਾਹਰਾ ਯੂਨੀਵਰਸਿਟੀ ਦੇ ਮੁਹਾਲੀ ਕੈਂਪਸ ਵਿਖੇ ਲਗਾਤਾਰ ਸਮਾਜ ਵਿਗਿਆਨ ਦੇ ਅਧਿਆਪਨ ਦਾ ਕਾਰਜ ਕਰਦੇ ਆ ਰਹੇ ਹਨ । ਰਾਇਤ ਬਾਹਰਾ ਯੂਨੀਵਰਸਿਟੀ  ਵਿੱਚ ਸ. ਗੁਰਵਿੰਦਰ ਸਿੰਘ ਬਾਹਰਾ, ਚਾਂਸਲਰ ਅਤੇ ਪ੍ਰੋਫੈਸਰ( ਡਾ.) ਪਰਵਿੰਦਰ ਸਿੰਘ ,ਵਾਇਸ ਚਾਂਸਲਰ ਦੇ ਵੱਲੋਂ ਪੈਦਾ ਕੀਤੇ ਵਧੀਆ ਉਸਾਰੂ ਮਾਹੌਲ ਕਾਰਨ ਉਨ੍ਹਾਂ ਵੱਲੋਂ  ਸਾਹਿਤਕ ਅਤੇ ਅਕਾਦਮਿਕ ਖੇਤਰ ਵਿੱਚ ਲਿਖਤਾਂ ਲਿਖਣ ਦਾ ਕਾਰਜ ਬਾਦਸਤੂਰ ਜਾਰੀ ਹੈ । ਫ਼ਿਲਹਾਲ ਉਨ੍ਹਾਂ  ਦਾ ਨਵਾਂ ਨਿਵੇਕਲਾ ਕਾਵਿ ਸੰਗ੍ਰਹਿ ”ਸ਼ੂਕਦੇ ਆਬ ਤੇ ਖ਼ਾਬ ‘ ਆਪਣੇ ਪੂਰੇ ਜਲੌਅ ਵਿੱਚ ਹੈ। ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਅਖਬਾਰਾਂ ਵਿੱਚ ਇਹਨਾਂ ਦੀਆਂ ਰਚਨਾਵਾਂ ਪਹਿਲ ਦੇ ਆਧਾਰ ਤੇ ਛਪ ਰਹੀਆਂ ਹਨ, ਉਹ ਦਿਨ ਦੂਰ ਨਹੀਂ ਜਦੋਂ ਕਵੀਆਂ ਦੀ ਮੁੱਢਲੀ ਲਾਈਨ ਵਿੱਚ ਇਹਨਾਂ ਦਾ ਨਾਮ ਸਭ ਤੋਂ ਪਹਿਲਾਂ ਉਕਰਿਆ ਜਾਵੇਗਾ। ਆਮੀਨ
ਰਮੇਸ਼ਵਰ ਸਿੰਘ
 ਰਮੇਸ਼ਵਰ ਸਿੰਘ,
ਸੰਪਰਕ ਨੰਬਰ-9914880392

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਵਿ ਵਿਅੰਗ/ ਰੰਗਲਾ ਪੰਜਾਬ
Next articleSamaj Weekly = 05/04/2024